ਫਤਿਹਗੜ੍ਹ ਸਾਹਿਬ /1 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)
ਕੌਮੀ ਡਾਕਟਰ ਦਿਵਸ ਤੇ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਵੱਲੋਂ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ.ਦਵਿੰਦਰਜੀਤ ਕੌਰ, ਸਮੂਹ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ ਅਤੇ ਜਿਲ੍ਹਾ ਹਸਪਤਾਲ ਵਿੱਚ ਕੰਮ ਕਰਦੇ ਸਮੂਹ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ।ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਸਮੂਹ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਸਾਡੀ ਜਿੰਦਗੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਸਿਰਫ ਬਿਮਾਰੀਆਂ ਦਾ ਇਲਾਜ ਹੀ ਨਹੀਂ ਕਰਦੇ ਸਗੋਂ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਲਿਉਣ ਵਿੱਚ ਵੀ ਮਹਤਵਪੂਰਨ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਵੱਲੋਂ ਬਿਮਾਰੀਆਂ ਦੀ ਜਾਂਚ ਕਰਕੇ ਲੋਕਾਂ ਦਾ ਸਹੀ ਇਲਾਜ ਕੀਤਾ ਜਾਂਦਾ ਹੈ। ਜਿਸ ਵਿੱਚ ਦਵਾਈਆਂ, ਸਰਜਰੀ ਤੇ ਹੋਰ ਮੈਡੀਕਲ ਪ੍ਰਕਿਰਿਆ ਸ਼ਾਮਿਲ ਹਨ। ਇਸ ਮੌਕੇ ਤੇ ਡਾ. ਦਵਿੰਦਰਜੀਤ ਕੌਰ ਨੇ ਕਲੱਬ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਾਕਟਰੀ ਪੇਸ਼ਾ ਜਿੰਨਾ ਸਤਿਕਾਰਯੋਗ ਹੈ ਉਨਾ ਹੀ ਚੁਣੌਤੀਪੂਰਨ ਵੀ ਹੈ ਜਿਸ ਦੇ ਚਲਦਿਆਂ ਡਾਕਟਰਾਂ ਨੂੰ ਰੋਜਾਨਾ ਹੀ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀਵਨ ਅਤੇ ਮੌਤ ਵਿਚਕਾਰ ਰੋਜਾਨਾ ਕੰਮ ਕਰਨਾ ਡਾਕਟਰਾਂ ਤੇ ਭਾਰੀ ਭਾਵਨਾਤਮਿਕ ਦਬਾਅ ਪਾਉਂਦਾ ਹੈ ਅਤੇ ਕਈ ਪਹਿਲੂਆਂ ਦਾ ਧਿਆਨ ਰੱਖਣਾ ਪੈਂਦਾ ਹੈ। ਡਾਕਟਰ ਮਰੀਜਾਂ ਨੂੰ ਸਿਰਫ ਸ਼ਰੀਰਕ ਸਿਹਤ ਬਾਰੇ ਹੀ ਨਹੀਂ ਬਲਕਿ ਮਾਨਸਿਕ ਸਿਹਤ ਬਾਰੇ ਵੀ ਸਲਾਹ ਦਿੰਦੇ ਹਨ। ਉਨ੍ਹਾਂ ਵੱਲੋਂ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਤਾ ਜਾਂਦਾ ਹੈ ਅਤੇ ਔਖੇ ਸਮੇਂ ਵਿੱਚ ਉਨ੍ਹਾਂ ਦਾ ਸਾਥ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਤੇ ਜਿਲ੍ਹਾ ਟੀਕਾਕਰਨ ਅਫਸਰ ਡਾ.ਰਾਜੇਸ਼ ਕੁਮਾਰ, ਜਿਲ੍ਹਾ ਸਿਹਤ ਅਫਸਰ ਡਾ.ਅਮਨਦੀਪ ਸਿੰਘ, ਜਿਲ੍ਹਾ ਐਪੀਡਿਮਾਲੋਜਿਸਟ ਡਾ.ਪ੍ਰਭਜੋਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ.ਕੰਵਲਦੀਪ ਸਿੰਘ, ਰੋਟਰੀ ਕਲਬ ਤੋਂ ਜਿਲ੍ਹਾ ਗਵਰਨਰ ਭੁਪੇਸ਼ ਮਹਿਤਾ, ਜਿਲ੍ਹਾ ਚੀਫ ਪੈਟਰਨ ਡਾ.ਸੁਭਾਸ਼ ਨਰੂਲਾ, ਜਿਲ੍ਹਾ ਮੁੱਖ ਸਲਾਹਕਾਰ ਗੁਲਬਹਾਰ ਸਿੰਘ, ਪ੍ਰਧਾਨ ਰਾਜੇਸ਼ ਥੋਰ, ਸਕੱਤਰ ਹਰਪ੍ਰੀਤ ਵਰਮਾ ਅਤੇ ਪ੍ਰੋਜੈਕਟ ਚੇਅਰਮੈਨ ਤੋਂ ਇਲਾਵਾ ਜਿਲ੍ਹਾ ਹਸਪਤਾਲ ਦੇ ਸਮੂਹ ਮੈਡੀਕਲ ਅਫਸਰ ਹਾਜਰ ਸਨ।