Friday, April 26, 2024  

ਲੇਖ

ਸ਼ਾਂਤੀ, ਸਥਿਰਤਾ ਤੇ ਮਨੁੱਖਤਾ ਦਾ ਦੁਸ਼ਮਣ ਹੈ ਅੱਤਵਾਦ

June 01, 2023

ਅੱਤਵਾਦ, ਇਕ ਵਿਸ਼ਵ ਵਿਆਪੀ ਸਮੱਸਿਆ ਹੈ ਤੇ ਹੁਣ ਤੱਕ ਲੱਖਾਂ ਮਾਸੂਮ ਅਤੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਇਸ ਅੱਤਵਾਦ ਕਰਕੇ ਜਾ ਚੁੱਕੀਆਂ ਹਨ। ਅੱਤਵਾਦ ਨੇ ਨਾ ਕੇਵਲ ਆਮ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ ਸਗੋਂ ਕਦੇ ਅੱਤਵਾਦੀਆਂ ਦੇ ਰੂਪ ਵਿੱਚ ਤੇ ਕਦੇ ਅੱਤਵਾਦੀਆਂ ਨਾਲ ਲੜ੍ਹਨ ਵਾਲੇ ਸੁਰੱਖਿਆ ਕਰਮੀਆਂ ਦੇ ਰੂਪ ਵਿੱਚ ਆਪਣੇ ਹੀ ਦੇਸ਼ਵਾਸੀਆਂ ਨੂੰ ਗੁਆਇਆ ਹੈ। ਅੱਤਵਾਦ ਸਬੰਧੀ ਇਕ ਗੱਲ ਤਾਂ ਬਿਲਕੁਲ ਸਪੱਸ਼ਟ ਤੇ ਸਾਫ਼ ਹੈ ਤੇ ਉਹ ਹੈ ਕਿ ਅੱਤਵਾਦ ਦਾ ਜਾਂ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਹੈ ਤੇ ਹਰੇਕ ਅੱਤਵਾਦੀ ਚਾਹੇ ਉਹ ਕਿਸੇ ਵੀ ਮਜ਼ਹਬ, ਫ਼ਿਰਕੇ ਜਾਂ ਜ਼ਾਤ ਦਾ ਕਿਉਂ ਨਾ ਹੋਵੇ,ਅਸਲ ਵਿੱਚ ਮਾਨਵਤਾ ਦਾ ਦੁਸ਼ਮਣ ਹੁੰਦਾ ਹੈ ਤੇ ਕਿਸੇ ਤਰ੍ਹਾਂ ਦੀ ਵੀ ਰਿਆਇਤ ਜਾਂ ਮੁਆਫ਼ੀ ਦਾ ਹੱਕਦਾਰ ਨਹੀਂ ਹੁੰਦਾ ਹੈ।
ਅੱਤਵਾਦ ਨੂੰ ਪਰਿਭਾਸ਼ਿਤ ਕਰਦਿਆਂ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਸਿਆਸੀ ਨਿਸ਼ਾਨੇ ਨੂੰ ਸਾਧਣ ਲਈ ਕਾਨੂੰਨੀ ਜਾਂ ਲੋਕਤੰਤਰੀ ਰਸਤਾ ਅਖ਼ਤਿਆਰ ਕਰਨ ਦੀ ਥਾਂ ਹਿੰਸਾਤਮਕ ਮਾਰਗ ਅਪਨਾਉਣਾ ਅਤੇ ਆਮ ਲੋਕਾਂ ਨੂੰ ਜਾਨੋਂ ਮਾਰ ਦੇਣਾ,ਅੱਤਵਾਦ ਕਹਾਉਂਦਾ ਹੈ। ਅੱਤਵਾਦ ਦੀ ਅੱਗ ਵਿੱਚ ਭਾਰਤ ਦੇ ਕਈ ਸੂਬੇ ਬੁਰੀ ਤਰ੍ਹਾਂ ਝੁਲਸ ਚੁੱਕੇ ਹਨ ਤੇ ਕੁਝ ਇਕ ਤਾਂ ਅਜੇ ਵੀ ਸੁਲਗ ਰਹੇ ਹਨ। ਪੰਜਾਬ, ਜੰਮੂ ਕਸ਼ਮੀਰ, ਅਤੇ ਅਸਾਮ ਸਮੇਤ ਕਈ ਹੋਰ ਰਾਜ ਅੱਤਵਾਦ ਵੱਲੋਂ ਦਿੱਤੇ ਨਾਸੂਰ ਜਿਹੇ ਜ਼ਖ਼ਮ ਆਪਣੇ ਪਿੰਡਿਆਂ ‘ਤੇ ਝੱਲ ਚੁੱਕੇ ਹਨ। ਜੇਕਰ ਸੰਸਾਰ ਪੱਧਰੀ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸੰਨ 2014 ਵਿੱਚ 44,600 ਲੋਕਾਂ ਦੀਆਂ ਜਾਨਾਂ ਅੱਤਵਾਦ ਨਾਲ ਜੁੜੀਆਂ ਘਟਨਾਵਾਂ ਵਿੱਚ ਚਲੀਆਂ ਗਈਆਂ ਸਨ ਜਦੋਂ ਕਿ ਭਾਰਤ ਵਿੱਚ ਸੰਨ 2015 ਵਾਪਰੀਆਂ ਅਜਿਹੀਆਂ 884 ਘਟਨਾਵਾਂ ਵਾਪਰੀਆਂ ਜਿਨ੍ਹਾ ਵਿੱਚ 387 ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਸਨ। ਭਾਰਤ ਵਿੱਚ ਸੰਨ 2017 ਵਿੱਚ 966 ਅੱਤਵਾਦੀ ਘਟਨਾਵਾਂ ਵਾਪਰੀਆਂ ਸਨ ਜਿਨ੍ਹਾ ਵਿੱਚ 465 ਨਿਰਦੋਸ਼ ਲੋਕ ਮਾਰੇ ਗਏ ਸਨ। ਸੰਨ 2021 ਅਤੇ 2022 ਵਿੱਚ ਵਾਪਰੀਆਂ ਕ੍ਰਮਵਾਰ 153 ਅਤੇ 157 ਅੱਤਵਾਦੀ ਘਟਨਾਵਾਂ ਵਿੱਚ ਕ੍ਰਮਵਾਰ 36 ਅਤੇ 30 ਨਾਗਰਿਕ ਆਪਣੀਆਂ ਜਾਨਾਂ ਗੁਆ ਬੈਠੇ ਸਨ। ਪੰਜਾਬ , ਕਈ ਵਰ੍ਹੇ ਅੱਤਵਾਦ ਦੀ ਅੱਗ ‘ਚ ਝੁਲਸਦਾ ਰਿਹਾ ਸੀ ਤੇ ਸੈਂਕੜੇ ਨੌਜਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਦੇ ਕੀਤੇ ਗੁਮਨਾਮ ਅੰਤਿਮ ਸੰਸਕਾਰਾਂ ਤੋਂ ਇਲਾਵਾ ਹਜ਼ਾਰਾਂ ਆਮ ਲੋਕਾਂ ਦੀ ਬਲੀ ਇਸ ਚੰਦਰੇ ਅੱਤਵਾਦ ਨੇ ਲੈ ਲਈ ਸੀ। 12 ਮਾਰਚ, ਸੰਨ 1993 ਨੂੰ ਮੁੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਵਿੱਚ 257 ਲੋਕ ਮਾਰੇ ਗਏ ਸਨ ਤੇ 1400 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ ਜਦੋਂ ਕਿ 26 ਨਵੰਬਰ,ਸੰਨ 2008 ਨੂੰ ਮੁੰਬਈ ੳੁੱਤੇ 10 ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕਰਕੇ 175 ਤੋਂ ਵੱਧ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈ ਲਈਆਂ ਸਨ। ਇਨ੍ਹਾ ਹਮਲਿਆਂ ਵਿੱਚ ਕੇਵਲ ਇਕ ਅੱਤਵਾਦੀ ‘ਅਜਮਲ ਕਸਾਬ’ ਹੀ ਜ਼ਿੰਦਾ ਫ਼ੜਿ੍ਹਆ ਗਿਆ ਸੀ ਜਿਸਨੂੰ ਬਾਅਦ ਵਿੱਚ ਕਾਨੂੰਨਨ ਫ਼ਾਂਸੀ ਦੇ ਦਿੱਤੀ ਗਈ ਸੀ। ਉਕਤ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਅੱਤਵਾਦੀਆਂ ਵੱਲੋਂ ਨਰਸੰਹਾਰ ਕੀਤੇ ਜਾਣ ਦੀਆਂ ਜਾਂ ਸੁਰੱਖਿਆ ਮੁਲਾਜ਼ਮਾਂ ਦੀਆਂ ਗੱਡੀਆਂ ਜਾਂ ਚੌਂਕੀਆਂ ‘ਤੇ ਹਮਲਾ ਕਰਕੇ ਉਨ੍ਹਾ ਨੂੰ ਸ਼ਹੀਦ ਕਰ ਦਿੱਤੇ ਜਾਣ ਦੀਆਂ ਹਜ਼ਾਰਾਂ ਵਾਰਦਾਤਾਂ ਵੀ ਵਾਪਰ ਚੁੱਕੀਆਂ ਹਨ ਤੇ ਅਜੇ ਤੱਕ ਵਾਪਰ ਰਹੀਆਂ ਹਨ। ਅੱਤਵਾਦ ਦਾ ਇਹ ਭਿਆਨਕ ਨਾਗ ਹੁਣ ਤੱਕ ਕਈ ਮੁੱਖ ਮੰਤਰੀਆਂ, ਮੰਤਰੀਆਂ, ਉੱਚ-ਅਧਿਕਾਰੀਆਂ, ਡਾਕਟਰਾਂ, ਇੰਜੀਨਿਅਰਾਂ, ਵਪਾਰੀਆਂ, ਨਾਮਵਰ ਸੰਪਾਦਕਾਂ, ਪੱਤਰਕਾਰਾਂ, ਗਾਇਕਾਂ ਅਤੇ ਲਿਖਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।
ਕੌਮਾਂਤਰੀ ਪੱਧਰ ‘ਤੇ ‘ਐਮਨੈਸਟੀ ਇੰਟਰਨੈਸ਼ਨਲ’ ਅਤੇ ‘ਹਿਉਮਨ ਰਾਈਟਸ ਵਾਚ’ ਅਤੇ ਕੌਮੀ ਪੱਧਰ ‘ਤੇ ਭਾਰਤ ਵਿੱਚ ‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ’ ਅਤੇ ‘ਐਮਨੈਸਟੀ ਇੰਟਰਨੈਸ਼ਨਲ ਇੰਡੀਆ’ ਨਾਮਕ ਸੰਸਥਾਵਾਂ ਸਣੇ ਕਈ ਹੋਰ ਸੰਸਥਾਵਾਂ ਅੱਤਵਾਦ ਨਾਲ ਸਬੰਧਿਤ ਮਾਮਲਿਆ ’ਤੇ ਨਜ਼ਰ ਰੱਖਦੀਆਂ ਹਨ ਤੇ ਸਮੇਂ ਸਮੇਂ ‘ਤੇ ਆਪਣੇ ਅੰਕੜੇ ਅਤੇ ਵਿਸ਼ਲੇਸ਼ਣ ਜਾਰੀ ਕਰਦੀਆਂ ਰਹਿੰਦੀਆਂ ਹਨ। ਵਿਸ਼ਵ ਪੱਧਰ ’ਤੇ ਵਾਪਰੀਆਂ ਅੱਤਵਾਦ ਸਬੰਧੀ ਘਟਨਾਵਾਂ ਵਿੱਚ ਇਹ ਪਾਇਆ ਗਿਆ ਹੈ ਕਿ ਅੱਤਵਾਦ ਦੀਆਂ ਅਧਿਕਤਰ ਘਟਨਾਵਾਂ ਮੱਧ ਪੂਰਬ ਦੇ ਦੇਸ਼ਾਂ, ਅਫ਼ਰੀਕਾ ਜਾਂ ਦੱਖਣ ਏਸ਼ੀਆ ਵਿੱਚ ਵਾਪਰਦੀਆਂ ਹਨ। ਵਿਸ਼ਵ ਪੱਧਰ ‘ਤੇ ਅੱਤਵਾਦ ਕਰਕੇ ਸਾਲ 2020 ਵਿੱਚ 22, 847 ਲੋਕ ਮਾਰੇ ਗਏ ਸਨ ਜਿਨ੍ਹਾ ਵਿੱਚੋਂ 44 ਫ਼ੀਸਦੀ ਤਾਂ ਇਕੱਲੇ ਅਫ਼ਗਾਨਿਸਤਾਨ ‘ਚ ਹੀ ਮਾਰੇ ਗਏ ਸਨ। ਵੱਖ-ਵੱਖ ਮੁਲਕਾਂ ਵਿੱਚ ਅੱਤਵਾਦ ਨਾਲ ਸਬੰਧਿਤ ਸੰਗਠਨਾਂ ਦੀ ਰੂਪਰੇਖਾ ਅਲੱਗ ਅਲੱਗ ਹੈ। ਕੁਝ ਇਕ ਮੁਲਕਾਂ ਵਿੱਚ ਅੱਤਵਾਦੀ ਬਹੁਤ ਹੀ ਸੰਗਠਿਤ ਯੋਜਨਾਬੰਦੀ ਨਾਲ ਸੰਗਠਨ ਚਲਾਉਂਦੇ ਹਨ ਤੇ ਕੁਝ ਇਕ ਮੁਲਕਾਂ ਵਿੱਚ ਅੱਤਵਾਦੀ ਛੋਟੇ ਛੋਟੇ ਸਥਾਨਕ ਸਮੂਹਾਂ ਵਿੱਚ ਸਥਾਨਕ ਉਦੇਸ਼ਾਂ ਦੀ ਪੂਰਤੀ ਲਈ ਲੜ੍ਹਦੇ ਹਨ ਜਾਂ ਹੱਤਿਆਵਾਂ ਕਰਦੇ ਹਨ।
ਅੱਜ ਬੜੀ ਲੋੜ ਹੈ ਕਿ ਲੋਕਾਂ ਅੰਦਰ ਅੱਤਵਾਦ ਪ੍ਰਤੀ ਨਫ਼ਰਤ ਅਤੇ ਵਿਰੋਧਤਾ ਪੈਦਾ ਕੀਤੀ ਜਾਵੇ ਤੇ ਲੋਕਾਂ ਨੂੰ ਆਪਸੀ ਪਿਆਰ ਤੇ ਭਾਈਚਾਰਾ ਕਾਇਮ ਰੱਖ ਕੇ ਮਾਨਵਤਾ ਦੇ ਭਲੇ ਲਈ ਕੰਮ ਕਰਨ ਹਿੱਤ ਪ੍ਰੇਰਿਆ ਜਾਵੇ। ਇਸਦੇ ਨਾਲ ਹੀ ਅਸੰਤੁਸ਼ਟ ਧਿਰਾਂ ਨੂੰ ਹਿੰਸਾ ਦਾ ਮਾਰਗ ਦੀ ਥਾਂ ਅਹਿੰਸਾ ਦੇ ਮਾਰਗ ਰਾਹੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰਨ ਹਿਤ ਪ੍ਰੇਰਿਤ ਕੀਤਾ ਜਾਵੇ। ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨਾਂ ਨੂੰ ਅੱਤਵਾਦ ਦੀ ਕਰੂਪਤਾ ਨਾਲ ਜਾਣੂ ਕਰਵਾ ਕੇ ਇਸ ਮਾਰਗ ‘ਤੇ ਚੱਲਣ ਤੋਂ ਰੋਕਿਆ ਜਾਵੇ ਤੇ ਉਨ੍ਹਾ ਨੂੰ ਅੱਤਵਾਦ ਕਰਕੇ ਉਪਜਦੇ ਦੁੱਖਾਂ ਅਤੇ ਤਕਲੀਫ਼ਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਹ ਗੱਲ ਸਭ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਅੱਤਵਾਦ ਨੂੰ ਪਾਲਣ ਵਾਲੇ ਜਾਂ ਅੱਤਵਾਦ ਤੋਂ ਪੀੜਿਤ ਦੇਸ਼ਾਂ ਵਿੱਚੋਂ ਕੋਈ ਵੀ ਤਰੱਕੀ ਨਹੀਂ ਕਰ ਸਕਿਆ ਹੈ। ਅੱਤਵਾਦ ਤਾਂ ਸਭ ਦਾ ਬੁਰਾ ਹੀ ਕਰਦਾ ਹੈ। ਇਹ ਤਾਂ ਅੱਗ ਲਾਉਣ ਵਾਲਿਆਂ ਦੇ ਆਪਣੇ ਹੱਥਾਂ ਨੂੰ ਵੀ ਸਾੜ੍ਹ ਦਿੰਦਾ ਹੈ ਜਿਸਦੀ ਮਿਸਾਲ ਪਾਕਿਸਤਾਨ ਤੇ ਅਫ਼ਗਾਨਿਸਤਾਨ ਹਨ। ਇਸ ਲਈ ਹਰ ਹਾਲ ਵਿੱਚ ਅੱਤਵਾਦ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਇਸਨੂੰ ਪਿਆਰ, ਹਮਦਰਦੀ ਅਤੇ ਸ਼ਾਂਤੀ ਨਾਲ ਨਜਿੱਠਣ ਦੇ ਸਾਰੇ ਰਸਤੇ ਮੁੱਕ ਜਾਣ ’ਤੇ ਹੀ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰਾਂ ਲੋਕਾਂ ਦੀਆਂ ਜਾਇਜ਼ ਮੰਗਾਂ ਸਹਿਜ ਹੀ ਸਵੀਕਾਰ ਕਰ ਲੈਣ ਜਾਂ ਬਾਦਲੀਲ ਆਪਣੀ ਗੱਲ ਸੰਘਰਸ਼ਸ਼ੀਲ ਲੋਕਾਂ ਨੂੰ ਸਮਝਾ ਸਕਣ ਤੇ ਸਭ ਨਾਲ ਇਨਸਾਫ਼ ਕਰਨ ਤਾਂ ਕਿਸੇ ਵੀ ਰਾਜ ਵਿੱਚ ਹਥਿਆਰਬੰਦ ਵਿਦਰੋਹ ਜਾਂ ਅੱਤਵਾਦ ਦੀ ਲੋੜ ਨਹੀਂ ਪਵੇਗੀ। ਅਨੈਤਿਕ ਅਤੇ ਅਸਮਾਜਿਕ ਮੰਗਾਂ ਪੂਰੀਆਂ ਕਰਾਉਣ ਲਈ ਹਥਿਆਰ ਚੁੱਕਣ ਵਾਲੇ ਸੰਗਠਨਾਂ ਤੇ ਵਿਅਕਤੀਆਂ ਨੂੰ ਸਖ਼ਤੀ ਨਾਲ ਕੁਚਲਿਆ ਜਾ ਸਕਦਾ ਹੈ ਪਰ ਗੱਲਬਾਤ, ਸ਼ਾਂਤੀ ਤੇ ਅਹਿੰਸਾ ਦਾ ਰਸਤਾ ਹੀ ਸਰਬੋਤਮ ਰਸਤਾ ਹੈ ਵਰਨਾ ਅੱਤਵਾਦ ਨੇ ਅਜੇ ਤੱਕ ਕਿਸੇ ਦਾ ਭਲਾ ਨਾ ਤਾਂ ਕੀਤਾ ਹੈ ਤੇ ਨਾ ਹੀ ਕਦੇ ਕਰ ਸਕੇਗਾ।
ਪਰਮਜੀਤ ਸਿੰਘ ਨਿੱਕੇਘੁੰਮਣ
-ਮੋਬਾ: 97816-46008

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ