ਅੰਮ੍ਰਿਤਸਰ, 26 ਮਈ (ਜੋਗਿੰਦਰ ਪਾਲ ਸਿੰਘ ਕੁੰਦਰਾ) : ਪ੍ਰਮੁੱਖ ਜਨਤਕ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਅੰਮ੍ਰਿਤਸਰ , ਤਰਨ ਤਾਰਨ , ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ( ਮਾਝਾ ਜ਼ੋਨ ) ਦੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਪੁਤਲੀਘਰ ਸਥਿਤ ਪਾਰਟੀ ਦਫ਼ਤਰ ਵਿਖ਼ੇ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਂਚ ਸਭਾ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੇ ਜਨਰਲ ਸਕੱਤਰ ਕਾਮਰੇਡ ਬਲਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੇਖੋਂ ਤੇ ਗਰੇਵਾਲ ਨੇ ਪੰਜਾਬ ਦੀ ਭਗਵੰਤ ਮਾਨ ਅਤੇ ਕੇੰਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਜ਼ੋਰਦਾਰ ਵਿਆਖਿਆ ਕਰਦਿਆਂ ਕਿਸਾਨਾਂ ਦੇ ਸੁਨਹਿਰੀ ਭਵਿੱਖ ਲਈ ਸੰਘਰਸ਼ ਦੀ ਲੋੜ 'ਤੇ ਜ਼ੋਰ ਦਿੱਤਾ । ਕਿਸਾਨ ਆਗੂਆਂ ਨੇ ਸਭਾ ਦੇ ਵਰਕਰਾਂ ਨੂੰ ਸਭਾ ਦੀ ਮੈਂਬਰਸ਼ਿਪ ਜੰਗੀ ਪਧਰ 'ਤੇ ਕਰਨ ਦੀ ਅਪੀਲ ਕੀਤੀ । ਇਸ ਮੌਕੇ ਸਭਾ ਵੱਲੋਂ 20 ਹਜ਼ਾਰ ਦੀ ਭਰਤੀ ਕਰ ਕੇ ਮੈਂਬਰਸ਼ਿਪ ਜਮਾਂ ਕਰਵਾਈ ਗਈ ਤੇ 50 ਹਜ਼ਾਰ ਮੈਂਬਰਸ਼ਿਪ ਜਲਦ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਕਾਮਰੇਡ ਸੇਖੋਂ ਨੇ ਵਰਕਰਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਪਿੰਡ ਪਧਰ 'ਤੇ ਕਿਸਾਨ ਸਭਾ ਦਾ ਗਠਨ ਕੀਤਾ ਜਾਵੇ। ਕਾਮਰੇਡ ਸੇਖੋਂ ਨੇ ਕਿਹਾ ਕਿ ਸਰਕਾਰਾਂ ਨੇ ਆਬਾਦਕਾਰਾਂ ਨੂੰ ਉਜਾੜਨ ਦਾ ਮਨ ਬਣਾਇਆ ਹੋਇਆ ਹੈ ਪਰ ਕਿਸਾਨ ਸਭਾ ਆਬਾਦਕਾਰਾਂ ਦੇ ਹੱਕ ਵਿਚ ਪੂਰੀ ਤਰ੍ਹਾਂ ਡਟ ਕੇ ਸੰਘਰਸ਼ ਕਰੇਗੀ ਅਤੇ ਇੱਕ ਵੀ ਕਿਸਾਨ ਦਾ ਉਜਾੜਾ ਨਹੀਂ ਹੋਣ ਦੇਵੇਗੀ । ਉਨ੍ਹਾਂ ਕਿਹਾ ਕਿ ਐਮਐਸਪੀ ਸਾਰੀਆਂ ਫਸਲਾਂ 'ਤੇ ਲੈਣ , ਕਿਸਾਨ ਨੂੰ ਜਿਣਸ ਦਾ ਲਾਹੇਵੰਦ ਮੁੱਲ ਦਿਵਾਉਣ ਤੇ ਬੇਮੌਸਮੀ ਬਰਸਾਤ ਤੇ ਝੱਖੜ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕੁੱਲ ਹਿੰਦ ਕਿਸਾਨ ਸਭਾ ਦੀ ਨੇੜ ਭਵਿੱਖ ਵਿੱਚ ਮੀਟਿੰਗ ਹੋ ਰਹੀ ਹੈ । ਮੀਟਿੰਗ ਵਿੱਚ ਸੁੱਚਾ ਸਿੰਘ ਅਜਨਾਲਾ , ਨਰਿੰਦਰ ਸਿੰਘ ਡੇਰਾ ਬਾਬਾ ਨਾਨਕ , ਦਰਬਾਰਾ ਸਿੰਘ ਲੋਪੋਕੇ , ਸਵਿੰਦਰ ਸਿੰਘ ਮੀਰਾਂ ਕੋਟ , ਸਵਿੰਦਰ ਸਿੰਘ ਸਿੱਧੂ , ਜੋਰਾ , ਸਿੰਘ , ਬਚਨ ਸਿੰਘ ਆਦਿ ਕਿਸਾਨ ਆਗੂ ਸ਼ਾਮਲ ਹੋਏ।