ਚੰਡੀਗੜ੍ਹ, 6 ਅਕਤੂਬਰ
ਬਹੁ-ਕੌਮੀ ਕੰਪਨੀ ਲਾਰਸਨ ਐਂਡ ਟਰਬੋ (ਐਲ.ਐਂਡ ਟੀ.) ਦੇ ਸਟਾਫ ਅਤੇ ਪ੍ਰਬੰਧਕਾਂ ਨੇ ਮਨੁੱਖੀ ਪਹੁੰਚ ਅਪਣਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ਚੜ੍ਹਦੀ ਕਲਾ ਮਿਸ਼ਨ ਵਿੱਚ ਪੰਜ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।
ਬੋਰਡ ਦੇ ਡਾਇਰੈਕਟਰ ਡੀ.ਕੇ. ਸੇਨ, ਨਾਭਾ ਪਾਵਰ ਪਲਾਂਟ ਦੇ ਸੀ.ਈ.ਓ. ਸੁਰੇਸ਼ ਨਾਰੰਗ, ਚੰਡੀਗੜ੍ਹ ਦੇ ਬ੍ਰਾਂਚ ਮੈਨੇਜਰ ਜਸਵੰਤ ਸਿੰਘ ਅਤੇ ਨਾਭਾ ਪਾਵਰ ਪਲਾਂਟ ਦੇ ਪ੍ਰਸ਼ਾਸਕੀ ਮੁਖੀ ਗਗਨਵੀਰ ਚੀਮਾ ਨੇ ਮੁੱਖ ਮੰਤਰੀ ਨੂੰ ਸਹਾਇਤ ਰਾਸ਼ੀ ਦਾ ਚੈੱਕ ਸੌਂਪਣ ਮੌਕੇ ਕਿਹਾ ਕਿ ਸੂਬੇ ਦੇ ਹੜ੍ਹ ਪੀੜਤਾਂ ਦੀ ਮਦਦ ਕਰਨਾ ਕੰਪਨੀ ਆਪਣਾ ਨੈਤਿਕ ਫਰਜ਼ ਸਮਝਦੀ ਹੈ। ਉਨ੍ਹਾਂ ਕਿਹਾ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਕੰਪਨੀ ਅਤੇ ਪ੍ਰਬੰਧਕਾਂ ਨੇ ਸੂਬਾ ਸਰਕਾਰ ਨੂੰ ਪੰਜ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਸੰਕਟ ਦੀ ਘੜੀ ਵਿੱਚ ਕੁਦਰਤੀ ਆਫਤ ਦੇ ਪੀੜਤਾਂ ਨਾਲ ਇਕਜੁਟ ਹੋ ਕੇ ਖੜ੍ਹੀ ਹੈ।