Saturday, April 27, 2024  

ਲੇਖ

ਸਕੂਲੀ ਪਾਠ ਪੁਸਤਕਾਂ ’ਚ ਕੀਤੀਆਂ ਤਬਦੀਲੀਆਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਨੁਕਸਾਨਦੇਹ

May 07, 2023

ਮੌ ਜੂਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਪਹਿਲੇ ਹੀ ਕਾਰਜਕਾਲ ’ਚ, 2018 ’ਚ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ (ਜਿਸ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲਾ ਕਰ ਦਿੱਤਾ ਗਿਆ ਹੈ) ਰਾਜ ਮੰਤਰੀ ਨੇ, ਹੋਰ ਕਿਸੇ ਨੂੰ ਨਹੀਂ ਦੇਸ਼ ਦੀ ਸੰਸਦ ਨੂੰ ਹੀ ਇਹ ਗਿਆਨ ਦਿੱਤਾ ਸੀ ਕਿ ਚਾਰਲਸ ਡਾਰਵਿਨ ਦਾ ਵਿਕਾਸ ਦਾ ਸਿਧਾਂਤ ‘‘ ਵਿਗਿਆਨਕ ਤੌਰ ’ਤੇ ਗਲਤ’’ ਸਾਬਿਤ ਹੋ ਚੁੱਕਾ ਹੈ। ਆਖਿਰਕਾਰ ਇਨਸਾਨ ਹਮੇਸ਼ਾ ਹੀ ਧਰਤੀ ’ਤੇ ਇਨਸਾਨ ਦੇ ਤੌਰ ’ਤੇ ਹੀ ਮੌਜੂਦ ਰਹੇ ਹਨ ਅਤੇ ‘‘ਬੰਦਰ ਨੂੰ ਇਨਸਾਨ ਬਣਦਿਆਂ ਕਿਸੇ ਨੇ ਨਹੀਂ ਦੇਖਿਆ ਹੈ।’’ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਲਈ, ਸਕੂਲਾਂ ਅਤੇ ਕਾਲਜਾਂ ਦੀਆਂ ਪਾਠ ਪੁਸਤਕਾਂ ’ਚ ਸਹੀ ਬਦਲਾਅ ਕੀਤੇ ਜਾਣੇ ਚਾਹੀਦੇ ਹਨ। ਮੰਤਰੀ ਜੀ ਦੀ ਵਿਗਿਆਨਕਾਂ ਅਤੇ ਮੀਡੀਆ ਨੇ ਖੂਬ ਆਲੋਚਨਾ ਕੀਤੀ ਸੀ, ਪਰ ਉਹ ਆਪਣੀ ਗੱਲ ’ਤੇ ਅੜੇ ਰਹੇ ਸਨ ਅਤੇ ਉਨ੍ਹਾਂ ਨੇ ਬਾਅਦ ’ਚ ਵੀ ਅਜਿਹੀਆਂ ਗੱਲਾਂ ਦੁਹਰਾਈਆਂ ਸਨ। ਅੱਜ, ਸੰਸਦ ਮੈਂਬਰ ਦੇ ਤੌਰ ’ਤੇ ਜਨਾਬ ਬੜੇ ਖੁਸ਼ ਹੋਣਗੇ ਕਿ - ਆਖਿਰਕਾਰ, ਉਨ੍ਹਾਂ ਦੀ ਇੱਛਾ ਪੂਰੀ ਕੀਤੀ ਜਾ ਰਹੀ ਹੈ।
ਪਿਛਲੇ ਕੁੱਛ ਹਫ਼ਤਿਆਂ ’ਚ, ਦੇਸ਼ ’ਚ ਅਤੇ ਬਾਹਰ ਵੀ, ਇਸ ’ਤੇ ਮੀਡੀਆ ’ਚ ਕਾਫੀ ਚਰਚਾ ਹੋਈ ਹੈ ਅਤੇ ਟੀਕਾ-ਟਿੱਪਣੀਆਂ ਆਈਆਂ ਹਨ ਕਿ ਮਿਡਲ ਅਤੇ ਹਾਈ ਸਕੂਲ ਪੱਧਰ ਦੀਆਂ ਪਾਠ ਪੁਸਤਕਾਂ ’ਚ ਤੇ ਖਾਸ ਤੌਰ ’ਤੇ ਇਤਹਾਸ ਅਤੇ ਰਾਜਨੀਤੀ ਵਿਗਿਆਨ ਦੀਆਂ ਪਾਠ ਪੁਸਤਕਾਂ ’ਚ, ਐਨਸੀਈਆਰਟੀ ਵੱਲੋਂ ਕੀ-ਕੀ ਬਦਲਾਅ ਕੀਤੇ ਜਾ ਰਹੇ ਹਨ ਅਤੇ ਕਿਵੇਂ ਇਹ ਬਦਲਾਅ ਹੁਕਮਰਾਨ ਪਾਰਟੀ ਤੇ ਉਸ ਦੀ ਵਿਚਾਰਧਾਰਾ ਅਤੇ ਉਸਦੇ ਸਮਾਜਿਕ- ਸਭਿਆਚਾਰ ਤੇ ਰਾਜਨੀਤਿਕ ਭਾਈਵਾਲਾਂ ਦੇ ਤਅੱਸਬਾਂ ਅਨੁਸਾਰ ਹਨ। ਵਿਦਵਾਨਾਂ ਅਤੇ ਟਿੱਪਣੀਕਾਰਾਂ ਨੇ ਉਚਿਤ ਹੀ ਇਨ੍ਹਾਂ ਪਾਠ ਪੁਸਤਕਾਂ ’ਚੋਂ ਮੁਗਲਾਂ ਤੇ ਦੂਜੇ ਮੁਸਲਿਮ ਸਾਮਰਾਜਾਂ ਨਾਲ ਸੰਬੰਧਤ ਪੂਰੇ ਦੇ ਪੂਰੇ ਕਾਂਡ ਨੂੰ ਕੱਟਣ, ਗਾਂਧੀ ਦੇ ਕਤਲ ਨਾਲ ਸੱਜੇਪੱਖੀ ਹਿੰਦੁਤਵਵਾਦੀ ਤਾਕਤਾਂ ਦੇ ਰਿਸ਼ਤਿਆਂ ਨੂੰ ਛੁਪਾਉਣ, ਆਜ਼ਾਦ ਭਾਰਤ ਦੇ ਸ਼ੁਰੂਆਤੀ ਦਹਾਕਿਆਂ ਦੀ ਕਹਾਣੀ ਨੂੰ ਮੁੜ ਤੋਂ ਲਿਖੇ ਜਾਣ, ਗੁਜਰਾਤ ਦੇ ਦੰਗਿਆਂ ਆਦਿ ਦੀ ਪਰਦਾਪੋਸ਼ੀ ਕਰਨ, ਆਦਿ ਦੀ ਚੰਗੀ ਤਰ੍ਹਾਂ ਖ਼ਬਰ ਲਈ ਹੈ। ਆਲੋਚਕਾਂ ਨੇ ਇਹ ਵੀ ਦਰਜ ਕੀਤਾ ਹੈ ਕਿ ਹਾਲਾਂਕਿ ਐਨਸੀਈਆਰਟੀ, ਸਰਕਾਰ ਅਤੇ ਹੁਕਮਰਾਨ ਪਾਰਟੀ ਦੇ ਬੁਲਾਰਿਆਂ ਨੇ, ਕੋਵਿਡ ਮਹਾਮਾਰੀ ਨੂੰ ਦੇਖਦਿਆਂ ਸਿਲੇਬਸ ਨੂੰ ‘‘ਤਰਕਸੰਗਤ’’ ਬਨਾਉਣ ਅਤੇ ਇਸ ਤਰ੍ਹਾਂ ਵਿਦਿਆਰਥੀਆਂ ਦਾ ਭਾਰ ਘਟਾਉਣ ਦੇ ਬਹਾਨੇ ਇਹ ਸਭ ਕੀਤਾ ਹੈ। ਅਸਲ ਵਿੱਚ ਜਿੰਨੇ ਵੀ ਬਦਲਾਅ ਕੀਤੇ ਗਏ ਹਨ ਸਾਰੇ ਦੇ ਸਾਰੇ, ਮੌਜੂਦਾ ਸਰਕਾਰ ਦੀ ਫ਼ਿਰਕਾਪ੍ਰਸਤ ਸੋਚ ਤੇ ਸੋਧਵਾਦੀ ਵਿਚਾਰਧਾਰਾ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ।
ਫਿਰ ਵੀ ਕੁੱਛ-ਕੁ ਜ਼ਿਕਰਯੋਗ ਟਿੱਪਣੀਆਂ ਨੂੰ ਛੱਡ ਦਿੱਤਾ ਗਿਆ ਤਾਂ, ਵਿਗਿਆਨ ਅਤੇ ਹਿਸਾਬ ਦੀਆਂ ਪਾਠ ਪੁਸਤਕਾਂ ’ਚ ਕੀਤੇ ਗਏ ਅਜਿਹੇ ਬਦਲਾਅ ਭਾਵੇਂ ਓਨੇ ਹੈਰਾਨੀਜਨਕ ਨਾ ਹੋਣ ਅਤੇ ਉਨ੍ਹਾਂ ਦੇ ਸਮਾਜਿਕ-ਵਿਚਾਰਧਾਰਾਤਮਿਕ ਪ੍ਰਭਾਵ ਭਾਵੇਂ ਹੀ ਆਪਣੇ ਆਪ ’ਚ ਸਪੱਸ਼ਟ ਨਾ ਹੋਣ ਪਰ ਇਹ ਕਿਸੇ ਵੀ ਪਾਸਿਓਂ ਘੱਟ ਨੁਕਸਾਨਦੇਹ ਨਹੀਂ ਹਨ।
9ਵੀਂ ਤੇ 10ਵੀਂ ਦੀਆਂ ਵਿਗਿਆਨ ਦੀਆਂ ਪਾਠ ਪੁਸਤਕਾਂ ’ਚੋਂ ਪ੍ਰਜਾਤੀਆਂ (ਸਪੀਸੀਜ਼) ਦੇ ਮੁੱਢ-ਮੂਲ ਤੇ ਵਿਕਾਸ ਸੰਬੰਧੀ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ ਅਤੇ 11ਵੀਂ ਤੇ 12ਵੀਂ ਜਮਾਤ ਦੀਆਂ ਪਾਠ ਪੁਸਤਕਾਂ ’ਚ ਪਹਿਲਾਂ ਵਿਕਾਸ ਅਤੇ ਅਨੁਵੰਸ਼ਿਕਤਾ ਜਾਂ ਹੈਰੀਡਿਟਰੀ ’ਤੇ ਜੋ ਅਧਿਆਏ ਸਨ ਉਨ੍ਹਾਂ ਨੂੰ ਬਦਲ ਕੇ ਸਿਰਫ਼ ਅਨੁਵੰਸ਼ਿਕਤਾ ਬਾਰੇ ਅਧਿਆਏ ਕਰ ਦਿੱਤਾ ਗਿਆ ਹੈ ਅਤੇ ਇਥੋਂ ਤੱਕ ਕਿ ਡਾਰਵਿਨ ਦੇ ਸੰਬੰਧ ’ਚ ਜੋ ਪਹਿਲਾਂ ਬਾਕਸ ਹੋਇਆ ਕਰਦਾ ਸੀ, ਉਸਨੂੰ ਵੀ ਕੱਟ ਦਿੱਤਾ ਗਿਆ ਹੈ। ਕੋਈ ਪੁੱਛ ਸਕਦਾ ਹੈ ਕਿ ਡਾਰਵਿਨ ਦੇ ਵਿਕਾਸ ਦੇ ਸਿਧਾਂਤ ਨਾਲ ਹਿੰਦੁਤਵਵਾਦੀਆਂ ਨੂੰ ਕੀ ਸਮੱਸਿਆ ਹੈ ਅਤੇ ਇਸ ਸਭ ਦਾ ਗਲੋਬਲੀ ਸੰਦਰਭ ਕੀ ਹੈ?
ਪਿਛਲੀਆਂ ਕੁੱਛ ਸਦੀਆਂ ’ਚ, ਅਨੇਕ ਸਭਿਆਚਾਰਕ-ਧਰਮਸ਼ਾਸਤਰੀ ਪਰੰਪਰਾਵਾਂ ’ਚ ਧਾਰਮਿਕ ਪੁਰਾਣਪੰਥ (ਮਿਥਹਾਸ), ਜਿਸ ਦਾ ਸਮਾਜ ’ਤੇ ਜ਼ਿਕਰਯੋਗ ਪ੍ਰਭਾਵ ਰਿਹਾ ਹੈ, ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਨਾਲ, ਜਿਸ ਦੀ ਸਥਾਪਨਾ ਉਨਵੀਂ ਸਦੀ ਦੇ ਮੱਧ ’ਚ ਹੋਈ ਸੀ, ਜੂਝਦਾ ਰਿਹਾ ਹੈ। ਪੱਛਮ ’ਚ ਈਸਾਈ ਮਿਥਹਾਸ, ਡਾਰਵਿਨ ਦੇ ਵਿਕਾਸ ਦੇ ਸਿਧਾਂਤ ਨੂੰ ਸਵੀਕਾਰ ਨਹੀਂ ਕਰ ਸਕਦਾ ਸੀ, ਜਿਹੜਾ ਇਹ ਕਲਪਨਾ ਪੇਸ਼ ਕਰਦਾ ਸੀ ਕਿ ਸਾਰੇ ਜੀਵ, ਆਪਣੇ ਵਾਤਾਵਰਣ ਦੇ ਪ੍ਰਭਾਵ ਨਾਲ ਹੌਲੀ ਹੌਲੀ ਵਿਕਸਿਤ ਹੁੰਦੇ ਹਨ ਅਤੇ ਇਨਸਾਨ ਵੀ, ਬਾਂਦਰ ਵਾਂਗ ਦੋ ਪੈਰਾਂ ਵਾਲੀ ਕੋਈ ਵੱਖਰੀ ਪ੍ਰਜਾਤੀ ਵਿਚੋਂ, ਮਨੁੱਖ ਜਾਂ ਹੋਮੋ ਸੇਪਿਅਨਸ ਦੇ ਰੂਪ ’ਚ ਵਿਕਸਿਤ ਹੋਏ ਹਨ। ਪਿਛਲੇ ਅਨੇਕ ਦਹਾਕਿਆਂ ’ਚ ਕਾਫੀ ਸਬੂਤ ਸਾਹਮਣੇ ਆਉਣ ਦੇ ਬਾਵਜੂਦ, ਧਾਰਮਿਕ ਮਿਥਹਾਸ ‘ਸਰਿਸ਼ਟੀਵਾਦ’ ਦੇ ਆਪਣੇ ਵਿਚਾਰਾਂ ਲਈ ਅਤੇ ਧਾਰਮਿਕ ਗ੍ਰੰਥਾਂ ਦੀ ਸ਼ਾਬਦਿਕ ਵਿਆਖਿਆ ਲਈ, ਵਿਕਾਸਵਾਦੀ ਸਿਧਾਂਤ ਤੋਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਪਾ ਰਿਹਾ ਸੀ। ਬਾਈਬਲ ਦੇ ਇਸ ਵਿਚਾਰ ਕਿ ਪ੍ਰਮਾਤਮਤਾ ਨੇ ਇੱਕੋ ਸਮੇਂ ਸਾਰੇ ਜੀਵਾਂ ਦੀ ਰਚਨਾ ਕੀਤੀ ਸੀ , ਦੀ ਰੱਖਿਆ ਲਈ ਅਤੇ ਖਾਸ ਤੌਰ ’ਤੇ ਇਸ ਵਿਚਾਰ ਦੀ ਰੱਖਿਆ ਲਈ ਕਿ ਪ੍ਰਮਾਤਮਾ ਨੇ ਮਨੁੱਖ ਨੂੰ ‘ਆਪਣੇ ਹੀ ਰੂਪ ’ਚ ਰਚਿਆ ਸੀ, ਡਾਰਵਿਨ ਦੇ ਵਿਕਾਸਵਾਦੀ ਸਿਧਾਂਤ ਨੂੰ ਨਕਾਰਿਆ ਜਾਣਾ ਅਤੇ ਉਸਦਾ ਖੰਡਨ ਕੀਤਾ ਜਾਣਾ, ਜ਼ਰੂਰੀ ਸੀ।
ਫਿਰ ਵੀ ਯੂਰਪ ’ਚ ਤਾਂ ਬਾਈਬਲ ’ਚ ਪੇਸ਼ ਸਰਿਸ਼ਟੀਵਾਦ ਨੂੰ, ਸ਼ਾਬਦਿਕ ਅਰਥਾਂ ਤੋਂ ਦੂਰ ਇੱਕ ਧਰਮਸ਼ਾਸਤਰ ਦੇ ਅਰਥਾਂ ’ਚ ਦੇਖਣ ਦਾ ਤਰੀਕਾ ਲੱਭ ਲਿਆ ਗਿਆ ਹੈ ਅਤੇ ਇਸ ਤਰ੍ਹਾਂ ਸਕੂਲ, ਯੂਨੀਵਰਸਿਟੀ ਅਤੇ ਵਿਗਿਆਨਕ ਸੋਧ ਵਿਵਸਥਾਵਾਂ ਦੇ ਪੱਧਰ ’ਤੇ ਇਸ ਮਾਮਲੇ ’ਚ ਜ਼ਿਆਦਾਤਰ ਟਕਰਾਅ ਤੋਂ ਬਚਣ ਲਈ ਰਾਹ ਕੱਢ ਲਿਆ ਗਿਆ ਹੈ। ਪਰ, ਅਮਰੀਕਾ ਅੱਜ ਵੀ ਇਸ ਮਾਮਲੇ ’ਚ ਟਕਰਾਵਾਂ ਦਾ ਕੇਂਦਰ ਬਣਿਆ ਹੋਇਆ ਹੈ, ਅਤੇ ਅਜਿਹਾ ਵਿਸ਼ੇਸ਼ ਤੌਰ ’ਤੇ ਉਨ੍ਹਾਂ ਰਾਜਾਂ ਵਿੱਚ ਹੈ, ਜਿੱਥੇ ਕੱਟੜ ਸੱਜੇਪੱਖੀ ਰਿਪਬਲਿਕਨਾਂ ਤੇ ਪੁਰਾਤਨ ਪੰਥੀ ਏਵੇਂਜਲੀਕਲਾਂ ਦਾ ਬੋਲਬਾਲਾ ਹੈ। ਉਥੇ ਇਸ ’ਤੇ ਲੜਾਈਆਂ ਜਾਰੀ ਹਨ ਅਤੇ ਅਦਾਲਤਾਂ ਤੱਕ ਅਨੇਕ ਲੜਾਈਆਂ ਚਲ ਰਹੀਆਂ ਹਨ ਕਿ ਡਾਰਵਿਨ ਦੇ ਵਿਕਾਸਵਾਦ ਨੂੰ ਸਕੂਲਾਂ ਤੇ ਕਾਲਜਾਂ ’ਚ ਪੜਾਇਆ ਜਾਵੇ ਜਾਂ ਨਹੀਂ?
ਦੂਜੇ ਪਾਸੇ, ਪੱਛਮੀ ਏਸ਼ੀਆ ਦੇ ਕਈ ਹਿੱਸਿਆਂ ’ਚ ਇਸਲਾਮਿਕ ਗ੍ਰੰਥਾਂ ਦੀਆਂ ਸ਼ਾਬਦਿਕ ਵਿਆਖਿਆਵਾਂ ਦੇ ਚਲਨ ਦੇ ਬਾਵਜ਼ੂਦ, ਉਥੇ ਹੁਣ ਤੱਕ ਇਸ ਮੁੱਦੇ ’ਤੇ ਕੋਈ ਟਕਰਾਅ ਸਾਹਮਣੇ ਨਹੀਂ ਆਇਆ ਹੈ। ਬਹਰਹਾਲ, ਤੁਰਕੀ ਨੇ, ਜੋ ਸਮਾਜਿਕ-ਸਭਿਆਚਾਰਕ ਬਦਲਾਵਾਂ ’ਚੋਂ ਲੰਘ ਰਿਹਾ ਹੈ ਅਤੇ ਜਿੱਥੇ, ਕਮਾਲ ਅਤਾਰਤੁਕ ਦੀ ਹਕੂਮਤ ਦੌਰਾਨ ਧਰਮਨਿਰਪੱਖਤਾ ਦੇ ਨਵੀਨੀਕਰਨ ਦੇ ਲੰਮੇ ਦੌਰ ਬਾਅਦ, ਹੁਣ ਫਿਰ ਮਿਥਹਾਸ ਨੂੰ ਉਭਾਰਿਆ ਜਾ ਰਿਹਾ ਹੈ, ਸਿੱਖਿਆ ਦੇ ਸਾਰੇ ਪੱਧਰਾਂ ਦੇ ਸਿਲੇਬਸ ’ਚੋਂ ਵਿਕਾਸਵਾਦ ਦੀ ਪੜ੍ਹਾਈ ’ਤੇ ਰੋਕ ਹੀ ਲਗਾ ਦਿੱਤੀ ਗਈ ਹੈ। ਇਸ ਸਿਲਸਿਲੇ ’ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਵਿਕਾਸਵਾਦ ਤਾਂ ਵਿਵਾਦਪੂਰਨ ਸਿਧਾਂਤ ਹੈ ਅਤੇ ਇਹ ਤਾਂ ਇੱਕ ਹੋਰ ਰਾਏ ਜਾਂ ਵਿਚਾਰ ਮਾਤਰ ਹੈ।
ਇਤਹਾਸਕ ਤੌਰ ’ਤੇ ਹਿੰਦੂ ਧਾਰਮਿਕ ਮਿਥਹਾਸ ਅਤੇ ਵਿਕਾਸਵਾਦ ਦੇ ਸਿਧਾਂਤ ਦਰਮਿਆਨ, ਅਜਿਹੀ ਕੋਈ ਬਹਿਸ ਇਸ ਲਈ ਮੁੱਖ ਸੀ ਹੀ ਨਹੀਂ ਕਿ ਕਦੀ ਇਹ ਮਿਥਹਾਸਕ ਖ਼ਿਆਲ ਸੀ ਹੀ ਨਹੀਂ ਕਿ ਸਰਿਸ਼ਟੀਵਾਦ ਨੂੰ ਸ਼ਾਬਦਿਕ ਅਰਥਾਂ ’ਚ ਲਿਆ ਜਾਣਾ ਚਾਹੀਦਾ ਹੈ। ਪਰ ਇਹ ਉਦੋਂ ਤੱਕ ਹੀ ਸੀ,ਜਦੋਂ ਤੱਕ ਕਿ ਹਿੰਦੁਤਵ ਦਾ ਅਵਤਾਰ ਨਹੀਂ ਹੋ ਗਿਆ ਅਤੇ ਉਸਨੇ ਪੁਰਾਣਾਂ ਅਤੇ ਪੁਰਾਣੀਆਂ ਕਥਾ-ਕਹਾਣੀਆਂ ਨੂੰ ਆਪਣੀ ਹੀ ਵਿਆਖਿਆ ਦੇ ਆਧਾਰ ’ਤੇ , ਵਿਕਾਸਵਾਦ ਦਾ ਮੁਕਾਬਲਾ ਕਰਨਾ ਤੈਅ ਨਹੀਂ ਕਰ ਲਿਆ, ਜੋ ਕਿ ਇੱਕ ਵਾਰ ਫਿਰ ਇਸੇ ਦੀ ਪੁਸ਼ਟੀ ਕਰਦਾ ਹੈ ਕਿ ਹਿੰਦੁਤਵ ਇੱਕ ਸਮਾਜਿਕ-ਸਭਿਆਚਾਰਕ-ਰਾਜਨੀਤਿਕ ਅੰਦੋਲਨ ਹੈ, ਨਾ ਕਿ ਕੋਈ ਧਾਰਮਿਕ ਅੰਦੋਲਨ।
ਹਿੰਦੁਤਵ ਦੇ ਪੈਰੋਕਾਰਾਂ ਨੇ ਵਿਸ਼ਣੂ ਦੇ ਦਸ ਅਵਤਾਰਾਂ ਦੀ ਦਸਅਵਤਾਰ ਮਿਥਹਾਸਕ ਕਥਾ ਨੂੰ, ਵਿਕਾਸਵਾਦ ਦੀ ‘ਹਿੰਦੂ’ ਦ੍ਰਿਸ਼ਟੀ ਦੇ ਰੂਪ ’ਚ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਸ਼ਣੂ ਦਾ ਇਨ੍ਹਾਂ ਵੱਖ ਵੱਖ ਅਵਤਾਰਾਂ ਦਾ ਧਰਤੀ ’ਤੇ ਅਵਤਾਰ ਬ੍ਰਹਮੰਡੀ ਵਿਵਸਥਾ ਨੂੰ ਮੁੜ ਤੋਂ ਸਥਾਪਿਤ ਕਰਨ ਲਈ ਹੀ ਹੋਇਆ ਸੀ।
ਐਨਸੀਈਆਰਟੀ ਦੀ ਪਾਠ ਪੁਸਤਕ ’ਚੋਂ ਵਿਕਾਸਵਾਦ ਦਾ ਕੱਟਿਆ ਜਾਣਾ ਸਹੀ ਅਰਥਾਂ ’ਚ ਬਹੁਤ ਭਾਰੀ ਨੁਕਸਾਨ ਹੈ । ਜਿਵੇਂ ਕਿ ਪਾਠ ਪੁਸਤਕ ਕਮੇਟੀ ’ਚ ਸ਼ਾਮਿਲ ਇੱਕ ਮਾਹਿਰ ਨੇ ਕਿਹਾ ਹੈ ਕਿ ਵਿਕਾਸਵਾਦ, ਵਿਗਿਆਨਕ ਧਾਰਨਾ ਦਾ ਆਧਾਰ ਹੈ ਅਤੇ ਅਨੇਕ ਧਾਰਨਾਵਾਂ ਨੂੰ ਬੇਹਤਰ ਸੰਦਰਭ ’ਚ ਰੱਖਣ ’ਚ ਵਿਦਿਆਰਥੀਆਂ ਦੀ ਮਦਦ ਕਰਦਾ ਹੈ। ਇਹ ਗਿਆਨ ਦੀ ਪ੍ਰਣਾਲੀ ਦੇ ਰੂਪ ’ਚ ਆਸਥਾ ਅਤੇ ਗਿਆਨ ਦੀ ਪ੍ਰਣਾਲੀ ਦੇ ਰੂਪ ਵਿੱਚ ਵਿਗਿਆਨ ’ਚ ਅੰਤਰ ਕਰਨ ਦਾ ਮਹੱਤਵਪੂਰਣ ਤਰੀਕਾ ਵੀ ਹੈ।
ਵਿਗਿਆਨ ਅਤੇ ਹਿਸਾਬ ਦੀਆਂ ਪਾਠ ਪੁਸਤਕਾਂ ’ਚ ਹੋਰ ਵੀ ਅਣਗਿਣਤ ਕੱਟ-ਵੱਡ ਕੀਤੀ ਗਈ ਹੈ। ਦਸਵੀਂ ਦੀ ਵਿਗਿਆਨ ਦੀ ਪਾਠ ਪੁਸਤਕ ਅਤੇ ਗਿਆਰਵੀਂ, ਬਾਹਰਵੀਂ ਦੀ ਜੀਵਵਿਗਿਆਨ ਦੀ ਪਾਠ ਪੁਸਤਕ ’ਚੋਂ ਹੁਣ ਸੰਤਾਨ ਉਤਪਤੀ ਸੰਬੰਧੀ ਕਾਂਡਾਂ ਜਾਂ ਅੰਸ਼ਾਂ ਨੂੰ ਕੱਢ ਦਿੱਤਾ ਗਿਆ ਹੈ, ਜੋ ਜਿਨਸੀ ਸਿੱਖਿਆ ਪ੍ਰਤੀ ਅਤੇ ਸਮਾਜ ’ਚ ਔਰਤ-ਮਰਦਾਂ ਦਰਮਿਆਨ ਆਮ ਸੰਪਰਕ ਪ੍ਰਤੀ ਵੀ, ਹਿੰਦੁਤਵ ਦੇ ਪੈਰੋਕਾਰਾਂ ਦੇ ਪਖੰਡੀ ਰੁਖ਼ ਨੂੰ ਉਭਾਰਦੇ ਹਨ। ਪਾਇਥਾਗੋਰਸ ਦੀ ਪ੍ਰਮੇਅ ਦੇ ਪ੍ਰਮਾਣ ਦਾ ਹਟਾਇਆ ਜਾਣਾ ਵੀ, ਪਾਇਥਾਗੋਰਸ ਪ੍ਰਤੀ ਹਿੰਦੁਤਵਵਾਦੀ ਸੌੜੀ ਸੋਚ ਦਾ ਹੀ ਸਬੂਤ ਮੰਨਿਆ ਜਾਵੇਗਾ ਕਿਉਂਕਿ ਉਹ ਇਸ ਸਿਧਾਂਤ ਦੇ ਭਾਰਤ ’ਚ ਹੋਰ ਵੀ ਪਹਿਲਾਂ ਤੋਂ ਜਾਣੇ ਜਾਣ ਦੇ ਦਾਅਵੇ ਕਰਦੇ ਹਨ। ਇਹ ਵੀ ਹਿੰਦੁਤਵਵਾਦੀਆਂ ਦੇ ਇਸ ਦੇ ਦਾਅਵਿਆਂ ਦਾ ਹੀ ਹਿੱਸਾ ਹੈ ਕਿ ਭਾਰਤ ’ਚ, ਪੱਛਮ ਦੇ ਮੁਕਾਬਲੇ ਪਹਿਲਾਂ ਤੋਂ ਹੋਰ ਉੱਚ ਪੱਧਰੀ ਗਿਆਨ ਮੌਜੂਦ ਸੀ। ਇਹ ਵਾਕਿਆ ਹੀ ਵਚਿੱਤਰ ਹੈ ਕਿ ਹਿੰਦੂਤਵਵਾਦੀ, ਇੱਕ ਉੱਚਪੱਧਰੀ ਸਭਿਅਤਾ ਹੋਣ ਦੀ ਬਸਤੀਵਾਦੀ ਧਾਰਨਾ ਖ਼ਿਲਾਫ਼ ਹੁਣ ਲੜਾਈ ਛੇੜਣ ਦਾ ਪਖੰਡ ਰਚ ਰਹੇ ਹਨ, ਜਦੋਂਕਿ ਅਣਗਿਣਤ ਭਾਰਤੀ ਵਿਦਵਾਨ, ਬੁੱਧੀਜੀਵੀ ਅਤੇ ਸਿਆਸੀ ਨੇਤਾ ਦੇਸ਼ ਦੇ ਆਜ਼ਾਦ ਹੋਣ ਤੋਂ ਇਕ ਸਦੀ ਪਹਿਲਾਂ ਤੋਂ ਇਹ ਲੜਾਈ ਲੜ ਰਹੇ ਹਨ।
ਹਿਸਾਬ ਅਤੇ ਵਿਗਿਆਨ ਦੀਆਂ ਪਾਠ ਪੁਸਤਕਾਂ ’ਚ ਕੀਤੀਆਂ ਗਈਆਂ ਦੂਜੀਆਂ ਅਨੇਕ ਤਬਦੀਲੀਆਂ ਦਾ ਤਰਕ ਸਮਝਣਾ ਤਾਂ ਹੋਰ ਵੀ ਮੁਸ਼ਕਿਲ ਹੈ। ਮਿਸਾਲ ਦੇ ਤੌਰ ’ਤੇ ਉੱਚੇਰੀਆਂ ਜਮਾਤਾਂ ਦੇ ਸਿਲੇਬਸ ’ਚੋਂ ਐਡਵਾਂਸ ਬੀਜ ਗਣਿਤ ਦਾ ਹਟਾਇਆ ਜਾਣਾ, ਜਿਸ ਵਿੱਚ ਉਨ੍ਹਾਂ ਜਮਾਤਾਂ ਤੋਂ ਹਟਾਇਆ ਜਾਣਾ ਵੀ ਸ਼ਾਮਿਲ ਹੈ ਜਿਨ੍ਹਾਂ ’ਚ ਹਿਸਾਬ ਇੱਕ ਚੋਣਵੇਂ ਵਿਸ਼ੇ ਵਜੋਂ ਪੜਾਇਆ ਜਾਂਦਾ ਹੈ। ਕੁੱਲ ਮਿਲਾ ਕੇ ਇਹ ਤਬਦੀਲੀਆਂ ਹਿਸਾਬ ਦੇ ਵਿਦਿਆਰਥੀਆਂ ਦੇ ਗਿਆਨ ਅਤੇ ਸਮਰੱਥਾ ਨੂੰ ਹੀ ਕਮਜ਼ੋਰ ਕਰਦੀਆਂ ਲਗਦੀਆਂ ਹਨ। ਇਹ ਹੋਰ ਵੀ ਹੈਰਾਨੀਜਨਕ ਹੈ ਕਿਉਂਕਿ ਹਿਸਾਬ ਦੇ ਗਿਆਨ ਨੂੰ ਅੱਜ ਦੀ ਦੁਨੀਆ ਵਿੱਚ ਭਾਰਤੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਸਮਰੱਥਾ ’ਚੋਂ ਇੱਕ ਮੰਨਿਆ ਜਾਂਦਾ ਹੈ।
ਵਾਤਾਵਰਣ, ਭਾਰਤ ’ਚ ਸਮਾਜਿਕ ਅੰਦੋਲਨਾਂ, ਉਦਿਯੋਗਿਕ ਕ੍ਰਾਂਤੀ ਅਤੇ ਇੱਥੋਂ ਤੱਕ ਕਿ ਇਸ਼ਤਿਹਾਰਾਂ ’ਤੇ ਵੀ ਕਾਂਡਾਂ ਜਾਂ ਕੁੱਝ ਹਿੱਸਿਆਂ ਦਾ ਕੱਟਿਆ ਜਾਣਾ ਵਿਚਾਰਧਾਰਾ ਤੋਂ ਪ੍ਰੇਰਿਤ ਕੱਟ-ਵੱਡ ਦਾ ਹੀ ਮਾਮਲਾ ਹੈ। ਇਸ ’ਤੇ ਵੀ ਚਰਚਾ ਕਰਨ ਦੀ ਲੋੜ ਹੈ।
ਰਘੁ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ