ਚੰਡੀਗੜ੍ਹ, 22 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਅਤੇ ਭਾਜਪਾ ਆਗੂ ਬੀਬਾ ਜੈ ਇੰਦਰ ਕੌਰ 'ਤੇ ਤਿੱਖਾ ਹਮਲਾ ਕੀਤਾ ਹੈ। ਜੈ ਇੰਦਰ ਕੌਰ ਵੱਲੋਂ ਪੰਜਾਬ ਦੀਆਂ ਔਰਤਾਂ ਲਈ 1100 ਰੁਪਏ ਮੰਗਣ ਲਈ ਚੰਡੀਗੜ੍ਹ ਵਿੱਚ 'ਆਪ' ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦੇ ਮੁੱਦੇ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਨੂ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਸਿਆਸੀ ਮਿਸ਼ਨ 'ਤੇ ਜਾਣ ਤੋਂ ਪਹਿਲਾਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਜ਼ਰੂਰ ਮੰਗਣ। ਪੰਨੂ ਨੇ ਕਿਹਾ ਕਿ ਅੱਜ ਉਹ ਭਾਜਪਾ ਦੇ ਵੱਡੇ ਆਗੂ ਹਨ ਅਤੇ 2017 ਵਿੱਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਸੀ, ਇਸ ਲਈ ਸਵਾਲ ਉਨ੍ਹਾਂ 'ਤੇ ਬਣਦੇ ਹਨ।
ਉਨ੍ਹਾਂ ਭਰੋਸਾ ਦਿੱਤਾ ਕਿ ਮਾਨ ਸਰਕਾਰ ਨੇ ਔਰਤਾਂ ਨੂੰ ਜੋ ਇੱਕ ਹਜਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਉਹ ਇਸ ਵਾਅਦੇ 'ਤੇ ਪੂਰੀ ਤਰ੍ਹਾਂ ਕਾਇਮ ਹੈ ਅਤੇ ਉਹ ਜਲਦੀ ਪੂਰਾ ਕੀਤਾ ਜਾਵੇਗਾ। ਪੰਨੂ ਨੇ ਅੰਤ ਵਿੱਚ ਕਿਹਾ ਕਿ ਜੇਕਰ ਜੈ ਇੰਦਰ ਕੌਰ ਜਾਂ 'ਗੁਆਂਢੀ ਮੁਲਕ ਵਾਲੀ ਰੂਸਾ ਆਂਟੀ ਜੀ' ਨੇ ਔਰਤਾਂ ਦੀ ਸੂਚੀ ਵਿੱਚ ਨਾਮ ਲਿਖਾਉਣਾ ਹੈ, ਤਾਂ ਉਹ ਵੀ ਦੱਸ ਦੇਣ।