ਡਰਾਇਵਰੀ ਸਾਡਾ ਪਿਤਾ ਪੁਰਖੀ ਕਿੱਤਾ ਬਣ ਗਈ ਸੀ । ਪਹਿਲਾਂ ਮੇਰੇ ਦਾਦਾ ਜੀ ਬਲਦਾਂ ਵਾਲੇ ਗੱਡੇ ਤੇ ਕਿਰਾਇਆ ਕਰਕੇ ਘਰ ਦਾ ਖਰਚਾ ਚਲਾਉਂਦੇ ਸੀ । ਕਦੇ ਕਦੇ ਬਾਪੂ (ਪਿਤਾ ਜੀ) ਮੈਨੂੰ ਦਾਦਾ ਜੀ ਦੀਆਂ ਗੱਲਾਂ ਸੁਣਾਉਣ ਬਹਿ ਜਾਂਦੇ ਕਿ ਕਿਵੇਂ ਦਾਦਾ ਜੀ ਕੋਲ ਜੋ ਬਦਲਾਂ ਦੀ ਜੋੜੀ ਸੀ ਸਾਰੇ ਇਲਾਕੇ ਵਿੱਚ ਉਸ ਦੀ ਗੱਲ ਹੁੰਦੀ ਸੀ । ਦਾਦਾ ਜੀ ਨੇ ਕਦੇ ਬਲਦਾਂ ਨੂੰ ਕੁੱਟਿਆ ਨਹੀਂ ਸੀ ਬੱਸ ਕੁਝ ਸੋਟੀ ਦੇ ਇਸ਼ਾਰੇ ਹੀ ਸਨ ਜਿਸ ਨਾਲ ਕਦੇ ਕਦੇ ਘੰਟਿਆਂ ਵਿੱਚ ਮੁਕਣ ਵਾਲਾ ਕੰਮ ਉਹ ਮਿੰਟਾਂ ਚ ਮੁਕਾ ਦਿੰਦੇ । ਪਿੱਤਲ ਨਾਲ ਮੜ੍ਹੇ ਹੋਏ ਗੱਡੇ ਨੇ ਧੁੱਪੇ ਤੁਰੇ ਜਾਂਦੇ ਲਿਛਕਾ ਮਾਰਦੇ ਜਾਣਾ । ਢੱਲਦੀ ਉਮਰ ਨਾਲ ਕਿਵੇਂ ਦਾਦਾ ਜੀ ਨੇ ਇਹੇ ਕੰਮ ਬਾਪੂ ਨੂੰ ਸੌਂਪ ਦਿੱਤਾ ਮੈਂ ਇਹੇ ਸਾਰੀਆਂ ਗੱਲਾਂ ਬੜੀ ਰੀਝ ਨਾਲ ਸੁਣਦਾ । ਬਦਲਦੇ ਸਮੇਂ ਦੇ ਨਾਲ ਜਦੋਂ ਟਰੈਕਟਰਾਂ ਦਾ ਯੁੱਗ ਆਇਆ ਤਾਂ ਮੇਰੇ ਬਾਪੂ ਨੇ ਵੀ ਕੁਝ ਰਿਸ਼ਤੇਦਾਰਾਂ ਤੋਂ ਥੋੜ੍ਹੀ ਥੋੜ੍ਹੀ ਮਦਦ ਲੈ ਕੇ ਨਵਾਂ ਆਇਛਰ ਟਰੈਕਟਰ ਅਤੇ ਟਰਾਲੀ ਵੀ ਖਰੀਦ ਲਈ । ਉਸ ਟਾਇਮ ਮੈਂ ਤੀਜੀ ਜਮਾਤ ਵਿੱਚ ਪੜ੍ਹਦਾ ਸੀ । ਹੁਣ ਮੇਰਾ ਸਕੂਲ ਜਾਣ ਨੂੰ ਜੀਅ ਘੱਟ ਕਰਿਆ ਕਰਨਾ ਤੇ ਟਰੈਕਟਰ ਉਪਰ ਚੜ੍ਹ ਕੇ ਕੱਪੜੇ ਨਾਲ ਸਾਫ਼ ਕਰਨ ਨੂੰ ਜੀਅ ਜ਼ਿਆਦਾ ਕਰਿਆ ਕਰਨਾ । ਬਾਪੂ ਨੇ ਵੀ ਦਾਦਾ ਜੀ ਵਾਂਗੂੰ ਬਹੁਤ ਮਿਹਨਤ ਕੀਤੀ । ਘਰ ਦੇ ਹਾਲਾਤ ਹੁਣ ਪਹਿਲਾਂ ਨਾਲੋਂ ਵੀ ਵਧੀਆ ਹੋਣ ਲੱਗ ਪਏ ਸੀ । ਭਾਵੇਂ ਦਿਨ ਹੋਣਾ ਚਾਹੇ ਰਾਤ, ਬਾਪੂ ਨੇ ਕਦੇ ਵੀ ਕਿਸੇ ਨੂੰ ਕਰਾਏ ਤੋਂ ਜਵਾਬ ਨਹੀਂ ਸੀ ਦਿੱਤਾ । ਬੇਸ਼ੱਕ ਕਿਸੇ ਨੇ ਆਪਣੇ ਖੇਤਾਂ ਵਿੱਚੋਂ ਰਾਤ ਬਾਰਾਂ ਵਜੇ ਵੀ ਦਾਣੇ ਸਾਂਭ ਵਿਹਲੇ ਹੋਣਾ ਜੇ ਉਹਨਾਂ ਨੇ ਦਾਣੇ ਘਰੇ ਲਿਆਉਣ ਲਈ ਬਾਪੂ ਨੂੰ ਆਵਾਜ਼ ਮਾਰਨੀ ਤਾਂ ਬਾਪੂ ਕਦੇ ਵੀ ਕੋਈ ਬਹਾਨਾ ਨਾ ਮਾਰਦੇ ਸਗੋਂ ਝੱਟ ਹੀ ਟਰੈਕਟਰ ਨੂੰ ਹੈਂਡਲ ਮਾਰ ਉਹਨਾਂ ਨਾਲ ਤੁਰ ਪੈਂਦੇ । ਹੁਣ ਮੈਂ ਵੀ ਪੰਜ ਜਮਾਤਾਂ ਪਾਸ ਕਰ ਲਈਆਂ ਸਨ ਮੇਰਾ ਸਕੂਲ ਜਾਣ ਨੂੰ ਜੀਅ ਹੁਣ ਬਿਲਕੁਲ ਵੀ ਨਾ ਕਰਦਾ ਕਿਉਂਕਿ ਹੁਣ ਮੇਰੇ ਵੀ ਪੈਰ ਟਰੈਕਟਰ ਦੇ ਕਲੱਚ ਅਤੇ ਬਰੇਕਾਂ ਤੇ ਪਹੁੰਚਣ ਲੱਗੇ ਪਏ ਸੀ । ਬਾਪੂ ਨੇ ਮੇਰੀ ਪੜ੍ਹਾਈ ਵਿੱਚ ਰੁਚੀ ਨੂੰ ਨਾ ਦੇਖਦੇ ਹੋਏ ਮੈਂਨੂੰ ਵੀ ਪੜ੍ਹਨੋਂ ਹਟਾ ਲਿਆ ਸੀ । ਮੈਂ ਘਰ ਦੇ ਹੋਰ ਕੰਮਾਂ ਦੇ ਨਾਲ ਨਾਲ ਟਰੈਕਟਰ ਚਲਾਉਣਾ ਵੀ ਸਿੱਖ ਲਿਆ । ਥੋੜੇ ਚਿਰਾਂ ਵਿੱਚ ਹੀ ਹੁਣ ਲੋਕਾਂ ਦੇ ਕਿਰਾਏ ਵਾਲੇ ਗੇੜੇ ਮੈਂ ਲਾਉਣ ਲੱਗ ਪਿਆ । ਹੁਣ ਜਦੋਂ ਕਿਤੇ ਨੇੜਲੇ ਪਿੰਡ ਕੋਈ ਮੇਲਾ ਹੁੰਦਾ ਤਾਂ ਮੈਂ ਟਰੈਕਟਰ ਟਰਾਲੀ ਲ਼ੈ ਕੇ ਜ਼ਰੂਰ ਜਾਂਦਾ ਅਤੇ ਉਸ ਨੂੰ ਡੋਰੀਆਂ, ਪਰਾਂਦਿਆਂ ਨਾਲ ਇੰਜ ਸ਼ਿੰਗਾਰਦਾ ਜਿਵੇਂ ਕੋਈ ਨਵੀਂ ਵਿਆਹੀ ਮੇਲੇ ਫੱਬ ਕੇ ਜਾਂਦੀ ਏ । ਪਿੰਡ ਦੇ ਸ਼ੌਕੀਨ ਮੁੰਡੇ ਮਹੀਨਾ ਮਹੀਨਾ ਪਹਿਲਾਂ ਹੀ ਕਿਸੇ ਮੇਲੇ ਦੀ ਦੱਸ ਪਾ ਦਿੰਦੇ । ਹੁਣ ਬਾਪੂ ਨੇ ਟਰੈਕਟਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਹੀ ਪਾ ਦਿੱਤੀ ਅਤੇ ਆਪ ਦੋ ਮੱਝਾਂ ਰੱਖ ਕੇ ਮੁੱਲ ਵਾਲੇ ਦੁੱਧ ਤੋਂ ਖਹਿੜਾ ਛੁਡਾ ਲਿਆ ਸੀ । ਸ਼ਾਇਦ ਇਸ ਕਰਕੇ ਵੀ ਕਿ ਜੇ ਜਵਾਨ ਹੁੰਦੇ ਪੁੱਤ ਨੂੰ ਪੂਰੀ ਖ਼ੁਰਾਕ ਨਾ ਮਿਲੀ ਤਾਂ ਉਸ ਗੱਭਰੂ ਨਹੀਂ ਹੋਣਾ । ਆਦਤਾਂ ਮੇਰੀਆਂ ਵੀ ਸਾਰੀਆਂ ਬਾਪੂ ਤੇ ਹੀ ਗਈਆ, ਕਿਰਾਏ ਤੋਂ ਕਦੇ ਕਿਸੇ ਨੂੰ ਨਾਂਹ ਨਾ ਕਰਨੀ ਚਾਹੇ ਹਨੇਰਾ ਹੁੰਦਾ ਚਾਹੇ ਸਵੇਰਾ । ਰਾਤ ਬਰਾਤੇ ਜੇ ਕਿਸੇ ਦਾ ਗੱਡਾ ਖੇਤੋਂ ਦਾਣੇ ਲ਼ੈ ਕੇ ਆਉਂਦੇ ਸਮੇਂ ਪਹੀ ਤੋਂ ਲਹਿਣ ਕਰਕੇ ਖੁੱਬ ਜਾਣਾ ਤਾਂ ਮੈਨੂੰ ਸੁਨੇਹਾ ਮਿਲ਼ਦੇ ਸਾਰ ਹੀ ਮੈਂ ਝੱਟ ਟਰੈਕਟਰ ਨੂੰ ਹੈਂਡਲ ਮਾਰ ਤੁਰ ਪੈਣਾ ਅਤੇ ਗੱਡੇ ਵਾਲੇ ਦਾਣੇ ਟਰਾਲੀ ਵਿਚ ਪਲਟਾ ਲਿਆਉਣੇ । ਹੁਣ ਜਦੋਂ ਸਮੇਂ ਦੇ ਬਦਲਣ ਨਾਲ ਸੜਕ ਤੇ ਵਿਰਲੇ ਵਿਰਲੇ ਟਰੱਕ ਲੰਘਣ ਲੱਗੇ ਪਏ ਤਾਂ ਮੇਰਾ ਵੀ ਟਰੱਕ ਚਲਾਉਣ ਨੂੰ ਬੜਾ ਜੀਅ ਕਰਿਆ ਕਰਨਾ । ਮੈਂ ਕਈ ਵਾਰ ਗੱਲਾਂ ਗੱਲਾਂ ਵਿੱਚ ਬਾਪੂ ਨੂੰ ਸੁਣਾ ਵੀ ਦਿੰਦਾ , ਆਪਾਂ ਵੀ ਟਰੱਕ ਨਾ ਲਈਏ ,ਪਰ ਬਾਪੂ ਹਰ ਵਾਰ ਮੇਰੀ ਗੱਲ ਟਾਲ ਜਾਂਦੇ । ਬਾਪੂ ਦੇ ਦਿਮਾਗ ਵਿੱਚ ਕਿਸੇ ਨੇ ਇਹ ਗੱਲ ਪੱਕੀ ਕਰ ਬਿਠਾਈ ਸੀ ਕਿ ਜੇ ਮੁੰਡਾ ਟਰੱਕ ਚਲਾਉਣ ਲੱਗ ਪਿਆ ਤਾਂ ਫਿਰ ਪੱਕਾ ਅਮਲੀ ਬੰਣੂ । ਇੱਕ ਦਿਨ ਤਾਂ ਮੇਰੇ ਕੋਲ ਹੀ ਕਿਸੇ ਨੇ ਕਹਿ ਦਿੱਤਾ ਸੀ ਕਿ ਡੋਡਿਆਂ ਦਾ ਫੱਕਾ ਮਾਰਨ ਤੋਂ ਬਿਨਾਂ ਕਿੱਥੇ ਅੱਖ ਸੜਕ ਵਿੱਚ ਗੱਡੀ ਜਾਂਦੀ ਆ । ਮੈਂ ਵੀ ਟਰੱਕ ਲੈਣ ਵਾਲ਼ੀ ਜ਼ਿਦ ਨਾ ਛੱਡੀ ਅਤੇ ਇੱਕ ਦਿਨ ਬਾਪੂ ਨੂੰ ਘਰੇ ਲੱਗੀ ਬਾਬੇ ਨਾਨਕ ਦੀ ਫੋਟੋ ਮੂਹਰੇ ਲ਼ੈ ਗਿਆ ਤੇ ਕਿਹਾ,"ਲੈ ਬਾਪੂ ਸੁੰਹ ਲੱਗੇ ਬਾਬੇ ਦੀ ਜੇ ਕਿਤੇ ਜ਼ਿੰਦਗੀ ਚ ਨਸ਼ਾ ਕਰਾਂ ਤਾਂ । ਇੰਨਾ ਸੁਣਦੇ ਹੀ ਬਾਪੂ ਨੇ ਮੈਨੂੰ ਘੁੱਟ ਕੇ ਆਪਣੀ ਜੱਫੀ ਵਿੱਚ ਲ਼ੈ ਲਿਆ ਤੇ ਖੁਸ਼ੀ ਨਾਲ ਹੰਝੂਆਂ ਭਰੀਆਂ ਅੱਖਾਂ ਨਾਲ ਕਿਹਾ ," ਓ ਟਰੱਕ ਕਿਤੇ ਪੁੜੀਆਂ ਵਿਚ ਵਿਕਦੇ ਨੇ " ਦੱਸ ਕਦੋਂ ਲੈਣਾ ਟਰੱਕ ,, ਇੰਨੇ ਸੁਣਦੇ ਹੀ ਮੇਰੀਆਂ ਵੀ ਅੱਖਾਂ ਪਾਣੀ ਨਾਲ ਭਰ ਗਈਆ। ਮੇਰਾ ਟਰੱਕ ਵਾਲਾ ਵੀ ਸੁਪਨਾ ਪੂਰਾ ਹੋ ਗਿਆ । ਬਾਪੂ ਵੀ ਆਪਣੀ ਉਮਰ ਭੋਗ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਮੈਂ ਵੀ ਦਿਨ ਰਾਤ ਗਡਵੀ ਮਿਹਨਤ ਕੀਤੀ । ਹੌਲੀ ਹੌਲੀ ਮੈਂ ਇੱਕ ਟਰੱਕ ਤੋਂ ਪੰਜਾ ਟਰੱਕਾਂ ਵਾਲਾ ਹੋ ਗਿਆ । ਟਰੱਕਾਂ ਤੋਂ ਬਾਅਦ ਬਾਜ਼ਾਰ ਵਿੱਚ ਆਏ ਨਵੇਂ ਮਾਡਲਾਂ ਵਾਲੇ ਟਰਾਲਿਆਂ ਦਾ ਵੀ ਮਾਲਕ ਬਣਿਆ। ਟਰੱਕਾਂ ਵਾਲੇ ਅਮਲੀ ਹੁੰਦੇ ਨੇ ਇਸ ਰੀਤ ਨੂੰ ਵੀ ਮੈਂ ਤੋੜਿਆਂ। ਅੱਜ ਵੀ ਹਿੱਕ ਠੋਕ ਕੇ ਕਹਿੰਦਾ ਹਾਂ ਬੇਸ਼ੱਕ ਕੋਈ ਵੀਹ ਘੰਟੇ ਸੀਟ ਤੋਂ ਨਾ ਉਤਾਰੇ ਇੱਕਲੀ ਚਾਹ ਤੋਂ ਬਿਨਾਂ ਹੋਰ ਕੋਈ ਵੈਲ ਨਹੀਂ ਹੈਗਾ । ਅੱਜ ਵੀ ਪਿਉ ਦਾਦੇ ਦੀ ਨਿਸ਼ਾਨੀ ਗੱਡਾ ਅਤੇ ਆਇਛਰ ਟਰੈਕਟਰ ਟਰਾਲੀ ਘਰੇ ਸ਼ਿੰਗਾਰ ਕੇ ਰੱਖੇ ਹੋਏ ਨੇ । ਜਿਹਨਾਂ ਦਿਨਾਂ ਵਿੱਚ ਘਰੇ ਹੋਵਾਂ ਕਦੇ ਉਹਨਾਂ ਨੂੰ ਕੱਪੜਾ ਮਾਰਨਾ ਨਹੀਂ ਭੁੱਲਦਾ । ਦਾਦਾ ਜੀ ਦੇ ਪਿੱਤਲ ਨਾਲ ਮੜ੍ਹੇ ਹੋਏ ਗੱਡੇ ਨੂੰ ਬਹੁਤ ਲੋਕ ਅੱਜ ਵੀ ਦੇਖਣ ਆਉਂਦੇ ਨੇ । ਗੱਡੇ ਤੋਂ ਟਰਾਲਿਆਂ ਤੱਕ ਕੀਤੇ ਸਫ਼ਰ ਦੀਆਂ ਅੱਜ ਵੀ ਲੋਕ ਪਿੰਡਾਂ ਵਿੱਚ ਗੱਲਾਂ ਕਰਦੇ ਨੇ ਸਾਡੀਆਂ ਅਤੇ ਮੈਂ ਅੱਜ ਵੀ ਆਪਣੀ ਪਹਿਚਾਣ ਆਪਣੇ ਬਾਪੂ ਦਾ ਨਾਮ ਦੱਸ ਕੇ ਕਰਵਾਉਂਦਾ ਹਾਂ ।
ਹਰਭਿੰਦਰ ਸਿੰਘ ਸੰਧੂ
-ਮੋਬਾ: 9781081888