Saturday, September 30, 2023  

ਲੇਖ

ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ

June 01, 2023

ਪੰਜਾਬ ਇਸ ਸਮੇਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦਾ ਸਾਹਮਣਾ ਕਰ ਰਿਹਾ ਹੈ। ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਜਲਦੀ ਹੀ ਗੰਭੀਰ ਖੇਤੀ ਸੁਧਾਰ ਨਾ ਕੀਤੇ ਗਏ ਤਾਂ ਅਗਲੇ 25 ਸਾਲਾਂ ਵਿੱਚ ਪੰਜਾਬ ਮਾਰੂਥਲ ਬਣ ਜਾਵੇਗਾ ਪਰੰਤੂ ਜਿਸ ਹਿਸਾਬ ਨਾਲ ਹਲਾਤ ਬਣਦੇ ਜਾ ਰਹੇ ਹਨ ਪੰਜਾਬ ਨੂੰ ਆਉਣ ਵਾਲੇ 10 ਸਾਲਾਂ ਵਿੱਚ ਹੀ ਮਾਰੂਥਲ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ ਨਿਕਾਸੀ 165 ਪ੍ਰਤੀਸਤ ਤੱਕ ਪਹੁੰਚ ਗਈ ਹੈ ਇਹ ਦੇਸ ਦੇ ਕਿਸੇ ਵੀ ਰਾਜ ਤੋਂ ਸਭ ਤੋਂ ਵੱਧ ਹੈ। ਜਿਆਦਾਤਰ ਹਿੱਸਿਆਂ ਵਿੱਚ ਸਿੰਚਾਈ ਦੇ ਉਦੇਸਾਂ ਲਈ ਧਰਤੀ ਹੇਠਲੇ ਪਾਣੀ ਦੀ ਬਹੁਤ ਜਿਆਦਾ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਾਣੀ ਦੀ ਕਮੀ ਜਾਂ ਘਟਣ ਦੀ ਸਮੱਸਿਆ ਨਾਲ ਪਾਣੀ ਦੀ ਗੁਣਵੱਤਾ ਦੀ ਖਰਾਬ ਹੋ ਰਹੀ ਹੈ ਅਤੇ ਪਾਣੀ ਪੀਣ ਯੋਗ ਵੀ ਬਿਲਕੁਲ ਨਹੀਂ ਰਿਹਾ ਹੈ। ਇਸ ਰਾਜ ਦੇ ਅੱਧੇ ਤੋਂ ਵੱਧ ਨੇ ਜਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਕੈਡਮੀਅਮ ਅਤੇ ਸੀਸਾ ਖਤਰਨਾਕ ਪੱਧਰ ਤੋਂ ਵੀ ਵੱਧ ਪਾਇਆ ਗਿਆ ਹੈ ਪਰ ਸਭ ਤੋਂ ਵੱਧ ਦੁਖਦਾਈ ਤੱਥ ਇਹ ਹੈ ਕਿ ਇਸ ਰਾਜ ਨੂੰ ਇਹ ਨਾਮ ਦੇਣ ਵਾਲੇ ਦਰਿਆ ਅੱਜ ਆਪਣੇ ਪੁਰਾਣੇ ਸੁਭਾਅ ਦੇ ਹੀ ਪਰਛਾਵੇਂ ਹਨ।
ਪੰਜਾਬ ਰਾਜ ਦਾ ਸਭ ਤੋਂ ਵੱਧ ਫਲੋਰਾਈਡ ਪ੍ਰਭਾਵਿਤ ਖੇਤਰ ਜਿਲਾ ਪਟਿਆਲਾ ਹੈ ਜੋ ਧਰਤੀ ਹੇਠਲੇ ਪਾਣੀ ਵਿਚਲੇ ਫਲੋਰਾਇਡ ਦੇ ਸੇਵਨ ਕਾਰਨ ਪੰਜਾਬ ਦੇ 65 ਪ੍ਰਤੀਸਤ ਕੇਸਾਂ ਨੂੰ ਦਰਜ ਕਰਦਾ ਹੈ। ਇਸ ਲਈ ਪਟਿਆਲਾ ਜਿਲ੍ਹੇ ਦੇ ਵੱਖ-ਵੱਖ ਜਲ ਘਰਾਂ ਤੋਂ ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ ਸਨ। ਟਿ੍ਰਬਿਊਨਲ (ਐੱਨ.ਜੀ.ਟੀ.) ਦੀ ਨਿਗਰਾਨੀ ਕਮੇਟੀ ਨੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਤੇ ਜੋਰ ਦਿੰਦੇ ਹੋਏ ਕਿਹਾ ਹੈ ਕਿ ਰਾਜ ਕੋਲ ਸਿਰਫ 17 ਸਾਲਾਂ ਲਈ ਹੀ ਜਮੀਨੀ ਪਾਣੀ ਬਚਿਆ ਹੈ ਜਿਸ ਦਾ ਮੁੱਖ ਕਾਰਨ ਝੋਨੇ ਦੀ ਕਾਸਤ ਹੈ ।
ਇਸ ਲਈ ਪਾਣੀ ਦੀ ਬੁਹਤ ਜਿਆਦਾ ਜਰੂਰਤ ਹੁੰਦੀ ਹੈ ਅਤੇ ਇਹ ਉਦੋਂ ਲਗਾਇਆ ਜਾਂਦਾ ਹੈ ਜਦੋਂ ਗਰਮੀ ਸਿਖਰ ਤੇ ਹੁੰਦੀ ਹੈ ਅਤੇ ਪਾਣੀ ਦਾ ਭਾਫ ਬਣ ਕੇ ਉੱਡਣ ਦੀ ਦਰ ਦੀ ਸਭ ਤੋਂ ਵੱਧ ਹੁੰਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਫਿਰ ਪੰਜਾਬ ਵਿਚ ਪਾਣੀ ਦੀ ਕਮੀ ਨੂੰ ਕਿਵੇ ਹੱਲ ਕੀਤਾ ਜਾ ਸਕਦਾ ਹੈ? ਮਾਹਿਰਾਂ ਅਨੁਸਾਰ ਇਸ ਦਾ ਇਕੋ ਇਕ ਹੱਲ ਫਸਲੀ ਵਿਭਿੰਨਤਾਂ ਹੈ। ਇਸ ਰਾਹੀਂ ਹੀ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਫਸਲੀ ਚੱਕਰ ਨੂੰ ਖਤਮ ਕਰਕੇ ਹੀ ਪੰਜਾਬ ਨੂੰ ਇਸ ਭਿਆਨਕ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮਾਰੂਥਲ ਵਿੱਚ ਤਬਦੀਲ ਹੋ ਜਾਏਗਾ। ਅਧਿਐਨ ਲਈ ਲਏ ਗਏ ਰਾਜਾਂ ਦੇ 150 ਬਲਾਕਾਂ ਵਿੱਚੋਂ 114 ਬਲਾਕ ਪੱਧਰ ‘‘ ਸੋਸਿਤ’’, 4 ਬਲਾਕ “ਨਾਜੁਕ’’, 15 ਬਲਾਕ “ਅਰਧ ਨਾਜੁਕ’’ ਅਤੇ 17 ਬਲਾਕ “ਸੁਰੱਖਿਅਤ’’ ਸ੍ਰੇਣੀ ਦੇ ਅੰਦਰ ਆਉਂਦੇ ਹਨ। ਇਕ ਹੋਰ ਰਿਪੋਰਟ ਅਨੁਸਾਰ ਪੰਜਾਬ ਦਾ ਜਮੀਨੀ ਪਾਣੀ ਪਹਿਲੇ 100 ਮੀਟਰ ਵਿੱਚੋਂ 2029 ਤੱਕ ਖਤਮ ਹੋ ਜਾਏਗਾ ਅਤੇ 2039 ਤਕ ਇਹ 300 ਮੀਟਰ ਤੋਂ ਵੀ ਹੇਠਾਂ ਚਲਾ ਜਾਏਗਾ।
ਅਜੇ ਵੀ ਸਮਾਂ ਹੈ ਜੇਕਰ ਅਸੀਂ ਸੁਚੇਤ ਹੋ ਜਾਈਏ, ਤਾਂ ਕਿ ਪੰਜਾਬ ਨੂੰ ਮਾਰੂਥਲ ਬਣਨ ਤੋਂ ਅਤੇ ਲੋਕਾਂ ਨੂੰ ਕੈਂਸਰ ਜਿਹੀਆਂ ਭਿਆਨਕ ਬੀਮਾਰੀਆਂ ਦਾ ਸਿਕਾਰ ਹੋਣ ਤੋਂ ਬਚਾਇਆ ਜਾ ਸਕੇ। ਇਸ ਕੰਮ ਲਈ ਸਭ ਨੂੰ ਸਹਿਯੋਗ ਕਰਨ ਦੀ ਬਹੁਤ ਜਰੂਰਤ ਹੈ ਤਾਂ ਹੀ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਚੰਗੀ ਜਿੰਦਗੀ ਦੇ ਸਕਦੇ ਹਾਂ। ਮੇਰਾ ਇਹ ਆਰਟੀਕਲ ਲਿਖਣ ਦਾ ਮਕਸਦ ਤਾਂ ਹੀ ਪੂਰਾ ਹੋ ਸਕੇਗਾ ਜੇਕਰ ਇਸ ਨੂੰ ਸਿਰਫ ਪੜ੍ਹ ਕੇ ਛੱਡਣ ਨਾਲੋਂ ਅਮਲ ਵਿੱਚ ਲਿਆਉਣ ਦੀ ਕੋਸਿਸ ਕਰੀਏ।
ਅਨੂਪਾ ਰਾਣੀ ਧਨੌਲਾ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ