ਸ੍ਰੀ ਫ਼ਤਹਿਗੜ੍ਹ ਸਾਹਿਬ/23 ਮਈ:
(ਰਵਿੰਦਰ ਸਿੰਘ ਢੀਂਡਸਾ)
ਬੀਤੇ ਕਰੀਬ ਚਾਰ ਦਿਨਾਂ ਤੋਂ ਲਾਪਤਾ ਚੱਲੇ ਆ ਰਹੇ ਪਿੰਡ ਤਲਾਣੀਆਂ ਦੇ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲਣ ਉਪਰੰਤ ਉਸਦੇ ਕਤਲ ਦੇ ਦੋਸ਼ ਹੇਠ ਪੁਲਿਸ ਵੱਲੋਂ ਮ੍ਰਿਤਕ ਦੇ ਪਿੰਡ ਦੇ ਹੀ ਰਹਿਣ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ।ਡੀ.ਐਸ.ਪੀ.(ਫ਼ਤਹਿਗੜ੍ਹ ਸਾਹਿਬ) ਸੁਖਨਾਜ਼ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨਾਮਕ ਵਿਅਕਤੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੀ ਭੈਣ ਦਾ ਪਤੀ ਗੁਰਚਰਨ ਸਿੰਘ ਵਾਸੀ ਪਿੰਡ ਤਲਾਣੀਆਂ ਜੋ ਕਿ ਦੋ ਬੱਚਿਆਂ ਦਾ ਪਿਤਾ ਹੈ 18 ਮਈ ਦੀ ਸ਼ਾਮ 8 ਵਜੇ ਤੋਂ ਬਾਅਦ ਵਾਪਸ ਘਰ ਨਹੀਂ ਸੀ ਆਇਆ ਜਿਸ ਦੀ ਭਾਲ ਦੌਰਾਨ ਉਸਦੇ ਜੀਜੇ ਗੁਰਚਰਨ ਸਿੰਘ ਦੀ ਲਾਸ਼ 22 ਮਈ ਨੂੰ ਪਿੰਡ ਸਾਨੀਪੁਰ ਨੇੜਿਓਂ ਭਾਖੜਾ ਨਹਿਰ 'ਚੋਂ ਮਿਲੀ।ਜਿਸ ਸਬੰਧੀ ਕੀਤੀ ਗਈ ਪੜਤਾਲ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ 18 ਮਈ ਨੂੰ ਗੁਰਚਰਨ ਸਿੰਘ ਨੇ ਆਪਣੇ ਪਿੰਡ ਦੇ ਹੀ ਰਹਿਣ ਵਾਲੇ ਬਲਰਾਜ ਸਿੰਘ ਉਰਫ ਬੱਬੂ ਨਾਲ ਬੈਠ ਕੇ ਸ਼ਰਾਬ ਪੀਤੀ ਸੀ ਜਿਸ ਦੌਰਾਨ ਉਨਾਂ ਦੋਵਾਂ ਦੀ ਆਪਸ 'ਚ ਬਹਿਸ ਬਾਜ਼ੀ ਹੋ ਗਈ ਜਿਸ ਤੋਂ ਬਾਅਦ ਬਲਰਾਜ ਸਿੰਘ ਉਰਫ ਬੱਬੂ ਨੇ ਆਪਣੇ ਭਰਾ ਬੇਅੰਤ ਸਿੰਘ ਉਰਫ ਕਾਲੂ ਨਾਲ ਮਿਲ ਕੇ ਗੁਰਚਰਨ ਸਿੰਘ ਨੂੰ ਹੋਰ ਸ਼ਰਾਬ ਪਿਲਾਈ ਤੇ ਫਿਰ ਉਹ ਦੋਵੇਂ ਜਣੇ ਗੁਰਚਰਨ ਸਿੰਘ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਭਾਖੜਾ ਨਹਿਰ 'ਤੇ ਲੈ ਗਏ ਜਿੱਥੇ ਕੁੱਟਮਾਰ ਕਰਨ ਉਪਰੰਤ ਗੁਰਚਰਨ ਸਿੰਘ ਨੂੰ ਭਾਖੜਾ ਨਹਿਰ 'ਚ ਸੁੱਟ ਕੇ ਉਸਦਾ ਕਤਲ ਕਰ ਦਿੱਤਾ ਗਿਆ।ਇਸ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਅ/ਧ 103,3(5)ਬੀ.ਐਨ.ਐਸ. ਤਹਿਤ ਦਰਜ ਕਰਵਾਏ ਗਏ ਮੁਕੱਦਮੇ 'ਚ ਬਲਰਾਜ ਸਿੰਘ ਉਰਫ ਬੱਬੂ ਅਤੇ ਬੇਅੰਤ ਸਿੰਘ ਉਰਫ ਕਾਲੂ ਵਾਸੀਆਨ ਪਿੰਡ ਤਲਾਣੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਚ.ਓ. ਥਾਣੇਦਾਰ ਇੰਦਰਜੀਤ ਸਿੰਘ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।