Sunday, June 23, 2024  

ਲੇਖ

ਜਾਨਲੇਵਾ ਹੋ ਸਕਦੀ ਹੈ ਲੂ ਕਾਰਨ ਸਰੀਰ ’ਚ ਪਾਣੀ ਦੀ ਕਮੀ

May 25, 2024

ਉੱਤਰੀ ਭਾਰਤ ’ਚ ਤਾਪਮਾਨ ਦਾ ਨਿਰੰਤਰ ਵਾਧਾ ਹੋ ਰਿਹਾ ਹੈ। ਤਾਪਮਾਨ ਦੇ ਵੱਧਣ ਨਾਲ ਪੈਦਾ ਹੋਈ ਗਰਮੀ ਨਾਲ ਸਰੀਰ ’ਚ ਪਾਣੀ ਦੀ ਕਮੀ ਹੋ ਸਕਦੀ ਹੈ ਜੋ ਕਿ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸ ਲਈ ਡੀ ਹਾਈਡ੍ਰੇਸ਼ਨ ਦੇ ਕਾਰਨਾਂ, ਲੱਛਣਾਂ, ਬਚਾਅ ਤੇ ਇਲਾਜ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।’’
ਸਾਡੇ ਸਰੀਰ ਦੇ ਵਜ਼ਨ ਦਾ 70 ਫ਼ੀਸਦੀ ਹਿੱਸਾ ਪਾਣੀ ਹੈ। ਜ਼ਿਆਦਾਤਰ ਪਾਣੀ ਕੋਸ਼ਕਾਵਾਂ ਵਿਚ ਪਾਇਆ ਜਾਂਦਾ ਹੈ, ਬਾਕੀ ਲਹੂ ਵਹਿਣੀਆਂ ਜਾਂ ਕੋਸ਼ਕਾਵਾਂ ਦੇ ਵਿਚਕਾਰਲੇ ਸਥਾਨ ’ਚ ਭਰਿਆ ਹੁੰਦਾ ਹੈ ਜਿਸਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੰਦਰੁਸਤ ਰਹਿਣ ਲਈ ਪਾਣੀ ਕਿੰਨਾ ਜ਼ਰੂਰੀ ਹੈ। ਜੇਕਰ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਵੇ ਤਾਂ ਉਸ ਨੂੰ ਡੀਹਾਈਡ੍ਰੇਸ਼ਨ ਜਾਂ ਨਿਰਜਲੀਕਰਨ ਕਿਹਾ ਜਾਂਦਾ ਹੈ। ਗਰਮੀ ਕਾਰਨ ਹੋਣ ਵਾਲੀ ਇਹ ਇਕ ਆਮ ਸਮੱਸਿਆ ਹੈ। ਪਰ ਆਮ ਦਿਖਣ ਵਾਲੀ ਇਹ ਸਮੱਸਿਆ ਵੱਡੀਆਂ ਬੀਮਾਰੀਆਂ ਦਾ ਕਾਰਨ ਬਣ ਜਾਂਦੀ ਹੈ ਅਤੇ ਜਾਨਲੇਵਾ ਵੀ ਸਿੱਧ ਹੋ ਸਕਦੀ ਹੈ। ਡੀਹਾਈਡ੍ਰੇਸ਼ਨ ਵਿਚ ਸਰੀਰ ਵਿਚੋਂ ਨਿਕਲਣ ਵਾਲੇ ਪਾਣੀ ਦੀ ਮਾਤਰਾ ਸਰੀਰ ’ਚ ਮੌਜ਼ੂਦ ਪਾਣੀ ਦੀ ਮਾਤਰਾ ਤੋਂ ਵਧੇਰੇ ਹੋ ਜਾਂਦੀ ਹੈ। ਵਿਗਿਆਨਕ ਭਾਸ਼ਾ ਚ ਇਸਨੂੰ ਹਾਈਪੋਹਾਈਡ੍ਰੇਸ਼ਨ ਕਿਹਾ ਜਾਂਦਾ ਹੈ। ਪਾਣੀ ਦੀ ਕਮੀ ਨਾਲ ਸਰੀਰ ਵਿਚ ਖਣਿਜ ਪਦਾਰਥ ਜਿਵੇਂ ਨਮਕ ਅਤੇ ਸ਼ੱਕਰ (ਗਲੂਕੋਜ਼) ਘੱਟ ਹੋ ਜਾਂਦੇ ਹਨ। ਇਸ ਨਾਲ ਮਾਸਪੇਸ਼ੀਆਂ ਅਤੇ ਨਸਾਂ ਦੀ ਕਾਰਜ ਸਮਰੱਥਾ ਘੱਟ ਹੋ ਜਾਂਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਨਾਲ ਸਰੀਰ ਚੋਂ ਵਿਸ਼ੈਲੇ ਤੱਤ ਬਾਹਰ ਨਹੀਂ ਨਿੱਕਲ ਸਕਦੇ ਜਿੰਨ੍ਹਾਂ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋਣ ਦੇ ਨਾਲ ਨਾਲ ਅੰਤੜੀਆਂ ਦੀ ਇਨਫ਼ੈਕਸ਼ਨ, ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਕਾਰਨ: ਇਸਦਾ ਸਭ ਤੋਂ ਵੱਡਾ ਕਾਰਨ ਹੈ ਪਾਣੀ ਦੀ ਕਮੀ ਹੈ। ਗਰਮੀ ਵਿਚ ਜਦੋਂ ਅਸੀਂ ਘੱਟ ਪਾਣੀ ਪੀਂਦੇ ਹਾਂ ਤਾਂ ਇਹ ਸਮੱਸਿਆ ਪੈਦਾ ਹੁੰਦੀ ਹੈ। ਹੋਰ ਕਾਰਨਾਂ ਵਿਚ ਉਲਟੀ ਆਉਣਾ, ਦਸਤ, ਧੁੱਪ ਦਾ ਮਾੜਾ ਪ੍ਰਭਾਵ, ਲੋੜ ਤੋਂ ਵਧੇਰੇ ਕਸਰਤ, ਖਾਣ ਪੀਣ ਦਾ ਸਹੀ ਸਮਾਂ ਨਾ ਹੋਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਬੁਖਾਰ, ਹਾਈਪਰਟੈਂਸ਼ਨ, ਬਹੁਤ ਜ਼ਿਆਦਾ ਅਲਕੋਹਲ ਦਾ ਸੇਵਨ ਕਰਨਾ , ਹੈਜ਼ਾ, ਕੁਪੋਸ਼ਣ ਵਰਗੀਆਂ ਬੀਮਾਰੀਆਂ ਵੀ ਡੀਹਾਈਡ੍ਰੇਸ਼ਨ ਦਾ ਕਾਰਨ ਬਣਦੀਆਂ ਹਨ।
ਲੱਛਣ: ਜਦੋਂ ਕੋਈ ਵਿਅਕਤੀ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਿਚੋਂ ਗੁਜ਼ਰਦਾ ਹੈ ਤਾਂ ਉਸਨੂੰ ਬਿਨਾ ਕਿਸੇ ਖਾਸ ਕਾਰਨ ਤੋਂ ਘਬਰਾਹਟ, ਕਬਜ਼ ਦੀ ਸਮੱਸਿਆ, ਚੱਕਰ ਆਉਣੇ, ਮੂੰਹ ਵਾਰ ਵਾਰ ਸੁੱਕਣਾ, ਚਮੜੀ ਦਾ ਖੁਸ਼ਕ ਹੋ ਜਾਣਾ, ਸਿਰਦਰਦ, ਸੁਸਤੀ ਹੋ ਜਾਣਾ, ਸਰੀਰ ਦਾ ਕਮਜ਼ੋਰ ਹੋ ਜਾਣਾ, ਪਿਸ਼ਾਬ ਦਾ ਪੀਲਾ ਹੋਣਾ, ਵਧੇਰੇ ਥਕਾਵਟ ਮਹਿਸਗ਼ਸ ਕਰਨਾ, ਮਾਸਪੇਸ਼ੀਆਂ ਦਾ ਤਣਾਉ ਆਦਿ ਲੱਛਣ ਸਾਹਮਣੇ ਆਉਂਦੇ ਹਨ।
ਬਚਾਅ ਲਈ ਕੀ ਕਰੀਏ: ਪਾਣੀ ਜ਼ਿਆਦਾ ਪੀਓ, ਲੱਸੀ ਅਤੇ ਹੋਰ ਤਰਲ ਪਦਾਰਥ ਵਧੇਰੇ ਮਾਤਰਾ ’ਚ ਲਓ। ਧੁੱਪ ਵਿੱਚ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਹਲਕੇ ਰੰਗਾਂ ਦੇ ਕੱਪੜੇ ਪਹਿਨੇ ਜਾਣ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਵਿਚ ਡਾਕਟਰੀ ਸਲਾਹ ਲਓ।
ਡੀਹਾਈਡ੍ਰੇਸ਼ਨ ਨਾਲ ਪੈਦਾ ਹੁੰਦੀਆਂ ਹਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ: ਗਰਮੀ ਦੇ ਮੌਸਮ ਵਿਚ ਲੂ, ਡੀਹਾਈਡ੍ਰੇਸ਼ਨ ਅਤੇ ਸਨਸਟ੍ਰੋਕ ਦੀਆਂ ਸਮੱਸਿਆਵਾਂ ਤੋਂ ਲੋਕ ਵਧੇਰੇ ਪ੍ਰੇਸ਼ਾਨ ਰਹਿੰਦੇ ਹਨ। ਆਮ ਤੌਰ ਤੇ ਲੋਕ ਇਸਨੂੰ ਮਾਮੂਲੀ ਸਮੱਸਿਆ ਸਮਝਦੇ ਹਨ ਪਰ ਸਰੀਰ ’ਚ ਪਾਣੀ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਸਮੇਂ ਸਿਰ ਬਚਾਅ ਨਾ ਕਰਨ ਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਸਦੇ ਬਚਾਅ ਲਈ ਉਪਾਅ ਬਿਲਕੁਲ ਆਸਾਨ ਹਨ, ਪਰ ਇਸਨੂੰ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ ਅਤੇ ਫ਼ਿਰ ਗੰਭੀਰ ਸਮੱਸਿਆ ਹੋਣ ਤੇ ਡਾਕਟਰ ਕੋਲ ਜਾਣਾ ਪੈਂਦਾ ਹੈ। ਇਸ ਤੋੱ ਇਲਾਵਾ ਹੇਠ ਲਿਖੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਅਸਥਮਾ: ਜਦੋਂ ਸਰੀਰ ਵਿਚ ਪਾਣੀ ਦੀ ਕਮੀ ਹੁੰਦੀ ਹੈ, ਤਾਂ ਸਾਹ ਪ੍ਰਣਾਲੀ ਵਿਚ ਸਮੱਸਿਆ ਪੈਦਾ ਹੁੰਦੀ ਹੈ। ਜਿਸ ਕਰਕੇ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਅਸਥਮਾ ਦਾ ਅਟੈਕ ਆਇਆ ਹੋਵੇ ਜਾਂ ਆਮ ਤੌਰ ਤੇ ਅਟੈਕ ਆਉਂਦਾ ਹੋਵੇ, ਤਾਂ ਉਸ ਵਿਅਕਤੀ ਨੂੰ ਪਾਣੀ ਵਧੇਰੇ ਪੀਣਾ ਚਾਹੀਂਦਾ ਹੈ।
ਬਲੱਡ ਪ੍ਰੈਸ਼ਰ: ਉੱਚ ਖੂਨ ਦੇ ਦਬਾਉ ਵਾਲੇ ਵਿਅਕਤੀ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਥੋੜ੍ਹਾ ਥੋੜ੍ਹਾ ਪਾਣੀ ਪੀਣਾ ਚਾਹੀਂਦਾ ਹੈ।
ਉੱਚ ਕੋਲੈਸਟਰੋਲ: ਜਦੋਂ ਲੋੜ ਅਨੁਸਾਰ ਸਰੀਰ ਨੂੰ ਪਾਣੀ ਨਹੀਂ ਮਿਲਦਾ ਤਾਂ ਸਰੀਰ ਜ਼ਿਆਦਾ ਮਾਤਰਾ ਵਿਚ ਕਲੈਸਟ੍ਰੋਲ ਬਣਾਉਣ ਲੱਗਦਾ ਹੈ ਅਤੇ ਹਾਈ ਐਲ ਡੀ ਐਲ ਦਿਲ ਦੇ ਰੋਗ ਸਮੇਤ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜੇਕਰ ਸਰੀਰ ਨੂੰ ਲੋੜੀਂਦਾ ਪਾਣੀ ਮਿਲਦਾ ਰਹੇ ਤਾਂ ਕਲੈਸਟਰੋਲ ਦੀ ਸਮੱਸਿਆ ਪੈਦਾ ਨਹੀਂ ਹੋਵੇਗੀ।
ਪਾਚਨ ਸਬੰਧੀ ਸਮੱਸਿਆ: ਲੋੜੀਂਦੀ ਮਾਤਰਾ ਵਿਚ ਪਾਣੀ ਨਾ ਮਿਲਣ ਤੇ ਸਰੀਰ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਜਿਸ ਨਾਲ ਸਰੀਰ ਵਿਚ ਪਾਚਨ ਨਾਲ ਸਬੰਧਤ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਅਲਸਰ, ਗੈਸ ਅਤੇ ਐਸਿਡ ਰਿਫ਼ਲੈਕਸ ਆਦਿ।ਖਾਣੇ ਨੂੰ ਪਚਾਉਣ ਲਈ ਪਾਣੀ ਦੀ ਲੋੜ ਹੁੰਦੀ ਹੈ।
ਵਜ਼ਨ ਵੱਧਣਾ: ਭੋਜਨ ਤੋਂ ਪ੍ਰਾਪਤ ਕੈਲੋਰੀਜ਼ ਨੂੰ ਜ਼ਜ਼ਬ ਕਰਨ ਵਿਚ ਪਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸਦੀ ਮਾਤਰਾ ਵਿਚ ਕਮੀ ਆਉਣ ਨਾਲ ਕੈਲੋਰੀਜ਼ ਨੂੰ ਜ਼ਜ਼ਬ ਕਰਨ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਨਹੀਂ ਮਿਲਦਾ ਜਿਸ ਨਾਲ ਮੋਟਾਪਾ ਆਉਣ ਲੱਗਦਾ ਹੈ। ਮਾਨਸਿਕ ਸਿਹਤ : ਸਰੀਰ ਵਿਚ ਜਦੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਵਿਅਕਤੀ ਦੀ ਦਿਮਾਗੀ ਗਤੀਵਿਧੀ ਤੇ ਕਾਫ਼ੀ ਅਸਰ ਹੁੰਦਾ ਹੈ। ਗਰਮੀ ਵਿਚ ਇਸੇ ਕਾਰਨ ਦਰਦ, ਆਲਸ ਅਤੇ ਚਿੜਚਿੜਾਪਣ ਵਧੇਰੇ ਦੇਖਣ ਨੂੰ ਮਿਲਦਾ ਹੈ।
ਡਾਇਬਟੀਜ਼: ਸ਼ੂਗਰ ਰੋਗ ਤੋਂ ਪੀੜਤ ਵਿਅਕਤੀਆਂ ਦਾ ਵਧਿਆ ਹੋਇਆ ਖੂਨ ਵਿਚ ਸ਼ੂਗਰ ਦਾ ਪੱਧਰ ਸ਼ੂਗਰ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ। ਅਜਿਹਾ ਜ਼ਿਆਦਾ ਹੋਣ ਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ਅਤੇ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਵੈਸੇ ਵੀ ਸ਼ੂਗਰ ਦੇ ਮਰੀਜ਼ਾਂ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ।
ਗੁਰਦਿਆਂ ਦੀ ਸਮੱਸਿਆ: ਸਰੀਰ ਵਿਚ ਨਿਰੰਤਰ ਚੱਲਣ ਵਾਲੀਆਂ ਅਨੇਕ ਰਸਾਇਣਕ ਕਿਰਿਆਵਾਂ ਕਾਰਨ ਕੁਝ ਵਿਸ਼ੈਲੇ ਤੱਤਾਂ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਨੂੰ ਸਰੀਰ ਵਿਚੋਂ ਬਾਹਰ ਕੱਢਣ ਲਈ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਘਾਟ ਕਾਰਨ ਇਹ ਵਿਸ਼ੈਲੇ ਤੱਤ ਸਰੀਰ ਵਿਚ ਹੀ ਰਹਿੰਦੇ ਹਨ ਅਤੇ ਛੋਟੇ ਛੋਟੇ ਕ੍ਰਿਸਟਲਾਂ ਦਾ ਨਿਰਮਾਣ ਕਰਦੇ ਹਨ ਜੋ ਪੱਥਰੀ ਸਮੇਤ ਹੋਰ ਕਈ ਸਮੱਸਿਆਵਾਂ ਦਾ ਕਾਰਨ ਬਣਦੇ ਹਨ।
ਬਚਾਅ ਅਤੇ ਇਲਾਜ: ਸਭ ਤੋਂ ਪਹਿਲਾਂ ਸਰੀਰ ਵਿਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਪਾਣੀ ਅਤੇ ਖਣਿਜ ਦੀ ਪੂਰਤੀ ਕਰਨਾ ਜ਼ਰੂਰੀ ਹੈ, ਜਿਸ ਲਈ ਘਰੇਲੂ ਪੀਣ ਵਾਲੇ ਪਦਾਰਥ ਲਏ ਜਾ ਸਕਦੇ ਹਨ। ਕੱਚੇ ਦੁੱਧ ਦੀ ਪਤਲੀ ਲੱਸੀ, ਸ਼ਿਕੰਜਵੀ, ਨਾਰੀਅਲ ਪਾਣੀ, ਬੇਲ ਦਾ ਸ਼ਰਬਤ, ਲੱਸੀ, ਓ.ਆਰ.ਐਸ. ਦਾ ਘੋਲ ਥੋੜੀ ਥੋੜ੍ਹੀ ਦੇਰ ਬਾਅਦ ਲੈਂਦੇ ਰਹਿਣਾ ਚਾਹੀਂਦਾ ਹੈ। ਜ਼ਿਆਦਾ ਧੁੱਪ ਵਿਚ ਨਿਕਲਣ ਤੋਂ ਪ੍ਰਹੇਜ਼ ਕੀਤਾ ਜਾਵੇ, ਜੇਕਰ ਬਹੁਤ ਜ਼ਰੂਰੀ ਕੰਮ ਲਈ ਜਾਣਾ ਵੀ ਹੋਵੇ ਤਾਂ ਸਿੱਧੇ ਰੂਪ ਵਿੱਚ ਧੁੱਪ ਦੇ ਸੰਪਰਕ ’ਚ ਆਉਣ ਤੋਂ ਬਚਿਆ ਜਾਵੇ ਅਤੇ ਛੱਤਰੀ ਆਦਿ ਦੀ ਵਰਤੋਂ ਕੀਤੀ ਜਾਵੇ । ਘਰੋਂ ਬਾਹਰ ਨਿੱਕਲ ਕੇ ਕਰਨ ਵਾਲੇ ਕੰਮਾਂ ਨੂੰ ਸਵੇਰੇ ਜਾਂ ਸ਼ਾਮ ਨੂੰ ਕਰਨ ਨੂੰ ਤਰਜੀਹ ਦਿੱਤੀ ਜਾਵੇ। ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ। ਪਾਣੀ ਨਾਲ ਭਰਪੂਰ ਮੌਸਮੀ ਫਲਾਂ ਜਿਵੇਂ ਤਰਬੂਜ਼, ਖ਼ਰਬੂਜ਼ਾ ਤੋਂ ਇਲਾਵਾ ਸਲਾਦ ਨੂੰ ਆਪਣੀ ਰੋਜ਼ਾਨਾ ਦੀ ਖ਼ੁਰਾਕ ’ਚ ਸ਼ਾਮਿਲ ਕੀਤਾ ਜਾਵੇ। ਆਰਾਮ ਕੀਤਾ ਜਾਵੇ ਅਤੇ ਗੰਭੀਰ ਸਥਿਤੀ ਵਿਚ ਡਾਕਟਰੀ ਸਲਾਹ ਲਈ ਜਾਵੇ।

-ਨਰਿੰਦਰ ਪਾਲ ਸਿੰਘ

ਬਲਾਕ ਐਜ਼ੂਕੇਟਰ,
ਮਾਸ ਮੀਡੀਆ ਵਿੰਗ,
ਸਿਹਤ ਵਿਭਾਗ ਪੰਜਾਬ,
-ਮੋਬਾ: 9876805158

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ