ਰੇਲਵੇ ਅੰਡਰ ਬਰਿੱਜ ਮੋਰਿੰਡਾ ਦੇ ਨਜਦੀਕ ਬਣੇ ਇੱਕ ਘਰ ਦੀ ਛੱਤ ਤੋਂ ਗੁਟਕਾ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਸਿਰੀ ਸਾਹਿਬ ਤੋਂ ਇਲਾਵਾ ਕੁੱਝ ਹੋਰ ਭਿੱਜੇ ਹੋਏ ਧਾਰਮਿਕ ਗ੍ਰੰਥ ਮਿਲਣ ਤੇ ਇਲਾਕੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਵੇਰਕਾ ਪੁਆਇੰਟ ਮੋਰਿੰਡਾ ਨੇ ਦੱਸਿਆ ਕਿ ਉਹ ਵੈਲਡਿੰਗ ਦੀ ਦੁਕਾਨ ਦਾ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਉਹ ਅਤੇ ਉਸਦਾ ਸਾਥੀ ਕੁਲਵੰਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਮਾਨਖੇੜੀ ਜਦੋਂ ਕਰਤਾਰ ਸਰੀਏ ਮੋਰਿੰਡਾ ਵਾਲਿਆਂ ਦੀ ਫੈਕਟਰੀ ਨੇੜੇ ਗੋਦਾਮ ਦਾ ਸ਼ੈੱਡ ਉਤਾਰਨ ਦਾ ਕੰਮ ਕਰ ਰਹੇ ਸਨ ਤਾਂ ਉਹਨਾਂ ਸ਼ਾਮੀ ਸਾਢੇ ਚਾਰ ਵਜੇ ਆਪਣਾ ਕੰਮ ਬੰਦ ਕਰਨ ਉਪਰੰਤ ਰਾਮਚੰਦਰ ਸਿੰਘ ਪੁੱਤਰ ਸਵ. ਕਰਤਾਰ ਸਿੰਘ ਦੇ ਘਰ ਦੀ ਛੱਤ ਤੇ ਸਮਾਨ ਰੱਖਣ ਗਏ ਤਾਂ ਉੱਥੇ ਉਹਨਾਂ ਨੂੰ ਨਿਤਨੇਮ ਸਾਹਿਬ ਦੇ ਗੁਟਕਾ ਸਾਹਿਬ, ਸ੍ਰੀ ਸੁਖਮਨੀ ਸਾਹਿਬ ਦੋ ਗੁਟਕਾ ਸਾਹਿਬ, ਦਸਮ ਗ੍ਰੰਥ ਸਾਹਿਬ ਦੀਆਂ ਪੋਥੀਆਂ ਭਾਗ ਪਹਿਲਾ ਤੇ ਭਾਗ ਦੂਜਾ, ਦੋ ਭਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ, ਇੱਕ ਭਗਵਤ ਗੀਤਾ, ਇੱਕ ਸਿਰੀ ਸਾਹਿਬ, ਇੱਕ ਚੌਰ ਸਾਹਿਬ, ਇੱਕ ਮਹਾਨ ਕੋਸ਼, ਇੱਕ ਗੁਟਕਾ ਸ੍ਰੀ ਚੌਪਈ ਸਾਹਿਬ ਭਿੱਜੇ ਹੋਏ ਮਿਲੇ।