ਭਵਾਨੀਗੜ੍ਹ, 26 ਮਈ (ਰਾਜ ਖੁਰਮੀ) : ਬੀਤੇ ਦਿਨੀੰ ਸਥਾਨਕ ਸ਼ਹਿਰ ਦੇ ਇੱਕ ਟਰੱਕ ਆਪ੍ਰੇਟਰ ਦੀ ਜੰਮੂ ਬਾਰਡਰ ਨੇੜੇ ਸਥਿਤ ਸੁਜਾਨਪੁਰ ਵਿਖੇ ਟਰੱਕ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਮਿ੍ਰਤਕ ਵਿਅਕਤੀ ਟਰੱਕ 'ਚ ਮਾਲ ਭਰ ਕੇ ਉੱਥੇ ਗਿਆ ਸੀ।
ਜਾਣਕਾਰੀ ਅਨੁਸਾਰ ਮਲਕੀਤ ਸਿੰਘ ਫੌਜੀ (48) ਪੁੱਤਰ ਬਲਦੇਵ ਸਿੰਘ ਵਾਸੀ ਭਵਾਨੀਗੜ੍ਹ ਆਪਣੇ ਟਰੱਕ ’ਚ ਚਿੱਪਸ ਭਰ ਕੇ ਜੰਮੂ ਬਾਰਡਰ ਨੇੜੇ ਸੁਜਾਨਪੁਰ (ਪਠਾਨਕੋਟ) ਗਿਆ ਸੀ ਤੇ ਇਸ ਦੌਰਾਨ ਟਰੱਕ 'ਤੇ ਤਰਪਾਲ ਪਾਉਂਦੇ ਸਮੇਂ ਅਚਾਨਕ ਟਰੱਕ ਤੋੰ ਪੈਰ ਫਿਸਲ ਜਾਣ ਕਾਰਨ ਉਹ ਟਰੱਕ ਤੋਂ ਹੇਠਾਂ ਡਿੱਗ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਸ਼ਹਿਰ ਦੇ ਟਰੱਕ ਆਪ੍ਰੇਟਰ ਜਗਦੀਪ ਸਿੰਘ ਗੋਗੀ ਨਰੈਣਗੜ੍ਹ ਨੇ ਦੱਸਿਆ ਕਿ ਮਲਕੀਤ ਸਿੰਘ ਭਾਰਤੀ ਫ਼ੌਜ 'ਚੋਂ ਸੇਵਾਮੁਕਤ ਹੋਇਆ ਸੀ ਤੇ ਨੌਕਰੀ ਉਪਰੰਤ ਉਸਨੇ ਨਿੱਜੀ ਕੰਪਨੀਆਂ ਤੋਂ ਕਰਜ਼ਾ ਲੈ ਕੇ ਭਵਾਨੀਗੜ੍ਹ ਯੂਨੀਅਨ ਵਿੱਚ ਆਪਣਾ ਟਰੱਕ ਪਾਇਆ ਸੀ। ਮਲਕੀਤ ਸਿੰਘ ਦੀ ਮੌਤ ਸਬੰਧੀ ਪਤਾ ਲੱਗਦਿਆਂ ਇਲਾਕੇ ਦੇ ਲੋਕਾਂ ਤੇ ਟਰੱਕ ਆਪ੍ਰੇਟਰਾਂ 'ਚ ਸੋਗ ਫੈਲ ਗਿਆ। ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਬਿੱਟੂ, ਰਾਮ ਕੁਮਾਰ ਗੋਇਲ ਸਮੇਤ ਜਗਦੀਪ ਸਿੰਘ ਗੋਗੀ ਨਰੈਣਗੜ੍ਹ ਆਦਿ ਨੇ ਸਰਕਾਰ ਤੋਂ ਮਿ੍ਰਤਕ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।