Monday, May 06, 2024  

ਕੌਮੀ

ਪ੍ਰਧਾਨ ਮੰਤਰੀ ਦੇ ਸਿਆਸੀ ਵਿਰੋਧੀਆਂ ਖ਼ਿਲਾਫ਼ ਦਿੱਤੇ ਭਾਸ਼ਣਾਂ ਦੀ ਕੀਤੀ ਸ਼ਿਕਾਇਤ

April 16, 2024

- ਪ੍ਰਧਾਨ ਮੰਤਰੀ ਦੇ ਸਿਆਸੀ ਵਿਰੋਧੀਆਂ ਖ਼ਿਲਾਫ਼ ਦਿੱਤੇ ਭਾਸ਼ਣਾਂ ਦੀ ਕੀਤੀ ਸ਼ਿਕਾਇਤ

ਆਈਐਨਐਨ
ਨਵੀਂ ਦਿੱਲੀ/16 ਅਪ੍ਰੈਲ : ਸੀਪੀਆਈ (ਐਮ) ਦੇ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਨੇ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਇੱਕ ਖ਼ਤ ਲਿਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਚੋਣ ਮੁਹਿੰਮ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਕੀਤੇ ਭਾਸਣਾਂ ਦੀ ਸ਼ਿਕਾਇਤ ਕੀਤੀ ਹੈ । ਉਨ੍ਹਾਂ ਪੱਤਰ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਚੋਣ ਮੁਹਿੰਮ ਦੌਰਾਨ ਦਿੱਤੇ ਗਏ ਕੁਝ ਭਾਸ਼ਣਾਂ ਦੀ ਸਮੱਗਰੀ ਵੀ ਨਾਲ ਨੱਥੀ ਕੀਤੀ ਹੈ । ਕਾਮਰੇਡ ਯੇਚੁਰੀ ਨੇ ਪ੍ਰਧਾਨ ਮੰਤਰੀ ਵੱਲੋਂ ਚੋਣ ਮੁਹਿੰਮ ਦੌਰਾਨ ਕੀਤੇ ਭਾਸ਼ਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣਾਂ ਵਿੱਚ 22 ਜਨਵਰੀ, 2024 ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੀ ਪਵਿੱਤਰਤਾ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕੁਝ ਵਿਰੋਧੀ ਪਾਰਟੀਆਂ ’ਤੇ ਦੋਸ਼ ਲਗਾਏ ਹਨ । ਉਨ੍ਹਾਂ ਨੇ ਉਨ੍ਹਾਂ ਨੂੰ ‘ਰਾਮ ਮੰਦਰ ਦੇ ਵਿਰੋਧੀ’, ‘ਭਗਵਾਨ ਰਾਮ ਦੇ ਵਿਰੁੱਧ’ ਅਤੇ ‘ਭਗਵਾਨ ਰਾਮ ਦਾ ਅਪਮਾਨ ਕਰਨ ਵਾਲੇ’ ਕਰਾਰ ਦਿੱਤਾ ਹੈ । ਪ੍ਰਧਾਨ ਮੰਤਰੀ ਮੋਦੀ ਨੇ 7 ਅਪ੍ਰੈਲ ਨੂੰ ਬਿਹਾਰ ਦੇ ਨਵਾਦਾ ਤੇ 9 ਅਪ੍ਰੈਲ ਨੂੰ ਉਤਰ ਪ੍ਰਦੇਸ਼ ਦੇ ਪੀਲੀਭੀਤ ’ਚ ਅਜਿਹੇ ਭਾਸ਼ਣ ਦਿੱਤੇ ਸਨ। ਕਾਮਰੇਡ ਯੇਚੁਰੀ ਨੇ ਖ਼ਤ ਦੇ ਨਾਲ ਇਨ੍ਹਾਂ ਭਾਸ਼ਣਾਂ ਦਾ ਵੀਡੀਓ Çਲੰਕ ਵੀ ਚੋਣ ਕਮਿਸ਼ਨ ਨੂੰ ਭੇਜਿਆ ਹੈ।
ਪ੍ਰਧਾਨ ਮੰਤਰੀ ਨੇ 6 ਅਪ੍ਰੈਲ ਨੂੰ ਰਾਜਸਥਾਨ ਦੇ ਅਜਮੇਰ ਵਿੱਚ ਭਾਸ਼ਣ ਦੌਰਾਨ ਕਿਹਾ ਸੀ ਕਿ ਜੋ ਲੋਕ ਮੰਦਰ ਦੀ ਪ੍ਰਤਿਸ਼ਠਾ ਦੇ ਖ਼ਿਲਾਫ਼ ਹਨ, ਉਹ ਆਗਾਮੀ ਰਾਮ ਨੌਮੀ ਸਮਾਰੋਹ ਦਾ ਵਿਰੋਧ ਕਰਨਗੇ। ਇਹ ਇੱਕ ਸਿਆਸੀ ਵਿਰੋਧੀ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਹੈ ।
ਕਾਮਰੇਡ ਯੇਚੁਰੀ ਨੇ ਖ਼ਤ ਵਿੱਚ ਲਿਖਿਆ ਹੈ ਕਿ ਅਜਿਹਾ ਭਾਸ਼ਣ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਕੁਝ ਕਥਨ ਜੋ ਖ਼ਾਸ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਆਪਣੇ ਸਿਆਸੀ ਵਿਰੋਧੀਆਂ ’ਤੇ ਇਹ ਦੋਸ਼ ਲਗਾਉਂਦੇ ਹਨ ਕਿ ਉਹ ‘ਰਾਮ ਮੰਦਰ ਲਈ ਨਫ਼ਰਤ ਪੈਦਾ ਕਰਦੇ ਹਨ’ ਅਤੇ ਇਹ ਕਿ ਉਹ ‘ਭਗਵਾਨ ਰਾਮ ਦਾ ਅਪਮਾਨ ਕਰਦੇ ਹਨ’, ਅਤੇ ਰਾਮ ਨੌਮੀ ਦੇ ਤਿਉਹਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਚੇਤਾਵਨੀ ਦੇਣ ਦਾ ਮਤਲਬ ਸਪੱਸ਼ਟ ਤੌਰ ’ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਹੈ । ਕਾਮਰੇਡ ਯੇਚੁਰੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਉੱਚ ਅਹੁਦੇ ’ਤੇ ਕਾਬਜ਼ ਵਿਅਕਤੀ ਅਤੇ ਸੱਤਾਧਾਰੀ ਪਾਰਟੀ ਦੇ ਸਭ ਤੋਂ ਉੱਚੇ ਨੇਤਾ ਦੁਆਰਾ ਅਜਿਹੇ ਫੁੱਟ ਪਾਊ ਅਤੇ ਬੇਬੁਨਿਆਦ ਭਾਸ਼ਣ ਦਿੱਤੇ ਜਾ ਰਹੇ ਹਨ ।
ਕਾਮਰੇਡ ਯੇਚੁਰੀ ਨੇ ਖ਼ਤ ਦੇ ਨਾਲ ਜੋ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣਾਂ ਦੀਆਂ ਕਾਪੀਆਂ ਨੱਥੀ ਕੀਤੀਆਂ ਹਨ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 7 ਅਪੈ੍ਰਲ ਨੂੰ ਬਿਹਾਰ ਦੇ ਨਵਾਦਾ ਵਿੱਚ ਦਿੱਤੇ ਭਾਸ਼ਣ ਵਿੱਚ ਕਿਹਾ ਸੀ ਕਿ ਮੋਦੀ ਨੇ ਅਯੁੱਧਿਆ ਵਿੱਚ ਰਾਮਲੱਲਾ ਦਾ ਵਿਸ਼ਾਲ ਮੰਦਰ ਬਣਾਉਣ ਦੀ ਗਾਰੰਟੀ ਦਿੱਤੀ ਸੀ, ਅੱਜ ਅਯੁੱਧਿਆ ਵਿੱਚ ਵਿਸ਼ਾਲ ਮੰਦਰ ਅਸਮਾਨ ਨੂੰ ਛੂਹ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੋ 500 ਸਾਲਾ ’ਚ ਨਹੀਂ ਹੋ ਸਕਿਆ ਅਤੇ ਜਿਸ ਰਾਮ ਮੰਦਰ ਦੇ ਨਿਰਮਾਣ ਨੂੰ ਰੋਕਣ ਲਈ ਕਾਂਗਰਸ ਅਤੇ ਆਰਜੇਡੀ ਸਾਲਾਂ ਤੱਕ ਕੋਸ਼ਿਸ਼ ਕਰਦੇ ਰਹੇ, ਉਹ ਮੰਦਰ ਬਣ ਕੇ ਤਿਆਰ ਹੋ ਗਿਆ ਹੈ।
ਕਾਮਰੇਡ ਯੇਚੁਰੀ ਨੇ ਖ਼ਤ ਵਿੱਚ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਤੁਰੰਤ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚੋਣ ਮਾਹੌਲ ਨੂੰ ਹੋਰ ਵਿਗਾੜਨ ਤੋਂ ਰੋਕਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਠੋਸ ਅਤੇ ਤੁਰੰਤ ਕਾਰਵਾਈ ਦੀ ਲੋੜ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ