ਸ੍ਰੀ ਫ਼ਤਹਿਗੜ੍ਹ ਸਾਹਿਬ/6 ਅਗਸਤ :
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਆਮ ਆਦਮੀ ਕਲੀਨਿਕ ਬਾੜਾ, ਸਰਹਿੰਦ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਉਹਨਾਂ ਸਟਾਫ ਦੀ ਹਾਜ਼ਰੀ ਚੈੱਕ ਕੀਤੀ , ਸਮੂਹ ਸਟਾਫ ਡਿਊਟੀ ਤੇ ਹਾਜ਼ਰ ਪਾਇਆ ਗਿਆ । ਓਹਨਾ ਆਮ ਆਦਮੀ ਕਲੀਨਿਕ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਹਨਾਂ ਕਲੀਨਿਕ ਵਿੱਚ ਇਲਾਜ ਲਈ ਆਏ ਮਰੀਜਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਜੇਕਰ ਫਿਰ ਵੀ ਉਹਨਾਂ ਨੂੰ ਸਿਹਤ ਸਹੂਲਤਾਂ ਲੈਣ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੋਵੇ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਜਰੂਰ ਲਿਆਉਣ । ਇਸ ਮੌਕੇ ਤੇ ਸਿਹਤ ਕੇਂਦਰਾਂ ਵਿੱਚ ਸਿਹਤ ਸਹੂਲਤਾਂ ਦੇ ਵਾਧੇ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਹੁਣ ਆਮ ਆਦਮੀ ਕਲੀਨਿਕਾਂ ਤੇ ਹੋਰ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਹਲਕਾਅ ਤੋਂ ਬਚਾਅ ਸਬੰਧੀ ਟੀਕਾਕਰਨ ਕਰਾਉਣ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਆਮ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਖੋਲੇ 20 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 889361 ਵਿਅਕਤੀ ਆਪਣਾ ਮੁਫਤ ਇਲਾਜ ਕਰਾ ਚੁੱਕੇ ਹਨ ਅਤੇ ਇਨਾ ਵਿੱਚੋਂ 90400 ਵਿਅਕਤੀਆਂ ਦੇ ਮੁਫਤ ਲੈਬ ਟੈਸਟ ਵੀ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਸਕੀਮ ਦਾ ਆਮ ਲੋਕਾਂ ਨੂੰ ਵੱਡਾ ਫਾਇਦਾ ਹੋ ਰਿਹਾ। ਉਨ੍ਹਾਂ ਆਮ ਆਦਮੀ ਕਲੀਨਿਕ ਦੇ ਕੰਮ ਕਾਰ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਹਲਕਾਅ ਦੇ ਬਚਾਅ ਦੇ ਟੀਕੇ ਲਗਵਾਉਣ ਲਈ ਆਏ ਮਰੀਜ਼ਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕਲੀਨਿਕ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ, ਆਸ਼ਾ ਵਰਕਰਾਂ ਨੂੰ ਗਰਭਵਤੀ ਔਰਤਾਂ ਦਾ ਜਣੇਪਾ ਸਰਕਾਰੀ ਹਸਪਤਾਲ ਵਿਚ ਕਰਵਾਉਣ , ਮਾਂਵਾਂ ਤੇ ਬੱਚਿਆਂ ਦਾ ਟੀਕਾਕਰਨ ਸੰਪੂਰਨ ਕਰਨ , ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਵੀ ਹਦਾਇਤ ਕੀਤੀ, ਤਾਂ ਜੋ ਆਮ ਲੋਕ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।