ਸ੍ਰੀ ਫ਼ਤਹਿਗੜ੍ਹ ਸਾਹਿਬ/1 ਅਗਸਤ :
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਅਰਥ ਸ਼ਾਸਤਰ ਵਿਭਾਗ ਵੱਲੋਂ ਬੀ.ਏ. ਆਨਰਜ਼ ਭਾਗ-ਪਹਿਲਾ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਕਾਲਜ ਵਿੱਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਕਾਲਜ ਅਤੇ ਵਿਭਾਗ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨਾ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੁਆਰਾ ਜਿੱਥੇ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਦੀ ਮਹੱਤਤਾ ਬਾਰੇ ਪਤਾ ਚੱਲਦਾ ਹੈ, ਉੱਥੇ ਨਾਲ ਹੀ ਕਾਲਜ ਦੀਆਂ ਅਹਿਮ ਸਹਿ ਵਿੱਦਿਅਕ ਗਤੀਵਿਧੀਆਂ ਬਾਰੇ ਲਾਭਕਾਰੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਸਮਾਗਮ ਦੀ ਸ਼ੁਰੂਆਤ ਸਮੇਂ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਨਵਜੀਤ ਕੌਰ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੇ ਪ੍ਰੋਫ਼ੈਸ਼ਨਲ ਗਿਆਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਦਿੱਤਾ। ਇਸ ਤੋਂ ਬਾਅਦ ਪ੍ਰੋ. ਜੁਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਯੁੱਗ ਵਿੱਚ ਪੜ੍ਹਾਈ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਡਾ. ਜਗਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਸੱਭਿਆਚਾਰਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਬਾਰੇ ਦੱਸਦਿਆਂ ਉਨ੍ਹਾਂ ਨੂੰ ਇਨ੍ਹਾਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸੋਸ਼ਿਆਲੋਜੀ ਵਿਭਾਗ ਤੋਂ ਡਾ. ਪੁਸ਼ਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਹਰਸਿਮਰਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਕਾਲਜ ਵਿਖੇ ਚੱਲ ਰਹੀਆਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਭਾਗ ਦੇ ਡਾ. ਗੁਰਜਿੰਦਰ ਕੌਰ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ। ਇਸ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਨੇ ਰਿਫਰੈਸ਼ਮੈਂਟ ਦਾ ਆਨੰਦ ਮਾਣਿਆ।