ਚੰਡੀਗੜ੍ਹ, 11 ਨਵੰਬਰ, 2025 : ਪੰਜਾਬ ਦੇ ਗੱਤਕੇਬਾਜ਼ਾਂ ਨੇ ਜੰਗਜੂ ਕਲਾ ਦੇ ਸ਼ਾਨਦਾਰ ਹੁਨਰ ਸਦਕਾ ਗੱਤਕਾ-ਸੋਟੀ ਦੇ ਜ਼ੋਰਦਾਰ ਵਾਰ ਕਰਦਿਆਂ ਵੱਕਾਰੀ ਦੂਜੇ ਫੈਡਰੇਸ਼ਨ ਗੱਤਕਾ ਕੱਪ ਦੀ ਸਮੁੱਚੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ। ਰਵਾਇਤੀ ਕਲਾ ਦੇ ਸ਼ਾਨਦਾਰ ਪੰਜਾਬ ਦੀ ਟੀਮ ਨੇ ਪ੍ਰਦਰਸ਼ਨ ਦੌਰਾਨ ਬੰਗਲੁਰੂ ਸਿਟੀ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇਸ ਸਲਾਨਾ ਟੂਰਨਾਮੈਂਟ 'ਤੇ ਇੱਕ ਅਮਿੱਟ ਛਾਪ ਛੱਡੀ। ਹਰਿਆਣਾ ਦੇ ਤੇਜ਼-ਤਰਾਰ ਗੱਤਕੇਬਾਜ਼ਾਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੰਨਾਂ ਮੁਕਾਬਲਿਆਂ ਵਿੱਚ ਸਮੁੱਚੇ ਤੌਰ 'ਤੇ ਉਪ-ਜੇਤੂ ਵਜੋਂ ਪ੍ਰਸ਼ੰਸਾਯੋਗ ਸਥਾਨ ਪ੍ਰਾਪਤ ਕੀਤਾ। ਪੰਜਾਬ ਤੇ ਹਰਿਆਣਾ ਵਿਚਕਾਰ ਖੇਡਿਆ ਗਿਆ ਗੱਤਕਾ-ਸੋਟੀ (ਵਿਅਕਤੀਗਤ) ਦਾ ਫਾਈਨਲ ਮੁਕਾਬਲਾ ਤਾਂ ਐਨਾ ਦਿਲਚਸਪ ਰਿਹਾ ਕਿ ਵਾਧੂ ਸਮੇਂ ਦੌਰਾਨ ਵੀ ਖਿਡਾਰੀਆਂ ਦੇ ਬਰਾਬਰੀ ਤੇ ਰਹਿਣ ਉਪਰੰਤ ‘ਸਡਨ ਡੈਥ’ ਨਿਯਮ ਨਾਲ ਫੈਸਲਾ ਕਰਨਾ ਪਿਆ।