Saturday, April 13, 2024  

ਲੇਖ

ਚੰਡੀਗੜ੍ਹ ਵਿੱਚ ਸੀਬੀਐਫ਼ਸੀ ਖੇਤਰੀ ਦਫ਼ਤਰ ਦੀ ਸਥਾਪਨਾ ਖੇਤਰੀ ਸਿਨੇਮਾ ਨੂੰ ਮਾਨਤਾ

March 01, 2024

ਖੇਤਰੀ ਸਿਨੇਮਾ ਦੇ ਸਸ਼ਕਤੀਕਰਨ ਅਤੇ ਫਿਲਮ ਨਿਰਮਾਤਾਵਾਂ ਲਈ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਿੱਚ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੇ ਇੱਕ ਖੇਤਰੀ ਸੁਵਿਧਾ ਦਫਤਰ ਦੀ ਸਥਾਪਨਾ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਚਿੱਤਰ ਭਾਰਤੀ ਫਿਲਮ ਫੈਸਟੀਵਲ ਦੌਰਾਨ ਕੀਤੀ ਗਈ ਇਸ ਘੋਸ਼ਣਾ ਦਾ ਖਾਸ ਤੌਰ ’ਤੇ ਪੰਜਾਬੀ ਫਿਲਮ ਇੰਡਸਟਰੀ ਦੇ ਹਿਤਧਾਰਕਾਂ ਦੁਆਰਾ ਉਤਸ਼ਾਹ ਅਤੇ ਉਮੀਦ ਨਾਲ ਸਵਾਗਤ ਕੀਤਾ ਗਿਆ ਹੈ।
ਸੀਬੀਐੱਫਸੀ, ਆਮ ਤੌਰ ’ਤੇ ਸੈਂਸਰ ਬੋਰਡ ਵਜੋਂ ਜਾਣਿਆ ਜਾਂਦਾ ਹੈ, ਭਾਰਤ ਵਿੱਚ ਪਬਲਿਕ ਪ੍ਰਦਰਸ਼ਨੀ ਤੋਂ ਪਹਿਲਾਂ ਫਿਲਮਾਂ ਨੂੰ ਪ੍ਰਮਾਣਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ, ਸਿਨੇਮੈਟੋਗ੍ਰਾਫ ਐਕਟ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ। ਹਾਲਾਂਕਿ, ਮੁੰਬਈ ਵਿੱਚ ਹੈੱਡਕੁਆਰਟਰ ਸਥਿਤ ਨੌਂ ਖੇਤਰੀ ਦਫਤਰਾਂ ਦੀ ਮੌਜੂਦਾ ਸਥਾਪਨਾ ਦੇ ਬਾਵਜੂਦ, ਚੰਡੀਗੜ੍ਹ ਵਿੱਚ ਇੱਕ ਖੇਤਰੀ ਦਫਤਰ ਦੀ ਅਣਹੋਂਦ ਕਾਰਨ ਪੰਜਾਬ ਖੇਤਰ ਵਿੱਚ ਫਿਲਮ ਨਿਰਮਾਤਾਵਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੁਨਿਆਦੀ ਢਾਂਚੇ ਦੀ ਇਸ ਕਮੀ ਦੇ ਕਾਰਨ, ਫਿਲਮ ਨਿਰਮਾਤਾਵਾਂ ਨੂੰ ਅਕਸਰ ਦਿੱਲੀ ਜਾਂ ਮੁੰਬਈ ਤੱਕ ਲੰਬੀ ਦੂਰੀ ਦੀ ਯਾਤਰਾ ਕਰਨੀ ਪੈਂਦੀ ਹੈ, ਜਿਸ ਨਾਲ ਲੌਜਿਸਟਿਕਲ ਪੇਚੀਦਗੀਆਂ ਅਤੇ ਪ੍ਰਮਾਣੀਕਰਣ ਪ੍ਰਕਿਰਿਆ ਵਿੱਚ ਦੇਰੀ ਹੁੰਦੀ ਹੈ।
ਚੰਡੀਗੜ੍ਹ ਵਿੱਚ ਸੀਬੀਐੱਫਸੀ ਦਫ਼ਤਰ ਦੀ ਸਥਾਪਨਾ ਇਨ੍ਹਾਂ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰੇਗੀ। ਖੇਤਰ ਵਿੱਚ ਫਿਲਮ ਨਿਰਮਾਤਾਵਾਂ ਲਈ ਸਰਟੀਫਿਕੇਸ਼ਨ ਤੱਕ ਅਸਾਨ ਪਹੁੰਚ ਪ੍ਰਦਾਨ ਕਰਕੇ, ਇਹ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਏਗਾ ਅਤੇ ਪ੍ਰਵਾਨਗੀ ਪ੍ਰਾਪਤ ਕਰਨ ਨਾਲ ਜੁੜੀਆਂ ਨੌਕਰਸ਼ਾਹੀ ਰੁਕਾਵਟਾਂ ਨੂੰ ਘਟਾਏਗਾ। ਇਹ ਕਦਮ ਸਿਰਫ਼ ਪ੍ਰਸ਼ਾਸਕੀ ਹੀ ਨਹੀਂ ਹੈ ਬਲਕਿ ਜੀਵੰਤ ਅਤੇ ਤੇਜ਼ੀ ਨਾਲ ਉੱਭਰ ਰਹੇ ਪੰਜਾਬੀ ਫ਼ਿਲਮ ਉਦਯੋਗ ਦੀ ਮਾਨਤਾ ਦਾ ਪ੍ਰਤੀਕ ਹੈ।
‘ਕੈਰੀ ਔਨ ਜੱਟਾ 3’ ਜਿਹੀਆਂ ਫਿਲਮਾਂ ਨੇ ਬਾਕਸ ਆਫਿਸ ’ਤੇ ਸਫਲਤਾ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ, ਪੰਜਾਬੀ ਸਿਨੇਮਾ ਹਾਲ ਹੀ ਦੇ ਸਾਲਾਂ ਵਿੱਚ ਇੱਕ ਤਰ੍ਹਾਂ ਦੇ ਪੁਨਰ-ਜਾਗਰਣ ਦਾ ਅਨੁਭਵ ਕਰ ਰਿਹਾ ਹੈ। ਇਨ੍ਹਾਂ ਫਿਲਮਾਂ ਦੇ ਆਰਥਿਕ ਪ੍ਰਭਾਵ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ, ਜਿਵੇਂ ਕਿ ਸਿਰਫ 2023 ਵਿੱਚ ਉਨ੍ਹਾਂ ਦੀ 300 ਕਰੋੜ ਰੁਪਏ ਤੋਂ ਵੱਧ ਦੀ ਸਮੂਹਿਕ ਕਮਾਈ ਦੁਆਰਾ ਦਰਸਾਇਆ ਗਿਆ ਹੈ। ਚੰਡੀਗੜ੍ਹ ਵਿੱਚ ਸੀਬੀਐੱਫਸੀ ਦਫਤਰ ਦੀ ਸਥਾਪਨਾ ਖੇਤਰੀ ਫਿਲਮ ਉਦਯੋਗ ਦੀ ਆਰਥਿਕ ਸਮਰੱਥਾ ਨੂੰ ਸਵੀਕਾਰ ਕਰਦੀ ਹੈ ਅਤੇ ਇਸਦੇ ਵਿਕਾਸ ਦੇ ਮਾਰਗ ਨੂੰ ਸਮਰਥਨ ਦੇਣ ਦਾ ਇੱਕ ਯਤਨ ਹੈ। ਆਰਥਿਕ ਵਿਚਾਰਾਂ ਤੋਂ ਪਰੇ, ਚੰਡੀਗੜ੍ਹ ਵਿੱਚ ਸੀਬੀਐੱਫਸੀ ਦਫ਼ਤਰ ਦੀ ਸਥਾਪਨਾ ਦਾ ਬਹੁਤ ਸੱਭਿਆਚਾਰਕ ਮਹੱਤਵ ਹੈ। ਇਹ ਪੰਜਾਬੀ ਸੱਭਿਆਚਾਰ ਅਤੇ ਕਹਾਣੀ ਸੁਣਾਉਣ ਦੀਆਂ ਪਰੰਪਰਾਵਾਂ ਦੀ ਪ੍ਰਮਾਣਿਕ ਨੁਮਾਇੰਦਗੀ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ, ਜੋ ਅਕਸਰ ਮੁੱਖ ਧਾਰਾ ਦੀਆਂ ਬਾਲੀਵੁੱਡ ਫਿਲਮਾਂ ਵਿੱਚ ਪਾਏ ਜਾਂਦੇ ਰੂੜ੍ਹੀਵਾਦੀ ਚਿੱਤਰਾਂ ਦਾ ਮੁਕਾਬਲਾ ਕਰਦਾ ਹੈ। ਇਹ ਕਦਮ ਖੇਤਰੀ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਕਹਾਣੀਆਂ ਨੂੰ ਸੂਖਮਤਾ ਅਤੇ ਪ੍ਰਮਾਣਿਕਤਾ ਨਾਲ ਦੱਸਣ ਅਤੇ ਵਿਭਿੰਨ ਬਿਰਤਾਂਤਾਂ ਨਾਲ ਸਿਨੇਮਾ ਦੇ ਲੈਂਡਸਕੇਪ ਨੂੰ ਸਮਿ੍ਰੱਧ ਬਣਾਉਣ ਲਈ ਸਸ਼ਕਤ ਬਣਾਉਂਦਾ ਹੈ।
ਇਸ ਤੋਂ ਇਲਾਵਾ, ਚੰਡੀਗੜ੍ਹ ਵਿੱਚ ਸੀਬੀਐੱਫਸੀ ਖੇਤਰੀ ਦਫ਼ਤਰ ਦੀ ਸਥਾਪਨਾ ਨਾ ਸਿਰਫ਼ ਫ਼ਿਲਮ ਨਿਰਮਾਤਾਵਾਂ ਲਈ, ਬਲਕਿ ਸਥਾਨਕ ਅਰਥਵਿਵਸਥਾ ਅਤੇ ਸੱਭਿਆਚਾਰਕ ਦਿ੍ਰਸ਼ਟੀਕੋਣ ਲਈ ਵੀ ਇੱਕ ਵਰਦਾਨ ਹੈ। ਇਹ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਖੇਤਰੀ ਸਿਨੇਮਾ ਦੇ ਕੇਂਦਰ ਵਜੋਂ ਚੰਡੀਗੜ੍ਹ ਦੇ ਵਿਕਾਸ ਅਤੇ ਪਛਾਣ ਵਿੱਚ ਯੋਗਦਾਨ ਪਾਉਣ ਲਈ ਤਿਆਰ ਹੈ। ਇਹ ਵਿਕਾਸ ਭਾਰਤੀ ਫਿਲਮ ਉਦਯੋਗ ਵਿੱਚ ਸੱਭਿਆਚਾਰਕ ਵਿਭਿੰਨਤਾ ਅਤੇ ਵਿਕੇਂਦਰੀਕਰਨ ਨੂੰ ਉਤਸ਼ਾਹਿਤ ਕਰਨ ਦੇ ਵਿਆਪਕ ਦਿ੍ਰਸ਼ਟੀਕੋਣ ਦੇ ਅਨੁਰੂਪ ਹੈ।
ਕੁੱਲ ਮਿਲਾ ਕੇ, ਚੰਡੀਗੜ੍ਹ ਵਿੱਚ ਸੀਬੀਐੱਫਸੀ ਖੇਤਰੀ ਦਫਤਰ ਦੀ ਸਥਾਪਨਾ ਖੇਤਰੀ ਸਿਨੇਮਾ, ਖਾਸ ਕਰਕੇ ਜੀਵੰਤ ਪੰਜਾਬੀ ਫਿਲਮ ਉਦਯੋਗ ਲਈ ਸਸ਼ਕਤੀਕਰਨ ਅਤੇ ਮਾਨਤਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦੀ ਹੈ। ਇਹ ਦੇਸ਼ ਭਰ ਦੇ ਫਿਲਮ ਨਿਰਮਾਤਾਵਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਬੁਨਿਆਦੀ ਢਾਂਚੇ ਅਤੇ ਸਹਾਇਤਾ ਪ੍ਰਣਾਲੀਆਂ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੀ ਹੈ।
“ਜਿਵੇਂ ਕਿ ਅਸੀਂ ਇਸ ਪਹਿਲਕਦਮੀ ਦੇ ਸਫਲ ਹੋਣ ਦੀ ਉਡੀਕ ਕਰ ਰਹੇ ਹਾਂ, ਖੇਤਰੀ ਸਿਨੇਮਾ ਦੇ ਸਮਿ੍ਰੱਧ ਵਿਜ਼ੂਅਲ ਆਰਟ ਫਾਰਮ (ਟੇਪੇਸਟ੍ਰੀ) ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਵਿੱਚ ਇਸ ਦੇ ਅਮੁੱਲ ਯੋਗਦਾਨ ਦਾ ਜਸ਼ਨ ਮਨਾਉਣਾ ਲਾਜ਼ਮੀ ਹੈ। ਮੇਰਾ ਮੰਨਣਾ ਹੈ ਕਿ ਚੰਡੀਗੜ੍ਹ ਵਿੱਚ ਸੀਬੀਐੱਫਸੀ ਦੇ ਖੇਤਰੀ ਦਫ਼ਤਰ ਦੀ ਸਥਾਪਨਾ ਪੰਜਾਬੀ ਫਿਲਮ ਉਦਯੋਗ ਲਈ ਇੱਕ ਗੇਮ-ਚੇਂਜਰ ਸਾਬਤ ਹੋਵੇਗੀ, ਜੋ ਕਿ ਰਾਸ਼ਟਰੀ ਮੰਚ ’ਤੇ ਪੰਜਾਬੀ ਕਹਾਣੀ ਸੁਣਾਉਣ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਦਿਆਂ ਸਿਲਵਰ ਸਕਰੀਨ ’ਤੇ ਸੱਭਿਆਚਾਰਕ ਨੁਮਾਇੰਦਗੀ ਨੂੰ ਭਰਪੂਰ ਕਰਦੇ ਹੋਏ ਖੇਤਰੀ ਸਿਨੇਮਾ ਦੇ ਲਈ ਬਹੁਤ ਲੋੜੀਂਦਾ ਸਮਰਥਨ, ਮਾਨਤਾ ਅਤੇ ਸ਼ਕਤੀ ਪ੍ਰਦਾਨ ਕਰੇਗੀ।
-(ਮੁਖੀ: ਡਾਂਸ ਵਿਭਾਗ, ਪਰਫਾਰਮਿੰਗ ਆਰਟਸ, ਪੰਜਾਬੀ ਯੂਨੀਵਰਸਿਟੀ ਪਟਿਆਲਾ।)
ਡਾ. ਸਿੰਮੀ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ