ਸ੍ਰੀ ਫਤਿਹਗੜ੍ਹ ਸਾਹਿਬ/ 5 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਹੁਕਮਾਂ ਸਦਕਾ ਐਸਐਮਓ ਡਾ. ਸੁਰਿੰਦਰ ਸਿੰਘ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਐਚਸੀ ਸੰਗਤਪੁਰ ਸੋਢੀਆਂ ਵਿਖੇ ਵਿਸ਼ਵ ਦੁੱਧ ਪਾਨ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਡਿਸਪੈਂਸਰੀ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਸੈਮੀਨਾਰ ਦੇ ਰਾਹੀਂ ਜਾਗਰੂਕ ਕੀਤਾ ਗਿਆ। ਇਸ ਮੌਕੇ ਆਯੁਰਵੇਦਿਕ ਮੈਡੀਕਲ ਅਫਸਰ ਡਾ. ਮੰਜੂ ਬਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ 1 ਤੋਂ 7 ਅਗਸਤ ਤੱਕ ਵਿਸ਼ਵ ਦੁੱਧ ਪਾਨ ਹਫਤਾ ਮਨਾਇਆ ਜਾਂਦਾ ਹੈ। ਇਹ ਹਫ਼ਤਾ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਨਵਜਾਤ ਬੱਚਿਆਂ ਦੀ ਸਿਹਤ ਵਿੱਚ ਉਸ ਦੀ ਭੂਮਿਕਾ ਬਾਰੇ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਹੁੰਦਾ ਹੈ। ਉਹਨਾਂ ਕਿਹਾ ਕਿ ਮਾਂ ਦਾ ਦੁੱਧ ਪੂਰੀ ਤਰ੍ਹਾਂ ਪੋਸ਼ਣ ਯੁਕਤ ਹੈ ਜੋ ਕਿ ਬੱਚੇ ਦੀ ਇਮਿਊਨਿਟੀ ਨੂੰ ਵਧਾਉਣ ਤੋਂ ਇਲਾਵਾ ਮਾਂ ਅਤੇ ਬੱਚੇ ਦੀ ਆਪਸੀ ਨਜ਼ਦੀਕੀ ਵੀ ਵਧਾਉਂਦਾ ਹੈ। ਸ਼ੁਰੂਆਤੀ 6 ਮਹੀਨੇ ਤੱਕ ਤਾਂ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ । ਉਹਨਾਂ ਇਹ ਵੀ ਕਿਹਾ ਕਿ ਬੱਚੇ ਨੂੰ ਤੰਦਰੁਸਤ ਬਣਾਉਣ ਦੇ ਲਈ ਮਾਂ ਨੂੰ ਪੋਸ਼ਣ ਯੁਕਤ ਖੁਰਾਕ ਖਾਣੀ ਚਾਹੀਦੀ ਹੈ। ਅਰਾਮਦਾਇਕ ਵਾਤਾਵਰਨ ਦੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਮਾਨਸਿਕ ਪਰੇਸ਼ਾਨੀਆਂ ਤੋਂ ਬਚਣਾ ਚਾਹੀਦਾ ਹੈ। ਇਸ ਮੌਕੇ ਸੀਐਚ ਓ ਗੁਰਦੀਪ ਕੌਰ ਨੇ ਦੱਸਿਆ ਕਿ ਇਸ ਹਫਤੇ ਨੂੰ ਜਿਲਾ ਸਿਹਤ ਵਿਭਾਗ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਤੋਂ ਇਲਾਵਾ ਆਸ਼ਾ ਵਰਕਰਸ ਅਤੇ ਆਂਗਣਵਾੜੀ ਵਰਕਰਜ ਆਦਿ ਵੀ ਹਾਜਰ ਸਨ।