Thursday, September 28, 2023  

ਲੇਖ

ਨੇਤਾਵਾਂ ਦੀ ਬਦਜ਼ੁਬਾਨੀ ਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਨੁਕਸਾਨ

August 24, 2023

ਦੇਖਿਆ ਜਾਏ ਤਾਂ ਇਸ ਸਮੇਂ ਪੰਜਾਬ ਵਿਚ ਮੁੱਦਿਆਂ ਉੱਪਰ ਕੋਈ ਉਸਾਰੂ ਰਾਜਨੀਤੀ ਨਹੀਂ ਹੋ ਰਹੀ। ਮੁੱਖ ਮੰਤਰੀ ਅਤੇ ਵਿਰੋਧੀ ਨੇਤਾਵਾਂ ਵਿੱਚਕਾਰ ਚੱਲ ਰਹੇ ਦੋਸ਼ -ਪ੍ਰਤੀਦੋਸ਼ ਦੌਰਾਨ ਸ਼ਬਦਾਵਲੀ ਦਾ ਮਿਆਰ ਬਹੁਤ ਹੀ ਹੇਠਲੀ ਪੱਧਰ ਤੇ ਜਾ ਪੁੱਜਾ ਹੈ। ਮੁੱਖ ਮੰਤਰੀ ਦਾ ਵਿਰੋਧੀ ਨੇਤਾਵਾਂ ਨਾਲ ਹਰ ਵਿਸ਼ੇ ਤੇ ਉਲਝਣਾ ਆਮ ਜਿਹਾ ਵਰਤਾਰਾ ਬਣ ਚੁੱਕਿਆ ਹੈ। ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪ੍ਰਤੀ ਬਹੁਤ ਹੀ ਇਤਰਾਜ਼ ਯੋਗ ਸ਼ਬਦਾਵਲੀ ਦਾ ਇਸਤੇਮਾਲ ਹੋਇਆ ਹੈ। ਮੁੱਖ ਮੰਤਰੀ ਵੱਲੋਂ ਵਿਰੋਧੀ ਨੇਤਾਵਾਂ ਨੂੰ ਨਿੱਜੀ ਹਮਲੇ ਕਰਕੇ ਬੇਈਮਾਨ ਅਤੇ ਭਿ੍ਰਸ਼ਟ ਹੋਣ ਦੇ ਸਿੱਧੇ ਇਲਜਾਮ ਲਗਾਏ ਗਏ। ਆਮ ਕਰਕੇ ਮੁੱਖ ਮੰਤਰੀ ਤੋਂ ਨਿੱਜੀ ਤੌਰ ਤੇ ਅਜਿਹੇ ਵਰਤਾਰੇ ਅਤੇ ਭਾਸ਼ਾ ਦੀ ਆਸ ਨਹੀਂ ਕੀਤੀ ਜਾਂਦੀ। ਮੁੱਖ ਮੰਤਰੀ ਦੀ ਟਿੱਪਣੀਆਂ ਦਾ ਜਵਾਬ ਇਹਨਾਂ ਨੇਤਾਵਾਂ ਵੱਲੋਂ ਉਸੇ ਭਾਸ਼ਾ ਵਿੱਚ ਦਿੱਤਾ ਗਿਆ ਅਤੇ ਮੁੱਖ ਮੰਤਰੀ ਨੂੰ ਪੂਰੀ ਸ਼ਕਤੀ ਨਾਲ ਕਾਰਵਾਈ ਕਰਨ ਦੇ ਚੈਲੰਜ ਵੀ ਕੀਤੇ ਗਏ। ਮੁੱਖ ਮੰਤਰੀ ਕਿਸੇ ਵੀ ਭਿ੍ਰਸ਼ਟਾਚਾਰੀ ਵਿਰੁੱਧ ਕਾਰਵਾਈ ਦੀ ਪੂਰੀ ਸ਼ਕਤੀ ਰੱਖਦੇ ਨੇ ਅਤੇ ਬਣਦਾ ਤਾਂ ਇਹ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਤੇ ਕੋਈ ਦੋਸ਼ ਹਨ ਤਾਂ ਉਨ੍ਹਾਂ ਖਿਲਾਫ ਪੜਤਾਲ ਕਰਾ ਕੇ ਕਾਰਵਾਈ ਕਰਨ ਅਤੇ ਖੁਦ ਮਾੜੀ ਭਾਸ਼ਾ ਵਰਤਣ ਤੋਂ ਪਰਹੇਜ਼ ਕਰਨ। ਵਿਰੋਧੀਆਂ ਦਾ ਕਹਿਣੈ ਕਿ ਮੁੱਖ ਮੰਤਰੀ ਆਪਣੀ ਪਾਰਟੀ ਦੇ ਭਿ੍ਰਸ਼ਟਾਚਾਰ ਅਤੇ ਅਨੈਤਿਕ ਦੋਸ਼ਾਂ ਵਿਚ ਲਿਪਤ ਲੀਡਰਾਂ ਖਿਲਾਫ ਕਾਰਵਾਈ ਨਹੀਂ ਕਰਦੇ ਹਨ, ਵਿਰੋਧੀਆਂ ਨੂੰ ਬਦਨਾਮ ਕਰਨ ਵਿਚ ਲੱਗੇ ਰਹਿੰਦੇ ਨੇ। ਭੱਦੀ ਸ਼ਬਦਾਵਲੀ ਕਾਰਨ ਹੀ ਰਾਜਪਾਲ ਅਤੇ ਕੇਂਦਰ ਨਾਲ ਮੁੱਖ ਮੰਤਰੀ ਦਾ ਲਗਾਤਾਰ ਕਲੇਸ਼ ਚਲ ਰਿਹੈ। ਇਸ ਨਾਲ ਪੰਜਾਬ ਦਾ ਭਾਰੀ ਨੁਕਸਾਨ ਵੀ ਹੋ ਰਿਹੈ। ਮੁੱਖ ਮੰਤਰੀ ਰਾਜਪਲ ਨੂੰ ਬੀਜੇਪੀ ਦਾ ਏਜੰਟ, ਵਿਹਲਾ ਅਤੇ ਚਿੱਠੀਆਂਨੂੰ ਲਵਲੈਟਰ ਕਹਿਣ ਵਰਗੀ ਮਾੜੀ ਭਾਸ਼ਾ ਵਰਤਦੇ ਨੇ। ਇਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਰਾਜਪਾਲ ਦਾ ਕਹਿਣੈ ਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਮੁੱਖ ਮੰਤਰੀ ਉਨ੍ਹਾਂ ਦੀਆਂ ਚਿੱਠੀਆਂ ਦਾ ਉਤਰ ਨਹੀਂ ਦੇ ਰਹੇ । ਰਾਜਪਾਲ ਕਹਿ ਚੁੱਕੇ ਨੇ ਕਿ ਉਹ ਮੁੱਖ ਮੰਤਰੀ ਵੱਲੋਂ ਹੋ ਰਹੇ ਅਪਮਾਨ ਅਤੇ ਗੈਰ ਸੰਵਿਧਾਨਕ ਚਲਣ ਦਾ ਮਾਮਲਾਵ ਰਾਸ਼ਟਰਪਤੀ ਪਾਸ ਉਠਾ ਸਕਦੇ ਹਨ, ਜਿਸ ਨਾਲ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਹੁਣੇ ਹੁਣੇ ' ਆਪ ' ਦੇ ਇਕ ਐਮਐਲਏ ਵਲੋਂ ਥਾਣੇਦਾਰ ਦੀ ਦਫਤਰ ਬੁਲਾ ਕੇ ਪਿਟਾਈ ਦੇ ਮਾਮਲੇ ਤੇ ਵੀ ਮੁੱਖ ਮੰਤਰੀ ਨੇ ਚੁੱਪ ਸਾਧ ਰੱਖੀ ਹੈ।
ਇਸ ਵਾਰ ਪਹਾੜੀ ਸੂਬਾ ਹਿਮਾਚਲ ਹੋਈ ਰਿਕਾਰਡ ਤੋੜ ਬਾਰਿਸ਼ ਨਾਲ ਪੂਰੀ ਤਰਾਂ ਬਰਬਾਦ ਹੋ ਚੁੱਕਾ ਹੈ। ਭਾਖੜਾ ਅਤੇ ਪੋਂਗ ਡੈਮਾਂ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੇ ਪੁੱਜਣ ਕਾਰਨ ਫਲੱਡ ਗੇਟ ਖੋਲਣੇ ਪਏ ਨੇ। ਇਸ ਨਾਲ ਪੰਜਾਬ ਦੇ ਸਤਲੁਜ, ਬਿਆਸ, ਰਾਵੀ, ਉਝ ਅਤੇ ਘੱਗਰ ਦਰਿਆਵਾਂ ਵਿੱਚ ਵਧੇਰੇ ਪਾਣੀ ਆਉਣ ਕਾਰਨ ਬਹੁਤ ਥਾਵਾਂ ਤੇ ਪਾੜ ਪਏ ਹੋਏ ਨੇ। ਸੂਬੇ ਦੇ 19 ਜਿਲ੍ਹਿਆਂ ਦੇ 1500 ਤੋਂ ਵਧੇਰੇ ਪਿੰਡ ਪੂਰੀ ਤਰ੍ਹਾਂ ਹੜ ਦੀ ਮਾਰ ਝੱਲ ਰਹੇ ਨੇ। ਬਹੁਤ ਸਾਰੇ ਘਰਾਂ ਵਿਚ ਪਾਣੀ ਭਰ ਚੁੱਕਿਆ ਹੈ ਅਤੇ ਸੰਪਰਕ ਦੂਜੇ ਇਲਾਕਿਆਂ ਨਾਲੋਂ ਟੁੱਟ ਚੁੱਕਾ ਹੈ।ਫ਼ਸਲਾਂ, ਘਰਾਂ ਅਤੇ ਪਸ਼ੂਆਂ ਦਾ ਵੀ ਬੇਹਿਸਬਾ ਨੁਕਸਾਨ ਹੋਇਆ ਹੈ। ਸੂਬੇ ਦੇ ਮੁੱਖ ਸਕੱਤਰ ਅਨੁਸਾਰ ਕੁੱਲ ਮਿਲਾ ਕੇ 1500 ਕਰੋੜ ਵਧੇਰੇ ਨੁਕਸਾਨ ਦਾ ਅਨੁਮਾਨ ਹੈ। ਦਰਿਆਵਾਂ ਵਿੱਚ ਆਏ ਨੇ ਪਿੰਡਾਂ ਵਿੱਚ ਨੁਕਸਾਨ ਕੀਤਾ ਹੈ। ਪਿੰਡਾਂ ਦੇ ਲੋਕਾਂ ਨੇ ਆਪਣੇ ਸਾਧਨਾਂ ਰਾਹੀਂ ਬੰਨਾ ਵਿਚ ਪਏ ਵੱਡੇ ਪਾੜ ਸਰਕਾਰੀ ਸਹਾਇਤਾ ਤੋਂ ਬਗੈਰ ਦਿਨ ਰਾਤ ਲਗਾ ਕੇ ਪੂਰੇ ਨੇ। ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਅਤੇ ਲੋਕਾਂ ਨੇ ਇਕੱਠੇ ਹੋ ਕੇ ਕਰੀਬ 2200 ਮੀਟਰ ਲੰਮਾ ਸੁਰੱਖਿਆ ਬੰਨ੍ਹ ਮਾਰਿਆ ਹੈ, ਜਿਸ ਨਾਲ ਕਰੀਬ 1200 ਹੈਕਟੇਅਰ ਫ਼ਸਲ ਦਾ ਬਚਾਅ ਹੋਇਆ ਹੈ। ਬੀਤੇ ਦਿਨ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਮਿਲਣ ਵਾਲੇ ਥਾਂ ਹਰੀਕੇ ਲਾਗੇ ਵੱਡਾ ਪਾੜ ਪਿਆ, ਜਿਸ ਨਾਲ ਦਰਜਨਾਂ ਪਿੰਡ ਪਾਣੀ ਵਿੱਚ ਘਿਰ ਗਏ ਨੇ। ਲੱਖਾਂ ਕਿਉਸਕ ਪਾਣੀ ਹੁਸੈਨੀਵਾਲਾ ਬੈਰਾਜ ਤੋਂ ਪਾਕਿਸਤਾਨ ਵਾਲੇ ਪਾੱਸੇ ਛੱਡਿਆ ਗਿਆ ਹੈ।
ਐਨਡੀਆਰਐਫ ਦੀਆਂ ਟੀਮਾਂ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਕੱਢ ਰਹੀਆਂ ਨੇ ਅਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਗਏ ਅਤੇ ਪੀੜਤਾਂ ਨੂੰ ਹਰ ਤਰ੍ਹਾਂ ਦੇ ਨੁਕਸਾਨ ਦੇ ਪੂਰੇ ਮੁਆਵਜੇ ਦਾ ਵਿਸ਼ਵਾਸ ਦਵਾ ਚੁੱਕੇ ਨੇ। ਪਰ ਦੇਖਣਾ ਹੋਏਗਾ ਕਿ ਕੇਂਦਰ ਦੇ ਨਿਰਧਾਰਿਤ ਦਰ ਤੋਂ ਵਧੇਰੇ ਮੁਆਵਜ਼ਾ ਕਿਵੇਂ ਦੇਣਗੇ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬਣੀਆਂ ਸੁਰੱਖਿਆ ਬਲ ਦੀਆਂ ਦੋ ਚੌਕੀਆਂ ਤਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ ਜਦੋਂ ਕਿ ਚਾਰ ਚੌਕੀਆਂ ਚਾਰੇ ਪਾਸਿਓਂ ਪਾਣੀ ਨਾਲ ਘਿਰੀਆਂ ਹੋਈਆਂ ਹਨ। ਰਾਹਤ ਦੀ ਖਬਰ ਹੈ ਕਿ ਹੁਣ ਡੈਮਾਂ ’ਚੋਂ ਪਾਣੀ ਘੱਟ ਛੱਡਿਆ ਜਾ ਰਿਹਾ ਹੈ, ਜਿਸ ਨਾਲ ਬਚਾਅ ਕੰਮ ਤੇਜੀ ਨਾਲ ਹੋ ਸਕਣਗੇ। ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਦੀ ਵਿਸ਼ੇਸ ਟੀਮ ਨੇ ਦੌਰਾ ਕੀਤਾ ਹੈ। ਸਰਕਾਰ ਨੇ ਵਿਸ਼ੇਸ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਨੇ। ਵਰੋਧੀ ਪਾਰਟੀਆਂ ਵਲੋਂ ਪੀੜਤ ਲੋਕਾਂ ਨੂੰ ਜਲਦੀ ਰਾਹਤ ਅਤੇ ਮੁਆਵਜ਼ਾ ਨਾਂ ਦੇਣ ਲਈ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ। ਪਹਿਲਾਂ ਹੀ 3 ਲੱਖ ਕਰੋੜ ਤੋਂ ਵਧ ਦੇ ਕਰਜੇ ਹੇਠ ਦੱਬੇ ਸੂਬੇ ਲਈ ਹੜ੍ਹਾਂ ਦੀ ਭਾਰੀ ਮਾਰ ਝੱਲਣੀ ਆਸਾਨ ਨਹੀਂ, ਇਸ ਔਖੇ ਵਖਤ ਕੇਂਦਰ ਸਰਕਾਰ ਨੂੰ ਵੀ ਰਾਹਤ ਫੰਡ ਵਿਚੋਂ ਖੁਲ ਕੇ ਮਦੱਦ ਕਰਨੀ ਬਣਦੀ ਹੈ। ਹੜ੍ਹਾਂ ਦੀ ਮਾਰ ਵਿੱਚੋਂ ਉਭਰਨਾ ਸੂਬੇ ਲਈ ਇੱਕ ਬਹੁਤ ਵੱਡਾ ਚੈਲੇਂਜ ਹੈ। ਬੇਸ਼ੱਕ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਪੀੜਤ ਲੋਕਾਂ ਲਈ ਦੀ ਸਹਾਇਤਾ ਲਈ ਦਿਨ ਰਾਤ ਕੰਮ ਕਰ ਰਹੀਆਂ ਨੇ, ਫਿਰ ਵੀ ਮੁੱਖ ਜਿੰਮੇਵਾਰੀ ਸੂਬਾ ਸਰਕਾਰ ਦੀ ਹੀ ਬਣਦੀ ਹੈ। ਅਜਿਹੇ ਮਾੜੇ ਹਾਲਾਤਾਂ ਵਿੱਚ ਮੁੱਖ ਮੰਤਰੀ ਦੀ ਕੁਦਰਤੀ ਆਫ਼ਤ ਸਮੇਂ ਕੇਜਰੀਵਾਲ ਦੇ ਨਾਲ ਛਤੀਸ਼ਗੜ੍ਹ ਜਾ ਕੇ ਚੋਣ ਰੈਲੀ ਕਰਨ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ‘ਆਪ’ ਸੁਪਰੀਮੋ ਕੇਜਰੀਵਾਲ ਦਾ ਚੋਣ ਰੈਲੀਆਂ ਲਈ ਹੋਰ ਸੂਬਿਆਂ ਵਿਚ ਜਾਣਾ, ਪਰ ਹੜ੍ਹਾਂ ਵਿੱਚ ਡੁੱਬੇ ਪੰਜਾਬ ਦੀ ਸਾਰ ਨਾ ਲੈਣਾ ਵੀ ਕਾਫੀ ਅੱਖਰ ਰਿਹਾ ਹੈ।
ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਮੁੱਖ ਮੰਤਰੀ ਦੀ ਸ਼ਬਦਾਵਲੀ ਨੂੰ ਇਸ ਉੱਚੇ ਅਹੁਦੇ ਦੇ ਮਿਆਰ ਅਨੁਕੂਲ ਨਹੀਂ ਕਿਹਾ ਜਾ ਸਕਦਾ ਅਤੇ ਅਜਿਹਾ ਵਰਤਾਰਾ ਸਮੁੱਚੇ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾ ਰਿਹੈ। ਜਦੋਂ ਸੂਬਾ ਪਹਿਲਾਂ ਹੀ ਹੜ੍ਹਾਂ ਨਾਲ ਭਾਰੀ ਤਬਾਹੀ ਦਾ ਸਾਹਮਣਾ ਕਰ ਰਿਹੈ, ਤਾਂ ਮੁੱਖ ਮੰਤਰੀ ਨੂੰ ਸਭ ਤੋਂ ਵਧ ਧਿਆਨ ਕੇਂਦਰ ਸਰਕਾਰ ਨਾਲ ਰਾਬਤਾ ਸਾਧ ਕੇ ਵਧੇਰੇ ਫੰਡ ਲਿਆਉਣ ਵੱਲ ਦੇਣਾ ਚਾਹੀਦਾ ਹੈ। ਤਾਂ ਕਿ ਹੜ੍ਹ ਪੀੜਤਾਂ ਨੂੰ ਐਲਾਨਿਆ ਗਿਆ ਮੁਆਵਜ਼ਾ ਸਮੇਂ ਸਿਰ ਦਿੱਤਾ ਜਾ ਸਕੇ।
ਦਰਸ਼ਨ ਸਿੰਘ ਸ਼ੰਕਰ
-ਮੋਬਾ: 9915836543

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ