ਸ੍ਰੀ ਫ਼ਤਹਿਗੜ੍ਹ ਸਾਹਿਬ/6 ਮਈ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਦੀ ਯੋਗ ਅਗਵਾਈ ਹੇਠ ਜਿਲਾ ਹਸਪਤਾਲ ਵਿਖੇ "ਵਿਸ਼ਵ ਅਸਥਮਾ ਦਿਵਸ" ਦੇ ਮੌਕੇ ਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਅਤੇ ਉਨਾਂ ਦੇ ਵਾਰਸਾਂ ਨੂੰ ਵਿਸ਼ਵ ਅਸਥਮਾ ਦਿਵਸ ਮਨਾਉਣ ਦਾ ਮਨੋਰਥ,ਅਸਥਮਾ ਹੋਣ ਦੇ ਕਾਰਨ, ਉਸਦੇ ਚਿੰਨ, ਨਿਸ਼ਾਨੀਆਂ, ਲੱਛਣ ਅਤੇ ਇਸ ਤੋਂ ਬਚਾਅ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਵਿਸ਼ਵ ਅਸਥਮਾ ਦਿਵਸ 1998 ਤੋਂ ਮਈ ਦੇ ਪਹਿਲੇ ਮੰਗਲਵਾਰ ਨੂੰ ਹਰ ਸਾਲ ਸਾਰੀ ਦੁਨੀਆਂ ਵਿੱਚ ਮਨਾਇਆ ਜਾਦਾ ਹੈ , ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਨੋਰਥ ਆਮ ਲੋਕਾਂ ਨੂੰ ਦਮਾ ਰੋਗ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣਾ ਹੈ ਤਾਂ ਕਿ ਇਹ ਬਿਮਾਰੀ ਹੋਣ ਤੋਂ ਬਚਿਆ ਜਾ ਸਕੇ ਅਤੇ ਜੇਕਰ ਬਿਮਾਰੀ ਹੋ ਜਾਵੇ ਤਾਂ ਇਸ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਅਸਥਮਾ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਸਹਾਇਕ ਸਿਵਲ ਸਰਜਨ ਡਾ. ਅਮਰੀਕ ਸਿੰਘ ਚੀਮਾ ਨੇ ਦੱਸਿਆ ਕਿ ਅਸਥਮਾ ਫੇਫੜਿਆਂ ਦੀ ਬਿਮਾਰੀ ਹੈ ਇਹ ਕਿਸੇ ਧੂੜ, ਧੂਆ, ਸੁਗੰਧ ,ਦੁਰਗੰਧ,ਗੰਧਲੇ ਵਾਤਾਵਰਨ ਅਤੇ ਕਿਸੇ ਐਲਰਜਨ ਆਦਿ ਤੋਂ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਧੂੰਆਂ ਮਨੁੱਖੀ ਸਿਹਤ ਲਈ ਖਤਰਨਾਕ ਹੁੰਦਾ ਹੈ , ਭਾਵੇਂ ਇਹ ਧੂਆਂ ਕਿਸੇ ਚੀਜ਼ ਦੇ ਸਾੜਨ ਤੋਂ , ਪਟਾਖਿਆਂ ਤੋਂ ਸਿਗਰਟ , ਬੀੜੀ ਜਾਂ ਤੰਬਾਕੂ ਆਦਿ ਤੋਂ ਨਿਕਲਿਆ ਹੋਵੇ ਸਾਨੂੰ ਇਸ ਪ੍ਰਤੀ ਜਾਗਰੂਕ ਹੋ ਕੇ ਬਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਹ, ਦਮੇ ਅਤੇ ਐਲਰਜੀ ਦੇ ਰੋਗੀ ਆਪਣੀਆਂ ਦਵਾਈਆਂ ਅਤੇ ਇਨਹੇਲਰ ਜਰੂਰ ਨਾਲ ਰੱਖਣ ਅਤੇ ਡਾਕਟਰ ਦੇ ਸੁਝਾਏ ਅਨੁਸਾਰ ਇਹਨਾਂ ਦੀ ਵਰਤੋਂ ਕਰਨ। ਡਾ. ਕੰਵਲਦੀਪ ਸਿੰਘ ਨੇ ਦੱਸਿਆ ਕਿ ਅਸਥਮਾ ਬੱਚਿਆਂ ਵਿੱਚ ਵੀ ਪਾਇਆ ਜਾਂਦਾ , ਪਰ ਜੇਕਰ ਇਸ ਦੇ ਨਾਲ ਨਿਮੋਨੀਆ ਹੋ ਜਾਵੇ ਤਾਂ ਇਹ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ । ਉਹਨਾਂ ਕਿਹਾ ਕਿ ਨਵ ਜਨਮੇ ਬੱਚਿਆਂ ਨੂੰ ਮਾਂ ਦਾ ਦੁੱਧ ਉਚਿਤ ਮਾਤਰਾ ਅਤੇ ਸਮੇਂ ਸਿਰ ਪਿਲਾਇਆ ਜਾਵੇ, ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ , ਸੰਤੁਲਿਤ ਭੋਜਨ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਵਿਅਕਤੀ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਬਰਕਰਾਰ ਰਹੇ। ਇਸ ਮੌਕੇ ਤੇ ਜ਼ਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ, ਡੀਪੀਐਮ ਡਾ. ਕਸੀਤਿਜ ਸੀਮਾ, ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।