Friday, December 01, 2023  

ਲੇਖ

ਵਿਦਿਆਰਥੀਆਂ ਲਈ ਖੇਡਾਂ ਜ਼ਰੂਰੀ

October 03, 2023

aਰੇਕ ਵਿਅਕਤੀ ਦੇ ਜੀਵਨ ਵਿੱਚ ਖੇਡਾਂ ਦੀ ਬਹੁਤ ਮਹੱਤਤਾ ਹੈ, ਪਰ ਵਿਦਿਆਰਥੀ ਜੀਵਨ ਵਿੱਚ ਖੇਡਾਂ ਦਾ ਅਹਿਮ ਸਥਾਨ ਹੈ। ਸਿੱਖਿਆ ਨਾਲ ਵਿਦਿਆਰਥੀ ਦਾ ਬੌਧਿਕ ਅਤੇ ਅਧਿਆਤਮਕ ਵਿਕਾਸ ਹੁੰਦਾ ਹੈ, ਜਦੋਂ ਕਿ ਖੇਡਾਂ ਵਿਦਿਆਰਥੀ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਆਦਿ ਹਰ ਤਰ੍ਹਾਂ ਦਾ ਵਿਕਾਸ ਕਰਦੀਆਂ ਹਨ। ਸਿੱਖਿਆ ਦਾ ਮੁੱਖ ਮੰਤਵ ਵਿਅਕਤੀ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਮੰਤਵ ਦੀ ਪੂਰਤੀ ਵਿੱਚ ਖੇਡਾਂ ਆਪਣੀ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਕਿਹਾ ਜਾਂਦਾ ਹੈ ਇੱਕ ਸਿਹਤਮੰਦ ਸਰੀਰ ਵਿੱਚ ਹੀ ਇੱਕ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ। ਇਹ ਖੇਡਾਂ ਦੁਆਰਾ ਸੰਭਵ ਹੋ ਸਕਦਾ ਹੈ, ਕਿਉਂਕਿ ਖੇਡਾਂ ਵਿਦਿਆਰਥੀ ਨੂੰ ਤੰਦਰੁਸਤ ਅਤੇ ਅਰੋਗ ਰੱਖਦੀਆਂ ਹਨ। ਅਸੀਂ ਜਾਣਦੇ ਹਾਂ ਕਿ ਬਿਮਾਰ ਵਿਅਕਤੀ ਹਮੇਸ਼ਾ ਬੇਚੈਨ ਰਹਿੰਦਾ ਹੋਇਆ ਜੀਵਨ ਤੋਂ ਅਕੇਵਾਂ ਮਹਿਸੂਸ ਕਰਨ ਲੱਗਦਾ ਹੈ । ਉਸ ਦੀ ਯਾਦਦਾਸ਼ਤ ਵੀ ਕਮਜ਼ੋਰ ਹੋਣ ਲੱਗਦੀ ਹੈ।
ਚੰਗੀ ਸਿਹਤ ਲਈ ਖੇਡਾਂ ਨੂੰ ਕਸਰਤ ਦਾ ਸਭ ਤੋਂ ਵਧੀਆ ਰੂਪ ਮੰਨਿਆ ਜਾਂਦਾ ਹੈ। ਖੇਡਾਂ ਵਿਦਿਆਰਥੀਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਚੁੱਕਦੀਆਂ ਹਨ। ਕਿਉਂਕਿ ਇਨਡੋਰ ਖੇਡਾਂ ਤੋਂ ਇਲਾਵਾ ਕੁਝ ਆਊਟਡੋਰ ਖੇਡਾਂ ਵੀ ਅਜਿਹੀਆਂ ਹਨ ਜਿਹੜੀਆਂ ਨੂੰ ਖੇਡਣ ਲਈ ਤਾਕਤ ਨਾਲੋਂ ਦਿਮਾਗੀ ਪ੍ਰਤਿਭਾ ਦੀ ਵਧੇਰੇ ਲੋੜ ਹੁੰਦੀ ਹੈ। ਦਿਮਾਗ ਇੱਕ ਅਜਿਹੀ ਪੂੰਜੀ ਹੈ ਜਿਹੜੀ ਵਰਤਣ ਨਾਲ ਵਧਦੀ ਹੈ। ਵਿਦਿਆਰਥੀਆਂ ਦੁਆਰਾ ਲਗਾਤਾਰ ਖੇਡਾਂ ਖੇਡਣ ਨਾਲ ਉਨ੍ਹਾਂ ਦੇ ਦਿਮਾਗ ਦਾ ਨਿਰੰਤਰ ਵਿਕਾਸ ਹੁੰਦਾ ਹੈ। ਖੇਡਾਂ ਵਿਦਿਆਰਥੀਆਂ ਦੇ ਚਰਿੱਤਰ ਨੂੰ ਵੀ ਬਣਾਉਂਦੀਆਂ ਹਨ। ਖੇਡਾਂ ਆਮ ਤੌਰ ’ਤੇ ਸਮੂਹਿਕ ਰੂਪ ਵਿੱਚ ਖੇਡੀਆਂ ਜਾਂਦੀਆਂ ਹਨ। ਖੇਡਣ ਸਮੇਂ ਵਿਦਿਆਰਥੀ ਇਕ-ਦੂਜੇ ਨਾਲ ਚੰਗਾ ਵਰਤਾਓ ਕਰਨਾ ਸਿੱਖਦੇ ਹਨ। ਇੱਕ ਦੂਜੇ ਦੀ ਸਹਾਇਤਾ ਕਰਦੇ ਹਨ। ਉਹਨਾਂ ਵਿੱਚ ਆਪਸੀ ਸਾਂਝ ਵੱਧਦੀ ਹੈ। ਉਹ ਦੂਜਿਆਂ ਦਾ ਆਦਰ ਕਰਦੇ ਹਨ।ਇਸ ਤਰ੍ਹਾਂ ਖੇਡਾਂ ਵਿਦਿਆਰਥੀਆਂ ਦੇ ਨੈਤਿਕ ਪੱਧਰ ਨੂੰ ਉੱਚਾ ਕਰਦੀਆ ਹਨ। ਉਨ੍ਹਾਂ ਵਿੱਚ ਚੰਗੀਆਂ ਆਦਤਾਂ ਦਾ ਵਿਕਾਸ ਹੁੰਦਾ ਹੈ।
ਖੇਡਾਂ ਨਾਲ ਵਿਦਿਆਰਥੀਆਂ ਦਾ ਸਰੀਰ ਚੁਸਤ-ਦਰੁਸਤ ਅਤੇ ਫਿੱਟ ਰਹਿੰਦਾ ਹੈ। ਖੇਡਣ ਸਮੇਂ ਨਿਕਲਣ ਵਾਲਾ ਪਸੀਨਾ ਉਹਨਾਂ ਦੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਦਾ ਹੈ। ਉਹਨਾਂ ਦੀ ਪਾਚਨ ਕਿਰਿਆ ਚੰਗੀ ਬਣਦੀ ਹੈ ਅਤੇ ਖੂਨ ਦਾ ਪ੍ਰਵਾਹ ਵਧਦਾ ਹੈ, ਵਿਦਿਆਰਥੀਆਂ ਦੀ ਕੁਸ਼ਲਤਾ ਵੱਧਦੀ ਹੈ। ਖੇਡਣ ਨਾਲ ਉਨ੍ਹਾਂ ਦੇ ਸਭ ਅੰਗਾਂ ਦੀ ਕਸਰਤ ਹੁੰਦੀ ਹੈ ਅਤੇ ਸਰੀਰ ਦਾ ਪੂਰਨ ਵਿਕਾਸ ਹੁੰਦਾ ਹੈ।ਸਕੂਲਾਂ, ਕਾਲਜਾਂ ਆਦਿ ਵਿੱਚ ਇਸੇ ਕਰਕੇ ਪੀ.ਟੀ.,ਪਰੇਡ ਕਰਵਾਈ ਜਾਂਦੀ ਹੈ। ਐਨ.ਐਸ.ਐਸ. ਅਤੇ ਐਨ.ਸੀ.ਸੀ. ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਜ਼ਰੂਰੀ ਹਨ। ਜਦੋਂ ਵਿਦਿਆਰਥੀ ਸਿਲੇਬਸ ਦੀਆਂ ਕਿਤਾਬਾਂ ਅਤੇ ਹੋਰ ਸੰਬੰਧਿਤ ਕਿਤਾਬਾਂ ਪੜ੍ਹ-ਪੜ੍ਹ ਕੇ ਅਕੇਵਾਂ ਮਹਿਸੂਸ ਕਰਦੇ ਹਨ ਅਤੇ ਪੜ੍ਹਾਈ ਨੂੰ ਭਾਰ ਸਮਝਣ ਲੱਗਦੇ ਹਨ ਤਾਂ ਅਜਿਹੇ ਸਮੇਂ ਖੇਡਾਂ ਉਹਨਾਂ ਲਈ ਮਨੋਰੰਜਨ ਦਾ ਕੰਮ ਕਰਦੀਆਂ ਹਨ। ਸਾਰਾ ਦਿਨ ਪੜ੍ਹਾਈ ਕਰਕੇ ਥਕੇਵਾਂ ਦੂਰ ਕਰਨ ਲਈ ਵਿਦਿਆਰਥੀ ਸ਼ਾਮ ਨੂੰ ਖੇਡ ਦੇ ਮੈਦਾਨ ਵਿੱਚ ਜਾ ਕੇ ਖੇਡਦੇ ਹੋਏ ਮਨ ਪਰਚਾਵਾ ਕਰਦੇ ਹਨ। ਇਸ ਤਰ੍ਹਾਂ ਖੇਡਾਂ ਇੱਕ ਸਿਹਤਮੰਦ ਸਾਧਨ ਹੋਣ ਕਰਕੇ ਵਿਦਿਆਰਥੀਆਂ ਦੇ ਉੱਪਰ ਭੈੜਾ ਅਸਰ ਵੀ ਨਹੀਂ ਹੁੰਦਾ।
ਸਰੀਰ ਦੀ ਥਕਾਵਟ ਤਾਂ ਮੰਜੇ ਉੱਤੇ ਲੇਟ ਕੇ ਦੂਰ ਕੀਤੀ ਜਾ ਸਕਦੀ ਹੈ ਪਰ ਮਾਨਸਿਕ ਥਕਾਵਟ ਲਈ ਖੇਡਾਂ ਖੇਡਣਾ ਲਾਜ਼ਮੀ ਹੈ।ਕਿਉਂਕਿ ਖੇਡਾਂ ਖੇਡਣ ਨਾਲ ਮਨ, ਦਿਮਾਗ ਅਤੇ ਸਰੀਰ ਤਿੰਨਾਂ ਦੀ ਕਸਰਤ ਹੋ ਜਾਂਦੀ ਹੈ। ਖੇਡਾਂ ਨਾਲ ਵਿਦਿਆਰਥੀਆਂ ਵਿੱਚ ਸਹਿਣਸ਼ੀਲਤਾ, ਧੀਰਜ ਅਤੇ ਅਨੁਸ਼ਾਸ਼ਨ ਆਦਿ ਗੁਣ ਪੈਦਾ ਹੁੰਦੇ ਹਨ। ਵਿਦਿਆਰਥੀ ਖੇਡਾਂ ਖੇਡਦੇ ਸਮੇਂ ਖੇਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਨੁਸ਼ਾਸ਼ਨ ਵਿੱਚ ਰਹਿਣਾ ਸਿੱਖਦੇ ਹਨ ।ਜ਼ਿੰਦਗੀ ਇੱਕ ਬਹੁਤ ਵੱਡੀ ਖੇਡ ਹੈ, ਜਿਸ ਵਿੱਚ ਥਾਂ- ਥਾਂ ’ਤੇ ਹਾਰਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਡਾਂ ਵਿਦਿਆਰਥੀਆਂ ਨੂੰ ਹਾਰਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਸ਼ਕਤੀ ਅਤੇ ਢੰਗ-ਤਰੀਕੇ ਸਿਖਾ ਕੇ ਜਿੱਤ-ਹਾਰ ਵਿੱਚ ਬਰਾਬਰੀ ਦੀ ਸਿੱਖਿਆ ਦਿੰਦੀਆਂ ਹਨ।
ਖੇਡ ਦੇ ਮੈਦਾਨ ਵਿੱਚ ਵਿਦਿਆਰਥੀ ਰੈਫ਼ਰੀ ਦੇ ਫੈਸਲੇ ਨੂੰ ਮੰਨਦੇ ਹੋਏ ਆਗਿਆਕਾਰ ਬਣਦੇ ਹਨ । ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਲਈ ਖੇਡਾਂ ਖੇਡਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਤਕਨੀਕੀ ਯੁੱਗ ਕਾਰਨ ਵਿਦਿਆਰਥੀ ਮੋਬਾਇਲ, ਇੰਟਰਨੈੱਟ, ਸੋਸ਼ਲ ਮੀਡੀਆ, ਕੰਪਿਊਟਰ ਆਦਿ ਦੀ ਸਕਰੀਨ ਦੀ ਵਰਤੋਂ ਉੱਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ। ਜਿਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਉੱਪਰ ਮਾੜਾ ਅਸਰ ਵੱਧ ਰਿਹਾ ਹੈ। ਇਸ ਲਈ ਇਹ ਕਹਿਣਾ ਉਚਿਤ ਹੈ ਕਿ ਹਰ ਇੱਕ ਵਿਦਿਆਰਥੀ ਨੂੰ ਖੇਡ ਦੇ ਮੈਦਾਨ ਵਿੱਚ ਜਾ ਕੇ ਇੱਕ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ।
ਸਾਰੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਖੇਡਾਂ ਨਾਲ ਵਿਦਿਆਰਥੀਆਂ ਨੂੰ ਤਾਕਤ, ਪ੍ਰੇਰਨਾ ਤੇ ਨਵੀਂ ਚੇਤਨਾ ਮਿਲਦੀ ਹੈ। ਵਿਦਿਆਰਥੀ ਖੇਡਾਂ ਨਾਲ ਉਦਾਰਤਾ, ਮਿਲਵਰਤਨ, ਆਤਮ-ਵਿਸ਼ਵਾਸ, ਅਰੋਗ ਸਰੀਰ, ਚੰਗੀ ਸਿਹਤ, ਚੁਸਤੀ, ਅਨੁਸ਼ਾਸਨ, ਲੀਡਰਸ਼ਿਪ, ਨੈਤਿਕ ਕਦਰਾਂ ਕੀਮਤਾਂ, ਸਦਭਾਵਨਾ ਆਦਿ ਗੁਣ ਵਿਕਸਿਤ ਕਰਕੇ ਖੇਡਾਂ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ।
ਬੇਸ਼ਕ ਵਿੱਦਿਅਕ ਸੰਸਥਾਵਾਂ ਵਿੱਚ ਖੇਡਾਂ ਨੂੰ ਦਿਨੋਂ-ਦਿਨ ਮਹੱਤਤਾ ਦਿੱਤੀ ਜਾ ਰਹੀ ਹੈ ਪਰ ਬਹੁਤ ਕੁੱਝ ਕਰਨਾ ਬਾਕੀ ਹੈ ਕਿਉਂਕਿ ਅਜੇ ਵੀ ਕੁਝ ਚੋਣਵੇਂ ਵਿਦਿਆਰਥੀ ਹੀ ਖੇਡਾਂ ਵਿੱਚ ਹਿੱਸਾ ਲੈਂਦੇ ਹਨ। ਜੀਵਨ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਤੰਦਰੁਸਤ ਸਰੀਰ ਖੇਡਾਂ ਖੇਡਣ ਦੁਆਰਾ ਹੀ ਸੰਭਵ ਹੈ ।ਸਮੇਂ ਦੀ ਲੋੜ ਹੈ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਖੇਡਾਂ ਵਿੱਚ ਰੁਚੀ ਵਧਾਈਏ, ਉਨ੍ਹਾਂ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਵਾਈਏ ਤਾਂ ਜੋ ਖੇਡਾਂ ਦੇ ਖੇਤਰ ਵਿਚ ਉਹ ਅੱਗੇ ਵੱਧ ਸਕਣ। ਆਪਣੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਲਈ ਖੇਡਾਂ ਖੇਡਣਾ ਸਭ ਤੋਂ ਉੱਤਮ ਸਾਧਨ ਹੈ ।ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਉਹਨਾਂ ਦੇ ਵਿਅਕਤੀਤਵ ਲਈ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਦੀ ਹੈ।
ਸੁਰੱਈਆ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ