ਸ੍ਰੀ ਮੁਕਤਸਰ ਸਾਹਿਬ, 17 ਮਈ (ਕੇ.ਐਲ.ਮੁਕਸਰੀ/ਕੁਲਭੂਸ਼ਨ ਚਾਵਲਾ)- ‘
ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਐਸ.ਐਸ.ਪੀ ਡਾ. ਅਖਿਲ ਚੌਧਰੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਥਾਣਾ ਬਰੀਵਾਲਾ ਦੇ ਅਧੀਨ ਖੇਤਰ ’ਚ ਐਸ.ਪੀ (ਡੀ) ਅਤੇ ਡੀ.ਐਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਅੰਤਰ-ਰਾਜੀ ਨਸ਼ਾ ਤਸਕਰੀ ਰੈਕੇਟ ਨਾਲ ਸਬੰਧਤ 02 ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਦੀ ਸੀ.ਆਈ.ਏ ਟੀਮ ਨੇ ਇਕ ਖੁਫੀਆ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ 02 ਮੁਲਜ਼ਮਾਂ ਨੂੰ ਕਾਬੂ ਕੀਤਾ। ਇਹ ਕਾਰਵਾਈ ਥਾਣਾ ਬਰੀਵਾਲਾ ਦੇ ਖੇਤਰ ’ਚ ਕੀਤੀ ਗਈ, ਜਿਸ ਦੌਰਾਨ ਵਪਾਰਕ ਮਾਤਰਾ ’ਚ 262 ਗ੍ਰਾਮ ਹੈਰੋਇਨ ਜਬਤ ਕੀਤੀ ਗਈ। ਫੜ੍ਹੇ ਗਏ ਵਿਅਕਤੀਆਂ ਦੀ ਪਹਿਚਾਣ ਜਸਪ੍ਰੀਤ ਸਿੰਘ ਉਰਫ਼ ਜਸ਼ਨ ਉਰਫ ਪਿੰਨੀ ਪੁੱਤਰ ਗੁਰਦੇਵ ਸਿੰਘ ਉਰਫ ਦੇਵ ਨਿਵਾਸੀ ਗੋਨਿਆਣਾ ਰੋਡ ਮੇਨ ਚੌਕ, ਸ੍ਰੀ ਮੁਕਤਸਰ ਸਾਹਿਬ ਅਤੇ ਪ੍ਰਜਵਲ ਸੇਠੀ ਉਰਫ਼ ਸ਼ਿਵ ਪੁੱਤਰ ਸੁਭਾਸ਼ ਚੰਦ, ਨਿਵਾਸੀ ਹੱਟਾ ਬਦਨ ਸਿੰਘ, ਗਲੀ ਨੰਬਰ 07, ਮੇਨ ਬਾਜ਼ਾਰ, ਮੋਗਾ ਵਜੋਂ ਹੋਈ ਹੈ। ਉਕਤ ਵਿਅਕਤੀਆਂ ਪਾਸੋਂ 262 ਗ੍ਰਾਮ ਹੈਰੋਇਨ (ਵਪਾਰਕ ਮਾਤਰਾ), 1 ਬਜਾਜ ਪਲਸਰ ਮੋਟਰਸਾਈਕਲ ਬਰਾਮਦ ਹੋਇਆ ਹੈ। ਇਸ ਮਾਮਲੇ ’ਚ ਹੋਰ ਜਾਂਚ ਜਾਰੀ ਹੈ, ਤਾਂ ਜੋ ਨਸ਼ੇ ਦੀ ਇਸ ਖੇਪ ਦੇ ਸਰੋਤ ਦੀ ਪਛਾਣ ਕੀਤੀ ਜਾ ਸਕੇ ਅਤੇ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਅਤੇ ਸੰਸਥਾਵਾਂ ਦੀ ਗਿਰਫ਼ਤਾਰੀ ਕੀਤੀ ਜਾ ਸਕੇ।