Sunday, June 16, 2024  

ਲੇਖ

ਤਾਹਨੇ-ਮਿਹਣਿਆਂ ਦਾ ਮਾਰਿਆ...

May 07, 2023

ਨਾਨਾ ਨਾਨੀ ਜੀ ਦੇ ਘਰ ਬਚਪਨ ਤੋਂ ਰਹਿ ਰਿਹਾ ਹਾਂ। ਮੇਰੀ ਜ਼ਿੰਦਗੀ ਦਾ ਅਨਮੋਲ ਗਹਿਣਾ ਤਾਂ ਵਾਹਿਗੁਰੂ ਜੀ ਨੇ ਆਪਣੇ ਕੋਲ਼ ਰੱਖ ਲਿਆ ਸੀ ਤੇ ਮੈਨੂੰ ਤੇ ਮੇਰੇ ਭਰਾ ਨੂੰ ਨਾਨਾ ਨਾਨੀ ਜੀ ਘਰ ਛੱਡ ਦਿੱਤਾ। ਮੈ ਜ਼ਿੰਦਗੀ ’ਚ ਇਕੱਲਾ ਹੋ ਗਿਆ ਸੀ। ਜ਼ਿੰਦਗੀ ਨੇ ਮੈਨੂੰ ਕਿੱਥੇ ਕਿੱਥੇ ਧਕੇਲਿਆ ਤੇ ਕਿੱਥੇ ਕਿੱਥੇ ਰੁਲਾਇਆ ਇਹ ਤਾਂ ਜ਼ਿੰਦਗੀ ਤੇ ਮੈ ਜਾਣਦੇ ਹਾਂ। ਅੱਜ ਮੈ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਮੀ ਮਹਿਸੂਸ ਮਾਂ ਬਾਪੂ ਜੀ ਦੇ ਨਾ ਹੋਣ ਦੀ ਕਰ ਰਿਹਾ ਹਾਂ। ਕਾਸ਼! ਉਹ ਅੱਜ ਮੇਰੇ ਕੋਲ਼ ਹੁੰਦੇ ਤੇ ਮੈਨੂੰ ਵੱਧ ਪੜ੍ਹਾਉਂਦੇ ਲਖਾਉਂਦੇ..., ਮੇਰੀਆਂ ਹਰ ਜ਼ਰੂਰਤਾਂ ਪੂਰੀਆ ਕਰਦੇ.., ਮੇਰੇ ਜ਼ਿੰਦਗੀ ਦੇ ਸਫ਼ਰ ਦਾ ਹਿੱਸਾ ਬਣਦੇ। ਮੈ ਤੰਗ ਹਾਂ ਇਸ ਜ਼ਿੰਦਗੀ ਤੋਂ ਜਿੱਥੇ ਮੈਨੂੰ ਮੇਰੇ ਕੰਮ ਕਰਨ ’ਤੇ ਤਾਹਨੇ ਮਿਹਣੇ ਰੋਜ਼ ਸੁਣਨ ਨੂੰ ਮਿਲਦੇ ਤੇ ਮੈ ਇਹੋ ਜੀ ਜਿੰਦਗੀ ਨੂੰ ਜਿਊਣਾ ਨਹੀਂ ਕਹਿੰਦਾ ਹਾਂ। ਜਦੋਂ ਜ਼ਿੰਦਗੀ ਵਿੱਚ ਪੈਰ ਵਧਾਇਆ ਤਾਂ ਮੈ ਮਾਮਾ ਜੀ ਨਾਲ ਹੱਥ ਵਟਾਉਣਾ ਸ਼ੁਰੂ ਕੀਤਾ। ਹੌਲੀ ਹੌਲੀ ਵਕਤ ਬਦਲਦਾ ਗਿਆ। ਜਿੰਦਗੀ ਨੇ ਹੱਥ ਪੈਰ ਤੇਜੀ ਨਾਲ ਚਲਾਏ।
ਮੇਰੇ ਮਾਮਾ ਜੀ ਕੋਲ਼ ਇੱਕ ਕਿਲ੍ਹਾ ਖੇਤੀ ਹੈ ਪਰ ਉਸ ਵਿੱਚ ਮੇਰਾ ਸਿਰਫ਼ ਕੰਮ ਖੇਤੀ ਕਰਨਾ ਸੀ। ਮੈਂ ਉਸ ਵਕਤ ਤਾਂ ਖੇਤੀ ਕਰਦਾ ਰਿਹਾ ਤੇ ਹੌਲੀ ਹੌਲੀ ਖੇਤੀ ਬਾਰੇ ਜਾਣੂ ਹੋਇਆ। ਵਕਤ ਨੇ ਆਪਣੀ ਸੋਚ ਬਦਲ ਕੇ ਜਿੰਦਗੀ ਨੂੰ ਗਲ਼ ਲਗਾ ਲਿਆ ਤੇ ਮੇਰੇ ਮੂੰਹ ’ਤੇ ਔਖ-ਸੌਖ ਹਸਣ-ਹਸਾਉਣ ’ਚ ਸਮਾਂ ਲੰਘਾਉਣ ਲੱਗਿਆ।। ਜਿਸ ਤੋਂ ਲੋਕ ਮੈਨੂੰ ਗੱਲਾਂ ਦਾ ਗਾਲੜੀ ਕਹਿਣ ਲੱਗ ਪਏ। ਮੈਂ ਨਿੱਤ ਜ਼ਿੰਦਗੀ ਨਾਲ ਲੜ੍ਹ ਕਾਗ਼ਜ ਭਰਨੇ ਸ਼ੁਰੂ ਕਰ ਦਿੱਤੇ। ਮੈਨੂੰ ਤਕਲੀਫ਼ ਤੇ ਦੁੱਖ ਜਦੋਂ ਹੋਣਾ ਮੈ ਦਿਲੋਂ ਸੱਚ ਬਿਆਨ ਕਾਗ਼ਜ ਉੱਤੇ ਜੜ੍ਹ ਦੇਣਾ। ਮਂੈ ਸੋਚ ਨੂੰ ਸਹੀ ਸਮਝਦਾ ਸੀ ਕਿ ‘ਜਿੰਦਗੀ ਅਨਮੋਲ ਹੈ ਜਿੱਥੇ ਸੋਚ ਦਾ ਸਾਫ਼ ਰਹਿਣਾ ਸਹੀ ਹੈ ਪਰ ਇੱਥੇ ਕੁਝ ਸਹੀ ਨਹੀਂ ਹੈ।
ਜਦੋਂ ਜਿੰਦਗੀ ਮੈਨੂੰ ਕੰਮ ਸਿਖਾ ਰਹੀ ਸੀ ਤਾਂ ਮੈਨੂੰ ਹਰ ਕੰਮ ਬੋਝ ਲੱਗਦਾ ਸੀ ਲੇਕਿਨ ਜਿੰਦਗੀ ਨੇ ਮੈਨੂੰ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ.., ਜਿਸ ਨਾਲ ਮੇਰੀ ਜਿੰਦਗੀਂ ਨੇ ਕੰਮ ਨੂੰ ਕਦੇ ਵੀ ਬੋਝ ਨਹੀਂ ਸਮਝਿਆ। ਮੈਨੂੰ ਨਾਨਾ ਨਾਨੀ ਜੀ ਦੀ ਹਮੇਸ਼ਾ ਫ਼ਿਕਰ ਲੱਗੀ ਰਹਿੰਦੀ ਸੀ ਕਿੳਂੁਕਿ ਉਹਨਾਂ ਦਾ ਵੀ ਖਿਆਲ ਰੱਖਣ ਵਾਲਾ ਮੁੰਡਾ ਕੰਜੂਸ ਤੇ ਲਾਲਚੀ ਹੈ। ਪਿੰਡ ਵਿੱਚ ਰਹਿ ਕੇ ਕੁਝ ਹਾਸਿਲ ਨਾ ਹੋਇਆ। ਜਿਹਨਾਂ ਕੋਲ਼ ਪੈਸੇ ਹਨ ਉਹ ਬਾਹਰ ਨੂੰ ਵਲੈਤ ਜਾਈ ਜਾਂਦੇ ਹਨ। ਉਹਨਾਂ ਦੇ ਖੁੱਲ੍ਹੀਆਂ ਜ਼ਮੀਨਾਂ ਤੇ ਉੱਚਾ ਰੁੱਤਬਾ ਹੈ ਜਿਹਨਾਂ ਕਰਕੇ ਉਹ ਵਲੈਤ ਜਾਂਦੇ ਹਨ। ਅਮੀਰੀ ਦੀ ਚਾਬੀ ਜਿੰਦਗੀ ਨੂੰ ਕਿਨਾਰੇ ਤੱਕ ਛੱਡ ਦਿੰਦੀ ਹੈ ਇਹ ਮੈਂ ਬਜ਼ੁਰਗਾਂ ਤੋਂ ਸੁਣਿਆ ਸੀ। ਇਹ ਜਦੋਂ ਮੈ ਅੱਖੀ ਵੇਖਿਆ ਤਾਂ ਯਕੀਨ ਹੋ ਗਿਆ ਕਿ, ਜ਼ਿੰਦਗੀ ਪੈਸਿਆਂ ਦਾ ਮੋਹ ਹੈ। ਇੱਥੇ ਕਿਨਾਰੇ ਤੱਕ ਪਹੁੰਚਣ ਲਈ ਪੈਸਿਆਂ ਦਾ ਹੱਥ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਅਮੀਰੀ ਵੀ ਚਾਬੀ ਹੈ ਜਿਸ ਨਾਲ ਬੰਦਾ ਕਿਸੇ ਵੀ ਥਾਂ ਨੂੰ ਆਪਣਾ ਬਣਾ ਸਕਦਾ ਹੈ। ਗ਼ਰੀਬਾਂ ਦੀ ਕਿਹੜੀ ਜ਼ਿੰਦਗੀਂ ਹੈ। ਇੱਥੇ ਮਾਂ ਬਾਪੂ ਬਿਨ ਮੈਂ ਹਾਂ ਜਿਊਂਦਾ ਤੇ ਮੇਰੀ ਖੁਸ਼ੀ ਬਦ -ਨਸੀਬੀ ’ਚ ਹੀ ਹੈ। ਮੈਂ ਕਿਸੇ ਤੋਂ ਕੁਝ ਨਹੀਂ ਮੰਗਦਾ ਤੇ ਆਪਣਾ ਕੰਮ ਪੂਰੀ ਰੀਝ ਨਾਲ ਕਰਦਾ ਹਾਂ। ਮੈ ਸਫ਼ਰ ਦੇ ਨਾਲ ਲਿੱਖਦਾ ਹਾਂ ਜਿੱਥੇ ਮੇਰਾ ਮਨ ਸ਼ਾਂਤ ਹੁੰਦਾ ਹੈ।
ਅਕਸਰ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਹੀ ਰਹਿੰਦਾ ਹੈ ਕਿ, ‘ਅੱਜ ਇੱਥੇ ਕੱਲ੍ਹ ਇੱਥੇ ਹੀ ਰਹਿਣਾ..ਕੀ ਪਤਾ ਜਿੰਦਗੀ ਦਾ ਕੱਲ੍ਹ ਕਿਸਦਾ ਕਹਿਣਾ।’ ਮੈ ਬੜੀ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ। ਖੇਤੀ ਕਰ ਕਰ ਕੇ ਚਾਰ ਪੈਸੇ ਵੀ ਜੋੜੇ ਤੇ ਘਰ ਖਾਣ ਨੂੰ ਵੀ ਲੈ ਕੇ ਆਇਆ ਪਰ ਮੈਨੂੰ ਇਹ ਕਹਿ ਕੇ ਤਾਹਣਾ ਮਾਰਿਆ ਕਿ, ‘ਤੇਰੀ ਮਾਂ ਨੇ ਤੈਨੂੰ ਜੰਮਿਆ ਹੀ ਕਿਉਂ..ਸਾਡੇ ਸਿਰ ਛੱਡ ਗਈ ਆ। ਆਪ ਤਾਂ ਰੱਬ ਨੂੰ ਪਿਆਰੀ ਹੋ ਗਈ ਤੇ ਪੁੱਤ ਨੂੰ ਬਿਮਾਰੀ ਆ.., ਹਰ ਰੋਜ਼ ਘੱਟ ਪੈਸੇ ਲੈ ਕੇ ਆਉਣ ਦੀ..! ਕਿਹੜੀ ਮਾਂ ਨੂੰ ਪੈਸੇ ਫੜ੍ਹਾ ਆਉਂਦਾ ਤੂੰ..ਤੂੰ ਜੰਮਦਾ ਹੀ ਨਾ ਤਾਂ ਚੰਗਾ ਹੁੰਦਾ।’
ਮੇਰੀਆਂ ਅੱਖਾਂ ਐਵੇਂ ਹੀ ਭਿੱਜ ਜਾਂਦੀਆਂ ਇਹ ਸਭ ਗਲਾਂ ਸੁਣ ਤੇ ਮੈਂ ਜ਼ਿੰਦਗੀ ਤੋਂ ਐਵੇਂ ਹੀ ਟੁੱਟ ਜਾਂਦਾ ਹਾਂ। ਮੈਨੂੰ ਕੰਮ ਬੋਝ ਨਹੀਂ ਲੱਗਦਾ.., ਮੈਨੂੰ ਤਾਂ ਮੇਰੀ ਜ਼ਿੰਦਗੀ ਹੀ ਬੋਝ ਹੁੰਦੀ ਜਾਪਦੀ ਹੈ। ਜ਼ਿੰਦਗੀ ਦੇ ਕਈ ਫ਼ੈਸਲੇ ਹੁੰਦੇ ਹਨ ਜਿੱਥੇ ਇਨਸਾਨ ਜ਼ਿੰਦਗੀ ਨੂੰ ਪਹਿਲ ਦਿੰਦਾ ਹੈ ਤੇ ਜ਼ਿੰਦਗੀ ਨੂੰ ਪਹਿਲ ਦੇਣ ਮਗਰੋਂ ਆਪਣੇ ਆਪ ਨੂੰ ਬਦਲ ਦਿੰਦਾ ਹੈ। ਇਕੱਲੇ ਹੋਣ ਕਰਕੇ ਕਦੇ ਕਦਾਰ ਜ਼ਿੰਦਗੀ ਮੈਨੂੰ ਜ਼ਿੰਦਗੀ ਨਹੀਂ ਲੱਗਦੀ ਹੈ। ਜ਼ਿੰਦਗੀ ਵਿੱਚ ਜ਼ਿੰਦਗੀ ਜਿਊਣ ਦਾ ਮਤਲਬ ਹੁੰਦਾ ਹੈ ਖੁਸ਼ੀ ਦੇ ਅੰਗ ਸੰਗ ਹੋਣਾ। ਮੇਰੇ ਆਪਣੇ ਹੀ ਮੈਨੂੰ ਤਾਹਨੇ ਕੱਸਣ ਤਾਂ ਮੈਂ ਕਿੰਝ ਸਹੀ ਹੋ ਪਾਵਾਂ। ਮੇਰੀ ਜ਼ਿੰਦਗੀ ਤਾਂ ਮੇਰੇ ਮਾਂ ਬਾਪੂ ਹੀ ਹਨ ਜਿਹਨਾਂ ਦੀ ਤਸਵੀਰ ਮੇਰੇ ਦਿਲ ਵਿੱਚ ਵੱਸੀ ਹੈ।
ਗੌਰਵ ਧੀਮਾਨ
-ਮੋਬਾ: 7626818016

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ