Friday, April 26, 2024  

ਲੇਖ

ਆਲਮੀ ਤਾਪ ਵਿੱਚ ਹੋ ਰਿਹਾ ਵਾਧਾ ਮਨੁੱਖਤਾ ਲਈ ਖ਼ਤਰੇ ਦੀ ਘੰਟੀ

May 07, 2023

ਸਾਡੀ ਪਿ੍ਰਥਵੀ ਨੂੰ ਇਨਸਾਨ ਅਤੇ ਜੀਵ ਜੰਤੂਆਂ ਦੇ ਰਹਿਣਯੋਗ ਤਾਪਮਾਨ ’ਤੇ ਆਉਣ ਲਈ ਬਹੁਤ ਲੰਬਾ ਸਮਾਂ ਲੱਗਿਆ ਹੈ। ਪਰ ਇਹਨੀਂ ਦਿਨੀਂ ਸਾਡੀ ਪਿ੍ਰਥਵੀ ਮੁੜ ਤੋਂ ਅੱਗ ਦਾ ਗੋਲਾ ਬਣਨ ਵੱਲ੍ਹ ਵਧ ਰਹੀ ਹੈ। ਹਰ ਵਰ੍ਹੇ ਪਿ੍ਰਥਵੀ ਦੇ ਤਾਪਮਾਨ ਵਿੱਚ ਇਜ਼ਾਫਾ ਹੋ ਰਿਹਾ ਹੈ। ਇਹ ਇਜ਼ਾਫਾ ਕਿਸੇ ਵਿਸ਼ੇਸ਼ ਖੇਤਰ ਵਿੱਚ ਨਾ ਹੋ ਕੇ ਆਲਮੀ ਹੈ। ਮੌਸਮ ਵਿਗਿਆਨੀਆਂ ਵੱਲੋਂ ਮੌਜ਼ੂਦਾ ਗਰਮੀ ਦੇ ਸੀਜ਼ਨ ਦੌਰਾਨ ਉੱਤਰੀ ਭਾਰਤ ਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਵਧਣ ਦੀ ਕੀਤੀ ਅਗਾਊਂ ਭਵਿੱਖਬਾਣੀ ਪੂਰੀ ਤਰ੍ਹਾਂ ਸੱਚ ਸਿੱਧ ਹੁੰਦੀ ਪ੍ਰਤੀਤ ਹੋ ਰਹੀ ਹੈ। ਸਾਡੇ ਆਪਣੇ ਸੂਬੇ ਪੰਜਾਬ ਦਾ ਤਾਪਮਾਨ ਅਪ੍ਰੈਲ ਮਹੀਨੇ ਦੌਰਾਨ ਹੀ ਚਾਲੀ ਡਿਗਰੀ ਨੂੰ ਛੂਹਣ ਲੱਗਿਆ ਹੈ । ਤਾਪਮਾਨ ਵਿੱਚ ਅਚਾਨਕ ਹੋਇਆ ਇਹ ਇਜ਼ਾਫਾ ਮਹਿਜ਼ ਸਾਡੇ ਸੂਬੇ ਜਾਂ ਸਾਡੇ ਮੁਲਕ ਤੱਕ ਹੀ ਸੀਮਿਤ ਨਹੀਂ ਹੈ। ਇਹ ਵਰਤਾਰਾ ਤਾਂ ਆਲਮੀ ਹੈ। ਜਾਣਕਾਰੀ ਅਨੁਸਾਰ ਕੈਨੇਡਾ ਸਮੇਤ ਗਰਮੀਆਂ ਦੀ ਰੁੱਤ ਵਾਲੇ ਕਈ ਹੋਰ ਮੁਲਕ ਵੀ ਇਹਨੀਂ ਦਿਨੀਂ ਤਪਸ਼ ਇਜ਼ਾਫੇ ਦਾ ਸੇਕ ਝੱਲ ਰਹੇ ਹਨ।ਠੰਢੇ ਮੁਲਕਾਂ ’ਚ ਹੋਇਆ ਅਚਾਨਕ ਤਪਸ਼ ਇਜ਼ਾਫਾ ਸਾਡੇ ਮੁਲਕ ਨਾਲੋਂ ਕਈ ਗੁਣਾ ਜ਼ਿਆਦਾ ਤਕਲੀਫਦੇਹ ਹੈ।ਅਸੀਂ ਲੋਕ ਗਰਮੀ ਦਾ ਮੌਸਮ ਹੰਢਾਉਣ ਦੇ ਆਦੀ ਹਾਂ ਪਰ ਠੰਢੇ ਮੁਲਕਾਂ ਦੇ ਵਸਨੀਕ ਤਾਪਮਾਨ ਇਜ਼ਾਫੇ ਤੋਂ ਤ੍ਰਾਹ ਤ੍ਰਾਹ ਕਰ ਰਹੇ ਹਨ। ਜੇਕਰ ਤਾਪਮਾਨ ਦਾ ਇਜ਼ਾਫਾ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਜੂਨ ਮਹੀਨੇ ਦੌਰਾਨ ਗਰਮੀ ਕਹਿਰ ਦੇ ਰੂਪ ਵਿੱਚ ਸਾਡੇ ਜੀਵਨ ਨੂੰ ਪ੍ਰਭਾਵਿਤ ਕਰੇਗੀ।
ਆਲਮੀ ਪੱਧਰ ’ਤੇ ਤਪਸ਼ ਵਿੱਚ ਹੋ ਰਿਹਾ ਇਜ਼ਾਫਾ ਕੋਈ ਅਲੋਕਾਰੀ ਜਾਂ ਕੁਦਰਤੀ ਵਰਤਾਰਾ ਨਹੀਂ ਬਲਕਿ ਇਹ ਮਨੁੱਖ ਦੀਆਂ ਕੁਦਰਤ ਵਿਰੋਧੀ ਗਤੀਵਿਧੀਆਂ ਦਾ ਹੀ ਨਤੀਜਾ ਹੈ। ਵਿਸ਼ਵ ਪੱਧਰ ਦੇ ਮੌਸਮ ਵਿਗਿਆਨੀਆਂ ਵੱਲੋਂ ਪਿਛਲੇ ਕਈ ਵਰਿਆਂ ਤੋਂ ਤਪਸ਼ ਵਿੱਚ ਇਜ਼ਾਫੇ ਤੋਂ ਮਨੁੱਖਤਾ ਨੂੰ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਵਿਗਿਆਨੀਆਂ ਵੱਲੋਂ ਤਪਸ ਇਜ਼ਾਫੇ ’ਤੇ ਨਾ ਕੇਵਲ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਸਗੋਂ ਇਸ ਬਦੌਲਤ ਮਨੁੱਖਤਾ ’ਤੇ ਪੈਣ ਵਾਲੇ ਭਿਆਨਕ ਅਤੇ ਦਿਲ ਕੰਬਾਊ ਪ੍ਰਭਾਵਾਂ ਬਾਰੇ ਵੀ ਸੁਚੇਤ ਕੀਤਾ ਜਾ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਤਪਸ਼ ਇਜ਼ਾਫੇ ਨਾਲ ਧਰਤੀ ’ਤੇ ਕੁਦਰਤੀ ਆਫਤਾਂ ਵਿੱਚ ਵਾਧਾ ਹੋਵੇਗਾ। ਮਨੁੱਖਤਾ ਦੀ ਕੁਦਰਤ ਤੋਂ ਪੈ ਰਹੀ ਦੂਰੀ ਅਤੇ ਕੁਦਰਤ ਪ੍ਰਤੀ ਮਨੁੱਖਤਾ ਵੱਲੋਂ ਵਿਖਾਈ ਜਾ ਰਹੀ ਲਾਪਰਵਾਹੀ ਨੂੰ ਤਾਪਮਾਨ ਇਜ਼ਾਫੇ ਦੇ ਮੁੱਖ ਕਾਰਨਾਂ ਵਜੋਂ ਵੇਖਿਆ ਜਾ ਰਿਹਾ ਹੈ। ਵਿਕਾਸਸ਼ੀਲ ਮੁਲਕਾਂ ਵੱਲੋਂ ਕੁਦਰਤ ਨਾਲ ਖਿਲਵਾੜ ਦੇ ਸਾਰੇ ਹੱਦਾਂ ਬੰਨੇ ਪਾਰ ਕੀਤੇ ਜਾ ਰਹੇ ਹਨ। ਬਿਨਾਂ ਕਿਸੇ ਪ੍ਰਵਾਹ ਦੇ ਕੁਦਰਤੀ ਸਰੋਤਾਂ ਨੂੰ ਖਰਾਬ ਜਾਂ ਫਿਰ ਤਬਾਹ ਹੀ ਕੀਤਾ ਜਾ ਰਿਹਾ ਹੈ। ਤਾਪਮਾਨ ਨੂੰ ਕਾਬੂ ਹੇਠ ਰੱਖਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਾਲੇ ਰੁੱਖਾਂ ਨੂੰ ਸਾਡੇ ਮੁਲਕ ਅਤੇ ਸੂਬੇ ਵਿੱਚ ਬਿਨਾਂ ਕਿਸੇ ਡਰ ਭੈਅ ਦੇ ਨਸ਼ਟ ਕੀਤਾ ਜਾ ਰਿਹਾ ਹੈ। ਜੰਗਲਾਂ ਹੇਠ ਰਕਬਾ ਪ੍ਰਤੀ ਦਿਨ ਘਟ ਰਿਹਾ ਹੈ। ਅਖੌਤੀ ਵਿਕਾਸ ਦੀ ਹਨੇਰੀ ਹੇਠ ਜੰਗਲਾਂ ਨੂੰ ਕੱਟ ਕੇ ਤਾਪਮਾਨ ਵਿੱਚ ਇਜ਼ਾਫਾ ਕਰਨ ਵਾਲੇ ਕੰਕਰੀਟ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਵਿਸ਼ਵ ਪੱਧਰ ’ਤੇ ਹੋ ਰਿਹਾ ਮਸ਼ੀਨਾਂ ਅਤੇ ਉਦਯੋਗਾਂ ਵਿੱਚ ਵਾਧਾ ਵੀ ਤਾਪਮਾਨ ਵਿੱਚ ਇਜ਼ਾਫੇ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਮੁਲਕਾਂ ਵੱਲੋਂ ਆਪਣੇ ਵਾਹਨਾਂ ਅਤੇ ਉਦਯੋਗਾਂ ਨੂੰ ਈਕੋ ਫਰੈਂਡਲੀ ਬਣਾਉਣ ਤੋਂ ਲਾਪਰਵਾਹੀ ਵਿਖਾਈ ਜਾ ਰਹੀ ਹੈ। ਗਰਮੀ ਨੂੰ ਘੱਟ ਕਰਨ ਲਈ ਅਪਣਾਏ ਜਾਣ ਵਾਲੇ ਬਨਾਵਟੀ ਢੰਗ ਤਰੀਕੇ ਅਸਿੱਧੇ ਰੂਪ ਵਿੱਚ ਤਾਪਮਾਨ ਵਿੱਚ ਵਾਧੇ ਦਾ ਸਬੱਬ ਬਣ ਰਹੇ ਹਨ। ਏਅਰਕੰਡੀਸ਼ਨ ਇਸ ਦੀ ਸਭ ਤੋਂ ਵੱਡੀ ਉਦਾਹਰਨ ਹਨ। ਕੋਈ ਸਮਾਂ ਸੀ ਜਦੋਂ ਕਿਸੇ ਟਾਂਵੇ ਵਿਰਲੇ ਘਰ ਵਿੱਚ ਹੀ ਏਅਰਕੰਡੀਸ਼ਨ ਹੁੰਦਾ ਸੀ ਪਰ ਅੱਜ ਹਰ ਘਰ ਵਿੱਚ ਏਅਰਕੰਡੀਸ਼ਨ ਦਾ ਹੋਣਾ ਆਮ ਜਿਹਾ ਹੀ ਨਹੀਂ ਸਗੋਂ ਇੱਕ ਘਰ ਵਿੱਚ ਹੀ ਕਈ ਕਈ ਏਅਰਕੰਡੀਸ਼ਨ ਹਨ। ਵਾਹਨਾਂ ਦੇ ਮਾਮਲੇ ਵਿੱਚ ਵੀ ਇਹੋ ਜਿਹੀ ਹੀ ਸਥਿਤੀ ਹੈ। ਅਜੋਕਾ ਮਨੁੱਖ ਇਨਸਾਨੀ ਜ਼ਿੰਦਗੀ ਦੀ ਕੀਮਤ ’ਤੇ ਵਿਕਾਸ ਕਰਨ ਨੂੰ ਪ੍ਰਾਪਤੀ ਸਮਝਣ ਦੀ ਵੱਡੀ ਗਲਤੀ ਕਰ ਰਿਹਾ ਹੈ।
ਤਾਪਮਾਨ ਇਜ਼ਾਫੇ ਦੇ ਪ੍ਰਭਾਵ ਦਿਲ ਕੰਬਾਊ ਹਨ। ਇਸ ਤਰ੍ਹਾਂ ਹੋਣ ਵਾਲਾ ਤਾਪਮਾਨ ਇਜ਼ਾਫਾ ਗਲੇਸ਼ੀਅਰਾਂ ਲਈ ਖ਼ਤਰੇ ਦੀ ਘੰਟੀ ਹੈ। ਵਿਗਿਆਨੀਆਂ ਦੀ ਸਮਝ ਅਨੁਸਾਰ ਸਾਡੇ ਗਲੇਸ਼ੀਅਰਾਂ ਦਾ ਆਕਾਰ ਪ੍ਰਤੀ ਦਿਨ ਘਟ ਰਿਹਾ ਹੈ। ਗਲੇਸ਼ੀਅਰਾਂ ਦੀ ਕਮੀ ਨਾਲ ਜਿੱਥੇ ਤਾਪਮਾਨ ਦਾ ਵਾਧਾ ਹੋਰ ਪ੍ਰਚੰਡ ਹੋਵੇਗਾ ਉੱਥੇ ਹੀ ਧਰਤੀ ’ਤੇ ਪਾਣੀ ਦਾ ਸੰਕਟ ਵੀ ਗੰਭੀਰ ਹੋਵੇਗਾ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਹਿਮਾਲਿਆ ਖੇਤਰ ਵਿਚ ਜਿਨ੍ਹਾਂ ਗਲੇਸ਼ੀਅਰਾਂ ਦਾ ਅਧਿਐਨ ਕੀਤਾ ਗਿਆ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਵੱਖ-ਵੱਖ ਰਫ਼ਤਾਰ ਨਾਲ ਪਿਘਲ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਹਿਮਾਲਿਆਈ ਗਲੇਸ਼ੀਅਰਾਂ ਦੇ ਪਿਘਲਣ ਨਾਲ ਨਾ ਸਿਰਫ ਹਿਮਾਲਿਆ ਨਦੀ ਪ੍ਰਣਾਲੀ ਦੇ ਵਹਾਅ ’ਤੇ ਗੰਭੀਰ ਪ੍ਰਭਾਵ ਪਵੇਗਾ, ਸਗੋਂ ਕੁਦਰਤੀ ਆਫ਼ਤਾਂ ਵਿੱਚ ਵੀ ਵਾਧਾ ਹੋਵੇਗਾ। ਸਰਕਾਰ ਨੇ ਇਹ ਜਾਣਕਾਰੀ ਦੇਸ਼ ’ਚ ਗਲੇਸ਼ੀਅਰ ਪ੍ਰਬੰਧਨ ’ਤੇ ਚਰਚਾ ਕਰ ਰਹੀ ਸੰਸਦੀ ਸਥਾਈ ਕਮੇਟੀ ਨੂੰ ਦਿੱਤੀ। ਤਾਪਮਾਨ ਵਿੱਚ ਇਜ਼ਾਫੇ ਨਾਲ ਗਰਮੀਆਂ ਦੇ ਸੀਜ਼ਨ ਦੀ ਲੰਬਾਈ ਵਿੱਚ ਵਾਧਾ ਹੋਵੇਗਾ। ਪਹਿਲਾਂ ਤੋਂ ਹੀ ਘੱਟ ਰਿਹਾ ਸਰਦੀਆਂ ਦਾ ਮੌਸਮ ਹੋਰ ਸੁੰਘੜ ਕੇ ਰਹਿ ਜਾਵੇਗਾ। ਤਾਪਮਾਨ ਇਜ਼ਾਫੇ ਨੂੰ ਘੱਟ ਕਰਨ ਲਈ ਇੱਕ ਬੱਚੇ ਤੋਂ ਲੈ ਕੇ ਵਿਸ਼ਵ ਦੀ ਅਗਵਾਈ ਕਰ ਰਹੀਆਂ ਸੰਸਥਾਵਾਂ ਨੂੰ ਉਪਰਾਲੇ ਕਰਨੇ ਬਣਦੇ ਹਨ। ਜੰਗਲਾਂ ਹੇਠ ਰਕਬਾ ਵਧਾਉਣਾ ਵਿਸ਼ਵ ਪੱਧਰ ’ਤੇ ਖਾਸ ਕਰਕੇ ਸਾਡੇ ਮੁਲਕ ਅਤੇ ਸੂਬੇ ਦੀ ਤਰਜ਼ੀਹ ਬਣਨਾ ਚਾਹੀਦਾ ਹੈ। ਰੁੱਖ ਕੱਟਣ ਸਮੇਤ ਕੁਦਰਤੀ ਸੋਮਿਆਂ ਨਾਲ ਖਿਲਵਾੜ ਨੂੰ ਗੰਭੀਰ ਅਪਰਾਧ ਦੀ ਸ਼੍ਰੇਣੀ ਵਿੱਚ ਰੱਖ ਕੇ ਮਿਸਾਲੀ ਸਜ਼ਾਵਾਂ ਦੇਣੀਆਂ ਬਣਦੀਆਂ ਹਨ। ਵਾਹਨਾਂ ਅਤੇ ਏਅਰਕੰਡੀਸ਼ਨਾਂ ਦੀ ਗਿਣਤੀ ਘੱਟ ਕਰਨ ਵੱਲ੍ਹ ਵੀ ਕਦਮ ਉਠਾਏ ਜਾਣੇ ਜ਼ਰੂਰੀ ਹਨ। ਪੈਦਲ ਚੱਲਣ ਅਤੇ ਸਾਈਕਲ ਚਲਾਉਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ।
ਆਲਮੀ ਤਪਸ਼ ਦੇ ਨਿਯੰਤਰਣ ਲਈ ਵਿਸ਼ਵ ਪੱਧਰ ’ਤੇ ਸਾਂਝੇ ਉਪਰਾਲਿਆਂ ਦੀ ਜ਼ਰੂਰਤ ਹੈ। ਆਲਮੀ ਤਪਸ਼ ਦਾ ਸਬੱਬ ਬਣ ਰਹੇ ਕਾਰਨਾਂ ਨੂੰ ਬਾਰੀਕੀ ਨਾਲ ਘੋਖਦਿਆਂ ਉਹਨਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। ਨਹੀਂ ਕਿਤੇ ਅਜਿਹਾ ਨਾ ਹੋਵੇ ਕਿ ਅੱਗ ਦੇ ਗੋਲੇ ਤੋਂ ਵੱਖ ਹੋ ਕੇ ਲੰਬੇ ਅਰਸੇ ਬਾਅਦ ਜਨ-ਜੀਵਨ ਦੇ ਯੋਗ ਬਣੀ ਸਾਡੀ ਧਰਤੀ ਮੁੜ ਤੋਂ ਅੱਗ ਦਾ ਗੋਲਾ ਬਣ ਜਾਵੇ ਅਤੇ ਹੱਦਾਂ, ਸਰਹੱਦਾਂ ਜਾਂ ਹੋਰ ਮੁੱਦਿਆਂ ’ਤੇ ਇੱਕ ਦੂਜੇ ਨੂੰ ਅੱਖਾਂ ਵਿਖਾਉਂਦੀ ਮਨੁੱਖਤਾ ਨੂੰ ਕੁਦਰਤ ਹੀ ਅੱਖ ਵਿਖਾ ਜਾਵੇ।
ਸੁਰੇਸ਼ਟਾ ਰਾਣੀ
-ਮੋਬਾ: 94172 42369

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ