5 ਸਰਗਰਮ ਮੈਂਬਰ ਹਥਿਆਰਾਂ ਸਮੇਤ ਕਾਬੂ, 3 ਲੱਖ ਤੋਂ ਵੱਧ ਦੀ ਨਕਦੀ ਵੀ ਬਰਾਮਦ
ਬਰਨਾਲਾ, 27 ਸਤੰਬਰ (ਧਰਮਪਾਲ ਸਿੰਘ) : ਬਰਨਾਲਾ ਪੁਲਿਸ ਨੇ ਹਥਿਆਰਾਂ ਦੀ ਨੋਕ ’ਤੇ ਲੁਟੇਰਾ ਗਿਰੋਹ ਦੇ ਪੰਜ ਸਰਗਰਮ ਮੈਂਬਰਾਂ ਨੂੰ ਕਾਬੂ ਕਰਕੇ ਉਨਾ ਕੋਲੋਂ ਪਿਸਤੌਲ, ਕਾਰਤੂਸ, ਤੇਜਧਾਰ ਹਥਿਆਰ ਅਤੇ ਤਿੰਨ ਲੱਖ ਵੀਹ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਅੱਜ ਬਰਨਾਲਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਮਨੀਸ਼ ਕੁਮਾਰ ਚੌਧਰੀ, ਕਪਤਾਨ ਪੁਲਿਸ (ਡੀ) ਨੇ ਦੱਸਿਆ ਪਿਛਲੇ ਦਿਨੀਂ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਕਿ ਕੁਝ ਵਿਅਕਤੀ ਲੁੱਟ ਖੋਹ ਦੀ ਨੀਅਤ ਨਾਲ ਮੀਟਿੰਗ ਕਰ ਰਹੇ ਹਨ ਅਤੇ ਉਨਾਂ ਕੋਲ ਮਾਰੂ ਹਥਿਆਰ ਵੀ ਹਨ। ਪੁਲਿਸ ਨੇ ਇਤਲਾਹ ਮਿਲਦਿਆਂ ਹੀ ਪੁਲ ਡਰੇਨ, ਧਨੌਲਾ ਦੀ ਪਟੜੀ ਤੇ ਛਾਪਾ ਮਾਰ ਦਿੱਤਾ ਅਤੇ ਉੱਥੋਂ ਭਗਤ ਸਿੰਘ ਵਾਸੀ ਗੁਰੂ ਨਾਨਕ ਨਗਰ, ਜਸਪ੍ਰੀਤ ਸਿੰਘ ਵਾਸੀ ਗੁਰਸੇਵਕ ਨਗਰ, ਸਨਮਦੀਪ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ, ਪ੍ਰਦੀਪ ਸਿੰਘ ਵਾਸੀ ਧਨੌਲਾ ਰੋਡ, ਹਰਵਿੰਦਰ ਸਿੰਘ ਵਾਸੀ ਹੀਰੋ ਕਲਾਂ ਹਾਲ ਆਬਾਦ ਹਰੀ ਨਗਰ ਧਨੌਲਾ ਰੋਡ ਬਰਨਾਲਾ ਨੂੰ ਕਾਬੂ ਕਰ ਲਿਆ।
ਉਨਾਂ ਦੱਸਿਆ ਪੁਲਿਸ ਨੂੰ ਇਨਾਂ ਕੋਲੋਂ ਇੱਕ ਬਿਨਾਂ ਨੰਬਰੀ ਮੋਟਰ ਸਾਇਕਲ, ਇੱਕ ਨੰਬਰੀ ਮੋਟਰ ਸਾਇਕਲ, ਇੱਕ ਪਿਸਤੌਲ ਬਾਰਾਂ ਬੋਰ, 2 ਜਿਉਂਦੇ ਕਾਰਤੂਸ, 3 ਕਿਰਪਾਨਾਂ ਅਤੇ 3 ਲੱਖ 20 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ।
ਜਦੋਂ ਪੁਲਿਸ ਨੇ ਇਨਾਂ ਤੋਂ ਪੁੱਛ ਗਿੱਛ ਕੀਤੀ ਤਾਂ ਇਨਾਂ ਮੰਨਿਆ ਕਿ ਉਨਾਂ ਨੇ ਸੇਖਾ ਰੋਡ ਬਰਨਾਲਾ ਤੋਂ ਇੱਕ ਸਕੂਟਰੀ ਸਵਾਰ ਰਾਹਗੀਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਤੋਂ 3 ਲੱਖ 90 ਹਜ਼ਾਰ ਦੀ ਨਕਦੀ ਤੇ ਇੱਕ ਸਕੂਟਰੀ ਖੋਹੀ ਸੀ। ਇਸ ਸਬੰਧੀ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਨਾਂ ਦੇ ਖਿਲਾਫ਼ ਥਾਣਾ ਧਨੌਲਾ ਵਿਖੇ ਧਾਰਾ 399, 402 ਆਈਪੀਸੀ ਅਤੇ ਅਸਲਾ ਐਕਟ ਤਹਿਤ ਮਾਮਲਾ ਦੀ ਦਰਜ਼ ਕੀਤਾ ਹੈ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਤੋਂ ਹੋਰ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਸਿਟੀ 2 ਦੇ ਐੱਸਐਚਓ ਨਿਰਮਲਜੀਤ ਸਿੰਘ, ਸਬ-ਇੰਸਪੈਕਟਰ ਗੁਰਬਚਨ ਸਿੰਘ, ਸਹਾਇਕ ਥਾਣੇਦਾਰ ਸ਼੍ਰੀ ਟੇਕ ਚੰਦ, ਹੌਲਦਾਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਪੁਲਿਸ ਅਧਿਕਾਰੀ ਮੌਜ਼ੂਦ ਸਨ।