Saturday, July 13, 2024  

ਲੇਖ

ਰੂਸ-ਯੂਕਰੇਨ ਯੁੱਧ ਖ਼ਤਰਨਾਕ ਮੋੜ ’ਤੇ

May 07, 2023

ਰੂਸ-ਯੂਕਰੇਨ ਯੁੱਧ ’ਚ ਵਾਪਰਨ ਵਾਲੀਆਂ ਤਾਜ਼ਾ ਘਟਨਾਵਾਂ ਇਸ ਯੁੱਧ ਨੂੰ ਬਹੁਤ ਹੀ ਖ਼ਤਰਨਾਕ ਮੋੜ ਵੱਲ ਧੱਕ ਸਕਦੀਆਂ ਹਨ। ਪਿੱਛਲੇ ਕੁੱਝ ਸਮੇਂ ਤੋਂ ਯੂਕਰੇਨ ਨੇ ਲਗਾਤਾਰ ਰੂਸੀ ਇਲਾਕਿਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ, ਕਰੀਮੀਆ ’ਚ ਇਕ ਤੇਲ ਦੇ ਵੱਡੇ ਜ਼ਖੀਰੇ ’ਤੇ ਹਮਲਾ ਕਰਕੇ ਉਸ ਨੂੰ ਅੱਗ ਲਗਾ ਦਿੱਤੀ। ਯੂਕਰੇਨ ਦੇ ਨਾਲ ਲਗਦੇ ਰੂਸ ਦੇ ਇਲਾਕਿਆਂ ’ਚ ਚੱਲਣ ਵਾਲੀਆਂ ਮਾਲ ਗੱਡੀਆਂ ’ਤੇ ਹਮਲੇ ਕੀਤੇ ਗਏ, ਪ੍ਰੰਤੂ ਹੁਣੇ-ਹੁਣੇ ਮਾਸਕੋ ’ਚ ਸੱਥਿਤ ਰੂਸ ਸਰਕਾਰ ਦੇ ਇਕ ਵੱਡੇ ਕੇਂਦਰ ਕਰੈਮਲਿਨ, ਜਿਸ ’ਚ ਪ੍ਰਧਾਨ ਪੁਤਿਨ ਦੀ ਰਿਹਾਇਸ਼ ਹੈ, ਤੇ ਵੀ ਡਰੋਨਾਂ ਨਾਲ ਹੱਮਲਾ ਕੀਤਾ ਗਿਆ ਹੈ। ਰੂਸ ਦਾ ਇਹ ਕਹਿਣਾ ਹੈ ਕਿ ਇਹ ਹਮਲਾ ਪ੍ਰਧਾਨ ਪੁਤਿਨ ਨੂੰ ਕਤਲ ਕਰਨ ਦੀ ਨੀਅਤ ਨਾਲ ਕੀਤਾ ਗਿਆ। ਰੂਸ ’ਚ ਇਸ ਦਾ ਬਹੁਤ ਹੀ ਤਿੱਖਾ ਪ੍ਰਤੀਕਰਮ ਹੋਇਆ ਹੈ। ਰੂਸ ਦੇ ਸਾਬਕਾ ਪ੍ਰਧਾਨ ਮੈਦਵੇਦੇਵ ਅਤੇ ਬਹੁਤ ਸਾਰੇ ਉੱਚੀਆਂ ਪੱਦਵੀਆਂ ਵਾਲੇ ਜ਼ਿੰਮੇਵਾਰ ਰਾਜਨੀਤਕ ਨੇਤਾਵਾਂ ਨੇ ਇਹ ਬਿਆਨ ਦਿੱਤੇ ਹਨ ਕਿ ਰੂਸ ਨੂੰ ਇਸ ਦਾ ਬਹੁਤ ਹੀ ਸਖ਼ਤ ਪ੍ਰਤੀਕਰਮ ਦਿਖਾਉਣਾ ਚਾਹੀਦਾ ਹੈ ਅਤੇ ਯੂਕਰੇਨ ਦੀ ਭਾਰੀ ਤਬਾਹੀ ਕਰਨੀ ਚਾਹੀਦੀ ਹੈ ਜਾਂ ਯੂਕਰੇਨ ਦੇ ਪ੍ਰਧਾਨ ਜ਼ੈਲੰਸਕੀ ਅਤੇ ਉਸਦੀ ਸਰਕਾਰ ਤੇ ਹੋਰ ਮੈਂਬਰਾਂ ਨੂੰ ਖ਼ਤਮ ਕਰ(ਮਾਰ ਦੇਣਾ) ਚਾਹੀਦਾ ਹੈ। ਇਨ੍ਹਾਂ ਨੇਤਾਵਾਂ ਨੇ ਇਹ ਵੀ ਕਿਹਾ ਹੈ ਕਿ ਰੂਸ ਨੂੰ ਯੂਕਰੇਨ ਵਿਰੁੱਧ ਹਰ ਤਰ੍ਹਾਂ ਦੇ ਹੱਥਿਆਰ ਵਰਤਣੇ ਚਾਹੀਦੇ ਹਨ। ਜ਼ਾਹਿਰ ਹੈ ਉਨ੍ਹਾਂ ਦਾ ਮਤਲੱਬ ਹੈ ਕਿ ਪ੍ਰਮਾਣੂ ਹੱਥਿਆਰ ਵਰਤਣੇ ਚਾਹੀਦੇ ਹਨ। ਰੂਸ ਨੇ ਇਹ ਐਲਾਨ ਕੀਤਾ ਹੈ ਕਿ ਉਹ ਇਸ ਘਟਨਾ ਦਾ ਬਦਲਾ ਲੈਣ ਲਈ ਸਮਾਂ ਅਤੇ ਤਰੀਕਾ ਆਪ ਨਿਸ਼ਚਿਤ ਕਰੇਗਾ। ਰੂਸ ਨੇ ਇਨ੍ਹਾਂ ਘਟਨਾਵਾਂ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਜੋ ਵੀ ਕਰਦਾ ਹੈ ਉਹ ਅਮਰੀਕਾ ਦੇ ਕਹਿਣ ਤੇ ਹੀ ਕਰਦਾ ਹੈ। ਇਸ ਕਰਕੇ ਯੂਕਰੇਨ ਵੱਲੋਂ ਚੁੱਕੇ ਗਏ ਸਾਰੇ ਕੱਦਮਾਂ ਲਈ ਅਮਰੀਕਾ ਜ਼ਿੰਮੇਵਾਰ ਹੈ।
ਅੱਜ ਕੱਲ ਇਕ ਗੱਲ ਦੀ ਬਹੁਤ ਚਰਚਾ ਹੋ ਰਹੀ ਹੈ, ਕਿ ਯੂਕਰੇਨ ਜਵਾਬੀ ਹੱਮਲਾ ਕਰਕੇ ਰੂਸ ਤੋ ਉਹ ਇਲਾਕੇ ਵਾਪਸ ਲਵੇਗਾ ਜਿਨ੍ਹਾਂ ਨੇ ਰੂਸ ਨੇ ਕਬਜ਼ਾ ਕੀਤਾ ਹੋਇਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਯੂਕਰੇਨ ਨਾ ਸਿਰਫ਼ ਉਨ੍ਹਾਂ ਇਲਾਕਿਆਂ ਨੂੰ ਵਾਪਸ ਲੈਣ ਦਾ ਦਾਅਵਾ ਕਰ ਰਿਹਾ ਹੈ ਜਿਹੜੇ ਰੂਸ ਨੇ ਪਿੱਛਲੇ ਸਾਲ ਜੱਦੋਂ ਦੀ ਇਹ ਲੜਾਈ ਸ਼ੁਰੂ ਹੋਈ ਹੈ, ਵੇਲੇ ਕਬਜ਼ੇ ’ਚ ਲਏ ਹਨ ਸਗੋਂ ਯੂਕਰੇਨ ਇਨ੍ਹਾਂ ’ਚ ਕਰੀਮੀਆਂ ਨੂੰ ਵੀ ਸ਼ਾਮਲ ਕਰ ਰਿਹਾ ਹੈ।
ਹਾਲਾਂ ਕਿ ਕਰੀਮੀਆ ਦੀ ਸੱਥਿਤੀ ਬਾਕੀ ਇਲਾਕੀਆਂ ਨਾਲੋਂ ਬਿਲਕੁਲ ਵੱਖਰੀ ਹੈ, ਕਰੀਮੀਆ ਕਦੀ ਵੀ ਯੂਕਰੇਨ ਦਾ ਹਿੱਸਾ ਨਹੀ ਹੁੰਦਾ ਸੀ। ਖਰੁਸਚੇਵ ਦੇ ਸਮੇਂ ’ਚ ਰੂਸ ਨੇ ਕਰੀਮੀਆ ਨੂੰ ਯੂਕਰੇਨ ਦਾ ਹਿੱਸਾ ਬਣਾਇਆ ਸੀ ਅਤੇ 2014 ’ਚ ਰੂਸ ਨੇ ਕਰੀਮੀਆ ਨੂੰ ਫਿਰ ਰੂਸ ’ਚ ਸ਼ਾਮਲ ਕਰ ਲਿਆ ਸੀ। ਯੂਕਰੇਨ ਦੇ ਇਸ ਪੈਂਤੜੇ(ਸਟੈਂਡ) ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਿਵੇਂ ਅਮਰੀਕਾ ਅਤੇ ਪੱਛਮੀ ਦੇਸ਼ ਯੂਕਰੇਨ ਨੂੰ ਚੁੱਕ ਰਹੇ ਹਨ ਅਤੇ ਉਸ ਨੂੰ ਭੂਤਰਾਅ ਰਹੇ ਹਨ। ਯੂਕਰੇਨ ਦਾ ਵਤੀਰਾ ਇਕ ਜ਼ਿੰਮੇਵਾਰ ਦੇਸ਼ ਨਾਲੋਂ ਇਕ ਵਿਗੜੇ ਹੋਏ ਬੱਚੇ(ਸਪੋਇਲਿਡ ਚਾਈਲਡ) ਵਰਗਾ ਹੈ। ਇਹ ਵੀ ਸਪਸ਼ੱਟ ਹੋ ਰਿਹਾ ਹੈ ਕਿ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦਾ ਅਸਲੀ ਮਕਸੱਦ ਰੂਸ ਨੂੰ ਕਮਜ਼ੋਰ ਕਰਨਾ ਹੈ। ਅਮਰੀਕਾ ਅਤੇ ਪੱਛਮੀ ਦੇਸ਼ ਨਾ ਸਿਰਫ਼ ਰੂਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਸਗੋਂ ਇਹ ਵੀ ਸੁਣਨ ’ਚ ਆਇਆ ਹੈ ਕਿ ਅਮਰੀਕਾ ਦੀ ਖ਼ੁੱਫੀਆ ਏਜੰਸੀ ਸੀਆਈਏ ਰੂਸ ਨੂੰ ਚਾਰ ਹਿੱਸੀਆਂ ’ਚ ਵੰਡਣ ਦੀ ਗੱਲ ਕਰ ਰਹੀ ਹੈ। ਪ੍ਰੰਤੂ ਸਵਾਲ ਇਹ ਹੈ ਕਿ ਕੀ ਅਮਰੀਕਾ ਅਤੇ ਪੱਛਮੀ ਦੇਸ਼ ਹੁਣ ਉਨੇ ਹੀ ਤਾਕਤਵਰ ਹਨ ਜਿੰਨੇ ਉਸ ਵੇਲੇ ਸਨ ਜਦੋਂ ਉਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਤੋੜਿਆ ਸੀ। ਅੱਜ ਸਾਰੇ ਸੂਚਕ ਇਸ ਗੱਲ ਵੱਲ ਸੰਕੇਤ ਦੇ ਰਹੇ ਹਨ ਕਿ ਅਮਰੀਕਾ ਅਤੇ ਪੱਛਮੀ ਦੇਸ਼ ਨਿਘਾਰ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਦਾ ਰਸੂਖ ਅਤੇ ਤਾਕਤ ਲਗਾਤਾਰ ਘਟੀ ਜਾ ਰਹੇ ਹਨ। ਰੂਸ ਅਤੇ ਯੂਕਰੇਨ ਯੁੱਧ ਨੂੰ ਸ਼ੁਰੂ ਹੋਏ ਇਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪ੍ਰੰਤੂ ਅਮਰੀਕਾ ਅਤੇ ਉਸ ਦੇ 32 ਸਾਥੀ ਦੇਸ਼ ਮਿਲਕੇ ਵੀ ਰੂਸ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਏ। ਇਸ ਵੇਲੇ ਹਾਲਤ ਇਹ ਨਜ਼ਰ ਆ ਰਹੀ ਹੈ ਕਿ ਅਮਰੀਕਾ ਅਤੇ ਪੱਛਮੀ ਦੇਸ਼ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਨੇ ਯੂਕਰੇਨ ਵੱਲੋਂ ਕੀਤੇ ਜਾਣ ਵਾਲੇ ਜਵਾਬੀ ਹਮਲੇ ਬਾਰੇ ਬਹੁਤ ਰੌਲਾ ਪਾਇਆ ਕਿ ਉਹ ਇਸ ਬਸੰਤ ਦੀ ਰੁੱਤ (ਸਪਰਿੰਗ) ਵਿੱਚ ਹੋਏਗਾ। ਪ੍ਰੰਤੂ ਉਹ ਲਗਾਤਾਰ ਅੱਗੇ ਪੈਂਦਾ ਗਿਆ। ਜੂਨ ਵਿੱਚ ਤਾਂ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ ਅਤੇ ਸਪਰਿੰਗ ਤਾਂ ਖ਼ਤਮ ਹੋਣ ਨੇੜੇ ਆ ਗਿਆ ਹੈ ਪ੍ਰੰਤੂ ਹਾਲੇ ਤੱਕ ਜਵਾਬੀ ਹਮਲੇ ਨਹੀਂ ਹੋਇਆ ਉਸ ਦੀ ਥਾਂ ’ਤੇ ਹੁਣ ਆਤੰਕਵਾਦੀ ਹਮਲੇ (ਟੈਰਰਿਸਟ ਅਟੈਕਸ) ਹੋ ਰਹੇ ਹਨ। ਇਥੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਆਤੰਕਵਾਦ ਦਾ ਖ਼ਾਤਮਾ ਕਰਨ ਦੇ ਝੂਠੇ ਦਾਅਵਿਆਂ ਦੀ ਪੋਲ ਵੀ ਖੁੱਲਦੀ ਹੈ। ਇਹ ਦੇਸ਼ ਆਤੰਕਵਾਦ ਖ਼ਤਮ ਕਰਨ ਦੀ ਬਜਾਏ ਉਲਟਾ ਉਸ ਨੂੰ ਬੜ੍ਹਾਵਾ ਦੇ ਰਹੇ ਹਨ। ਇਹ ਆਤੰਕਵਾਦ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਇਹ ਨਿੱਜੀ ਜਾਂ ਆਤੰਕਵਾਦੀ ਸੰਸਥਾਵਾਂ ਵੱਲੋਂ ਨਹੀਂ ਸਗੋਂ ਸਰਕਾਰਾਂ ਵੱਲੋਂ ਫੈਲਾਇਆ ਜਾ ਰਿਹਾ। ਇਸ ਲਈ ਅਸੀਂ ਇਸ ਨੂੰ ਸਟੇਟ ਟੈਰੋਰਿਜ਼ਮ ਜਾਂ ਸਰਕਾਰੀ ਆਤੰਕਵਾਦ ਵੀ ਕਹਿ ਸਕਦੇ ਅਤੇ ਸਰਕਾਰੀ ਆਤੰਕਵਾਦ ਵੀ ਪੱਛਮ ਦੇ ਨਿਘਾਰ ਦਾ ਇਕ ਵੱਡਾ ਪ੍ਰਤੀਕ ਹੈ, ਕਿਉਂਕਿ ਇਹ ਸਾਰੇ ਮਿਲ ਕੇ ਵੀ ਰੂਸ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਏ। ਇਸ ਲਈ ਹੁਣ ਇਨ੍ਹਾਂ ਨੂੰ ਸਰਕਾਰੀ ਆਤੰਕਵਾਦ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਅਮਰੀਕਾ ਦਾ ਸੰਸਾਰ ’ਤੇ ਬੋਲਬਾਲਾ ਡਾਲਰ ਦੀ ਤਾਕਤ ਨਾਲ ਸ਼ੁਰੂ ਹੋਇਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਬਰੈਟਨ ਵੁਡਸ ਸਮਝੌਤੇ ਹੋਏ। ਉਨ੍ਹਾਂ ਦੁਆਰਾ ਸੰਸਾਰ ਦੀ ਆਰਥਿਕਤਾ ’ਤੇ ਪੂਰੀ ਤਰ੍ਹਾਂ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਕਬਜ਼ਾ ਹੋ ਗਿਆ। ਵਿਸ਼ਵ ਬੈਂਕ(ਕੌਮਾਂਤੀ ਮਾਲੀ ਕੋਸ਼) ਅਤੇ ਵਿਸ਼ਵ ਵਪਾਰ ਸੰਘ ਆਰਗੇਨਾਈਨੇਸ਼ਨ ਸਭ ਸੰਸਾਰ ’ਤੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਆਰਥਿਕ ਕਬਜ਼ੇ ਦੇ ਪ੍ਰਤੀਕ ਹਨ। ਇਨ੍ਹਾ ਸੰਸਥਾਵਾਂ ਨੇ ਵੀ ਸੰਸਾਰ ਵਿੱਚ ਅਮਰੀਕੀ ਡਾਲਰ ਦੀ ਸਲਤਨਤ ਕਾਇਮ ਕੀਤੀ। ਮਿਸਟਰ ਡਾਲਰ ਇਕ ਮਿੱਤਰ ਤੋਂ ਮਾਲਕ ਬਣ ਗਿਆ। ਪ੍ਰੰਤੂ ਹੁਣ ਡਾਲਰ ਵੀ ਸਰਦਾਰੀ ਅਤੇ ਸਲਤਨਤ ਨੂੰ ਵੱਡਾ ਖੋਰਾ ਲੱਗ ਰਿਹਾ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ ਅਮਰੀਕੀ ਡਾਲਰ ਦੀ ਥਾਂ ’ਤੇ ਆਪਣੀਆਂ ਆਪਣੀਆਂ ਕਰੰਸੀਆਂ ਰਾਹੀਂ ਵਪਾਰ ਕਰਨ ਲੱਗ ਪਏ ਹਨ। ਅਮਰੀਕੀ ਡਾਲਰ ਦੀ ਕੀਮਤ ਘੱਟਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਕੁਝ ਲੋਕਾਂ ਦਾ ਅਨੁਮਾਨ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਹੀ ਵਿਸ਼ਵ ਮੰਦੀ ਵਿੱਚ ਅਮਰੀਕੀ ਡਾਲਰ ਦੀ ਕੀਮਤ 8 ਪ੍ਰਤੀਸ਼ਤ ਦੇ ਲੱਗਭੱਗ ਡਿੱਗ ਗਈ ਹੈ। ਕੁਝ ਲੋਕਾਂ ਦਾ ਇਹ ਵੀ ਅਨੁਮਾਨ ਹੈ ਕਿ ਜੇ ਮੌਜੂਦਾ ਰੁਝਾਨ ਜਾਰੀ ਰਹੇ ਤਾਂ ਇਸ ਸਾਲ ਅਮਰੀਕੀ ਡਾਲਰ ਦੀ ਕੀਮਤ 70 ਪ੍ਰਤੀਸ਼ਤ ਰਹਿ ਸਕਦੀ ਹੈ ਅਰਥਾਤ 30 ਪ੍ਰਤੀਸ਼ਤ ਡਿੱਗ ਸਕਦੀ ਹੈ। ਅਮਰੀਕਾ ਇਸ ਸਥਿਤੀ ਤੋਂ ਬੁਖਲਾ ਗਿਆ ਹੈ ਅਤੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮੁੱਖ ਵਿਰੋਧੀਆਂ ਰੂਸ ਅਤੇ ਚੀਨ ਨੂੰ, ਖਤਮ ਕਰਨਾ ਚਾਹੁੰਦਾ ਹੈ। ਕਰੈਮਲਿਨ ’ਤੇ ਹਮਲੇ ਨੂੰ ਵੀ ਇਸੇ ਸੰਦਰਭ ਵਿੱਚ ਦੇਖਿਆ ਜਾ ਸਕਦਾ ਹੈ। ਏਸ਼ੀਆ ਵਿੱਚ ਵੀ ਅਮਰੀਕਾ ਚੀਨ ਵਿਰੁੱਧ ਬਹੁਤ ਹਮਲਾਕੁਨ ਰਵੱਈਆਂ ਅਪਣਾ ਰਿਹਾ ਹੈ। ਪ੍ਰੰਤੂ ਸਵਾਲ ਇਹ ਹੈ ਕਿ ਕੀ ਅਮਰੀਕਾ ਆਪਣੇ ਮਕਸਦ ਵਿੱਚ ਕਾਮਯਾਬ ਹੋਏਗਾ ਜਾਂ ਆਪਣੀ ਅਤੇ ਪੱਛਮੀ ਦੇਸ਼ਾਂ ਦੀ ਚੌਧਰ ਦਾ ਅੰਤ ਹੋਰ ਤੇਜ਼ੀ ਨਾਲ ਕਰੇਗਾ। ਜੇ ਰੂਸ ਨੂੰ ਯੂਕਰੇਨ ਯੁੱਧ ਵਿੱਚ ਹਰਾਇਆ ਨਹੀਂ ਜਾਂਦਾ, ਜਿਸ ਦੀ ਕਿ ਬਹੁਤ ਸੰਭਾਨਵਾ ਹੈ ਤਾਂ ਅਮਰੀਕੀ ਅਤੇ ਪੱਛਮੀ ਦੇਸ਼ਾਂ ਦੀ ਚੌਧਰ ਦਾ ਅੰਤ ਨਿਸ਼ਚਿਤ ਹੈ। ਸਿਰਫ ਫੈਸਲਾ ਇਹ ਹੋਣਾ ਬਾਕੀ ਹੈ ਕਿ ਇਸ ਚੌਧਰ ਨੂੰ ਖਤਮ ਕਰਦਿਆਂ ਸੰਸਾਰ-ਅਮਨ ਨੂੰ ਕਿੰਨਾ ਕੁ ਖਤਰਾ ਪੈਦਾ ਹੁੰਦਾ ਹੈ ਅਤੇ ਕੀ ਗੱਲ ਪ੍ਰਮਾਣੂ ਯੁੱਧ ਤੱਕ ਵੱਧ ਸਕਦੀ ਹੈ। ਲੱਗਦਾ ਹੈ ਕਿ ਜੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਆਪਣੀ ਮੌਜੂਦਾ ਨੀਤੀ ਕਾਇਮ ਰੱਖੀ ਤਾਂ ਪ੍ਰਮਾਣੂ ਯੁੱਧ ਦੀ ਸੰਭਾਵਨਾ ਯਥਾਥ ਵਿੱਚ ਬਦਲ ਸਕਦੀ ਹੈ । ਇਹੋ ਹੀ ਸਭ ਤੋਂ ਵੱਡਾ ਖਤਰਾ ਹੈ । ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਰੂਸ-ਯੂਕਰੇਨ ਯੁੱਧ ਪ੍ਰਤੀ ਨੀਤੀ ਦੀ ਵਿਰੋਧਤਾ ਖੁਦ ਇਨ੍ਹਾਂ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਵਿੱਚ ਹੀ ਅਸੀਂ ਦੇਖ ਸਕਦੇ ਹਾਂ ਕਿ ਨਾ ਸਿਰਫ ਰਿਪਬਲੀਕਨ ਪਾਰਟੀ ਦੇ ਬਹੁਤ ਸਾਰੇ ਮੈਂਬਰ ਇਸ ਦੀ ਵਿਰੋਧਤਾ ਕਰ ਰਹੇ ਹਨ ਸਗੋਂ ਡੈਮੋਕਰੈਟਿਕ ਪਾਰਟੀ ਵਿੱਚ ਵੀ ਵਿਰੋਧਤਾ ਸ਼ੁਰੂ ਹੋ ਗਈ ਹੈ । ਰੌਬਰਟ ਕੈਨੇਡੀ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਜੌਹਨ ਕੈਨੇਡੀ ਦੇ ਭਤੀਜੇ ਹਨ ਅਤੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣਨ ਲਈ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਹਨ, ਨੇ ਅਮਰੀਕੀ ਸਰਕਾਰ ਵੱਲੋਂ ਕਰੈਮਲਿਨ ਹਮਲੇ ਨੂ ਦਿੱਤੀ ਮਦਦ ਦੀ ਬਹੁਤ ਸਖਤ ਆਲੋਚਨਾ ਕੀਤੀ ਹੈ। ਜ਼ਾਹਿਰ ਹੈ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਵਿੱਚ ਇਹ ਮਸਲਾ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸਮੁੱਚੇ ਤੌਰ ’ਤੇ ਭਾਰਤ ਵਿੱਚ ਲੋਕਾਂ ਦੀ ਜ਼ਿਆਦਾ ਹਮਦਰਦੀ ਰੂਸ ਨਾਲ ਨਜ਼ਰ ਆ ਰਹੀ ਹੈ।ਸਾਫ਼ ਹੈ ਕਿ ਇਸ ਹਮਲੇ ਬਾਅਦ ਰੂਸ ਯੂਕਰੇਨ ਜੰਗ ਅਜਿਹੇ ਮੋੜ ’ਤੇ ਆ ਗਿਆ ਹੈ ਜਿੱਥੇ ਇਹ ਬਹੁਤ ਹੀ ਖ਼ਤਰਨਾਕ ਰੁਖ ਅਖਤਿਆਰ ਕਰ ਸਕਦਾ ਹੈ।
ਡਾ. ਸਵਰਾਜ ਸਿੰਘ
-ਮੋਬਾ: 98153 08460

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ