ਕਿਸਾਨਾਂ ਨੂੰ ਪੱਕੀ ਫ਼ਸਲ ਹੀ ਮੰਡੀਆਂ 'ਚ ਲਿਆਉਣ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ
ਸਮਾਣਾ, 3 ਅਕਤੂਬਰ: (ਸੁਭਾਸ਼ ਪਾਠਕ) : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਬੰਧਤ ਅਧਿਕਾਰੀਆਂ ਨਾਲ ਬੈਠਕ ਕਰਕੇ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸੇ ਕਿਸਾਨ, ਆੜਤੀਏ ਜਾਂ ਕੰਮ ਕਰਨ ਵਾਲੇ ਕਿਰਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਅਤੇ ਮੰਡੀਆਂ ਵਿੱਚ ਵਿਕਣ ਲਈ ਆਈ ਫ਼ਸਲ ਦਾ ਇੱਕ-ਇੱਕ ਦਾਣਾ ਤੁਰੰਤ ਖਰੀਦਿਆ ਜਾਵੇ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੂਰੀ ਖਰੀਦ ਪ੍ਰਕ੍ਰਿਆ ਦੀ ਨਿਗਰਾਨੀ ਖ਼ੁਦ ਕਰ ਰਹੇ ਹਨ, ਇਸ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਸਮੇਂ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜੌੜਾਮਾਜਰਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਫ਼ਸਲ ਪੂਰੀ ਪੱਕੀ ਹੋਈ ਹੀ ਮੰਡੀਆਂ ਵਿੱਚ ਲਿਆਉਣ ਤਾਂ ਕਿ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਕਿ ਵਾਤਾਵਰਣ ਵੀ ਗੰਧਲਾ ਨਾ ਹੋਵੇ ਤੇ ਸਾਡੇ ਮਿੱਤਰ ਕੀੜਿਆਂ ਦਾ ਕੋਈ ਨੁਕਸਾਨ ਨਾ ਹੋਵੇ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਐਸ.ਡੀ.ਐਮ. ਚਰਨਜੀਤ ਸਿੰਘ, ਸਕੱਤਰ ਮਾਰਕੀਟ ਕਮੇਟੀ ਸਮਾਣਾ ਅਸ਼ਵਨੀ ਕੁਮਾਰ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਗਰਗ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ, ਬੀ.ਕੇ. ਗੁਪਤਾ, ਗੋਪਾਲ ਕ੍ਰਿਸ਼ਨ, ਸੁਰਜੀਤ ਸਿੰਘ ਦਹੀਆ, ਅਮਰਜੀਤ ਸਿੰਘ ਪੰਜਰਥ, ਕੁਲਬੀਰ ਸਿੰਗਲਾ, ਕਸ਼ਮੀਰ ਸਿੰਘ ਰਾਜਲਾ, ਕਿੱਟੀ ਗਰਗ ਬੀਬੀਪੁਰ, ਕੁਲਦੀਪ ਸਿੰਘ ਬੰਮ੍ਹਣਾ, ਜਨਕ ਰਾਜ ਕਕਰਾਲਾ, ਸੰਜੀਵ ਬਿੱਟੂ, ਪਵਨ ਬਾਂਸਲ, ਜੀਵਨ ਬਘਰੌਲ, ਗੁਰਦੀਪ ਰਾਠੀ, ਸੋਨੂ ਥਿੰਦ, ਨਿਸ਼ਾਨ ਚੀਮਾ, ਰਵਿੰਦਰ ਸੋਹਲ, ਮੁਨੀਮ ਯੂਨੀਅਨ ਪ੍ਰਧਾਨ ਹਰਜਿੰਦਰ ਬਾਵਾ ਅਤੇ ਹੋਰ ਪਤਵੰਤੇ ਮੌਜੂਦ ਸਨ।