ਤਰਨਤਾਰਨ, 7 ਨਵੰਬਰ 2025
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਇੱਕ ਜਲਸੇ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸਟੇਜ 'ਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਤੋਂ ਉੱਪਰ ਆਪਣੀਆਂ ਫੋਟੋਆਂ ਲਗਾਉਣ ਲਈ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਨੂੰ ਗੁਰੂ ਸਾਹਿਬਾਨਾਂ ਦਾ ਨਿਰਾਦਰ ਦੱਸਿਆ।
ਸ਼ੈਰੀ ਕਲਸੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਿੱਖ ਪੰਥ ਅਤੇ ਗੁਰੂ ਸਾਹਿਬਾਨਾਂ ਪ੍ਰਤੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦੀ ਆਈ ਹੈ। ਤਰਨਤਾਰਨ ਵਿੱਚ ਵਾਪਰੀ ਇਹ ਘਟਨਾ ਕਾਂਗਰਸ ਅਤੇ ਇਸ ਦੇ ਆਗੂਆਂ ਦੀ ਗੁਰੂ ਸਾਹਿਬਾਨਾਂ ਪ੍ਰਤੀ ਉਨ੍ਹਾਂ ਦੀ ਮਾੜੀ ਸੋਚ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਨਾ ਤਾਂ ਸਿੱਖ ਮਾਇਨੇ ਰੱਖਦੇ ਹਨ ਅਤੇ ਨਾ ਹੀ ਪੰਥ, ਇਹ ਸਿਰਫ਼ ਵੋਟਾਂ ਖਾਤਰ ਗੁਰੂ ਸਾਹਿਬਾਨਾਂ ਨੂੰ ਸਤਿਕਾਰ ਦੇਣ ਦਾ ਦਿਖਾਵਾ ਕਰਦੇ ਹਨ।