ਸ੍ਰੀ ਫ਼ਤਹਿਗੜ੍ਹ ਸਾਹਿਬ/ 30 ਮਈ :
(ਰਵਿੰਦਰ ਸਿੰਘ ਢੀਂਡਸਾ)
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫਤ ਨਾਲ ਨਜਿੱਠਣ ਦੇ ਅਭਿਆਸ ਵਜੋਂ ਕੱਲ 31 ਮਈ ਨੂੰ ਸ਼ਾਮ 6 ਵਜੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਡੀਸੀ ਕੰਪਲੈਕਸ ਵਿਖੇ ਮੌਕ ਡਰਿੱਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਵੱਖ-ਵੱਖ ਵਿਭਾਗਾਂ ਜਿਵੇਂ ਪੁਲਿਸ, ਸਿਹਤ, ਨਗਰ ਕੌਂਸਲ, ਪੰਜਾਬ ਹੋਮ ਗਾਰਡਜ਼, ਸਿਵਲ ਡਿਫੈਂਸ ਦੇ ਅਧਿਕਾਰੀਆਂ ਅਤੇ ਰੋਟਰੀ ਕਲੱਬ ਤੇ ਐਨਸੀਸੀ ਵਲੰਟੀਅਰਾਂ ਨੂੰ ਮੌਕ ਡਰਿੱਲ ਮੌਕੇ ਮੌਜੂਦ ਰਹਿਣ ਅਤੇ ਅਭਿਆਸ ਪ੍ਰਕਿਰਿਆ ਵਿਚ ਹਿੱਸਾ ਲੈਣ ਦੀ ਹਦਾਇਤ ਕੀਤੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਹ ਇੱਕ ਅਭਿਆਸੀ ਕਾਰਵਾਈ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਇਸ ਮੌਕ ਡਰਿੱਲ ਬਾਰੇ ਅਫਵਾਹ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।