ਪੁਲਿਸ ਵੱਲੋਂ 68-ਐਫ ਤਹਿਤ ਸ਼ਾਮ ਖੇੜਾ ਦੇ ਨਸ਼ਾ ਤਸਕਰ ਛਿੰਦਰਪਾਲ ਉਰਫ਼ ਛਿੰਦੂ ਦਾ ਘਰ ਸੀਲ
ਡੱਬਵਾਲੀ, 27 ਸਤੰਬਰ (ਇਕਬਾਲ ਸਿੰਘ ਸ਼ਾਂਤ) : ਨਸ਼ਾ ਤਸਕਰੀ ਰਾਹੀਂ ਜੁਟਾਈ ਜਾਇਦਾਦ ਨੂੰ ਸੀਲ ਕਰਨ ਦੀ ਲਗਾਤਾਰ ਅਗਾਂਹ ਵਧ ਰਹੀ ਕਾਰਵਾਈ ਦੀ ਕਾਨੂੰਨੀ ਕੁੜਿੱਕੀ ਵਿੱਚ ਹੁਣ ਲੰਬੀ ਹਲਕੇ ਦੇ ਪਿੰਡ ਸ਼ਾਮਖੇੜਾ ਦਾ ਨਸ਼ਾ ਤਸਕਰ ਛਿੰਦਰਪਾਲ ਸਿੰਘ ਉਰਫ਼ ਛਿੰਦੂ ਦਾ ਨਾਂਅ ਵੀ ਆ ਗਿਆ ਹੈ। ਥਾਣਾ ਕਬਰਵਾਲਾ ਨੇ 68-ਐਫ ਐਨ.ਡੀ.ਪੀ.ਐਸ. ਐਕਟ ਤਹਿਤ ਉਸਦਾ ਘਰ ਸੀਲ ਕਰ ਦਿੱਤਾ ਹੈ। ਪੁਲੀਸ ਮੁਤਾਬਿਕ ਉਸਦੇ ਸੀਲ ਕੀਤੇ ਘਰ ਦੀ ਕੀਮਤ 37,89,700 ਰੁਪਏ ਹੈ। ਲੰਬੀ ਹਲਕੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਆਰਥਿਕ ਲੱਕ ਤੋੜਣ ਖਾਤਰ 68-ਐਫ ਤਹਿਤ ਕੀਤੀ ਇਹ ਤੀਸਰੀ ਵੱਡੀ ਕਾਰਵਾਈ ਹੈ।
ਅੱਜ ਪੁਲਿਸ ਸਬਡਵੀਜ਼ਨ ਲੰਬੀ ਦੇ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਅਤੇ ਥਾਣਾ ਕਬਰਵਾਲਾ ਦੇ ਮੁਖੀ ਸੁਖਦੇਵ ਸਿੰਘ ਵੱਲੋਂ ਘਰ ਸੀਲ ਕਰਨ ਦੀ ਕਾਨੂੰਨੀ ਪ੍ਰਕਿਰਿਆ ਤਹਿਤ ਛਿੰਦੂ ਦੇ ਘਰ ਮੂਹਰੇ ਨੋਟਿਸ ਲਗਾਇਆ ਗਿਆ। ਜਿਸਦੇ ਬਾਅਦ ਇਹ ਘਰ ਹੁਣ ਵੇਚ ਨਹੀਂ ਜਾ ਸਕੇਗਾ। ਡੀਐਸਪੀ ਨੇ ਦੱਸਿਆ ਕਿ ਛਿੰਦੂ ਦੇ ਖਿਲਾਫ਼ ਐਨਡੀਪੀਐਸ ਐਕਟ ਦੇ 9 ਮੁਕੱਦਮੇ ਦਰਜ਼ ਹਨ। ਉਸਦੇ ਕੋਲੋਂ ਕਮਰਸ਼ੀਅਲ ਤਾਦਾਦ ਵਿੱਚ 256 ਗ੍ਰਾਮ ਹੈਰੋਇਨ ਅਤੇ 670 ਨਸ਼ੀਲ਼ੀਆਂ ਗੋਲੀਆਂ ਬਰਾਮਦ ਹੋਈਆ ਸਨ। ਉਨ੍ਹਾਂ ਕਿਹਾ ਕਿ ਛਿੰਦੂ ਨੇ ਪਿਛਲੇ ਪੰਜ ਸਾਲਾਂ ਵਿੱਚ 37,89,700 ਰੁਪਏ ਦੀ ਜਾਇਦਾਦ ਬਣਾਈ ਹੈ, ਜਿਸਨੂੰ 68-ਐਫ ਐਨਡੀਪੀਐਸ ਦੇ ਤਹਿਤ ਸੀਲ ਕੀਤਾ ਗਿਆ ਹੈ। ਛਿੰਦੂ ਦੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਦੀ ਕਾਪੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੀ 5 ਸਤੰਬਰ ਨੂੰ ਪਿੰਡ ਮਾਹੂਆਣਾ ਵਿਖੇ ਸੁਖਵੀਰ ਸਿੰਘ ਦੇ ਘਰ ਦੀ ਜਾਇਦਾਦ ਨੂੰ ਸੀਲ ਕੀਤਾ ਗਿਆ ਸੀ। ਇਸੇ ਤਰ੍ਹਾਂ ਬੀਤੀ 14 ਸਤੰਬਰ ਨੂੰ ਪੁਲਿਸ ਸਬਡਿਵੀਜਨ ਲੰਬੀ ਵਿਖੇ ਚੰਨੂੰ ਪਿੰਡ ਵਿਖੇ ਜਸਪ੍ਰੀਤ ਸਿੰਘ ਉਰਫ ਜੱਸੂ ਦੀ ਜਾਇਦਾਦ ਸੀਲ ਕੀਤੀ ਗਈ ਸੀ, ਉਸਦੋਂ ਕੋਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ 26950 ਗੋਲੀਆਂ ਬਰਾਮਦ ਹੋਈਆਂ ਸਨ।