Tuesday, September 26, 2023  

ਖੇਤਰੀ

ਪਿੰਡ ਮਸਤਗੜ੍ਹ ਵਿੱਚ ਬਿਲਡਰ ਨੇ ਸ਼ਮਸ਼ਾਨ ਘਾਟ ਨੂੰ ਜਾਂਦੇ ਰਸਤੇ ਵਿੱਚ ਪਲਾਟ ਕੱਟ ਵੇਚ ਦਿੱਤਾ

June 08, 2023

ਪਲਾਟ ਤੇ ਕੀਤੀ ਜਾ ਰਹੀ ਉਸਾਰੀ ਦਾ ਪਿੰਡ ਵਾਸੀ ਕਰ ਰਹੇ ਹਨ ਵਿਰੋਧ

ਮੋਹਾਲੀ, 8 ਜੂਨ (ਗੁਰਵਿੰਦਰ ਸਿੰਘ) :  ਮੋਹਾਲੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਮਸਤਗੜ੍ਹ ਦੇ ਵਸਨੀਕਾਂ ਨੇ ਇਲਜਾਮ ਲਗਾਇਆ ਹੈ ਕਿ ਇੱਕ ਬਿਲਡਰ ਵਲੋਂ ਪਿੰਡ ਵਿੱਚ ਕਾਲੋਨੀ ਕੱਟ ਕੇ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਜਾਣ ਵਾਲੇ ਰਸਤੇ ਵਿੱਚ ਵੀ ਪਲਾਟ ਕੱਟ ਕੇ ਵੇਚ ਦਿੱਤਾ ਗਿਆ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਸ਼ਮਸ਼ਾਨ ਘਾਟ ਜਾਣ ਲਈ ਕੋਈ ਰਸਤਾ ਨਹੀਂ ਬਚਿਆ। ਇਸ ਸਬੰਧੀ ਪਿੰਡ ਮਸਤਗੜ੍ਹ ਦੀ ਸਰਪੰਚ ਕਿਰਪਾਲ ਕੌਰ, ਲੰਬੜਦਾਰ ਰੁਲਦਾ ਸਿੰਘ, ਰਿੰਕੂ ਸਿੰਘ, ਮਨਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਲੌਨੀ ਵਿੱਚ ਮਨੋਹਰ ਸਿੰਘ ਐਂਡ ਕੰਪਨੀ ਨਾਮਕ ਬਿਲਡਰ ਵੱਲੋਂ ਕਾਲੋਨੀ ਕੱਟ ਕੇ ਪਲਾਟ ਵੇਚੇ ਜਾ ਰਹੇ ਹਨ ਜਿਸ ਦੌਰਾਨ ਇਹਨਾਂ ਵਲੋਂ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ਦੇ ਵਿੱਚ ਵੀ ਪਲਾਟ ਕੱਟ ਦਿੱਤਾ ਗਿਆ ਹੈ ਅਤੇ ਇਸ ਪਲਾਟ ਤੇ ਉਸਾਰੀ ਵੀ ਆਰੰਭ ਹੋ ਗਈ ਹੈ। ਉਹਨਾਂ ਕਿਹਾ ਕਿ ਮਾਸਟਰ ਪਲਾਨ ਅਨੁਸਾਰ ਪਿੰਡ ਤੋਂ ਸ਼ਮਸ਼ਾਨ ਘਾਟ ਤੱਕ 22 ਫੁੱਟ ਚੌੜੀ ਸੜਕ ਬਣੀ ਹੋਈ ਹੈ ਅਤੇ ਪਿੰਡ ਤੋਂ ਸ਼ਮਸ਼ਾਨ ਘਾਟ ਤਕ ਦੀ ਇਹ ਸੜਕ ਉਸ ਵੇਲੇ ਦੀ ਹੈ ਜਦੋਂ ਤੋਂ ਪਿੰਡ ਵਸਿਆ ਹੈ। ਉਹਨਾਂ ਕਿਹਾ ਕਿ ਇਸ ਬਿਲਡਰ ਵਲੋਂ ਸ਼ਮਸ਼ਾਨ ਘਾਟ ਤੋਂ ਕੁਝ ਦੂਰੀ ਤੇ ਇਕ ਹੋਰ ਪਲਾਟ ਕੱਟ ਕੇ ਵੇਚ ਦਿੱਤਾ ਹੈ ਜਿਸਤੇ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਲੋਕਾਂ ਦਾ ਸ਼ਮਸ਼ਾਨ ਘਾਟ ਜਾਣ ਦਾ ਰਸਤਾ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਹਿਸੀਲਦਾਰ, ਬੀ.ਡੀ.ਪੀ. ਓ., ਪੰਚਾਇਤ ਸਕੱਤਰ ਸਭ ਨੂੰ ਸ਼ਿਕਾਇਤ ਕੀਤੀ ਹੈ। ਪਰ ਅੱਜ ਤੱਕ ਇਸ ਮਾਮਲੇ ਨੂੰ ਕਿਸੇ ਵੀ ਅਧਿਕਾਰੀ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਇਲਜਾਮ ਲਗਾਇਆ ਕਿ ਇਸ ਮਾਮਲੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਲੀਭੁਗਤ ਹੈ। ਕਿਉਂਕਿ ਜਦੋਂ ਪਿੰਡ ਦੇ ਲੋਕਾਂ ਨੇ ਉਸ ਪਲਾਟ ਦੀ ਉਸਾਰੀ ਦਾ ਵਿਰੋਧ ਕੀਤਾ ਤਾਂ ਪਲਾਟ ਮਾਲਕ ਨੇ ਉਨ੍ਹਾਂ ਨੂੰ ਮਾਸਟਰ ਪਲਾਨ ਦਿਖਾਇਆ ਜਿਸ ਵਿੱਚ ਉਸ ਦਾ ਪਲਾਟ ਮਾਸਟਰ ਪਲਾਨ ਵਿੱਚ ਸ਼ਾਮਲ ਵਿਖਾਇਆ ਗਿਆ ਹੈ। ਇਸ ਦੇ ਨਾਲ ਹੀ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਸਰਕਾਰੀ ਸੜਕ ਵਿਚਕਾਰ ਆ ਰਹੀ ਸੀ ਤਾਂ ਕਲੋਨੀ ਦਾ ਮਾਸਟਰ ਪਲਾਨ ਕਿਵੇਂ ਮਨਜ਼ੂਰ ਹੋਇਆ। ਉਹਨਾਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਉਸਾਰੀ ਦਾ ਕੰਮ ਬੰਦ ਕਰਵਾ ਕੇ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਰਾਹਤ ਮਿਲੇ। ਪਿੰਡ ਵਾਸੀਆਂ ਨੇ ਕਿਹਾ ਜੇਕਰ 10 ਦਿਨਾਂ ਤੱਕ ਉਹਨਾਂ ਦੀ ਸੁਣਵਾਈ ਨਹੀ ਹੋਈ ਤਾਂ ਉਹਨਾਂ ਵਲੋਂ ਹਾਈਵੇ ਤੇ ਧਰਨਾ ਲਗਾ ਦਿੱਤਾ ਜਾਵੇਗਾ।
ਇਸ ਸੰਬੰਧੀ ਸੰਪਰਕ ਕਰਨ ਤੇ ਬੀ ਡੀ ਪੀ ਓ ਖਰੜ ਸ੍ਰੀ ਪ੍ਰਦੀਪ ਸ਼ਾਰਦਾ ਨੇ ਕਿਹਾ ਕਿ ਇਸ ਸੜਕ ਦੇ ਮਾਮਲੇ ਵਿੱਚ ਪਹਿਲਾਂ ਹੀ ਪਿੰਡ ਦੀ ਪੰਚਾਇਤ ਦੇ ਹੱਕ ਵਿੱਚ ਫੈਸਲਾ ਹੋ ਚੁੱਕਿਆ ਹੈ ਅਤੇ ਕਬਜਾ ਵਾਰੰਟ ਵੀ ਜਾਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਐਸ ਡੀ ਐਮ ਨੂੰ ਪੱਤਰ ਭੇਜ ਕੇ ਪੁਲੀਸ ਫੋਰਸ ਅਤੇ ਡਿਊਟੀ ਮਜਿਸਟ੍ਰੇਟ ਦੀ ਮੰਗ ਕੀਤੀ ਗਈ ਹੈ ਅਤੇ ਉਹਨਾਂ ਵਲੋਂ ਪਿੰਡ ਦਾ ਦੌਰਾ ਵੀ ਕੀਤਾ ਗਿਆ ਹੈ।
ਪਿੰਡ ਦੀ ਪੰਚਾਇਤ ਨੂੰ ਕਬਜਾ ਦਿਵਾਵਾਂਗੇ : ਐਸ ਡੀ ਐਮ ਰਵਿੰਦਰ ਸਿੰਘ
ਇਸ ਸੰਬੰਧੀ ਖਰੜ ਦੇ ਐਸ ਡੀ ਐਮ ਸ਼੍ਰੀ ਰਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਹੈ ਅਤੇ ਇਸ ਮਾਮਲੇ ਵਿੱਚ ਪਿੰਡ ਵਾਸੀਆਂ ਦੇ ਹੱਕ ਵਿੱਚ ਕਬਜਾ ਵਾਰੰਟ ਵੀ ਜਾਰੀ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਪਹਿਲਾਂ ਮਾਲ ਅਫਸਰਾਂ ਦੀ ਹੜਤਾਲ ਕਾਰਨ ਇਸ ਮਾਮਲੇ ਵਿੱਚ ਡਿਊਟੀ ਮਜਿਸਟ੍ਰੇਟ ਦੀ ਤੈਨਾਤੀ ਨਹੀਂ ਹੋ ਪਾਈ ਸੀ ਅਤੇ ਛੇਤੀ ਹੀ ਇਸ ਸੰਬੰਧੀ ਡਿਊਟੀ ਮਜਿਸਟ੍ਰੇਟ ਨਿਯੁਕਤ ਕਰਕੇ ਸੜਕ ਦੀ ਥਾਂ ਨੂੰ ਖਾਲੀ ਕਰਵਾਇਆ ਜਾਵੇਗਾ ਅਤੇ ਪਿੰਡ ਦੀ ਪੰਚਾਇਤ ਨੂੰ ਸੜਕ ਦਾ ਕਬਜਾ ਦਿਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸੰਬੰਧੀ ਮੌਕੇ ਤੇ ਨਿਸ਼ਾਨਦੇਹੀ ਕਰਵਾਈ ਜਾਵੇਗੀ ਅਤੇ ਜੇਕਰ ਸੜਕ ਦੀ ਥਾਂ ਤੇ ਕੋਈ ਉਸਾਰੀ ਹੋਈ ਤਾਂ ਉਸਨੂੰ ਹਟਾ ਕੇ ਸੜਕ ਨੂੰ ਖਾਲੀ ਕਰਵਾਇਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ