ਸ੍ਰੀ ਫ਼ਤਹਿਗੜ੍ਹ ਸਾਹਿਬ/ 19 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਪਿੰਡ ਬਧੌਛੀ ਕਲਾਂ ਵਿਖੇ ਦਿਨ-ਦਿਹਾੜੇ ਇੱਕ ਮਕਾਨ 'ਚ ਚੋਰੀ ਹੋ ਜਾਣ ਦਾ ਸਮਾਚਾਰ ਹੈ।ਲਵ੍ਰਪੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਬਧੌਛੀ ਕਲਾਂ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਸਾਢੇ ਕੁ ਗਿਆਰਾਂ ਵਜੇ ਉਹ ਆਪਣੀ ਪਤਨੀ,ਬੇਟੇ ਅਤੇ ਮਾਤਾ-ਪਿਤਾ ਨਾਲ ਰਾਜਪੁਰਾ ਤੋਂ ਬੱਚੇ ਦੇ ਕੱਪੜੇ ਖਰੀਦਣ ਗਏ ਸਨ ਜਿੱਥੋਂ ਸਮਾਨ ਲੈ ਕੇ ਉਹ ਜਦੋਂ ਦੁਪਹਿਰ ਕਰੀਬ ਢਾਈ ਵਜੇ ਆਪਣੇ ਘਰ ਵਾਪਸ ਪਹੁੰਚੇ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਤੇ ਘਰ ਅੰਦਰ ਪਿਆ ਸਮਾਨ ਖਿੱਲਰਿਆ ਪਿਆ ਸੀ ਤੇ ਅਲਮਾਰੀਆਂ ਤੋੜ ਕੇ ਕਰੀਬ 4/5 ਲੱਖ ਰੁਪਏ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ।ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ਼ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਹਾਂਡਾ ਮੋਟਰਸਾਈਕਲ 'ਤੇ ਆਏ ਤਿੰਨ ਨਾਮਾਲੂਮ ਵਿਅਕਤੀਆਂ 'ਚੋ ਦੋ ਵਿਅਕਤੀ ਦੁਪਹਿਰੇ 1 ਵਜੇ ਉਨਾਂ ਦੇ ਘਰ 'ਚ ਦਾਖਲ ਹੋਏ ਜਦੋਂ ਕਿ ਉਨਾਂ ਦਾ ਇੱਕ ਸਾਥੀ ਬਾਹਰ ਖੜ੍ਹਾ ਰਿਹਾ ਤੇ ਉਕਤ ਵਿਅਕਤੀ ਚੋਰੀ ਦੀ ਵਾਰਦਾਤ ਨੂੰ ਮਹਿਜ਼ 18 ਮਿੰਟਾਂ 'ਚ ਅੰਜ਼ਾਮ ਦੇ 1 ਵੱਜ ਕੇ 18 ਮਿੰਟ 'ਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।ਥਾਣਾ ਮੂਲੇਪੁਰ ਵਿਖੇ ਤਿੰਨ ਨਾਮਾਲੂਮ ਵਿਅਕਤੀਆਂ ਵਿਰੁੱਧ ਅ/ਧ 454,380 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।