ਤਪਾ ਮੰਡੀ 7 ਜੂਨ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-
ਐਸ.ਐਸ.ਪੀ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੇ ਹੁਕਮਾਂ ਤੇ ਪੁਲਸ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਂਕਾਂ ‘ਚ ਦੋ ਪਹੀਆ ਵਾਹਨ ਚਾਲਕਾਂ ਅਤੇ ਕਾਰ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਹਾਜਰ ਥਾਣਾ ਮੁੱਖੀ ਰੇਣੂ ਪਰੋਚਾ ਨੇ ਦੱਸਿਆ ਕਿ ਸ਼ਹਿਰ ‘ਚ ਦੋ ਪਹੀਆ ਵਾਹਨ ਚਾਲਕਾਂ ਨੂੰ ਰੋਕਕੇ ਉਨ੍ਹਾਂ ਦੇ ਕਾਗਜਾਤ ਚੈਕ ਕੀਤੇ ਗਏ ਅਤੇ ਅਧੂਰੇ ਦਸਤਾਵੇਜਾਂ ਦੇ ਚਲਾਨ ਕੱਟੇ ਗਏ। ਪੁਲਸ ਨੇ ਬਿਨ੍ਹਾਂ ਨੰਬਰੀ ਮੋਟਰਸਾਇਕਲਾਂ ਤੇ ਫਿਰਦੇ ਸ਼ੱਕੀ ਵਿਅਕਤੀਆਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਟ੍ਰਿਪਲ ਸਵਾਰਾਂ ਦੇ ਵੀ ਚਲਾਨ ਕੀਤੇ ਗਏ। ਇਸੇ ਦੋਰਾਨ ਥਾਣਾ ਮੁੱਖੀ ਨੇ ਮੋਟਰਸਾਇਕਲਾਂ ਤੇ ਲੱਗੇ ਪਟਾਕੇ ਮਾਰਨ ਵਾਲੇ ਹਾਰਨ ਅਤੇ ਪ੍ਰਾਈਵੇਟ ਨੰਬਰ ਪਲੇਟਾਂ ਹੋਣ ਸਮੇਤ ਦਸਤਾਵੇਜ ਨਾ ਹੋਣ ਕਾਰਨ ਉਨ੍ਹਾਂ ਨੂੰ ਇੰਮਪਾਊੰਡ ਕੀਤਾ ਗਿਆ। ਇਸੇ ਦੌਰਾਨ ਪੁਲਸ ਨੇ ਕਾਰਾਂ ਨੂੰ ਵੀ ਰੋਕਕੇ ਉਨ੍ਹਾਂ ਦੇ ਕਾਗਜਾਤ ਚੈਂਕ ਕੀਤੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਹੜਾ ਵੀ ਚਾਲਕ ਟਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਬਖਸਿਆਂ ਨਹੀਂ ਜਾਵੇਗਾ। ਉਨ੍ਹਾਂ ਵਹੀਕਲ ਚਾਲਕਾਂ ਨੂੰ ਦੱਸਿਆ ਕਿ ਅਪਣੇ ਵਹੀਕਲ ਦੇ ਪੂਰੇ ਕਾਗਜਾਤ,ਬੀਮਾ,ਪ੍ਰਦੂਸ਼ਣ,ਹੈਲਮਟ ਜਰੂਰ ਰੱਖੋ। ਪੁਲਸ ਨੇ ਬਾਬਾ ਮੱਠ ਚੌਂਕ.ਬਾਲਮੀਂਕ ਚੌਂਕ,ਢਿਲਵਾਂ ਰੋਡ ਆਦਿ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਦਰਜਨ ਤੋਂ ਵੱਧ ਚਲਾਨ ਕੱਟੇ ਗਏ ਅਤੇ ਬਹੁਤੇ ਲੋਕ ਨਾਕਾਬੰਦੀ ਨੂੰ ਦੇਖਦਿਆਂ ਪਿੱਛੇ ਮੁੜਦੇ ਵੀ ਦੇਖੇ ਗਏ। ਇਸ ਮੋਕੇ ਥਾਣੇਦਾਰ ਅਮਰਜੀਤ ਸਿੰਘ,ਯਾਦਵਿੰਦਰ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਹਾਜਰ ਸਨ।