Friday, June 21, 2024  

ਲੇਖ

ਪਾਣੀ ਦੀ ਸੰਭਾਲ

June 02, 2023
ਰੁੱਖ ਅਤੇ ਪਾਣੀ ਤੋਂ ਬਿਨਾਂ ਮਨੁੱਖ ਦਾ ਧਰਤੀ ’ਤੇ ਜੀਵਨ ਅਸੰਭਵ ਹੈ। ਰੁੱਖਾਂ ਨਾਲ ਮਨੁੱਖ ਨੂੰ ਸਾਹ ਲੈਣ ਵਿੱਚ ਅਸਾਨੀ ਹੁੰਦੀ ਹੈ ਜੋ ਕਿ ਜੀਣ ਲਈ ਅਤਿ ਜ਼ਰੂਰੀ ਹੈ ਅਤੇ ਉਂਨਾ ਹੀ ਜ਼ਰੂਰੀ ਪਾਣੀ ਵੀ ਹੈ। ਖਾਣਾ ਖਾਣ ਨਾਲੋਂ ਕਿਤੇ ਜ਼ਿਆਦਾ ਮਹੱਤਵ ਇਨਸਾਨ ਦੇ ਸਰੀਰ ਲਈ ਪਾਣੀ ਰੱਖਦਾ ਹੈ। ਠੰਢੀ ਛਾਂ ਰੁੱਖਾਂ ਨਾਲ ਹੀ ਸੰਭਵ ਹੈ। ਉਸੇ ਤਰ੍ਹਾਂ ਸਾਨੂੰ ਪਾਣੀ ਦੀ ਸੰਭਾਲ ਵੀ ਕਰਨੀ ਪਵੇਗੀ ਜੋ ਹੁਣ ਸਮੇਂ ਦੀ ਮੰਗ ਵੀ ਹੈ। ਅਸੀਂ ਲਗਾਤਾਰ ਧਰਤੀ ਦੀ ਹਿੱਕ ਵਿਚ ਡੂੰਘੇ ਤੋਂ ਡੂੰਘੇ ਬੋਰ ਕਰ ਕੇ ਪਾਣੀ ਕੱਢ ਰਹੇ ਹਾਂ। ਨਹਿਰਾਂ ਦਾ ਪਾਣੀ ਦਿਨੋ-ਦਿਨ ਸੁੱਕ ਰਿਹਾ ਹੈ ਗਲੋਬਲ ਵਾਰਮਿੰਗ ਦਾ ਅਸਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ।  ਅਤੇ ਜੋ ਹਕੀਕਤ ਹੈ ਉਸ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸੋਸ਼ਲ ਮੀਡੀਆ ਜਿਵੇਂ ਵਟਸਐਪ, ਫੇਸਬੁੱਕ ’ਤੇ ਬਹੁਤ ਸਾਰੀਆਂ ਪੋਸਟਾਂ ਰੁੱਖ ਲਾਉਣ ਤੇ ਪਾਣੀ ਬਚਾਉਣ ਲਈ ਵੇਖੀਆਂ ਜਾ ਸਕਦੀਆਂ ਹਨ ਪਰ ਅਸੀਂ ਪੋਸਟ ਪੜ੍ਹ ਕੇ ਅੱਗੇ ਤੁਰਦੇ ਹੁੰਦੇ ਹਾਂ ਭਾਵੇਂ ਸਾਡੇ ਲਾਗੇ ਟੂਟੀ ਖੁੱਲ੍ਹੀ ਹੋਵੇ, ਉਹ ਬੰਦ ਨਹੀਂ ਕਰਦੇ, ਪਰ ਪੋਸਟ ਨੂੰ ਸ਼ੇਅਰ ਜ਼ਰੂਰ ਕਰ ਦਿੰਦੇ ਹਾਂ। ਭਾਵੇਂ ਕੋਈ ਰੁੱਖ ਕੱਟ ਰਿਹਾ ਹੋਵੇ।ਜੇ ਗੱਲ ਕਰੀਏ ਰੁੱਖ ਅਤੇ ਬਨਸਪਤੀ ਦੀ ਤਾਂ 2021 ਦੇ ਅੰਕੜਿਆਂ ਦੇ ਮੁਤਾਬਿਕ ਸੂਬੇ ਵਿਚ 80.4 ਫ਼ੀਸਦੀ ਹਿੱਸਾ ਜੰਗਲ ਅਤੇ ਕੁਦਰਤੀ ਬਨਸਪਤੀ ਦੇ ਅਧੀਨ ਆਉਂਦਾ ਹੈ। 13.3 ਫ਼ੀਸਦੀ ਹਿੱਸਾ ਗੈਰ ਖੇਤੀ ਵਰਤੋਂ ਲਈ ਹੈ ਅਤੇ ਸਿਰਫ਼ 4.06 ਫ਼ੀਸਦੀ ਹਿੱਸਾ ਜੰਗਲ ਦੇ ਅਧੀਨ ਹੈ। ਉਸ ਤੋਂ ਬਾਅਦ ਜੰਗਲ ਹੇਠਲਾ ਰਕਬਾ ਜ਼ਰੂਰ ਘਟਿਆ ਹੋਵੇਗਾ ਅਤੇ ਇਹ ਸਾਲ ਦਰ ਸਾਲ ਘੱਟ ਹੀ ਰਿਹਾ ਹੈ। ਰੁੱਖਾਂ ਦੀ ਕਟਾਈ ਨਿਰੰਤਰ ਜਾਰੀ ਹੈ ਰੁੱਖ ਕੱਟੇ ਜਾ ਰਹੇ ਹਨ ਉਨ੍ਹਾਂ ਦੇ ਮੁਕਾਬਲੇ ਵਿਚ ਰੁੱਖ ਲੱਗ ਨਹੀਂ ਰਹੇ। ਜੇ ਲੱਗ ਰਹੇ ਨੇ ਤਾਂ ਉਨ੍ਹਾਂ ਦੀ ਸਾਂਭ ਸੰਭਾਲ ਨਹੀਂ ਹੋ ਰਹੀ। ਰੁੱਖ ਲਾਉਣ ਨਾਲੋਂ ਪਾਲਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਵੱਡੇ-ਵੱਡੇ ਹਾਈਵੇ ਜੋ ਸਾਧਾਰਨ ਸੜਕਾਂ ਤੋਂ ਵੱਡੀਆਂ ਸੜਕਾਂ ਵਿੱਚ ਤਬਦੀਲ ਹੋ ਰਹੇ ਹਨ, ਜਿੰਨੇ ਉਹ ਰੁੱਖਾਂ ਦੀ ਬਲੀ ਮੰਗਦੇ ਨੇ ਹੋਰ ਸ਼ਾਇਦ ਕਿਤੇ ਵੀ ਨਹੀਂ। ਜੇ ਰੁੱਖ ਲੱਗ ਵੀ ਜਾਣ ਤਾਂ ਉਹ ਪਹਿਲੇ ਰੁੱਖਾਂ ਦਾ ਮੁਕਾਬਲਾ ਹੀ ਨਹੀਂ ਕਰ ਪਾਉਂਦੇ। ਲੋੜ ਹੈ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਜ਼ਮੀਨੀ ਹਕੀਕਤ ਤੋਂ ਜਾਣੂ ਹੋ ਕੇ ਧਿਆਨ ਦੇਣ ਦੀ। ਬੰਦ ਕਮਰੇ ਅੰਦਰ ਕੁਰਸੀ ’ਤੇ ਬੈਠ ਕੇ ਯੁਗ ਨਹੀਂ ਪਲਟੇ ਜਾਂਦੇ ਤੇ ਨਾ ਹੀ ਕੁਝ ਸੁਧਾਰ ਆਉਂਦੇ ਹਨ। ਇਸ ਲਈ ਮੈਦਾਨ ਵਿੱਚ ਉਤਰਨਾ ਪਵੇਗਾ। ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਰੁੱਖਾਂ ਦੇ ਮੌਸਮ ਵਿਚ ਹਰ ਸਾਲ ਘੱਟੋ-ਘੱਟ ਇੱਕ ਰੁੱਖ ਤਾਂ ਲਾਵੇ ਹੀ ਲਾਵੇ। ਇੱਕ ਪਰਿਵਾਰ ਦੇ ਮੈਂਬਰਾਂ ਗਿਣਤੀ ਦੇ ਹਿਸਾਬ ਨਾਲ ਇਹ ਅੰਕੜੇ ਕਾਫੀ ਹੱਦ ਤੱਕ ਰੁੱਖ ਲਾਉਣ ਵਿੱਚ ਵੱਡਾ ਯੋਗਦਾਨ ਸਾਬਿਤ ਹੋ ਸਕਦੇ ਹਨ। ਢੁੱਕਵੇਂ ਮੌਸਮ ਦੇ ਨਾਲ ਕਿਸੇ ਵੀ ਤਰੀਕੇ ਘਰ ਵਿੱਚ, ਘਰ ਦੇ ਬਾਹਰ ਪਿੰਡ, ਕਸਬੇ, ਸ਼ਹਿਰ ਵਿੱਚ ਜਿੱਥੇ ਕਿਤੇ ਵੀ ਮੁਨਾਸਿਬ ਹੋਵੇ ਰੁੱਖ ਜ਼ਰੂਰ ਲਾਉਣੇ ਚਾਹੀਦੇ ਹਨ। ਸਰਕਾਰਾਂ ਵੀ ਇਸ ਕੰਮ ਵਿੱਚ ਅੱਗੇ ਆਉਣ ਤੇ ਨਿਸ਼ਚਿਤ ਕਰਨ ਕਿ ਕਿਸਾਨਾਂ ਕੋਲ ਜੋ ਜਗ੍ਹਾ ਮੋਟਰ ਵਾਲੀ ਥਾਂ ਕੋਲ ਬਚਦੀ ਹੈ, ਉਹ ਉਸ ਉਪਰ ਘੱਟੋ ਘੱਟ ਦਸ ਬੂਟੇ ਜ਼ਰੂਰ ਲਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰ। ਦੇਖਿਆ ਜਾਵੇ ਤਾਂ ਜੇ ਪੰਜਾਬ ਵਿੱਚ 23 ਲੱਖ ਟਿਊਬਵੈੱਲ ਹਨ ਤਾਂ ਵੀਹ ਬੂਟੇ ਪ੍ਰਤੀ ਟਿਊਬਵੈੱਲ ਦੇ ਹਿਸਾਬ ਨਾਲ ਟਿਊਬਵੈਲਾਂ ਨਾਲੋਂ ਦਰਖ਼ਤ ਜ਼ਿਆਦਾ ਹੋ ਸਕਦੇ ਹਨ।
 
ਉਸੇ ਤਰ੍ਹਾਂ ਪਾਣੀ ਨੂੰ ਵੀ ਬਾਣੀ ਅਨੁਸਾਰ ਪਿਉ ਦਾ ਦਰਜਾ ਦਿੱਤਾ ਗਿਆ ਹੈ। ਜਿਵੇਂ ਪਿਉ ਦੀ ਘਾਟ ਪੂਰੀ ਨਹੀਂ ਹੋ ਸਕਦੀ ਉਵੇਂ ਹੀ ਪਾਣੀ ਦੀ ਕਮੀ ਹੋਰ ਕੋਈ ਵੀ ਵਸਤੂ ਪੂਰੀ ਨਹੀਂ ਕਰ ਸਕਦੀ। ਇਸਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਰੁੱਖ ਵੀ ਨਹੀਂ ਪਲ਼ ਸਕਦੇ। ਸਾਲ ਦਰ ਸਾਲ ਧਰਤੀ ਹੇਠਲਾ ਪਾਣੀ ਨੀਵਾਂ ਹੁੰਦਾ ਜਾਣਾ ਚਿੰਤਾ ਦਾ ਵਿਸ਼ਾ ਹੈ ਪਰ ਇਕੱਲੀ ਚਿੰਤਾ ਪ੍ਰਗਟ ਕਰਨ ਨਾਲ ਕੁੱਝ ਨਹੀਂ ਹੋਣਾ। ਚਿੰਤਾ ਨਾਲੋਂ ਚਿੰਤਨ ਕਰਨਾ ਜ਼ਰੂਰੀ ਹੈ। ਚਿੰਤਨ ਕਰ ਕੇ ਹੱਲ ਕੱਢੇ ਜਾ ਸਕਦੇ ਹਨ। ਦਰਿਆਵਾਂ, ਨਹਿਰਾਂ, ਸੂਇਆਂ ਦੇ ਪਾਣੀਆਂ ਨੂੰ ਗੰਧਲਾ ਹੋਣ ਤੋਂ ਬਚਾਈਏ। ਵੱਧ ਤੋਂ ਵੱਧ ਰੁੱਖ ਲਗਾ ਕੇ ਪਾਣੀ ਦਾ ਪੱਧਰ ਉੱਚਾ ਚੁੱਕੀਏ। ਘਰਾਂ ਵਿੱਚ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰੀਏ। ਕਿਤੇ ਵੀ ਜਾ ਰਹੇ ਹੋ ਰਸਤੇ ਵਿੱਚ ਜਿੱਥੇ ਕਿਤੇ ਵੀ ਟੂਟੀ-ਨਲ ਖੁੱਲ੍ਹੇ ਮਿਲਣ ਤਾਂ ਭਾਵੇਂ ਰੁਕਣਾ ਪਵੇ, ਪਰ ਫ਼ਜ਼ੂਲ ਵਗਦੇ ਪਾਣੀ ਨੂੰ ਜ਼ਰੂਰ ਰੋਕੋ। ਕਿਸਾਨਾਂ ਨੂੰ ਵੀ ਕਣਕ ਵੱਢਣ ਤੋਂ ਬਾਅਦ ਝੋਨੇ ਤੱਕ ਖੇਤ ਨੂੰ ਫਜ਼ੂਲ ਪਾਣੀ ਨਹੀਂ ਲਾਉਣਾ ਚਾਹੀਦਾ। ਕੋਈ ਵੀ ਪਾਣੀ ਦੀ ਗ਼ਲਤ ਜਾਂ ਨਜਾਇਜ਼ ਵਰਤੋਂ ਕਰ ਰਿਹਾ ਹੈ ਤਾਂ ਆਪਣਾ ਫਰਜ਼ ਸਮਝ ਕੇ ਉਸ ਨੂੰ ਸਮਝਾਓ ਕੇ ਇਹ ਕਿੰਨਾ ਅਨਮੋਲ ਹੈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜਗੀਰ ਹੈ, ਜੋ ਅਸੀਂ ਉਨ੍ਹਾਂ ਨੂੰ ਸੌਂਪ ਕੇ ਜਾਣੀ ਹੈ।
ਡਾ ਵਨੀਤ ਕੁਮਾਰ ਸਿੰਗਲਾ 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ