Saturday, July 13, 2024  

ਲੇਖ

ਫ਼ਾਦਰ ਨੇਮ

May 07, 2023

ਜੋਤੀ ਹਾਜ਼ਰੀ ਰਜਿਸਟਰ ਉਪਰ ਝੁਕੀ ਖੜੀ ਸੀ ਮਾਸਟਰ ਦਾ ਤਾੜ ਕਰਦਾ ਥੱਪੜ ਜੋਤੀ ਦੀ ਗੱਲ ਤੇ ਵੱਜਾ ‘ਜਾਹ ਜਾ ਕੇ ਬੈਠ ਜਾ ਕੱਲ ਨੂੰ ਆਪਣੇ ਆਪਣੇ ਪਿਤਾ ਨੂੰ ਲੈ ਕੇ ਆਵੀੰ’। ਕਲਾਸ ਦੇ ਸਾਰੇ ਬੱਚੇ ਥੱਪੜ ਦਾ ਖੜਾਕ ਸੁਣ ਕੇ ਸਹਿਮ ਕੇ ਬੈਠ ਗਏ ਤੇ ਥੱਪੜ ਖਾ ਕੇ ਜੋਤੀ ਵੀ ਪਿਛਲੇ ਬੈੰਚ ਤੇ ਬੈਠ ਕੇ ਕੂਹਣੀਆਂ ਹੇਠ ਮੂੰਹ ਲੁਕਾ ਕੇ ਰੋਣ ਲੱਗੀ। ਸਕੂਲ ਵਿੱਚ ਅੱਜ ਚੈਕਿੰਗ ਹੋਣੀ ਸੀ ਤੇ ਮੈਨੇਜਮੈਂਟ ਆ ਚੁੱਕੀ ਸੀ। ਮਾਸਟਰ ਨੇ ਸਾਰੇ ਬੱਚਿਆਂ ਨੂੰ ਕਿਤਾਬਾਂ ਕੱਢ ਕੇ ਅੱਗੇ ਰੱਖ ਕੇ ਪੜ੍ਹਨ ਲਈ ਕਿਹਾ ਅਸਲ ਵਿੱਚ ਮਾਸਟਰ ਚਾਹੁੰਦਾ ਸੀ ਕਿ ਬੱਚੇ ਪੜ੍ਹਨ ਭਾਵੇਂ ਨਾ ਪੜ੍ਹਨ ਪਰ ਵੇਖਣ ਵਾਲਿਆਂ ਨੂੰ ਇੰਝ ਲੱਗੇ ਕਿ ਬਹੁਤ ਵਧੀਆ ਪੜਾਈ ਹੋ ਰਹੀ ਹੈ ਵੈਸੇ ਵੀ ਮਾਸਟਰ ਨੂੰ ਜਿਹੜਾ ਸਬਜੈਕਟ ਦਿੱਤਾ ਗਿਆ ਸੀ ਉਸ ਵਿੱਚ ਉਹ ਆਪ ਮਾਹਿਰ ਨਹੀੰ ਸੀ ਤੇ ਬੱਚਿਆਂ ਨੇ ਕਿਥੋੰ ਹੋਣਾ ਸੀ ਕਈ ਵਾਰ ਉਸਨੂੰ ਆਪ ਮਹਿਸੂਸ ਹੁੰਦਾਂ ਕਿ ਉਹ ਬੱਚਿਆਂ ਨਾਲ ਇਨਸਾਫ਼ ਨਹੀਂ ਕਰ ਪਾ ਰਿਹਾ ਪਰ ਇਸ ਵਿੱਚ ਸਾਰਾ ਕਸੂਰ ਉਸਦਾ ਨਹੀੰ ਸੀ ਉਹ ਇਸੇ ਸਾਲ ਹੀ ਤਾਂ ਸਕੂਲ ਵਿੱਚ ਪੜਾਉਣ ਲੱਗਿਆ ਸੀ ਮਸਾਂ ਪੰਜ ਕੁ ਹਜ਼ਾਰ ਤਨਖਾਹ ਸੀ ਉਸਦੀ ਭਾਵੇੰ ਉਹ ਪੋਸਟ ਗਰੈਜੁਏਟ ਸੀ ਤੇ ਆਪਣੇ ਸਬਜੈਕਟ ਵਿੱਚ ਮਾਹਿਰ ਵੀ ਸੀ ਪਰ ਪ੍ਰਾਈਵੇਟ ਸਕੂਲਾਂ ਵਾਲਿਆਂ ਦਾ ਉਸਨੂੰ ਪਤਾ ਸੀ ਕਿ ਸਿਰ ਸਿਰਫ ਹਾਂ ਵਿੱਚ ਹਿੱਲਣੇ ਚਾਹੀਦੇ ਹਨ, ਨਹੀੰ ਤਾਂ ਬੰਦਾ ਨੌਕਰੀ ਤੋੰ ਹੱਥ ਧੋ ਬੈਠਦਾ। ਇਸੇ ਮਜਬੂਰੀ ਵਿੱਚ ਪਿ੍ਰਸੀਪਲ ਦੇ ਕਹਿਣ ਤੇ ਉਹ ਦੂਸਰੇ ਸਬਜੈਕਟ ਵੀ ਪੜ੍ਹਾਈ ਜਾਂਦਾ ਸੀ । ਅੱਜ ਸਕੂਲ ਦੀ ਮੈਨੇਜਮੈਟ ਤੇ ਮੈਨੇਜਰ ਦੇ ਆਉਣ ਬਾਰੇ ਉਸਨੂੰ ਪਹਿਲਾਂ ਹੀ ਖ਼ਬਰ ਹੋ ਗਈ ਸੀ। ਮਾਸਟਰ ਨੂੰ ਭਿਨਕ ਪਈ ਕਿ ਮੈਨੇਜਰ ਪਿ੍ਰਸੀਪਲ ਅਤੇ ਪ੍ਰਬੰਧਕ ਕਮੇਟੀ ਦੇ ਮੈੰਬਰ ਨਾਲ ਵਾਲੀ ਕਲਾਸ ਵਿੱਚ ਪਹੁੰਚ ਚੁੱਕੇ ਹਨ ਮਾਸਟਰ ਨੇ ਬੱਚਿਆਂ ਨੂੰ ਚੌਕਸ ਕਰ ਦਿੱਤਾ ਕਿ ਸਾਰੇ ਬੱਚੇ ਪੜ੍ਹ ਰਹੇ ਦਿਸਣੇ ਚਾਹੀਦੇ ਹਨ । ਬੱਚਿਆਂ ਨੇ ਕਿਤਾਬਾਂ ਉੱਪਰ ਨਜਰਾਂ ਜਮਾ ਲਈਆਂ । ਮੈਨੇਜਰ ਆਪਣੀ ਜਾਂਚੇ ਬੜੀ ਚੌਕਸੀ ਨਾਲ ਆਇਆ ਸੀ ਕਿ ਕਿਸੇ ਅਧਿਆਪਕ ਨੂੰ ਝਾੜ ਪਾਵੇ ਪਰ ਜਦੋੰ ਉਹ ਇਸ ਜਮਾਤ ਵਿੱਚ ਆਇਆ ਤਾਂ ਉਸ ਦੀਆਂ ਮੋਟੀਆਂ ਅੱਖਾਂ ਟੱਡੀਆਂ ਰਹਿ ਗਈਆਂ ਕਿਉਂਕਿ ਉਸਨੂੰ ਮਾਸਟਰ ਤੋੰ ਉੱਕਾ ਉਮੀਦ ਨਹੀੰ ਸੀ ਕਿ ਬੱਚਿਆਂ ਨੂੰ ਇਸ ਤਰਾਂ ਚੁੱਪ ਕਰਾ ਕੇ ਬਿਠਾ ਲਵੇਗਾ । ਮੈਨੇਜਰ ਨੂੰ ਲਗਦਾ ਸੀ ਕਿ ਪੜ੍ਹਾਈ ਕਰਨ ਲਈ ਬੱਚੇ ਬਿਲਕੁਲ ਸ਼ਾਂਤ ਹੋਣੇ ਚਾਹੀਦੇ ਹਨ ਪਰ ਮਾਸਟਰ ਦਾ ਇਸ ਤਰਾਂ ਦਾ ਵਿਸਵਾਸ ਨਹੀ ਸੀ। ਮੈਨੇਜਰ ਨੇ ਮਾਸਟਰ ਨੂੰ ਸਵਾਲ ਕੀਤਾ ‘ਕੀ ਪੜ ਰਹੇ ਨੇ ਬੱਚੇ’? ਮਾਸਟਰ ਨੇ ਜਵਾਬ ਦਿੱਤਾ ‘ਕੱਲ ਜੋ ਲੈਸਨ ਦਿੱਤਾ ਸੀ ਉਸਦੀ ਦਹੁਰਾਈ ਕਰ ਰਹੇ ਨੇ ਫਿਰ ਇਹਨਾਂ ਦਾ ਟੈਸਟ ਲੈਣਾ ਹੈ ਜੀ’ ਮੈਨੇਜਰ ਨੇ ਕਿਹਾ ‘ ਗੁੱਡ ਕਲਾਸਾਂ ਵਿੱਚ ਇਸੇ ਤਰਾਂ ਸ਼ਾਂਤੀ ਹੋਣੀ ਚਾਹੀਦੀ ਹੈ ’। ਇੱਕ ਬੱਚੇ ਨੇ ਸਕੂਲ ਦੀ ਡਰੈਸ ਨਹੀੰ ਸੀ ਪਾਈ ਪਿ੍ਰੰਸੀਪਲ ਨੇ ਮਾਸਟਰ ਨੂੰ ਕਿਹਾ ਉਸ ਬੱਚੇ ਨੂੰ ਕਹੋ ਕਿ ਡਰੈਸ ਪਾ ਕੇ ਆਇਆ ਕਰੇ ਨਾਲ ਹੀ ਪ੍ਰਸ਼ਨ ਕੀਤਾ ‘ਫੀਸਾਂ ਆ ਗਈਆਂ ਸਭ ਦੀਆਂ’ ਮਾਸਟਰ ਨੇ ਜਵਾਬ ਦਿੱਤਾ ‘ਜੀ ਕੁਝ ਬੱਚਿਆਂ ਦੀਆਂ ਰਹਿੰਦੀਆਂ ਜਲਦ ਹੀ ਆ ਜਾਣਗੀਆਂ ’।
ਬਸ ਠੀਕ ਹੈ ਜੀ ਪਿ੍ਰੰਸੀਪਲ ਤੇ ਮੈਨੇਜਰ ਨੇ ਇੱਕ ਦੂਸਰੇ ਵੱਲ ਇਸ਼ਾਰਾ ਕੀਤਾ ਤੇ ਅਗਲੀ ਕਲਾਸ ਵੱਲ ਚਲੇ ਗਏ
ਮਾਸਟਰ ਨੇ ਬੱਚਿਆਂ ਨੂੰ ਕਿਹਾ ‘ਜਿੰਨਾਂ ਬੱਚਿਆਂ ਨੇ ਫੀਸਾਂ ਨਹੀਂ ਭਰੀਆਂ ,ਉਹ ਫੀਸਾਂ ਭਰ ਦੇਣ’। ਮਾਸਟਰ ਬੱਚਿਆਂ ਨੂੰ ਜਿਆਦਾ ਮਜਬੂਰ ਨਹੀਂ ਸੀ ਕਰਦਾ ਕਿਉਕਿ ਉਹ ਤਾਂ ਆਪ ਪ੍ਰਾਈਵੇਟ ਸਕੂਲ ਦੀ ਫੀਸ ਭਰਨੋ ਅਸਮਰੱਥ? ਰਿਹਾ ਸੀ ਤੇ ਉਸਦੇ ਮਾਪਿਆਂ ਨੇ ਫੀਸ ਦੀ ਵਜਾ ਕਰਕੇ ਪ੍ਰਾਈਵੇਟ ਸਕੂਲ ਚੋੰ ਹਟਾ ਕੇ ਉਸਨੂੰ ਸਰਕਾਰੀ ਸਕੂਲ ਵਿੱਚ ਪੜਾਇਆ ਸੀ ਉਹ ਚੰਗੀ ਤਰਾਂ ਜਾਣਦਾ ਸੀ ਕਿ ਮਜਬੂਰੀ ਕੀ ਚੀਜ਼ ਹੁੰਦੀ ਹੈ ਇਸ ਲਈ ਉਹ ਬੱਚਿਆਂ ਨੂੰ ਫੀਸਾਂ ਦੇਣ ਲਈ ਜਿਆਦਾ ਮਜਬੂਰ ਨਹੀੰ ਸੀ ਕਰਦਾ ਤੇ ਜਾਣਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਪੜ੍ਹਾਈ ਤੇ ਅਸਰ ਪੈੰਦਾ ਹੈ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਹਨ ਇਹਨਾਂ ਗੱਲਾਂ ਕਰਕੇ ਮੈਨੇਜਰ ਤੇ ਪਿ੍ਰਸੀਪਲ ਦਾ ਉਸ ਵਿੱਚ ਖਾਸ ਧਿਆਨ ਰਹਿੰਦਾ ਸੀ । ਕਦੇ ਰਜਿਸਟਰ ਪੂਰਾ ਕਰਨ ਬਾਰੇ, ਕਦੇ ਬੱਚਿਆਂ ਦੇ ਬੂਟ ਜਾਂ ਵਰਦੀ ਨਾ ਪਾ ਕੇ ਆਉਣ ਬਾਰੇ, ਕਦੇ ਬੱਚਿਆਂ ਦੀਆਂ ਫੀਸਾਂ ਘੱਟ ਆਉਣ ਕਰਕੇ ਉਸ ਨੂੰ ਟੋਕਿਆ ਜਾਂਦਾ ਸੀ ਪਰ ਅੱਜ ਕਲਾਸ ਵਿੱਚ ਸਾਂਤੀ ਬਣੀ ਹੋਈ ਸੀ ਇਸ ਲਈ ਮਾਸਟਰ ਝਾੜ ਪੈਣੋ ਬਚ ਗਿਆ ਸੀ ਜੋਤੀ ਦੇ ਜੋ ਥੱਪੜ ਮਾਸਟਰ ਨੇ ਮਾਰਿਆ ਸੀ ਉਸ ਕਾਰਨ ਦੂਸਰੇ ਬੱਚੇ ਪੂਰੀ ਤਰਾਂ ਸਹਿਮ ਗਏ ਸਨ ਤੇ ਸ਼ਾਂਤ ਵੀ ਹੋ ਗਏ ਸਨ ਪਰ ਮਾਸਟਰ ਨੇ ਇਹ ਥੱਪੜ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਨਹੀੰ ਮਾਰਿਆ ਸੀ। ਅਸਲ ਗੱਲ ਇਹ ਸੀ ਕਿ ਮਾਸਟਰ ਹੁਣੇ ਹੁਣੇ ਹਾਜ਼ਰੀ ਲਾ ਕੇ ਹਟਿਆ ਸੀ ਤੇ ਜੋਤੀ ਅਕਸਰ ਹਾਜ਼ਰੀ ਲਾਉਣ ਸਮੇੰ ਮਾਸਟਰ ਕੋਲ ਖੜ ਜਾਂਦੀ ਸੀ ਜੋਤੀ ਦਾ ਇਸ ਸਕੂਲ ਵਿੱਚ ਕੁਝ ਦਿਨ ਹੋਏ ਨਵਾਂ ਦਾਖਲਾ ਹੋਇਆ ਸੀ ਤੇ ਮਾਸਟਰ ਨਾਲ ਉਸ ਦਾ ਲਗਾਉ ਸੀ ਕਿਉਂਕਿ ਮਾਸਟਰ ਪਿਆਰ ਨਾਲ ਗੱਲ ਕਰਦਾ ਸੀ ।ਅੱਜ ਵੀ ਉਹ ਰਜਿਸਟਰ ਉਪਰ ਝੁਕੀ ਖੜੀ ਸੀ ਤੇ ਕਹਿ ਰਹੀ ਸੀ ‘ਸਰ ਜੀ ਮੇਰੇ ਡੈਡੀ ਨਾ ਨਾਮ ਸੰਜੈ ਕੁਮਾਰ ਹੈ ਜੀ , ਸੁਰਜੀਤ ਸਿੰਘ ਨਹੀੰ’। ਤੁਸੀੰ ਰਜਿਸਟਰ ਤੇ ਕੱਟ ਕੇ ਸੰਜੈ ਕੁਮਾਰ ਕਰ ਦਵੋ। ਮਾਸਟਰ ਨੇ ਇਸ ਤੋੰ ਪਹਿਲਾਂ ਵੀ ਇਹ ਨਾਮ ਜੋਤੀ ਦੇ ਕਹਿਣ ਦੇ ਦੋ ਵਾਰ ਬਦਲਿਆ ਸੀ ਪਹਿਲਾਂ ਸੰਜੈ ਕੁਮਾਰ ਤੇ ਫਿਰ ਸੁਰਜੀਤ ਪਹਿਲੀ ਵਾਰ ਤਾਂ ਉਸਨੇ ਪੈਨਸਿਲ ਨਾਲ ਹੀ ਲਿਖਿਆ ਸੀ ਪਰ ਦੂਸਰੀ ਵਾਰ ਪੈੱਨ ਨਾਲ ਲਿਖ ਦਿੱਤਾ ਸੀ ਅੱਜ ਜਦੋੰ ਜੋਤੀ ਨੇ ਮਾਸਟਰ ਨੂੰ ਫਾਦਰ ਨੇਮ ਚੇੰਜ ਕਰਨ ਬਾਰੇ ਕਿਹਾ ਤਾਂ ਮਾਸਟਰ ਨੂੰ ਗੁੱਸਾ ਆ ਗਿਆ ਕਿ ਹੁਣ ਕਟਿੰਗ ਹੋ ਜਾਣੀ ਆ ਤੇ ਰਜਿਸਟਰ ਚੈੱਕ ਹੋਣ ਵੇਲੇ ਉਸਨੂੰ ਝਾੜ ਪਵੇਗੀ , ਦੂਸਰਾ ਇਹ ਵੀ ਸੀ ਕਿ ਰੋਜ ਰੋਜ ਹੁਣ ਉਹ ਪਿਤਾ ਦਾ ਨਾਮ ਹੀ ਚੇੰਜ ਕਰੀ ਜਾਵੇਗਾ । ਇਸੇ ਹਰਖ ਵਿੱਚ ਹੀ ਉਸਤੋੰ ਜੋਤੀ ਦੇ ਥੱਪੜ ਵੱਜਿਆ ਸੀ ਤੇ ਮਾਸਟਰ ਨੇ ਜੋਤੀ ਨੂੰ ਸਖ਼ਤ ਹਦਾਇਤ ਦਿੱਤੀ ਕੱਲ ਨੂੰ ਆਪਣੇ ਪਿਤਾ ਨੂੰ ਬੁਲਾ ਕੇ ਲਿਆਂਵੀ ।
ਦੂਸਰੇ ਦਿਨ ਜੋਤੀ ਦਾ ਪਿਤਾ ਆਇਆ ਮਾਸਟਰ ਨੂੰ ਜੋਤੀ ਦੇ ਪਿਤਾ ਨੂੰ ਮਿਲਾਉਣ ਲਈ ਬੁਲਾਇਆ ਗਿਆ ਜੋਤੀ ਦੇ ਪਿਤਾ ਨੇ ਦੱਸਿਆ ਕਿ ਉਹ ਮਾਸਟਰ ਨੂੰ ਇੱਕਲੇ ਬੈਠ ਕੇ ਸਾਰੀ ਗੱਲ ਸਮਝਾਉਣਾ ਚਾਹੁੰਦਾ ਹੈ ਤੇ ਉਹ ਦੋਵੇਂ ਇੱਕ ਖਾਲੀ ਰੂਮ ਵਿੱਚ ਬੈਠ ਗਏ ਜੋਤੀ ਦੇ ਪਿਤਾ ਨੇ ਸਾਰੀ ਗੱਲ ਖੋਲ ਕੇ ਦੱਸੀ ‘ਅਸਲ ਵਿੱਚ ਗੱਲ ਇਹ ਹੈ ਮਾਸਟਰ ਜੀ ਜੋਤੀ ਅਤੇ ਜੋਤੀ ਦੀ ਮਾਂ ਨੂੰ ਮੇਰੇ ਘਰ ਆਇਆ ਅਜੇ ਦੋ ਮਹੀਨੇ ਹੋਏ ਨੇ, ਮੇਰੀ ਪਤਨੀ ਦੀ ਮੌਤ ਹੋ ਚੁੱਕੀ ਹੈ। ਜੋਤੀ ਦੀ ਮਾਤਾ ਕਿਸ਼ਨਾ ਪਹਿਲਾਂ ਸੰਜੇ ਕੁਮਾਰ ਨਾਲ ਵਿਆਹੀ ਹੋਈ ਸੀ ਤੇ ਉਹੀ ਇਸਦਾ ਪਿਤਾ ਹੈ ਮੇਰੇ ਤਾਂ ਆਪਣੇ ਦੋ ਵੱਡੇ ਵੱਡੇ ਬੱਚੇ ਹਨ। ਜੋਤੀ ਦੀ ਮਾਤਾ ਜਿੱਦ ਕਰਕੇ ਮੇਰਾ ਨਾਮ ਰਜਿਸਟਰ ਉੱਪਰ ਲਿਖਵਾ ਰਹੀ ਹੈ ਜਦਕਿ ਮੈੰ ਜੋਤੀ ਦਾ ਪਿਤਾ ਨਹੀੰ ਹਾਂ ਪਰ ਇਹ ਮੇਰੇ ਕੋਲ ਜਰੂਰ ਰਹਿੰਦੇ ਹਨ’। ਮਾਸਟਰ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਸੀ ਅਸਲ ਵਿੱਚ ਇੱਕ ਮਰਦ ਜੋਤੀ ਦੀ ਮਾਂ ਕਿਸਨਾ ਨੂੰ ਛੱਡ ਕੇ ਵੀ ਉਸਦਾ ਪਿੱਛਾ ਨਹੀਂ ਸੀ ਛੱਡ ਰਿਹਾ (ਭਾਵ ਉਸਦੇ ਬੱਚਿਆਂ ਨਾਲ ਉਸਦਾ ਨਾਮ ਜੁੜ ਗਿਆ ਸੀ) ਤੇ ਦੂਸਰਾ ਮਰਦਾ ਅਪਣਾ ਕੇ ਵੀ ਉਸਨੂੰ ਅਪਣਾ ਨਹੀੰ ਸੀ ਰਿਹਾ ।
ਜੋਤੀ ਦਾ ਮਤੇਆ ਪਿਤਾ ਸੁਰਜੀਤ ਫਿਰ ਬੋਲਿਆ ‘ਵੇਖੋ ਜੀ ਫੀਸਾਂ ਮੈੰ ਭਰਨੀਆਂ ਹਨ ਪਰ ਤੁਸੀੰ ਜੋਤੀ ਦੇ ਪਿਤਾ ਦਾ ਨਾਮ ਸੰਜੈ ਕੁਮਾਰ ਹੀ ਲਿਖੋ ਰਜਿਸਟਰ ਉੱਪਰ’ £ ਮਾਸਟਰ ਨੇ ਸਾਰੀ ਗੱਲ ਸੁਣ ਕੇ ਕਿਹਾ ਠੀਕ ਏ ਜੀ ਮਾਸਟਰ ਦੇ ਮਨ ਵਿੱਚ ਸਵਾਲ ਤਾਂ ਹੋਰ ਵੀ ਸਨ ਪਰ ਉਸਨੇ ਪੁਛਣੇ ਠੀਕ ਨਾ ਸਮਝੇ ਕਿਉਂਕਿ ਪ੍ਰਸਥਿਤੀਆਂ ਮਾਸਟਰ ਦੇ ਹੱਥ ਵਿੱਚ ਨਹੀੰ ਸਨ ਤੇ ਇਹਨਾਂ ਨੂ ਬਦਲਿਆ ਨਹੀ ਸੀ ਜਾ ਸਕਦਾ ।
ਦੂਸਰੇ ਦਿਨ ਜੋਤੀ ਕਲਾਸ ਵਿੱਚ ਆਈ ਤੇ ਮਾਸਟਰ ਨੇ ਉਸਨੂੰ ਕਿਹਾ ਠੀਕ ਏ ਜੋਤੀ ‘ਤੇਰਾ ਫਾਦਰ ਨੇਮ ਚੇੰਜ ਕਰ ਦਿੱਤਾ ਹੈ ਹੁਣ ਤੂੰ ਪੜ੍ਹਾਈ ਵੱਲ ਧਿਆਨ ਦਿਆ ਕਰ ਤੇ ਕਾਪੀ ਲੈ ਕੇ ਆ ਮੇਰੇ ਕੋਲ ਜੋਤੀ ਕਾਪੀ ਲੈ ਆਈ ਉਸਨੇ ਪੁਰਾਣੀ ਕਾਪੀ ਕੰਮ ਨੂੰ ਲਾਈ ਸੀ ਜਿਹੜੀ ਅੱਧੀ ਭਰੀ ਹੋਈ ਸੀ ਇਹ ਉਸਦੇ ਪਿਛਲੇ ਸਕੂਲ ਦੀ ਕਾਪੀ ਸੀ ਮਾਸਟਰ ਨੇ ਇਹ ਕਾਪੀ ਪਹਿਲਾਂ ਵੀ ਵੇਖੀ ਸੀ ਪਰ ਅੱਜ ਉਸਨੇ ਦੁਆਰਾ ਗੌਰ ਨਾਲ ਵੇਖਿਆ ਇਸ ਉਪਰ ਜੋ ਪਹਿਲਾਂ ਕੰਮ ਕੀਤਾ ਗਿਆ ਸੀ ਉਹ ਲਿਖਾਈ ਬਹੁਤ ਹੀ ਸੁੰਦਰ ਸੀ ਅੱਖਰ ਚਿਣ ਚਿਣ ਕੇ ਰੱਖੇ ਹੋਏ ਸਨ ਮਾਸਟਰ ਨੇ ਜੋਤੀ ਨੂੰ ਪੁੱਛ ਲਿਆ ਕਿ ਜੋ ਪਿੱਛੇ ਕੰਮ ਕੀਤਾ ਹੈ ਇਹ ਕਿਸਨੇ ਕੀਤਾ ਤਾਂ ਜੋਤੀ ਕਿਹਾ ਸਰ ਜੀ ਸਾਰਾ ਮੇਰਾ ਹੀ ਕੀਤਾ ਹੋਇਆ ਮਾਸਟਰ ਹੈਰਾਨ ਰਹਿ ਗਿਆ ਕੇ ਉਹ ਇੰਨਾ ਸੋਹਣਾ ਕੰਮ ਕਰ ਸਕਦੀ ਸੀ ਪਰ ਉਸਦੀ ਹੁਣ ਵਾਲੀ ਲਿਖਾਈ ਨੂੰ ਸਮਝਣਾ ਔਖਾ ਹੋਇਆ ਪਿਆ ਸੀ ਫਾਦਰ ਚੇੰਜ ਹੋਣ ਨਾਲ ਜੋਤੀ ਦੀ ਮਾਨਸਿਕਤਾ ਉੱਪਰ ਜੋ ਅਸਰ ਪਿਆ ਸੀ ਮਾਸਟਰ ਨੇ ਉਸਦਾ ਅੰਦਾਜ਼ਾ ਲਾ ਲਿਆ ਤੇ ਆਪਣੇ ਥੱਪੜ ਦਾ ਪਛਚਾਤਾਪ ਕਰਦਿਆ ਮਾਸਟਰ ਨੇ ਜੋਤੀ ਦੇ ਸਿਰ ਤੇ ਹੱਥ ਰੱਖਦਿਆਂ ਕਿਹਾ ‘ਜੋਤੀ ਮੈਨੂੰ ਨਹੀਂ ਸੀ ਪਤਾ ਤੂੰ ਇੰਨੀ ਸਿਆਣੀ ਬੱਚੀ ਏ’ ਜੋਤੀ ਦੇ ਰੋਣ ਹੱਕੇ ਚਿਹਰੇ ਤੇ ਮਿੰਨੀ ਜਿਹੀ ਮੁਸਕਾਨ ਪਸਰ ਗਈ ।
ਜੋਤੀ ਕੱਲ ਤੋਂ ਇਹੋ ਜਿਹੀ ਲਿਖਾਈ ਚ ਕੰਮ ਕਰ ਕੇ ਲਿਆਉਣਾ ਹੈ ਬੇਟਾ ਜਿਹੋ ਜਿਹੀ ਪਹਿਲਾਂ ਕਰਦੀ ਸੀ ਜੋਤੀ ਏ ਨੇ ਕਿਹਾ ‘ਠੀਕ ਏ ਸਰ ਜੀ’।
ਦੂਸਰੇ ਦਿਨ ਉਹੀ ਹੋਇਆ ਜੋਤੀ ਨੇ ਸੋਹਣਾ ਕੰਮ ਕਰਕੇ ਲਿਆਂਦਾ ਵੇਖਦੇ ਹੀ ਵੇਖਦੇ ਜੋਤੀ ਪੰਜ ਦਸ ਦਿਨਾਂ ਚ ਕਲਾਸ ਵਿੱਚ ਵੀ ਜੀਅ ਲਾਉਣ ਲੱਗ ਪਈ ਤੇ ਪੜ੍ਹਾਈ ਵਿੱਚ ਵੀ।ਬੱਚੇ ਜੋ ਜੋਤੀ ਦੀਆਂ ਹਰ ਵੇਲੇ ਸਕਾਇਤਾਂ ਲਾਉੰਦੇ ਰਹਿੰਦੇ ਤੇ ਉਸਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਜੋਤੀ ਦੀ ਪੜ੍ਹਾਈ ਵੇਖ ਕੇ ਹੈਰਾਨ ਹੋਣ ਲੱਗੇ ਮਾਸਟਰ ਨੇ ਜੋਤੀ ਨੂੰ ਕਲਾਸ ਦਾ ਮਨੀਟਰ ਬਣਾ ਦਿੱਤਾ ਸੀ ਹੁਣ ਜੋਤੀ ਸਾਰਾ ਦਿਨ ਖੁਸ਼ ਰਹਿੰਦੀ ਤੇ ਉਹਨਾਂ ਬੱਚਿਆਂ ਵਿੱਚ ਰਚ ਮਿਚ ਗਈ। ਮਾਸਟਰ ਦਾ ਜੋਤੀ ਨਾਲ ਲਗਾਉ ਵਧ ਗਿਆ ਛੇ ਮਹੀਨੇ ਗੁਜਰੇ ਅੱਜ ਫਿਰ ਸਕੂਲ ਵਿੱਚ ਚੈਕਿੰਗ ਹੋਣੀ ਸੀ ਪਰ ਅੱਜ ਮਾਸਟਰ ਇਸ ਚੈਕਿੰਗ ਤੋੰ ਬੇਖ਼ਬਰ ਸੀ ਤੇ ਆਪਣੇ ਦੁਆਰਾ ਕਰਵਾਈ ਜਾ ਰਹੀ ਪੜਾਈ ਤੋੰ ਸਤੁੰਸ਼ਟ ਸੀ ਉਸਦੀ ਕਲਾਸ ਦੇ ਬੱਚੇ ਖੁਸ਼ ਵੀ ਰਹਿੰਦੇ ਤੇ ਪੜ੍ਹਾਈ ਵੀ ਖੂਬ ਕਰਦੇ ।
ਉਹ ਮਾਸਟਰ ਨੂੰ ਬਿਨਾਂ ਕਿਸੇ ਡਰ ਦੇ ਸਵਾਲ ਪੁਛਦੇ ਤੇ ਅੱਜ ਉਹਨਾਂ ਚੋੰ ਇੱਕ ਪੁੱਛ ਰਿਹਾ ਸੀ ‘ਸਰ ਜੀ ਤਹਾਡੀ ਮੈਰਿਜ ਹੋ ਗਈ ਮਾਸਟਰ ਭਾਵੇਂ ਅਜੇ ਵਿਆਹਿਆ ਨਹੀ ਸੀ ਪਰ ਉਸਨੇ ਕਿਹਾ ‘ਹਾਂ’। ਫਿਰ ਦੂਸਰੇ ਬੱਚੇ ਨੇ ਸਵਾਲ ਪੁੱਛਿਆ ਸਰ ਜੀ ਤੁਹਾਡੇ ਬੱਚੇ ਕਿੰਨੇ ਨੇ ਮਾਸਟਰ ਨੇ ਕਿਹਾ ‘25’ । ਸਾਰੇ ਬੱਚੇ ਹੱਸ ਪਏ । ਅਸਲ ਵਿੱਚ ਮਾਸਟਰ ਨੇ ਕਲਾਸ ਦੇ ਬੱਚਿਆਂ ਦੀ ਗਿਣਤੀ ਦੱਸੀ ਸੀ ਤੇ ਬੱਚੇ ਵੀ ਸਮਝ ਗਏ ਸਨ ਪਰ ਇੱਕ ਹੋਰ ਬੱਚੇ ਨੇ ਗੱਲ ਕਲੀਅਰ ਕਰਨ ਲਈ ਪੁੁੱਛਿਆ ‘ਇੰਨੇ ਬੱਚੇ ਸੌੰਦੇ ਕਿੱਥੇ ਹੋਣੇ’? ਮਾਸਟਰ ਨੇ ਕਿਹਾਂ ‘ਬੈੰਚਾਂ ਤੇ’। ਹੁਣ ਬੱਚੇ ਸਮਝ ਚੁਕੇ ਸਨ ਵੀ ਕਿ ਮਾਸਟਰ ਸਾਨੂੰ ਹੀ ਕਹਿ ਰਿਹਾ ਹੈ ਕਲਾਸ ਵਿੱਚ ਸ਼ੋਰ ਸ਼ਰਾਬਾ ਹੋ ਰਿਹਾ ਸੀ ਮੈਨੇਜਮੈੰਟ ਉਪਰੋਂ ਆ ਗਈ ਮਾਸਟਰ ਨੂੰ ਝਾੜ ਪਈ ‘ਇਹ ਪੜਾਈ ਹੋ ਰਹੀ ਹੈ, ਇਸ ਤਰ੍ਹਾਂ ਪੜ੍ਹਾਈ ਹੁੰਦੀ ਹੈ , ਵੇਖੋ ਇਹ ਕੰਮ ਤੁਹਾਡੇ ਬੱਸ ਦਾ ਨਹੀੰ ਤੁਸੀੰ ਨੌਕਰੀ ਛੱਡ ਸਕਦੇ ਹੋ’। ਮਾਸਟਰ ਨੇ ਵੀ ਸਫਾਈ ਪੇਸ਼ ਕਰਨਾ ਠੀਕ ਨਾ ਸਮਝਿਆ ਤੇ ਕਿਹਾ ‘ਮੈੰ ਕੱਲ ਤੋੰ ਸਕੂਲ ਨਹੀੰ ਆਵਾਗਾਂ’।
ਦੂਸਰੇ ਦਿਨ ਹੀ ਜੋਤੀ ਦੀ ਕਲਾਸ ਵਿੱਚ ਨਵਾਂ ਮਾਸਟਰ ਆ ਗਿਆ ਜੋਤੀ ਉਦਾਸ ਬੈਠੀ ਸੀ ਉਸਨੂੰ ਲੱਗ ਰਿਹਾ ਸੀ ਕਿ ਜਿਵੇੰ ਇੱਕ ਵਾਰ ਫਿਰ ਉਸਦਾ ਫਾਦਰ ਚੇੰਜ ਹੋ ਗਿਆ ਹੋਵੇ।
ਕੁਲਦੀਪ ਵੜੈਚ
-ਮੋਬਾ: 7986954953

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ