ਸ੍ਰੀ ਫ਼ਤਹਿਗੜ੍ਹ ਸਾਹਿਬ/6 ਮਈ:
(ਰਵਿੰਦਰ ਸਿੰਘ ਢੀਂਡਸਾ)
ਵਿਦਿਆਰਥੀ ਸਾਹਿਤ ਸਭਾ, ਪੰਜਾਬੀ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ ਖਾਲਸਾ ਸਾਜਨਾ ਨੂੰ ਸਮਰਪਤ ਵਿਦਿਆਰਥੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਾ. ਹਰਦੇਵ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਡਾ. ਸਿਕੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਨੇ ਵਿਦਿਆਰਥੀਆਂ ਦੇ ਪਰਚਿਆਂ ਦਾ ਮੁਲਾਂਕਣ ਕੀਤਾ। ਵਿਭਾਗ ਦੀ ਵਿਦਿਆਰਥਣ ਸਨਪ੍ਰੀਤ ਕੌਰ ਨੇ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਸ਼ਬਦ ਸਾਂਝੇ ਕੀਤੇ। ਪਰਚਾ ਪੇਸ਼ਕਾਰ ਦੇ ਤੌਰ ‘ਤੇ ਤਰਕਦੀਪ ਕੌਰ (ਖਾਲਸਾ ਸਿਰਜਣ ਦੀ ਲੋੜ ਕਿਉਂ ਪਈ?: ਪ੍ਰਮੁੱਖ ਨੁਕਤੇ ਸੰਦਰਭ ਸਿਰਦਾਰ ਕਪੂਰ ਸਿੰਘ), ਕਮਲਜੀਤ ਕੌਰ (ਖਾਲਸਾ ਪੰਥ ਦੀ ਸਿਰਜਣਾ), ਤਰਨਦੀਪ ਕੌਰ (ਖਾਲਸਾ ਪੰਥ ਦੀ ਸਿਰਜਣਾ), ਨਵਜੋਤ ਸਿੰਘ (ਗੁਰੁ ਗੋਬਿੰਦ ਸਿੰਘ ਜੀ ਦੀ ਵਿਸਾਖੀ ਸੰਦਰਭ ਸਿਰਦਾਰ ਕਪੂਰ ਸਿੰਘ), ਮਨਪ੍ਰੀਤ ਕੌਰ (ਖਾਲਸਾ ਪੰਥ ਸਿਰਜਣਾ ਦਾ ਇਤਿਹਾਸਕ ਮਹੱਤਵ), ਕੁਲਵਿੰਦਰ ਕੌਰ (ਸਿੱਖ ਨੌਜਵਾਨਾਂ ਨੂੰ ਪੰਥ ਖਾਤਰ ਕੀ ਕਰਨਾ ਚਾਹੀਦਾ ਹੈ? ਸੰਦਰਭ ਸਿਰਦਾਰ ਕਪੂਰ ਸਿੰਘ) ਨੇ ਪਰਚੇ ਪੇਸ਼ ਕੀਤੇ। ਡਾ. ਸਿਕੰਦਰ ਸਿੰਘ ਨੇ ਵਿਦਿਆਰਥੀਆਂ ਦੇ ਉਤਸ਼ਾਹ ਤੇ ਆਤਮ-ਵਿਸ਼ਵਾਸ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਆਪਣੀ ਖੋਜ ਦ੍ਰਿਸ਼ਟੀ ਨੂੰ ਹੋਰ ਨਿਖਾਰਨ ਲਈ ਪ੍ਰੇਰਤ ਕੀਤਾ। ਡਾ. ਹਰਦੇਵ ਸਿੰਘ ਨੇ ਵੱਖ-ਵੱਖ ਧਰਮਾਂ ਦੇ ਹਵਾਲੇ ਨਾਲ਼ ਪੈਗੰਬਰੀ ਪਰੰਪਰਾ ਦਾ ਇਤਿਹਾਸਕ ਪ੍ਰਸੰਗ ਤੇ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਸਮਾਜ ਦੀ ਸਥਿਤੀ ਤੇ ਸਮਕਾਲ ਵਿਚ ਖਾਲਸਾ ਸਾਜਨਾ ਦਿਹਾੜੇ ਦੀ ਮਹੱਤਤਾ ਦੀ ਗੱਲ ਕੀਤੀ। ਇਸ ਦੇ ਨਾਲ਼ ਉਹਨਾਂ ਵਿਦਿਆਰਥੀਆਂ ਨੂੰ ਖੋਜ ਪੇਪਰ ਲਿਖਣ ਲਈ ਮੁੱਲਵਾਨ ਸੁਝਾਅ ਦਿੱਤੇ। ਸੈਮੀਨਾਰ ਵਿਚ ਪੇਪਰ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਟੇਜ ਸੰਚਾਲਨ ਕਮਲਪ੍ਰੀਤ ਵੱਲੋਂ ਕੀਤਾ ਗਿਆ। ਨਵਦੀਪ ਸਿੰਘ ਵੱਲੋਂ ਸਮਾਗਮ ਵਿਚ ਪਹੁੰਚੇ ਮਹਿਮਾਨ, ਅਧਿਆਪਕਾਂ ਤੇ ਵਿਦਿਅਰਥੀਆਂ ਦਾ ਧੰਨਵਾਦ ਕੀਤਾ ਗਿਆ।