Saturday, September 30, 2023  

ਲੇਖ

ਖ਼ਤਰੇ ’ਚ ਹੈ ਡਾਲਰ ਦੀ ਸਰਦਾਰੀ

May 07, 2023

ਅਮਰੀਕਾ ਦੇ ਵਿੱਤ ਮੰਤਰੀ (ਖਜ਼ਾਨਾ ਸਕੱਤਰ) ਜੇਨੇਟ ਯੇਲੇਨ ਨੇ ਆਖਰਕਾਰ ਉਸ ਸੱਚਾਈ ਨੂੰ ਕਬੂਲ ਕਰ ਲਿਆ ਹੈ ਜੋ ਆਪਣੇ ਆਪ ’ਚ ਸਪਸ਼ੱਟ ਹੈ, ਤੇ ਜੋ ਕਾਫੀ ਸਮੇਂ ਤੋਂ ਜ਼ਿਆਦਾਤਰ ਲੋਕਾਂ ਨੂੰ ਦਿਖਾਈ ਦੇ ਰਹੀ ਸੀ। ਇਹ ਸੱਚਾਈ ਇਹ ਹੈ ਕਿ ਅਮਰੀਕਾ ਵੱਲੋਂ ਦੂਸਰੇ ਮੁਲਕਾਂ ’ਤੇ ਪਾਬੰਦੀਆਂ ਲਗਾਉਣਾ, ਦੁਨੀਆ ਦੀ ਸੁਰੱਖਿਅਤ ਕਰੰਸੀ ਦੇ ਰੂਪ ’ਚ ਡਾਲਰ ਦੇ ਪ੍ਰਭਾਵ ਲਈ ਨੁਕਸਾਨਦੇਹ ਹੈ ਅਤੇ ਡਾਲਰ ਲਈ ਖ਼ਤਰਾ ਪੈਦਾ ਕਰਦੀਆਂ ਹਨ।
ਜੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਇੱਕ ਅੱਧੇ ਦੇਸ਼ ’ਤੇ ਹੀ ਲਾਈਆਂ ਜਾ ਰਹੀਆਂ ਹੁੰਦੀਆਂ, ਤਦ ਤਾਂ ਗੱਲ ਹੋਰ ਸੀ। ਪਰ, ਇਨ੍ਹਾਂ ਦਿਨਾਂ ’ਚ ਤਾਂ ਅਮਰੀਕਾ, ਦਰਜਨਾਂ ਮੁਲਕਾਂ ਨੂੰ ਨਿਸ਼ਾਨਾਂ ਬਣਾਉਣ ਲਈ ਇਨ੍ਹਾਂ ਪਾਬੰਦੀਆਂ ਦੀ ਵਰਤੋਂ ਕਰ ਰਿਹਾ ਹੈ। ਅਤੇ ਜਦੋਂ ਅਜਿਹਾ ਹੁੰਦਾ ਹੈ ਤਾਂ, ਇਹ ਮੁਲਕ ਵੀ ਬਦਲਵੀਂ ਵਿਵਸਥਾ ਲੱਭਣ ਵੱਲ ਵੱਧਦੇ ਹਨ, ਤਾਂ ਕਿ ਉਹ ਇਨ੍ਹਾਂ ਪਾਬੰਦੀਆਂ ਨੂੰ ਵਿਅਰਥ ਕਰ ਸਕਣ। ਇਹ ਬਦਲਵੀਆਂ ਵਿਵਸਥਾਵਾਂ, ਅਮਰੀਕਾ ਦੀ ਹੁਣ ਤੱਕ ਚੱਲੀ ਆ ਰਹੀ ਦਬਦਬੇ ਵਾਲੀ ਉਸ ਵਿਸ਼ਵ ਵਿਵਸਥਾ ਨੂੰ ਹੀ ਕਮਜ਼ੋਰ ਕਰ ਰਹੀਆਂ ਹਨ, ਜਿਸ ਦੀ ਪਛਾਣ ਡਾਲਰ ਦੀ ਸਰਦਾਰੀ ਤੋਂ ਹੁੰਦੀ ਆ ਰਹੀ ਸੀ।
ਇਹ ਵਿਡੰਬਨਾ ਹੈ, ਪਰ ਇਸ ’ਤੇ ਹੈਰਾਨੀ ਨਹੀਂ ਹੋਵੇਗੀ (ਆਖਿਰ, ਬਾਇਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਮੈਂਬਰ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ) ਕਿ ਇਸ ਸੱਚਾਈ ਨੂੰ ਕਬੂਲ ਕਰ ਲੈਣ ਦੇ ਬਾਵਜ਼ੂਦ, ਜੇਨੇਟ ਯੇਲੇਨ ਨੇ ਐਲਾਨ ਕੀਤਾ ਹੈ ਕਿ ਉਹ ਇਨ੍ਹਾਂ ਪਾਬੰਦੀਆਂ ਦੇ ਪੱਖ ’ਚ ਹੈ, ਜੋ ਇਸ ਸਮੇਂ ਅਮਰੀਕਾ ਲਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਬੂਲ ਕੀਤਾ ਹੈ ਕਿ ਜਦੋਂ ਅਜਿਹੇ ਦੇਸ਼ਾਂ ਖ਼ਿਲਾਫ਼ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਸਰਕਾਰਾਂ ਅਜਿਹੀਆਂ ਨੀਤੀਆਂ ’ਤੇ ਚੱਲ ਰਹੀਆਂ ਹੁੰਦੀਆਂ ਹਨ ਜੋ ਅਮਰੀਕਾ ਨੂੰ ਪਸੰਦ ਨਹੀਂ ਹੁੰਦੀਆਂ, ਤਾਂ ਅਜਿਹੀਆਂ ਪਾਬੰਦੀਆਂ ਸੰਬੰਧਤ ਨੀਤੀਆਂ ਨੂੰ ਬਦਲਵਾਉਣ ਦੇ ਮਾਮਲੇ ’ਚ ਨਕਾਰਾ ਹੀ ਸਾਬਿਤ ਹੁੰਦੀਆਂ ਹਨ। ਇਸ ਦੀ ਬਜਾਏ ਇਹ ਪਾਬੰਦੀਆਂ, ਆਪਣਾ ਨਿਸ਼ਾਨਾ ਬਣਾਏ ਜਾਣ ਵਾਲੇ ਮੁਲਕਾਂ ਦੀ ਜਨਤਾ ’ਤੇ ਭਾਰੀ ਤਕਲੀਫ਼ਾਂ ਜ਼ਰੂਰ ਢਾਹੁੰਦੀਆਂ ਹਨ ਇਸ ਸਿਲਸਿਲੇ ’ਚ ਉਹ ਈਰਾਨ ਦੀ ਮਿਸਾਲ ਵੀ ਦਿੰਦੇ ਹਨ। ਸਾਲਾਂ ਤੋਂ ਚਲ ਰਹੀਆਂ ਪਾਬੰਦੀਆਂ ਦੇ ਬਾਵਜੂਦ, ਈਰਾਨੀ ਸਰਕਾਰ ਦੀਆਂ ਉਹ ਨੀਤੀਆਂ ਤਾਂ ਨਹੀਂ ਬਦਲੀਆਂ ਹਨ, ਜਿਨ੍ਹਾਂ ਨੂੰ ਅਮਰੀਕਾ ਨਾ ਪਸੰਦ ਕਰਦਾ ਹੈ, ਹਾਂ। ਈਰਾਨੀ ਲੋਕਾਂ ਨੂੰ ਜ਼ਰੂਰ ਇਨ੍ਹਾਂ ਪਾਬੰਦੀਆਂ ਦੇ ਚਲਦਿਆਂ ਵੱਡੀਆਂ ਤਕਲੀਫ਼ਾਂ ਝੱਲਣੀਆਂ ਪਈਆਂ ਹਨ। ਜਿਸ ਤਰ੍ਹਾਂ ਉਨ੍ਹਾਂ ਖ਼ੁਦ ਕਿਹਾ ਕਿ ‘‘ਈਰਾਨ ਦੇ ਖਿਲਾਫ਼ ਸਾਡੀਆਂ ਇਨ੍ਹਾਂ ਪਾਬੰਦੀਆਂ ਨੇ ਉਸ ਦੇਸ਼ ’ਚ ਅਸਲ ਆਰਥਿਕ ਸੰਕਟ ਪੈਦਾ ਕਰ ਦਿੱਤਾ ਹੈ ਅਤੇ ਪਾਬੰਦੀਆਂ ਦੇ ਚਲਦਿਆਂ ਈਰਾਨ ਨੂੰ ਆਰਥਿਕ ਪੱਖੋਂ ਭਾਰੀ ਤਕਲੀਫ਼ ਝੱਲਣੀ ਪੈ ਰਹੀ ਹੈ। ... ਪਰ, ਕੀ ਉਹ ਉਸ ਨੂੰ ਆਪਣਾ ਪੈਂਤੜਾ ਬਦਲਣ ਲਈ ਮਜ਼ਬੂਰ ਕਰ ਸਕਿਆ ਹੈ? ਜਵਾਬ ਹੈ, ਅਸੀਂ ਆਦਰਸ਼ ਤੌਰ ’ਤੇ ਜਿੰਨੀ ਆਸ ਕੀਤੀ ਹੁੰਦੀ, ਉਸ ਤੋਂ ਬਹੁਤ ਹੀ ਘੱਟ’’।
ਬਹਰਹਾਲ, ਸੱਚਾਈ ਦੀ ਇਹ ਹੀ ਸਵੀਕਾਰਤਾ ਵੀ ਉਨ੍ਹਾਂ ਨੂੰ ਅਮਰੀਕਾ ਵੱਲੋਂ ਪਾਬੰਦੀਆਂ ਥੋਪੇ ਜਾਣ ਤੋਂ ਬਚਾਅ ਨਹੀਂ ਸਕਦੀ। ਉਲਟਾ, ਈਰਾਨ ਦੇ ਹੀ ਮਾਮਲੇ ’ਚ ਉਹ ਦੀ ਆਵਾਜ਼ ’ਚ ਇਹ ਕਹਿੰਦੀ ਹੈ ਕਿ ਅਮਰੀਕਾ, ਆਪਣੀ ਪਾਬੰਦੀਆਂ ਨੂੰ ਵਧਾਉਣ ਲਈ ਹੋਰ ਵੀ ਰਾਹ ਲੱਭ ਰਿਹਾ ਹੈ।
ਇਨ੍ਹਾਂ ਪਾਬੰਦੀਆਂ ਦਾ ਨਿਸ਼ਾਨਾ ਬਣਨ ਵਾਲੇ ਦੇਸ਼ਾਂ ਨੂੰ ਅਜਿਹੀਆਂ ਬਦਲਵੀਆਂ ਵਿਵਸਥਾਵਾਂ ਕਰਨ ਦੀ ਗੱਲ ਅੱਜ ਦੇ ਹਾਲਾਤ ’ਚ ਆਪਣੇ ਆਪ ਸਪਸ਼ੱਟ ਹੈ, ਜੋ ਕਿ ਅਮਰੀਕਾ ਦੇ ਗਲਬੇ ਵਾਲੀ ਵਿਸ਼ਵ ਵਿਵਸਥਾ ਨੂੰ ਹੀ ਕਮਜ਼ੋਰ ਕਰ ਰਹੀ ਹੈ। ਰੂਸ, ਜਿਸਨੂੰ ਅਜਿਹੀਆਂ ਪਾਬੰਦੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ, ਅਨੇਕ ਦੇਸ਼ਾਂ ਨਾਲ ਉਸੇ ਤਰ੍ਹਾਂ ਦੀਆਂ ਦਵੱਲੀਆਂ ਵਿਵਸਥਾਵਾਂ ਫਿਰ ਤੋਂ ਸਥਾਪਿਤ ਕਰਨ ਦੀ ਪ੍ਰਕਿਰਿਆ ’ਚ ਹੈ, ਜਿਸ ਤਰ੍ਹਾਂ ਦੀਆਂ ਵਿਵਸਥਾਵਾਂ ਸੋਵੀਅਤ ਸੰਘ ਦੇ ਜ਼ਮਾਨੇ ’ਚ ਹੋਇਆ ਕਰਦੀਆਂ ਸਨ। ਉਸ ਵਿਵਸਥਾ ’ਚ ਦੂਜੇ ਦੇਸ਼ਾਂ ਨਾਲ ਉਸਦਾ ਵਪਾਰ ਡਾਲਰ ਦੇ ਜ਼ਰੀਏ ਹੋਣ ਦੀ ਬਜਾਏ ਰੂਬਲ ਅਤੇ ਸਥਾਨਕ ਮੁਦਰਾ ਦਰਮਿਆਨ ਸਿੱਧੇ ਲੈਣ-ਦੇਣ ਨਾਲ ਚਲਦਾ ਸੀ ਅਤੇ ਉਨ੍ਹਾਂ ਦਰਮਿਆਨ ਆਪਸੀ ਲੈਣ-ਦੇਣ ਦਰ ਸਥਿਰ ਬਣੀ ਰਹਿੰਦੀ ਸੀ।
ਇਸ ਤਰ੍ਹਾਂ ਦੀ ਵਿਵਸਥਾ ਨਾਲ ਹੁੰਦਾ ਇਹ ਹੈ ਕਿ ਡਾਲਰ ਨੂੰ, ਦੁਨੀਆ ਦੇ ਵਪਾਰ ਦੇ ਇੱਕ ਹਿੱਸੇ ਲਈ, ਲੈਣ-ਦੇਣ ਦੇ ਮਾਧਿਅਮ ਦੀ ਉਸਦੀ ਭੂਮਿਕਾ ਤੋਂ ਲਾਂਭੇ ਕਰ ਦਿੱਤਾ ਜਾਂਦਾ ਹੈ। ਅਤੇ ਇਹ ਹੀ ਚੀਜ਼ ਹੈ ਜੋ ਡਾਲਰ ਦੇ ਪ੍ਰਭੁਤਵ ਲਈ ਖ਼ਤਰਾ ਪੈਦਾ ਕਰ ਰਹੀ ਹੈ। ਹੁਣ ਗਲੋਬਲ ਵਪਾਰ ’ਚ ਹਿਸਾਬ-ਕਿਤਾਬ ਦੀ ਇਕਾਈ ਦੇ ਰੂਪ ’ਚ ਡਾਲਰ ਦੀ ਭੂਮਿਕਾ ਯਾਨੀ ਕੀਮਤਾਂ ਦਾ ਡਾਲਰ ’ਚ ਹੀ ਪ੍ਰਗਟ ਕੀਤਾ ਜਾਣਾ ਆਪਣੇ ਆਪ ’ਚ ਕੋਈ ਖਾਸ਼ ਮਹੱਤਵ ਨਹੀਂ ਰੱਖਦਾ ਹੈ। ਡਾਲਰ ਦੀ ਸਰਦਾਰੀ ਪਿੱਛੇ ਉਸਦੀ ਇਹ ਭੂਮਿਕਾ ਹੈ ਹੀ ਨਹੀਂ। ਡਾਲਰ ਨੂੰ ਆਪਣੀ ਅਨੋਖੀ ਹੈਸੀਅਤ, ਇਸ ਤੱਥ ਨਾਲ ਹਾਸਲ ਹੁੰਦੀ ਹੈ ਕਿ ਦੇਸ਼ਾਂ ਦਰਮਿਆਨ ਇਸ ਲੈਣ-ਦੇਣ ਦੇ ਸੰਪੰਨ ਹੋਣ ਲਈ, ਅਸਲ ’ਚ ਡਾਲਰਾਂ ਦੀ ਜ਼ਰੂਰਤ ਹੁੰਦੀ ਹੈ।
ਬੇਸ਼ੱਕ, ਡਾਲਰ ਸੰਪਦਾ ਰੱਖਣ ਦੇ ਰੂਪ ’ਚ ਕੰਮ ਕਰਦਾ ਹੈ। ਪਰ ਡਾਲਰ ਦੀ ਇਹ ਭੂਮਿਕਾ ਵੀ ਉਸਦੇ ਵਟਾਂਦਰਾ ਦਰ ਦਾ ਮਾਧਿਅਮ ਹੋਣ ਵਿਚੋਂ ਹੀ ਨਿਕਲਦੀ ਹੈ। ਦੂਜੇ ਕਿਸੇ ਵੀ ਮਾਲ ਤੋਂ ਅੱਡ ਡਾਲਰ ਦਾ ਇਸ ਅਰਥ ’ਚ ਕੋਈ ਖ਼ਾਸ ਅੰਤਰਨਿਹਿਤ ਮੁੱਲ ਨਹੀਂ ਹੁੰਦਾ ਹੈ ਕਿਉਂਕਿ ਉਸਦੀ ਉਤਪਾਦਨ ਕਰਨ ’ਚ ਕੋਈ ਖਾਸ ਮਿਹਨਤ ਨਹੀਂ ਲਗਦੀ। ਫਿਰ ਵੀ ਉਸਦਾ ਮੁੱਲ ਮੰਨਿਆ ਜਾਂਦਾ ਹੈ ਕਿਉਂਕਿ ਮੁੱਲ ਕਿਸੇ ਮਾਲ ਦੇ ਮੁਕਾਬਲੇ ’ਚ ਤੈਅ ਕੀਤਾ ਜਾਂਦਾ ਹੈ ਅਤੇ ਇਸ ਮੁੱਲ ਦੀ ਪੁਸ਼ਟੀ ਉਦੋਂ ਹੁੰਦੀ ਹੈ ਜਦੋਂ ਇਸ ਦੀ ਵਰਤੋਂ ਲੈਣ-ਦੇਣ ਦੇ ਮਾਧਿਅਮ ਦੇ ਰੂਪ ’ਚ ਕੀਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਡਾਲਰ ਦੀ ਸਰਦਾਰੀ ਕੌਮਾਂਤਰੀ ਲੈਣ-ਦੇਣ ’ਚ ਸੌਦਿਆਂ ਦੇ ਮਾਧਿਅਮ ਦੇ ਰੂਪ ਵਿੱਚ ਉਸਦੀ ਭੂਮਿਕਾ ’ਤੇ ਟਿਕੀ ਹੁੰਦੀ ਹੈ। ਡਾਲਰ ਨੂੰ ਇਸ ਖਾਸ ਭੂਮਿਕਾ ’ਚੋਂ ਜੇ ਹਟਾਇਆ ਜਾਂਦਾ ਹੈ ਤਾਂ ਉਹ ਡਾਲਰ ਦੇ ਇਸ ਪ੍ਰਭਾਵ ਨੂੰ ਹੀ ਖ਼ਤਮ ਕਰ ਦੇਵੇਗਾ। ਅਤੇ ਜਦੋਂ ਦੇਸ਼ਾਂ ਦੀ ਵੱਡੀ ਗਿਣਤੀ ਖ਼ਿਲਾਫ਼ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਜਿਸ ਨਾਲ ਉਹ ਬਦਲਵੀਂਆਂ ਵਿਵਸਥਾਵਾਂ ਸ਼ੁਰੂ ਕਰ ਦਿੰਦੇ ਹਨ, ਤਦ ਡਾਲਰ ਦੀ ਸਰਦਾਰੀ ਦੇ ਕਮਜ਼ੋਰ ਹੋਣ ਦੀ ਹੀ ਸ਼ੰਕਾ ਪੈਦਾ ਹੋੋ ਜਾਂਦੀ ਹੈ।
ਅਸਲ ’ਚ, ਡਾਲਰ ਦੇ ਦਬਦਬੇ ਦੀ ਭੂਮਿਕਾ ਹਟ ਜਾਣ ਦਾ ਇਕੱਲਾ ਕਾਰਨ, ਇਹ ਪਾਬੰਦੀਆਂ ਹੀ ਸ਼ਾਇਦ ਨਹੀਂ ਹੋਣਗੀਆਂ। ਅਨੇਕ ਅਜਿਹੇ ਦੇਸ਼ ਵੀ, ਜੋ ਡਾਲਰ ਦੀ ਇਸ ਸਰਦਾਰੀ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ ਜਾਂ ਆਪਣੇ ਵਾਪਾਰ ਦੇ ਮੌਕਿਆਂ ਨੂੰ ਸਿਰਫ਼ ਵਧਾਉਣਾ ਹੀ ਚਾਹੁੰਦੇ ਹਨ, ਉਹ ਵੀ ਆਪਣੀ ਮਰਜ਼ੀ ਨਾਲ ਇਨ੍ਹਾਂ ਵਿਵਸਥਾਵਾਂ ’ਚ ਸ਼ਾਮਿਲ ਹੋ ਸਕਦੇ ਹਨ, ਜੋ ਲੈਣ ਦੇਣ ਦੇ ਮਾਧਿਅਮ ਦੇ ਤੌਰ ’ਤੇ ਡਾਲਰ ਦੀ ਭੂਮਿਕਾ ਨੂੰ ਨਕਾਰਦੇ ਹੋਣ। ਮਿਸਾਲ ਦੇ ਤੌਰ ’ਤੇ ਸੋਵੀਅਤ ਸੰਘ ਦੇ ਜ਼ਮਾਨੇ ’ਚ, ਉਸ ਦੇ ਨਾਲ ਭਾਰਤ ਦਾ ਜੋ ਦੁਵੱਲਾ ਵਾਪਾਰ ਸਮਝੌਤਾ ਸੀ, ਉਹ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਦੇ ਚਲਦਿਆਂ, ਡਾਲਰ ਦੀ ਸਰਦਾਰੀ ਵਾਲੀ ਵਿਵਸਥਾ ਤੋਂ ਮੁਕਤੀ ਪਾਉਣ ਲਈ ਨਹੀਂ ਕੀਤਾ ਗਿਆ ਸੀ। ਇਹ ਸਮਝੌਤਾ ਤਾਂ ਸਿਰਫ਼ ਇਸ ਇੱਛਾ ਨਾਲ ਚਲਦਾ ਸੀ ਕਿ ਆਪਣੇ ਵਿਦੇਸ਼ੀ ਵਾਪਾਰ ਨੂੰ ਡਾਲਰ ਦੀ ਸਰਦਾਰੀ ਵਾਲੀ ਵਿਵਸਥਾ ’ਚ ਜਿਸ ਹੱਦ ਤੱਕ ਵਧਾਇਆ ਜਾ ਸਕਦਾ ਸੀ, ਉਸ ਤੋਂ ਅੱਗੇ ਲੈ ਜਾਇਆ ਜਾਵੇ। ਹੈਰਾਨੀ ਦੀ ਗੱਲ ਨਹੀਂ ਹੈ ਕਿ ਨਵਉਦਾਰਵਾਦ ਦੇ ਪੈਰੋਕਾਰਾਂ ਨੇ, ਇਸ ਤਰ੍ਹਾਂ ਦੀ ਦੁਵੱਲੀਆਂ ਵਿਵਸਥਾਵਾਂ ਖ਼ਿਲਾਫ਼ ਲਗਾਤਾਰ ਮੁਹਿੰਮ ਵਿੱਢੀ ਹੋਈ ਸੀ, ਤਾਂ ਕਿ ਡਾਲਰ ਦੇ ਪ੍ਰਭਾਵ ਲਈ ਕਿਸੇ ਵੀ ਸੰਭਵ ਚੁਣੌਤੀ ਨੂੰ ਖ਼ਤਮ ਕੀਤਾ ਜਾ ਸਕੇ। ਸੰਖੇਪ ਇਹ ਹੈ ਕਿ ਦੁਵੱਲੇ ਵਾਪਾਰ ਸਮਝੌਤਿਆਂ ਦਾ ਤਾਂ ਨਹੀਂ, ਪਰ ਉਨ੍ਹਾਂ ਦੇ ਵਿਰੋਧੀਆਂ ਦਾ ਆਪਣਾ ਵੱਖਰਾ ਵਿਚਾਰਧਾਰਕ ਏਜੰਡਾ ਸੀ। ਇਸ ਸਮੇਂ ਵੀ ਚੀਨ ਅਤੇ ਬ੍ਰਾਜ਼ੀਲ ਨੇ ਅਜਿਹੀ ਵਿਵਸਥਾ ਕਾਇਮ ਕੀਤੀ ਹੋਈ ਹੈ, ਜਿਸ ਤਹਿਤ ਉਹ ਆਪਣਾ ਆਪਸੀ ਲੈਣ-ਦੇਣ ਆਪੋ ਆਪਣੀ ਕਰੰਸੀ ’ਚ ਹੀ ਕਰਦੇ ਹਨ, ਜਦੋਂਕਿ ਦੋਨਾਂ ਹੀ ਮੁਲਕਾਂ ਖ਼ਿਲਾਫ਼ ਅਮਰੀਕਾ ਦੀਆਂ ਕੋਈ ਵੀ ਪਾਬੰਦੀਆਂ ਲਾਗੂ ਨਹੀਂ ਹਨ।
ਇਸੇ ਤਰ੍ਹਾਂ, ਬ੍ਰਾਜ਼ੀਲ ਦੀ ਸਾਬਕਾ-ਰਾਸ਼ਟਰਪਤੀ, ਡਿਲਮਾ ਰੁਸੇਫ਼ ਨੇ, ਜੋ ਹਾਲ ਹੀ ’ਚ ਬ੍ਰਿਕਸ ਬੈਂਕ ਦੀ ਪ੍ਰਧਾਨ ਨਿਯੁਕਤ ਕੀਤੀ ਗਈ ਹੈ, ਇਹ ਐਲਾਨ ਕੀਤਾ ਹੈ ਕਿ 2022 ਤੋਂ 2026 ਦਰਮਿਆਨ, ਇਸ ਬੈਂਕ ਵੱਲੋਂ ਮੈਂਬਰ ਮੁਲਕਾਂ ਨੂੰ ਦਿੱਤੇ ਜਾਂਦੇ ਕਰਜ਼ਿਆਂ ਦਾ 30 ਫੀਸਦੀ ਹਿੱਸਾ, ਸੰਬੰਧਤ ਮੁਲਕਾਂ ਦੀ ਕਰੰਸੀ ’ਚ ਹੀ ਦਿੱਤਾ ਜਾਵੇਗਾ। ਅਜਿਹਾ ਕਿਸੇ ਪਾਬੰਦੀ ਤੋਂ ਉਭਰਨ ਦੀਆਂ ਰੁਕਾਵਟਾਂ ਦੀ ਵਜ੍ਹਾ ਨਾਲ ਨਹੀਂ, ਇਨ੍ਹਾਂ ਅਰਥਵਿਵਸਥਾਵਾਂ ਦਾ ਗ਼ੈਰ-ਡਾਲਰੀਕਰਨ ਕਰਨ ਦੇ ਆਮ ਟੀਚੇ ਨੂੂੰ ਲੈ ਕੇ ਕੀਤਾ ਜਾਵੇਗਾ।
ਇਥੇ ਇਹ ਯਾਦ ਕਰਨਾ ਪ੍ਰਸੰਗਿਕ ਹੋਵੇਗਾ ਕਿ ਡਾਲਰ ਦੀ ਸਰਦਾਰੀ ਨਾਲ ਅਮਰੀਕਾ ਨੂੰ ਕੀ ਕੀ ਫਾਇਦੇ ਹਾਸਲ ਹੋ ਰਹੇ ਹਨ। ਉਸਦੇ ਦੋ ਫਾਇਦੇ ਤਾਂ ਆਪਣੇ ਆਪ ’ਚ ਸਪੱਸ਼ਟ ਹਨ । ਪਹਿਲਾ, ਜਦੋਂ ਤੱਕ ਡਾਲਰ ਸੁਰੱਖਿਅਤ ਕਰੰਸੀ ਦੀ ਭੂਮਿਕਾ ਨਿਭਾ ਰਿਹਾ ਹੈ, ਤਦ ਤੱਕ ਅਮਰੀਕਾ ਨੂੰ ਇਸ ਤਰ੍ਹਾਂ ਭੁਗਤਾਨ ਸੰਤੁਲਨ ਦੀਆਂ ਸਮੱਸਿਆਵਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ, ਜਿਸ ਤਰ੍ਹਾਂ ਬਾਕੀ ਸਾਰੇ ਦੇਸ਼ਾਂ ਨੂੰ ਪ੍ਰਵਾਹ ਕਰਨੀ ਪੈਂਦੀ ਹੈ। ਉਹ ਆਸਾਨੀ ਨਾਲ ਦੂਜੇ ਮੁਲਕਾਂ ਨੂੰ ਆਪਣੇ ਦੇਣਦਾਰ ਹੋਣ ਦਾ ਰੁੱਕਾ (ਆਈਓਯੂ) ਜਾਰੀ ਕਰਕੇ, ਆਪਣੀਆਂ ਦੇਣਦਾਰੀਆਂ ਦਾ ਨਿਪਟਾਰਾ ਕਰ ਸਕਦਾ ਹੈ ਕਿਉਂਕਿ ਡਾਲਰਾਂ ਦੇ ਬਰਾਬਰ ਇਹ ਆਈਓਯੂ ਸੰਪਦਾ ਨੂੰ ਰੱਖਣ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸੇ ਦੇ ਤਾਕਤ ਨਾਲ, ਅਮਰੀਕਾ ਵਿਸ਼ਵ ਦੀ ਅਰਥਵਿਵਸਥਾ ਨੂੰ ਉਤਪੇ੍ਰਰਕ ਕਰ ਪਾਉਂਦਾ ਹੈ ਅਤੇ ਕਰਦਾ ਵੀ ਹੈ। ਦੂਜਾ, ਇਸੇ ਕਾਰਨ ਨਾਲ ਵੀ ਅਮਰੀਕੀ ਬੈਂਕਾਂ ਦਾ ਕਾਰੋਬਾਰ ਬਹੁਤ ਵੱਧ ਜਾਂਦਾ ਹੈ। ਬੇਸ਼ੱਕ, ਡਾਲਰਾਂ ਦੇ ਲੈਣ-ਦੇਣ ਸਿਰਫ਼ ਅਮਰੀਕੀ ਬੈਂਕਾਂ ਤਕ ਸੀਮਿਤ ਨਹੀਂ ਹੈ। ਫਿਰ ਵੀ ਇਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਜਦੋਂ ਤੱਕ ਡਾਲਰ ਵਿਸ਼ਵ ਵਾਪਾਰ ਦੇ ਲੈਣ-ਦੇਣ ਦਾ ਮਾਧਿਅਮ ਬਣਿਆ ਰਹਿੰਦਾ ਹੈ, ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਅਮਰੀਕੀ ਬੈਂਕਾਂ ਨੂੰ ਹੀ ਹੁੰਦਾ ਹੈ।
ਪਰ, ਆਪਣੇ ਇਨ੍ਹਾਂ ਸਵੈ ਸਪਸ਼ੱਟ ਕਾਰਕਾਂ ਤੋਂ ਇਲਾਵਾ ਡਾਲਰ ਦੀ ਸਰਦਾਰੀ ਨਾਲ, ਕਿਤੇ ਜ਼ਿਆਦਾ ਬੁਨਿਆਦੀ ਫਾਇਦਾ ਸਮੁੱਚੀ ਵਿਕਸਿਤ ਪੂੰਜੀਵਾਦੀ ਦੁਨੀਆਂ ਨੂੰ ਹੁੰਦਾ ਹੈ ਅਤੇ ਇਹ ਫਾਇਦਾ ਇਹ ਹੈ ਕਿ ਇਸ ਦੀ ਤਾਕਤ ਨਾਲ ਵਿਕਸਿਤ ਪੂੰਜੀਵਾਦੀ ਦੁਨੀਆਂ , ਤੀਜੀ ਦੁਨੀਆ ਦੇ ਮੁੱਢਲੇ ਮਾਲ ਉਤਪਾਦਕ ਮੁਲਕਾਂ ਦੀ ਆਮਦਨ ਸੁੰਗੇੜਨ ਅਤੇ ਨਤੀਜੇ ਵਜੋਂ ਮੰਗ ਨੂੰ ਸੰਘੋੜਣ ਦੇ ਵੀ ਸਮਰੱਥ ਹੁੰਦਾ ਹੈ। ਅਤੇ ਇਹ ਇਸ ਨੂੰ ਯਕੀਨੀ ਬਣਾਉਂਦਾ ਹੈ ਕਿ ਵਿਕਸਿਤ ਪੂੰਜੀਵਾਦੀ ਦੁਨੀਆ ਦੀ ਮੰਗ ਪੂਰੀ ਕਰਨ ਲਈ, ਮੁੱਢਲੇ ਮਾਲਾਂ ਦੀ ਵਧਦੀ ਹੋਈ ਸਪਲਾਈ ਉਪਲਬਧ ਹੋਵੇ, ਜਦੋਂ ਕਿ ਉਸ ਦੀ ਕੀਮਤ ’ਚ ਕੋਈ ਵਾਧਾ ਤਦ ਤੱਕ ਵੀ ਨਾ ਹੋਵੇ ਜਦੋਂ ਤੱਕ ਇਨ੍ਹਾਂ ਮਾਲਾਂ ਦੀ ਪੈਦਾਵਾਰ ’ਚ ਕੋਈ ਜ਼ਿਕਰਯੋਗ ਵਾਧਾ ਹੀ ਨਾ ਹੋ ਰਿਹਾ ਹੋਵੇ।
ਇਹ ਪ੍ਰਕਿਰਿਆ ਇਸ ਤਰ੍ਹਾਂ ਨਾਲ ਕੰਮ ਕਰਦੀ ਹੈ। ਜਦੋਂ ਤੀਸਰੀ ਦੁਨੀਆਂ ਵੱਲੋਂ ਉਤਪਾਦਿਤ ਕਿਸੇ ਮੁੱਢਲੇ ਮਾਲਾਂ ਦੀ ਵਾਧੂ ਮੰਗ ਸਾਹਮਣੇ ਆਉਂਦੀ ਹੈ, ਸਥਾਨਕ ਮੁਦਰਾ ’ਚ ਇਸ ਦੀ ਕੀਮਤ ਵੱਧ ਜਾਂਦੀ ਹੈ। ਇਸ ਨਾਲ, ਵਿਸ਼ਵ ਦੀ ਸੁਰੱਖਿਅਤ ਮੁਦਰਾ ਯਾਨੀ ਡਾਲਰ ਦੇ ਮੁਕਾਬਲੇ ਸੰਬੰਧਤ ਮੁਦਰਾ ਦੀ ਵਟਾਂਦਰਾ ਦਰ ’ਚ ਕਮੀ ਦੀ ਤਵੱਕੋ ਪੈਦਾ ਹੋ ਜਾਂਦੀ ਹੈ। ਅਤੇ ਵਟਾਂਦਰਾ ਦਰ ’ਚ ਕਮੀ ਦੀ ਇਹ ਉਮੀਦ ਠੀਕ ਇਸ ਲਈ ਹੁੰਦੀ ਹੈ ਕਿ ਸੰਬੰਧਤ ਮੁਦਰਾ, ਸੁਰੱਖਿਅਤ ਮੁਦਰਾ ਨਾਲੋਂ ਵੱਖਰੀ ਹੁੰਦੀ ਹੈ। ਇਹ ਵਰਤਾਰਾ ਤੀਸਰੀ ਦੁਨੀਆ ਦੀ ਉਸ ਖਾਸ ਅਰਥਵਿਵਸਥਾ ਤੋਂ, ਵਿਕਸਿਤ ਪੂੰਜੀਵਾਦੀ ਦੁਨੀਆ ਵੱਲ, ਵਿੱਤ ਦੇ ਪਲਾਇਨ ਨੂੰ ਭੜਕਾਉਂਦਾ ਹੈ ਅਤੇ ਇਹ ਉਸ ਮੁਦਰਾ ਦਾ ਅਸਲ ਮੁੱਲ ਘੱਟ ਕਰਵਾ ਦਿੰਦਾ ਹੈ, ਜਿਸ ਦੇ ਜਵਾਬ ’ਚ ਸੰਬੰਧਤ ਮੁਲਕ ਨੂੰ ਆਪਣੇ ਦੇਸ਼ ’ਚ ਵਿਆਜ਼ ਦੀਆਂ ਦਰਾਂ ਵਧਾਉਣੀਆਂ ਪੈਂਦੀਆਂ ਹਨ ਅਤੇ ‘‘ਕਟੌਤੀਆਂ’’ ਕਰਨੀਆਂ ਪੈਂਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਸਥਾਨਕ ਆਮਦਨ ’ਚ ਗਿਰਾਵਟ ਆਉਂਦੀ ਹੈ ਅਤੇ ਇਸ ਲਈ, ਸੰਬੰਧਤ ਮਾਲ ’ਚ, ਸਥਾਨਕ ਖ਼ਪਤ ’ਚ ਵੀ, ਅਤੇ ਦੂਜੇ ਅਜਿਹੇ ਮਾਲਾਂ ਦੀ ਸਥਾਨਕ ਖ਼ਪਤ ’ਚ ਵੀ, ਗਿਰਾਵਟ ਆਉਂਦੀ ਹੈ। ਜਿਸ ਨਾਲ ਜ਼ਮੀਨ ਨੂੰ ਸੰਬੰਧਤ ਮਾਲ ਦੀ ਪੈਦਾਵਾਰ ਵਧਾਉਣ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ। ਇਸ ਤਰ੍ਹਾਂ, ਪਹਿਲਾਂ ਜਿਸ ਮੁੱਢਲੇ ਮਾਲ ਦੀ ਤੰਗੀ ਹੋ ਰਹੀ ਸੀ, ਉਹ ਵਿਕਸਿਤ ਪੂੰਜੀਵਾਦੀ ਕੇਂਦਰਾਂ ਨੂੰ ਢੁਕਵੀਂ ਮਾਤਰਾ ’ਚ ਉਪਲਬਧ ਕਰਵਾ ਦਿੱਤਾ ਜਾਂਦਾ ਹੈ ਅਤੇ ਇਸ ਪ੍ਰਕਿਰਿਆ ’ਚ ਪਹਿਲਾਂ ਜੋ ਵਾਧੂ ਮੰਗ ਸੀ, ਉਸਦੇ ਵਾਧੂ ਹੋਣ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਅਤੇ ਉਸ ਪੈਦਾਵਾਰ ਦੀ ਮੁੱਢਲੀ ਕੀਮਤ ਨੂੰ ਹੀ ਬਹਾਲ ਕਰ ਦਿੱਤਾ ਜਾਂਦਾ ਹੈ।
ਇਸ ਦਾ ਮਤਲਬ ਇਹ ਹੋਇਆ ਕਿ ਸਰਮਾਏਦਾਰੀ ਵਿਵਸਥਾ ਦੀ ਮੌਜੂਦਾ ਮੁਦਰਾ ਵਿਵਸਥਾ, ਉਸੇ ਟੀਚੇ ਨੂੰ ਹਾਸਲ ਕਰਨ ਦਾ ਕੰਮ ਕਰਦੀ ਹੈ, ਜੋ ਬਸਤੀਵਾਦੀ ਦੌਰ ’ਚ ਬਸਤੀਵਾਦ ਦੇ ਪ੍ਰਤੱਖ ਨਿਯੰਤਰਣ ਦੇ ਜ਼ਰੀਏ ਹਾਸਲ ਕੀਤਾ ਜਾਂਦਾ ਸੀ। ਇਹ ਟੀਚਾ ਹੈ, ਤੀਸਰੀ ਦੁਨੀਆ ’ਚ ਸਥਾਨਕ ਖ਼ਪਤ ਨੂੰ ਸੰਘੋੜਨ ਜ਼ਰੀਏ ਉਥੋਂ ਕੱਚੇ ਮਾਲਾਂ ਨੂੰ ਨਿਚੋੜ ਕੇ ਬਾਹਰ ਲੈ ਜਾਣਾ ਅਤੇ ਇਸ ਤਰ੍ਹਾਂ ਬਾਹਰ ਲੈ ਜਾਣਾ ਕਿ ਉਨ੍ਹਾਂ ਦੀਆਂ ਕੀਮਤਾਂ ਵੱਧ ਹੀ ਨਾ ਪਾਉਣ। ਸੰਖੇਪ ’ਚ ਇਹ ਕਿ ਮੌਜੂਦਾ ਵਿਸ਼ਵ ਮੁਦਰਾ ਵਿਵਸਥਾ ਸਾਮਰਾਜਵਾਦ ਦਾ ਹੀ ਇੱਕ ਪ੍ਰਗਟਾਵਾ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਤੀਸਰੀ ਦੁਨੀਆ ਦੇ ਕਿਸੇ ਵੀ ਕੱਚਾ ਮਾਲ ਉਤਪਾਦਕ ਦੇਸ਼ ਦੀ ਜਾਂ ਅਜਿਹੇ ਦੇਸ਼ਾਂ ਦੇ ਕਿਸੇ ਸਮੂਹ ਦੀ ਮੁਦਰਾ, ਤਦ ਤਕ ਗਲਬੇ ਵਾਲੀ ਮੁਦਰਾ ਨਹੀਂ ਬਣ ਸਕਦੀ ਹੈ, ਜਦੋਂ ਤੱਕ ਉਹ ਇਸ ਸਮੁੱਚੇ ਸਾਮਰਾਜਵਾਦੀ ਢਾਂਚੇ ਨੂੰ ਹੀ ਅਤੇ ਇਸ ਲਈ, ਉਸ ’ਤੇ ਟਿਕੀ ਸਮਕਾਲੀ ਪੂੰਜੀਵਾਦ ਦੀ ਸਥਿਰਤਾ ਨੂੰ ਹੀ, ਟੁਕੜੇ ਟੁਕੜੇ ਨਾ ਕਰ ਦੇਵੇ। ਡਾਲਰ ਦੀ ਸਰਦਾਰੀ, ਇਸ ਵਿਸ਼ਵ ਮੁਦਰਾ ਵਿਵਸਥਾ ਦਾ ਬਹੁਤ ਹੀ ਮਹੱਤਵਪੂਰਣ ਹਿੱਸਾ ਹੈ।
ਇਸ ਲਈ, ਇਸ ਸਮੇਂ ਅਸੀਂ ਗ਼ੈਰ-ਡਾਲਰੀਕਰਣ ਦੀ ਦਿਸ਼ਾ ’ਚ ਜਿਹੜੇ ਕਦਮਾਂ ਨੂੰ ਦੇਖ ਰਹੇ ਹਾਂ, ਇਸ ਵਿਕਸਿਤ ਪੂੰਜੀਵਾਦੀ ਦੁਨੀਆ ਦੇ ਪ੍ਰਭਾਵ ਦੀ ਜੜ੍ਹ ’ਤੇ ਹੀ ਹਮਲਾ ਕਰਦੇ ਹਨ। ਇਹ ਸਿਰਫ਼ ਇੱਕ ਮੁਦਰਾ ’ਤੇ ਟਿਕੀ ਵਿਵਸਥਾ ਨੂੰ ਹੀ ਲੈ ਆਉਣ ਦਾ ਮਾਮਲਾ ਨਹੀਂ ਹੈ। ਇਹ ਤਾਂ ਸਮੁੱਚੀ ਮੌਜੂਦਾ ਵਿਵਸਥਾ ਦੀ ਸਥਿਰਤਾ ਦਾ ਮਾਮਲਾ ਹੈ, ਜੋ ਮਹਾਨਗਰੀ ਪੂੰਜੀ ਦੇ ਪ੍ਰਭਾਵ ’ਤੇ ਆਧਾਰਿਤ ਹੈ ਅਤੇ ਤੀਸਰੀ ਦੁਨੀਆ ਦੇ ਆਮ ਲੋਕਾਂ ਦੀ ਕੀਮਤ ’ਤੇ ਕਾਇਮ ਕੀਤੀ ਗਈ ਹੈ। ਇਸ ਲਈ ਸਿਰਫ਼ ਅਮਰੀਕਾ ਵੱਲੋਂ ਹੀ ਨਹੀਂ ਬਲਕਿ ਸਮੁੱਚੀ ਵਿਕਸਿਤ, ਪੂੰਜੀਵਾਦੀ ਦੁਨੀਆ ਵੱਲੋਂ ਹੀ , ਗ਼ੈਰ-ਡਾਲਰੀਕਰਨ ਦੇ ਰੁਝਾਨ ਨੂੰ ਰੋਕਣ ਲਈ, ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਤੇ ਇਨ੍ਹਾਂ ਕੋਸ਼ਿਸ਼ਾਂ ’ਚ ਇਸ ਤਰ੍ਹਾਂ ਦੇ ਗ਼ੈਰ-ਡਾਲਰੀਕਰਨ ਵੱਲ ਵਧ ਰਹੇ ਸ਼ਾਸਨਾਂ ਖ਼ਿਲਾਫ਼ ਗ਼ੈਰ-ਆਰਥਿਕ ਧੌਂਸ-ਡਰਾਵੇ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ।
ਸੰਖੇਪ ’ਚ ਇਹ ਕਿ ਗ਼ੈਰ-ਡਾਲਰੀਕਰਨ ਦੀ ਦਿਸ਼ਾ ’ਚ ਜਾਣ ਵਾਲੀਆਂ ਕੋਸ਼ਿਸ਼ਾਂ, ਪੂੰਜੀਵਾਦ ਦੇ ਮੌਜੂਦਾ ਸੰਕਟ ਨੂੰ ਹੀ ਦਰਸਾਉਂਦੀਆਂ ਹਨ ਅਤੇ ਇਸ ਲਈ, ਇਨ੍ਹਾਂ ਕੋਸ਼ਿਸ਼ਾਂ ਦੇ ਜਵਾਬ ’ਚ ਉਸਦੀ ਬੇਰਹਿਮੀ ਸਾਹਮਣੇ ਆਉਣ ਵਾਲੀ ਹੈ।

-ਪ੍ਰਭਾਤ ਪਟਨਾਇਕ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ