ਸ੍ਰੀ ਫਤਿਹਗੜ੍ਹ ਸਾਹਿਬ / 5 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ 07 ਅਗਸਤ ਨੂੰ 01 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ "ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ" ਦੇ ਮੌਕੇ ਤੇ ਅਲਬੈਂਡਾਜੋਲ ਦੀ ਗੋਲੀ ਖਿਲਾਈ ਜਾਵੇਗੀ।ਇਹ ਜਾਣਕਾਰੀ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਜ਼ਿਲਾ ਹਸਪਤਾਲ ਤੋਂ "ਪੇਟ ਦੇ ਕੀੜਿਆਂ ਤੋਂ ਮੁਕਤੀ ਸਬੰਧੀ ਰਾਸ਼ਟਰੀ ਦਿਵਸ" ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਦਿੱਤੀ । ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪੇਟ ਵਿੱਚ ਕੀੜੇ ਹੋਣ ਨਾਲ ਬੱਚਿਆਂ ਵਿੱਚ ਕਪੋਸ਼ਨ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਬੱਚਾ ਥੱਕਿਆ- ਥੱਕਿਆ ਰਹਿੰਦਾ ਹੈ ਅਤੇ ਉਸ ਦੇ ਸੰਪੂਰਨ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ, ਇਸ ਲਈ ਬੱਚਿਆਂ ਨੂੰ ਅਲਬੈਡਾਜੋਲ ਦੀ ਗੋਲੀ ਦੇਣੀ ਅਤੀ ਜਰੂਰੀ ਹੁੰਦੀ ਹੈ। ਉਹਨਾਂ ਕਿਹਾ ਕਿ ਜਿਲੇ ਅੰਦਰ 01 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ 07 ਅਗਸਤ ਵਾਲੇ ਦਿਨ ਇਹ ਗੋਲੀ ਖਿਲਾਈ ਜਾਵੇਗੀ । ਉਹਨਾਂ ਕਿਹਾ ਕਿ 01 ਤੋਂ 02 ਸਾਲ ਤੱਕ ਦੇ ਬੱਚਿਆਂ ਨੂੰ ਪੀਣ ਵਾਲੀ ਦਵਾਈ ਦਿੱਤੀ ਜਾਵੇਗੀ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ 400 ਮਿਲੀਗ੍ਰਾਮ ਦੀ ਖਾਣ ਵਾਲੀ ਅਲਬੈਡਾਜੋਲ ਦੀ ਗੋਲੀ ਦਿੱਤੀ ਜਾਵੇਗੀ ।