Monday, April 29, 2024  

ਲੇਖ

ਮਿੰਨੀ ਕਹਾਣੀਆਂ

March 18, 2024

ਕੂੜਾ
-ਗੁਰਦਿੱਤ ਸਿੰਘ ਸੇਖੋਂ
‘ਆਹ ਬੂੜੀ ਨੇ ਨਾ ਗੰਦ ਪਾ ਰੱਖਿਆ’ ਅੰਨੀ ਹੋਈ ਚੱਜ ਨਾਲ ਸੁੰਬਰਦੀ ਨੀ ‘ਕਿਵੇਂ ਫਰਸ਼ ਤੇ ਰੇਤਾ ਤੇ ਕਾਗਜ਼ ਖਿੱਲਰੇ ਹੋਏ ਨੇ’ ਰਾਜਪਾਲ ਫਰਸ਼ ਸੁੰਬਰਦੀ ਮੂੰਹ ਵਿਚ ਬੂੜਬੂੜਾ ਰਹੀ ਸੀ।
‘ਕੀ ਹੋ ਗਿਆ ਭੈਣ ਰਾਜਪਾਲ, ਕਿਵੇਂ ਗੁੱਸੇ ਚ ਬੋਲੀ ਜਾਂਦੀ ਐਂ’ ਸੰਦੀਪ ਨੇ ਅੰਦਰ ਆਉਂਦਿਆਂ ਪੁੱਛਿਆ।
‘ਨੀ ਆਹ ਸਾਡੀ ਬੂੜੀ ਜੀ ਨਾ ਤਾਂ ਚੱਜ ਨਾਲ ਸੁੰਬਰਦੀ ਐ’ ਨਾ ਇਹ ਕੱਪੜੇ ਚੱਜ ਨਾਲ ਰੱਖੇ"ਖਿਲਾਰਾ ਪਾਈ ਰੱਖਦੀ ਐ। ਅੱਗੋਂ ਰਾਜਪਾਲ ਨੇ ਜਵਾਬ ਦਿੱਤਾ।
‘ਭੈਣੇ ਤੂੰ ਪੜ੍ਹੀ ਲਿਖੀ ਐਂ’ ਐਦਾਂ ਆਪਣੀ ਸੱਸ ਨੂੰ ਬੋਲਦੀ ਚੰਗੀ ਨਹੀਂ ਲਗਦੀ ‘ਕੀ ਹੋ ਗਿਆ ਜੇ ਵਿਚਾਰੀ ਨੂੰ ਘੱਟ ਦਿਖਦਾ’ ਇਹ ਕੂੜਾ ਤਾਂ ਤੂੰ ਸਾਫ਼ ਕਰਦੀ ਰਹਿੰਦੀ ਐਂ ‘ਆਵਦੇ ਮਨ ਅੰਦਰ ਭਰਿਆ ਕੂੜਾ ਸਾਫ਼ ਕਰ। ਸੰਦੀਪ ਕਹਿੰਦੀ ਕਹਿੰਦੀ ਬਾਹਰ ਚਲੀ ਗਈ ਅਤੇ ਰਾਜਪਾਲ ਸ਼ਰਮਿੰਦਗੀ ਮਹਿਸੂਸ ਕਰਦੀ ਹੋਈ ਨੀਵੀਂ ਪਾਈ ਕੂੜਾ ਸੁੰਬਰਦੀ ਰਹੀ।
-ਮੋਬਾਈਲ ਨੰਬਰ 978
***


ਪਹਿਲੀ ਤਨਖ਼ਾਹ
-ਕਰਮਜੀਤ ਸਕਰੁੱਲਾਂਪੁਰੀਂ
ਲਗਭੱਗ ਇੱਕੀ ਸਾਲ ’ਚ ਪਹਿਲੀ ਤਨਖ਼ਾਹ ਮਿਲੀ ਸੀ । ਚਿੱਤ ਉੱਡੂੰ - ਉੱਡੂੰ ਕਰਦਾ ਸੀ। ਉਦੋਂ ਮਨ ਕਰਦਾ ਸੀ ਕਿ ਬਸ ਉੱਡ ਕੇ ਹੀ ਘਰ ਨੂੰ ਚਲੇ ਜਾਵਾਂ ਤੇ ਮੰਮੀ -ਡੈਡੀ ਦੇ ਹੱਥਾਂ ਉੱਤੇ ‘ਨੋਟਾਂ ਦਾ ਰੁੱਗ’ ਭਰ ਕੇ ਰੱਖ ਦੇਵਾਂ। ਉਦੋਂ ਹੁਣ ਵਾਂਗ ਤਨਖ਼ਾਹ ਬੈਕਾਂ ’ਚ ਨਹੀਂ ਸੀ ਆਉਂਦੀ। ਮਹੀਨੇ ਦੀ ਆਖਰੀ ਤਰੀਕ ਨੂੰ ਸੈਂਟਰ ਹੈੱਡ ਟੀਚਰ ਇੱਕ ਰਜਿਸਟਰ ’ਤੇ ਦਸਤਖ਼ਤ ਕਰਵਾ ਕੇ ਤਨਖ਼ਾਹ ਵੰਡਦੇ ਹੁੰਦੇ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਐ ਕਿ ਮੈਂ ਤਨਖ਼ਾਹ ਰਜਿਸਟਰ ਉੱਤੇ ‘ਪ੍ਰਾਪਤ ਕੀਤੇ’ ਲਿਖ ਕੇ, ਦਸਤਖ਼ਤ ਕਰਕੇ, ਸਾਰੇ ਨੋਟ ਬਿਨਾਂ ਗਿਣੇ ਹੀ ਕਮੀਜ ਦੀ ਜੇਬ ਵਿੱਚ ਪਾ ਲਏ ਸਨ । ਮੇਰੇ ਕੋਲ਼ ਹੀ ਬਲਜੀਤ ਘੜੂੰਆਂ ਅਤੇ ਜਸਵਿੰਦਰ ਖੇੜੀ ਵੀ ਦਸਤਖ਼ਤ ਕਰਕੇ ਆਪੋ- ਆਪਣੀ ਪਹਿਲੀ ਤਨਖ਼ਾਹ ‘ਪ੍ਰਾਪਤ’ ਕਰ ਰਹੇ ਸਨ । ਗੁਰਚਰਨ ਘਟੌਰ ਭਾਵੇਂ ਐਥੇ ਮੇਰਾ ਸੀਨੀਅਰ ਅਧਿਆਪਕ ਸਾਥੀ ਬਣ ਚੁੱਕਾ ਸੀ ਪਰ ਗੌਰਮਿੰਟ ਕਾਲਜ ਮੁਹਾਲ਼ੀ ਅਸੀਂ ’ਕੱਠੇ ਹੀ ਪੜ੍ਹਦੇ ਸਾਂ। ਤਨਖ਼ਾਹ ਮਿਲਦੇ ਸਾਰ ਗੁਰਚਰਨ ਮੈਨੂੰ ਬਜ਼ਾਰ ਲੈ ਗਿਆ, ਤੇ ਮੈਨੂੰ ਇੱਕ ਨਵਾਂ ਪਰਸ ਲੈ ਕੇ ਦਿੰਦਿਆਂ ਕਹਿੰਦਾ, ‘ਆਹ ਲੈ ਨਵਾਂ ਪਰਸ, ਮੇਰੇ ਵੱਲੋਂ ਗਿਫ਼ਟ ਐ , ਲੈ... ਪਾ.. ਆਪਣੀ ਪਹਿਲੀ ਤਨਖ਼ਾਹ ਏਹਦੇ ਵਿੱਚ । ਸਾਰੀ ਉਮਰ ਯਾਦ ਰਹੂ ਤੈਨੂੰ, ਤਨਖ਼ਾਹ ਵੀ ਤੇ ਪਰਸ ਵੀ ।’
ਉਹਦੀ ਗੱਲ ਸੱਚ ਨਿਕਲ਼ੀ । ਉਸਦਾ ਦਿੱਤਾ ਹੋਇਆ ਪਰਸ ਜੋ ਕਈ ਸਾਲ ਬਾਅਦ ਫ਼ਟਣ ਦੇ ਬਾਵਜੂਦ ਮੈਂ ਸੁਟਿਆ ਨਹੀਂ, ਅਜੇ ਵੀ ਉਸੀ ਹਾਲਤ ਵਿੱਚ ਇੱਕ ਸੁਨਹਿਰੀ ਯਾਦ ਬਣਾ ਕੇ ਸੰਭਾਲਿਆ ਹੋਇਆ ਹੈ।
ਖੈਰ, ਤਨਖ਼ਾਹ ਦੇ ਚਾਅ ਵਿੱਚ ਮੈਂ ਬਿਨਾਂ ਕੋਈ ਰੁਪੱਈਆ ਖ਼ਰਚੇ ਘਰੇ ਆ ਗਿਆ। ਗਰਮੀ ਬਹੁਤ ਸੀ। ਸਿਖਰ ਦੁਪਹਿਰਾ ਸੀ। ਮੰਮੀ ਨੇ ਗੇਟ ਖੋਲ੍ਹਿਆ । ਸਕੂਟਰ ਖੜ੍ਹਾ ਕਰਕੇ ਮੈਂ ਅੰਦਰ ਆ ਗਿਆ। ਪਾਣੀ ਪੀਤਾ, ਪੱਖੇ ਦੀ ਹਵਾ ਲਈ, ਗਰਮੀ ਸੁਕਾਈ ਤੇ ਮੂੰਹ-ਹੱਥ ਧੋਤਾ। ਰੋਜ਼ ਵਾਂਗ ਮਾਤਾ ਰੋਟੀ ਲੈ ਆਈ। ਪਰ ਮੈਨੂੰ ਭੁੱਖ ਮਹਿਸੂਸ ਹੀ ਨਹੀਂ ਸੀ ਹੋ ਰਹੀ। ਮਨ ਰੱਜਿਆ- ਰੱਜਿਆ ਮਹਿਸੂਸ ਕਰ ਰਿਹਾ ਸੀ। ਸ਼ਾਇਦ ਸਾਰੀ ਉਮਰ ਦਾ ‘ਰਿਜ਼ਕ’ ਸੁਖਾਲ਼ਾ ਹੋ ਜਾਣ ਕਰਕੇ ‘ਵਕਤੀ ਭੁੱਖ’ ਸ਼ਾਂਤ ਹੋ ਗਈ ਸੀ। ਪਰ ਆਪਣੇ ਬਾਬੇ ਦੀ ਗੱਲ ਦਾ ਚੇਤੇ ਆ ਗਈ ਕਿ’ ਮੂਹਰੇ ਪਏ ਰਿਜ਼ਕ ਦਾ ਨਿਰਾਦਰ ਨਹੀਂ ਕਰੀਦਾ’ ਸੋ ਇੱਕ ਫ਼ੁਲਕਾ ਖਾ ਲਿਆ। ਮੈਂ ਮਨ ਹੀ ਮਨ ਉਡੀਕ ਰਿਹਾ ਸੀ ਕਿ ਕਦੋਂ ਮਾਤਾ ਪੁੱਛੇ ਕਿ ਤਨਖ਼ਾਹ ਮਿਲਗੀ ?
ਮੰਮੀ ਨੂੰ ਲੈ ਕੇ ਡੈਡੀ ਕੋਲ ਗਿਆ ਤੇ ਨਵੇਂ- ਨਕੋਰ ਪਰਸ ਵਿੱਚੋਂ ਸਾਰੇ ਨੋਟ ਕੱਢ ਕੇ ਦੋਵਾਂ ਦੇ ਹੱਥਾਂ ’ਤੇ ਰੱਖ ਦਿੱਤੇ। ‘ਮੇਰੀ ਪਹਿਲੀ ਤਨਖ਼ਾਹ’ ਮੇਰੇ ਬੋਲ ਸਨ। ਮਾਤਾ ਨੇ ਸਾਰੇ ਨੋਟਾਂ ਦੇ ਰੁੱਗ ਨੂੰ ਮੱਥੇ ਨਾਲ਼ ਲਾਇਆ ਤੇ ਵਿੱਚੋਂ ਸੌ ਦਾ ਨੋਟ ਕੱਢ ਕੇ ਧਰਤੀ - ਅੰਬਰ ਨੂੰ ਨਮਸ਼ਕਾਰ ਕੀਤੀ। ਡੈਡੀ ਦੀਆਂ ਅੱਖਾਂ ਚਮਕ ਕਹਿ ਰਹੀ ਸੀ “ ਬਰਕਤਾਂ ਬਖ਼ਸ਼ੀਂ ਰੱਬਾ ! “ ਮਾਤਾ ਨੇ ਫ਼ੇਰ ਸਾਰੇ ਨੋਟ ਵਾਪਸ ਬਟੂਏ ਵਿੱਚ ਪਾ ਦਿੱਤੇ। ਕਿਸੇ ਨੇ ਨਹੀਂ ਪੁੱਛਿਆ ਕਿ ਕਿੰਨੀ ਮਿਲੀ ਹੈ ? ਇਹ ਸਤਰਾਂ ਲਿਖਦੇ ਸਮੇਂ ਵੀ ਮੈਂ ਆਪਣੇ ਉਨ੍ਹਾਂ ਸਾਰੇ ਅਧਿਆਪਕ ਦੋਸਤਾਂ ਨੂੰ ਜਿਨ੍ਹਾਂ ਦੀ ਜੁਆੲਨਿੰਗ ਮੇਰੇ ਨਾਲ਼ ਦੀ ਹੈ ਵਟਸਅਪ ਮੈਸੇਜ ਰਾਹੀਂ ਪੁੱਛ ਰਿਹਾ ਹਾਂ, ਕਿ ‘ਆਪਾਂ ਨੂੰ ਪਹਿਲੀ ਤਨਖ਼ਾਹ ਕਿੰਨੀ ਮਿਲੀ ਸੀ? ਮੈਨੂੰ ਅੱਜ ਵੀ ਪਤਾ ਨਹੀਂ ਕਿ ਤਨਖ਼ਾਹ ਕਿੰਨੀ ਮਿਲੀ ਸੀ ।
ਖੈਰ..। ਮੈਂ ਆਪਣੇ ਪਿੰਡ ਦੇ ਉਸ ਸਕੂਲ ਵਿੱਚ ਗਿਆ ਜਿਥੋਂ ੳ.. ਅ.. ੲ.. ਤੇ ਹੋਰ ਪਤਾ ਨੀ ਕੀ - ਕੀ ਸਿੱਖ ਕੇ ਅੱਗੇ ਕਾਲਜ – ਯੂਨੀਵਰਸਿਟੀਆਂ ’ਚ ਪੜ੍ਹਨ ਜੋਗਾ ਹੋਇਆ ਸੀ। ਸਕੂਲ ਦੇ ਗੇਟ ਨੂੰ ਸਿਰ ਝੁਕਾਇਆ। ਮਹਿਸੂਸ ਹੋ ਰਿਹਾ ਸੀ ਕਿ ਇਹ ਛੋਟਾ ਸਕੂਲ ਦੁਨੀਆਂ ਦਾ ਉਹ ਸਭ ਤੋਂ ਵੱਡਾ ਸਥਾਨ ਹੈ ਜਿੱਥੇ ਭਾਵੇਂ ਕੋਈ ਸਿਰ ਢੱਕ ਕੇ ਆਵੇ ਭਾਵੇਂ ਨੰਗੇ ਸਿਰ, ਭਾਵੇਂ ਕੋਈ ਜੁੱਤੀ ਪਾ ਕੇ ਆਵੇ ਭਾਵੇਂ ਲਾਹ ਕੇ, ਨਾ ਇਹਨੇ ਕਦੇ ਇਹਦੇ ਵਿੱਚ ਆਪਣੀ ਬੇਅਦਬੀ ਮੰਨੀ ਹੈ ਤੇ ਨਾ ਹੀ ਇਹਦੇ ‘ਗੁਰੂਆਂ’ ਨੇ ।
ਸਾਹਮਣੇ ਵਾਲ਼ੇ ਕਮਰੇ ’ਚ ਇੱਕ ਮੈਡਮ ਬੈਠੇ ਸਨ, ਕੋਲ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਿਆਂ ਕਿਹਾ, ‘ਮੈਨੂੰ ਵੀ ਅਧਿਆਪਕ ਦੀ ਨੌਕਰੀ ਮਿਲੀ ਹੈ, ਇਸੇ ਪਿੰਡ ਦਾ ਹਾਂ, ਇਸੇ ਸਕੂਲ ’ਚ ਪੜਿ੍ਹਆ ਹਾਂ।’ ਅਜੇ ਮੈਂ ਬੋਲ ਹੀ ਰਿਹਾ ਸੀ ਕਿ ਮੈਡਮ ਨੇ ਮੁਸਕਰਾ ਕੇ ‘ਮੁਬਾਰਕਾਂ’ ਕਹਿ ਦਿੱਤਾ ।
‘ਵੈਸੇ ਤਾਂ ਮੈਡਮ ਜੀ ਸਕੂਲ ਅਤੇ ਅਧਿਆਪਕਾਂ ਦਾ ਦੇਣ ਕਦੇ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਪਹਿਲੀ ਤਨਖ਼ਾਹ ਚੋਂ ਸਕੂਲ ਵਾਸਤੇ ਕੱਝ ਲਿਆਉਣਾ ਚਾਹੁੰਦਾ ਹਾਂ....। ਮੈਡਮ ਨੇ ਮੇਰੀ ਗੱਲ ਸੁਣੀ ਤੇ ਫ਼ੇਰ ਮੁਸਕਰਾ ਕੇ ਕਿਹਾ , ਤੁਹਾਡੀ ਸੋਚ ਬਹੁਤ ਵਧੀਆ ਹੈ ਜੋ ਤੁਸੀਂ ਆਪਣੇ ਸਭ ਤੋਂ ਪਹਿਲੇ ਸਕੂਲ ਨੂੰ ਹੁਣ ਤੱਕ ਯਾਦ ਰੱਖਿਆ ਹੋਇਆ ਹੈ। ਆਪਣੀ ਗੱਲ ਸਿਰੇ ਲਾਉਂਦਿਆਂ ਉਹਨਾਂ ਕਿਹਾ ਕਿ ਜੇ ਦੇਣਾ ਚਾਹੁੰਦੇ ਹੋ ਤਾਂ ਇੱਕ ਪੱਖਾ ਦੇ ਦੇਵੋ ਬੱਚਿਆਂ ਨੂੰ, ਗਰਮੀ ਬਹੁਤ ਹੈ।
ਮੈਨੂੰ ਯਾਦ ਆਇਆ ....ਜਦੋਂ ਅਸੀਂ ਪੜਦੇ ਹੁੰਦੇ ਸੀ ਉਦੋਂ ਦੋ ਕਮਰੇ ਤੇ ਇਕ ਬਰਾਂਡਾ ਹੁੰਦਾ ਸੀ। ਟਾਹਲੀ ਉਦੋਂ ਛੋਟੀ ਜਿਹੀ ਹੁੰਦੀ ਸੀ। ਸਕੂਲ ਦੇ ਵਿਚਾਲ਼ੇ ਇੱਕ ਵੱਡਾ ਸਾਰਾ ਪਿੱਪਲ ਹੁੰਦਾ ਸੀ। ਨੇੜੇ ਹੀ ਛਿਪਦੇ ਪਾਸੇ ਟੋਭੇ ਸੀ । ਜਿਸ ਵਿੱਚ ਹੀ ਅਸੀਂ ਦੋ ਵਾਰ ਫ਼ੱਟੀਆਂ ਧੋਣੀਆਂ ਅਤੇ ਲਿਖਣੀਆਂ ਪਿੱਪਲ ਥੱਲੇ, ਘੜੂੰਏ ਵਾਲ਼ੇ ਮਾਸਟਰ ਨਰਿੰਦਰ ਕੁਮਾਰ ਜੀ ਜਿਹਨਾਂ ਨੂੰ ਅਸੀਂ ਸਾਰੇ ਉਦੋਂ ਵੱਡੇ ਮਾਸਟਰ ਜੀ " ਕਹਿੰਦੇ ਹੁੰਦੇ ਸੀ, ਸਾਨੂੰ ਪੜ੍ਹਾਉਂਦੇ ਹੁੰਦੇ ਸਨ ਤੇ ਕਲਮਾਂ ਘੜ ਘੜਕੇ ਦਿੰਦੇ ਹੁੰਦੇ ਸਨ । ਰੁੜਕੀ ਵਾਲ਼ੇ ਅਵਤਾਰ ਸਿੰਘ,ਅਤੇ ਨਰਿੰਦਰ ਕੌਰ ‘ਭੈਣਜੀ’ ਸਾਰੇ ਇੱਕ ਪਲ ਵਿੱਚ ਹੀ ਯਾਦ ਆ ਗਏ।
....ਕੁਰਸੀ ਤੋਂ ਉੱਠ ਕੇ ਮੈਂ ਸਕੂਲ ਦੇ ਸਾਰੇ ਕਮਰਿਆਂ ’ਚ ਘੁੰਮਿਆ। ਟਾਹਲੀ ਹੁਣ ਬਹੁਤ ਵੱਡੀ ਤੇ ਭਾਰੀ ਹੋ ਗਈ ਸੀ, ਪਰ ਪਿੱਪਲ ਪੁੱਟਿਆ ਜਾ ਚੁੱਕਾ ਸੀ। ਉਸ ਦੇ ਨਾਲ਼ ਹੀ ਦੋ ਕਮਰੇ ਨਵੇਂ ਬਣ ਗਏ ਸਨ। ਇੱਕ ਬਰਾਂਡੇ ਅਤੇ ਕਮਰੇ ਦੀ ਹਾਲਤ ਖ਼ਸਤਾ ਸੀ ਹੁਣ ਉੱਥੇ ਕੋਈ ਕਲਾਸ ਨਹੀਂ ਸੀ ਬੈਠੀ । ਸਾਡੇ ਸਮਿਆਂ ਵਿੱਚ ਬਰਾਂਡਾ ਹੀ ਸਭ ਦੀ ਮਨਪਸੰਦ ਥਾਂ ਹੁੰਦੀ ਸੀ । ਪਰ ਉਦੋਂ ਨਾ ਬਿਜਲੀ ਹੁੰਦੀ ਸੀ, ਨਾ ਨਲਕਾ,ਨਾ ਬਾਥਰੂਮ ਹੁੰਦਾ ਸੀ । ਦੁੱਖ ਹੋ ਰਿਹਾ ਸੀ ਕਿ ਸਾਰੇ ਪਿੰਡ ਨੂੰ ਪੜ੍ਹਾਉਣ ਵਾਲ਼ਾ ਸਾਡਾ ਸਰਕਾਰੀ ਪ੍ਰਾਇਮਰੀ ਸਕੂਲ ਸਕਰੁੱਲਾਂਪੁਰ ਉਸ ਰਫ਼ਤਾਰ ਨਾਲ਼ ਤਰੱਕੀ ਨਹੀਂ ਕਰ ਸਕਿਆ ਜਿਸ ਰਫ਼ਤਾਰ ਨਾਲ਼ ਪਿੰਡ ਦੇ ਤਿੰਨ ਗੁਰਦੁਆਰੇ , ਲੋਕਾਂ ਦੇ ਘਰ ਤੇ ਇੱਕ ਮੰਦਰ ‘ਤਰੱਕੀ’ ਕਰ ਗਏ ਹਨ।
ਖੈਰ …! ਮੈਂ ਸਕੂਟਰ ਖਰੜ ਵੱਲ ਨੂੰ ਤੋਰ ਲਿਆ ।ਤਿੰਨ ਕਮਰਿਆਂ ਲਈ ਤਿੰਨ ਪੱਖੇ ਦੇ ਕੇ ਮੈਂ ਅੰਤਾਂ ਦੀ ਖ਼ੁਸ਼ੀ ਨਾਲ਼ ਭਰਿਆ ਘਰ ਆ ਗਿਆ।ਰੋਟੀ ਖਾਧੀ। ਤੇ ਸਕੂਨ ਨਾਲ਼ ਸੌਂ ਗਿਆ।
ਹਾਲਾਂਕਿ ਮੰਮੀ - ਡੈਡੀ ਨੂੰ ਪਤਾ ਸੀ ਕਿ ਕਾਲਜ ਵੇਲ਼ੇ ਤੋਂ ਹੀ ਕਿਸੇ ਵੀ ਧਾਰਮਿਕ ਸਥਾਨ ਨਾਲੋਂ ਸਕੂਲ ਹੀ ਮੇਰੀ ਹਮੇਸ਼ਾਂ ਪਹਿਲੀ ਤਰਜੀਹ ਰਹੀ ਹੈ। ਫ਼ੇਰ ਵੀ ਸ਼ਾਮ ਹੁੰਦਿਆਂ ਉਹਨਾਂ ਨੇ ਕਿਹਾ ‘ਪੁੱਤ! ਆਪਣੀ ਪਹਿਲੀ ਤਨਖ਼ਾਹ ਚੋਂ ਕੁੱਝ ਗੁਰਦਆਰੇ ਜ਼ਰੂਰ ਦੇ ਆ......। ਮੈਂ ਮੁਸਕਰਾ ਕੇ ਕਿਹਾ , ‘ਮਾਤਾ! ਫ਼ਿਕਰ ਨਾ ਕਰ , ਮੈਂ ਦੁਨੀਆਂ ਦੇ ਸਭ ਤੋਂ ਵੱਡੇ, ੳੇਸ ਸਥਾਨ ਨੂੰ ਤਿੰਨ ਪੱਖੇ ਦੇ ਆਇਆ ਹਾਂ, ਜਿਸ ਨੇ ਮੈਨੂੰ ਪੱਖੇ ਦੇਣ ਜੋਗੇ ਰਾਹ ਪਾਇਆ ਸੀ। “
‘ਅੱਛਾ! ਕਿੱਥੇ....... ? ’ ਮੰਮੀ ਨੇ ਇੱਕਦਮ ਪੁੱਛਿਆ। “ਉੱਥੇ ਹੀ, ਜਿਹਨੂੰ ਬਹੁਤ ਘੱਟ ਲੋਕ ਯਾਦ ਰੱਖਦੇ ਹਨ ।“ ਐਨਾ ਕਹਿ ਕੇ ਮੈਂ ਆਪਣੀ ਪਹਿਲੀ ਤਨਖ਼ਾਹ ਦੀ ਖ਼ੁਮਾਰੀ ਵਿੱਚ ਸ਼ਾਮ ਦੀ ਸੈਰ ਨੂੰ ਨਿਕਲ਼ ਗਿਆ।
-ਮੋਬਾ: 94632 89212
***


ਕੁੱਤੀ ਜਨਾਨੀ
-ਸਤਨਾਮ ਸਿੰਘ
ਨਵਾਰ ਦੇ ਮੰਜੇ ਤੇ ਬੈਠੀ ਚਰਨੋਂ ਸਲਾਈਆਂ ਬੁਣ ਰਹੀ ਸੀ,“ਵੇ ਤੂੰ ਸਵੇਰ ਦਾ ਸ਼ਹਿਰ ਸੌਦਾ-ਪੱਤਾ ਲੈਣ ਗਿਆ ਹੀ ਐਨਾ ਦੁਪਹਿਰਾ ਕਰ ਆਇਆ,ਘੱਟੋ-ਘੱਟ ਰੋਟੀ ਤਾਂ ਖਾ ਜਾਂਦਾ”ਫਿਕਰ ਕਰਦੀ ਹੋਈ ਚਰਨੋਂ ਬੱਲੀ ਨੂੰ ਬੋਲੀ। ਬੱਲੀ ਕੰਧ ਤੇ ਟੰਗਣ ਨੂੰ ਬਾਜ਼ਾਰੋਂ ਕੋਈ ਤਸਵੀਰ ਖਰੀਦ ਕੇ ਲਿਆਇਆ ਸੀ।ਅਖਬਾਰ ਵਿੱਚ ਲਪੇਟੀ ਤਸਵੀਰ ਮੇਜ਼ ਉੱਤੇ ਰੱਖਦੇ ਹੋਏ,ਤਾਰ ਤੇ ਕੱਪੜੇ ਸੁੱਕਣੇ ਪਾਉਂਦੀ ਸ਼ਾਂਤੀ ਨੂੰ ਆਵਾਜ ਮਾਰੀ”ਮਖਿਆ ਰੋਟੀ ਲਿਆ ਛੇਤੀ,ਭੁੱਖ ਬਹੁਤ ਲੱਗੀ ਆ। ਮਿੱਟੀ ਨਾਲ ਲਿਬੜਿਆ ਬੱਲੀ ਦਾ 7-8 ਵਰਿ੍ਹਆਂ ਦਾ ਮੁੰਡਾ ਗੋਲੂ ਖੇਡਣਾਂ ਛੱਡ ਬਾਹਰੋਂ ਭੱਜਿਆ-ਭੱਜਿਆ ਆਇਆ ਤੇ ਬੱਲੀ ਨੂੰ ਪੁੱਛਣ ਲੱਗਾ”ਡੈਡੀ ਆ ਅਖਬਾਰ ਵਿੱਚ ਕੀ ਐ,”ਓਏ ਛੋਹਰਾ ਵੇਖ ਕਿਵੇਂ ਲਿਬੜਿਆ ਫਿਰਦੈ,ਪਹਿਲਾਂ ਹੱਥ ਧੋਕੇ ਆ ਬਾਬੇ ਨਾਨਕ ਦੀ ਤਸਵੀਰ ਆ ਏ,ਏਨੂੰ ਜੂਠੇ ਹੱਥ ਨੀ ਲਾਉਣੇ।”ਬੱਲੀ ਨੇ ਗੋਲੂ ਨੂੰ ਗੁੱਸੇ ਵਿੱਚ ਘੂਰਦੇ ਹੋਏ ਕਿਹਾ।ਗੋਲੂ ਨੇ ਹੱਥ ਸਾਫ਼ ਕੀਤੇ,ਤਸਵੀਰ ਲੈਕੇ ਦਾਦੀ ਦੀ ਗੋਦ ਵਿੱਚ ਬੈਠਾ ਤਸਵੀਰ ਨੂੰ ਬੜੀ ਨੀਝ ਨਾਲ ਵੇਖਣ ਲੱਗਾ।ਤਸਵੀਰ ਦੇ ਹੇਠਾਂ ਗੁਰਬਾਣੀ ਦੀ ਬੜੀ ਖੂਬਸੂਰਤ ਪੰਕਤੀ ਲਿਖੀ ਹੋਈ ਸੀ”ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ” ਗੋਲੂ ਤਸਵੀਰ ਉਪਰ ਗੁਰਬਾਣੀ ਦੀ ਪੰਕਤੀ ਪੜ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਬੀ-ਬੀਬੀ ਏਸ ਲਾਈਨ ਦਾ ਮਤਲਬ ਕੀ ਐ,ਗੋਲੂ ਨੇ ਚਰਨੋਂ ਨੂੰ ਹਲੂਣਦੇ ਹੋਏ ਪੁੱਛਿਆ। ਪੁੱਤ ਏਦਾ ਮਤਲਬ ਐ“ਜਿਸ ਔਰਤ ਦੀ ਕੁੱਖੋਂ ਰਾਜੇ ਜਨਮ ਲੈਂਦੇ ਆ,ਉਸ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ।”ਚਰਨੋਂ ਅਰਥ ਬੜੇ ਸਹਿਜ ਨਾਲ ਦੱਸਦੀ ਹੋਈ ਬੋਲੀ। ਗੋਲੂ ਦੀ ਜਗਿਆਸਾ ਦੇਖ ਬੱਲੀ ਤੇ ਚਰਨੋਂ ਦੋਨੋਂ ਬੜੇ ਖੁਸ਼ ਹੋਏ। ਤਸਵੀਰ ਪਾਸੇ ਰੱਖ,ਗੋਲੂ ਪੱਛਮ ਦੇ ਗੋਲੇ ਨਾਲ ਖੇਡ ਲੱਗ ਗਿਆ। ਥੋੜ੍ਹੇ ਹੀ ਦੇਰ ਬਾਅਦ ਸ਼ਾਂਤੀ ਰੋਟੀ ਪਰੋਸ ਕੇ ਲੈ ਆਈ,ਕੰਮਾਂ-ਕੰਮਾਂ ਚ ਉੱਲਝੀ ਪਾਣੀ ਦਾ ਗਲਾਸ ਧਰਨਾ ਭੁੱਲ ਗਈ।ਬੱਲੀ ਨੇ ਰੋਟੀ ਦੀ ਪਹਿਲੀ ਬੁਰਕੀ ਪਾਈ ਹੀ ਸੀ ਕਿ ਉਸ ਨੂੰ ਹੱਥੂ ਆ ਗਿਆ।ਬੱਲੀ ਨੇ ਪਾਣੀ ਲਈ ਸ਼ਾਂਤੀ ਨੂੰ ਬੜੀਆਂ ਆਵਾਜਾਂ ਮਾਰੀਆਂ।ਕੰਮੀਂ ਲੱਗੀ ਨੂੰਹ ਸ਼ਾਂਤੀ ਨੂੰ ਵੇਖ ਗੋਡਿਆਂ ਦੇ ਦਰਦ ਦੀ ਮਾਰੀ ਚਰਨੋਂ ਨੇ ਘੜੇ ਚੋਂ ਪਾਣੀ ਦਾ ਗਲਾਸ ਭਰਕੇ ਫੜ੍ਹਾ ਦਿੱਤਾ।ਗੁੱਸੇ ਨਾਲ ਭਰੇ ਪੀਤੇ ਨੇ ਪਾਣੀ ਦੀਆਂ ਦੋ ਘੁੱਟਾਂ ਪੀਤੀਆਂ।ਪਾਣੀ ਪੀਂਦੇ-ਪੀਂਦੇ ਨੂੰ ਪਤਾ ਨਹੀਂ ਕੀ ਹੋਇਆ ਗਲਾਸ ਸਮੇਤ ਬੱਲੀ ਨੇ ਥਾਲ ਵਿਹੜੇ ਵਿੱਚ ਵਗਾਹ ਕੇ ਮਾਰਿਆ,ਸ਼ਾਂਤੀ ਭਾਂਡੇ ਧੋਂਦੀ ਛੱਡ ਕੇ ਭੱਜੀ ਆਈ,”ਕਿੱਥੇ ਮਰਗੀ ਸੀ,ਕੁੱਤੀ ਜਨਾਨੀ,ਮੈਂ ਤੈਨੂੰ ਕਦੋਂ ਦਾ ਵਾਜਾਂ ਮਾਰੀ ਜਾਨਾਂ ਪਾਣੀ ਵਾਸਤੇ,ਤੈਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ ਖਸਮ ਨੂੰ ਕੋਲ ਬਹਿਕੇ ਰੋਟੀ ਫੜ੍ਹਾ ਦਿਆ ਕਰ,ਪਰ ਨਹੀਂ… ਮੇਰੇ ਸਹੁਰੇ ਦੀ…ਨਹੀਂ ਅਕਲ ਆਉਂਦੀ ਔਰਤ ਜਾਤ ਨੂੰ।ਖਾਮੋਸ਼ ਖੜ੍ਹੀ ਸ਼ਾਂਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਗਾਲ੍ਹਾਂ ਕੱਢਦਾ ਹੋਇਆ ਬੱਲੀ ਘਰੋਂ ਬਾਹਰ ਚਲਾ ਗਿਆ। ਬੱਲੀ ਦਾ ਗੁੱਸਾ ਪਿਓ ਨਾਲੋਂ ਭੋਰਾ ਘੱਟ ਨੀ,ਜੇ ਕਿੱਧਰੇ ਦਾਲ-ਸਬਜੀ ਚ ਲੂਣ ਘੱਟ-ਵੱਧ ਹੁੰਦਾ,ਓਹ ਵੀ ਦੱਸਦਾ ਨਹੀਂ ਸੀ ਗੁੱਤੋਂ ਫੜ੍ਹਕੇ ਸਿੱਧਾ ਕੁੱਟ ਸੁੱਟਦਾ,”ਕੱਲ੍ਹ ਨੂੰ ਪਿਓ-ਦਾਦੇ ਦੀਆਂ ਪੈੜਾਂ ਤੇ ਹੀ ਪੋਤਾ ਤੁਰੂ……….।”ਗਾਲ੍ਹਾਂ ਕੱਢੂ”…..।ਚਰਨੋਂ ਬੁੜਬੁੜ ਕਰ ਰਹੀ ਸੀ। ਘਰ ਵਿੱਚ ਪੈਂਦਾ ਕੁੱਤ-ਕਲੇਸ਼ ਵੇਖ ਗੋਲੂ ਬੂਹੇ ਓਹਲੇ ਸਹਿਮਿਆ ਖੜ੍ਹਾ ਸੀ। ਸ਼ਾਮ ਨੂੰ ਜਦ ਗੁੱਸਾ ਠੰਡਾ ਹੋਇਆ ਤਾਂ ਬੱਲੀ ਘਰ ਆ ਗਿਆ,ਗੋਲੂ ਦੇ ਨਿੱਕੇ-ਨਿੱਕੇ ਹੱਥਾਂ ਚ ਬੱਲੀ ਦੀ ਬਜ਼ਾਰੋਂ ਲਿਆਂਦੀ ਤਸਵੀਰ ਸੀ,”ਡੈਡੀ ਮੈਂ ਥੋਡਾ ਰਾਜਾ ਬੇਟਾ ਹਾਂ ਨਾ”? ਹਾਂ….ਗੋਲੂ ਨੂੰ ਗਲਵੱਕੜੀ ਵਿੱਚ ਲੈਕੇ ਬੱਲੀ ਬੋਲਿਆ। ਥੋਡੇ ਰਾਜੇ ਪੁੱਤ ਨੂੰ ਓਸ ਔਰਤ ਨੇ ਜਨਮ ਦਿੱਤਾ,ਗੋਲੂ ਨੇ ਸ਼ਾਂਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ“ਔਰਤ ਦੀ ਕੁੱਖੋਂ ਰਾਜੇ ਜਨਮ ਲੈਂਦੇ ਆ,ਇਸ ਲਈ ਔਰਤ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ।” ਡੈਡੀ ਤੁਸੀਂ ਮੰਮੀ ਨੂੰ ਬੁਰਾ-ਭਲਾ ਨਾ ਬੋਲਿਆ ਕਰੋ..।ਬੱਲੀ ਬੜਾ ਹੈਰਾਨ ਹੋਇਆ,ਤੂੰ ਏਨੀਆਂ ਸਿਆਣੀਆਂ ਗੱਲਾਂ ਕਿੱਥੋਂ ਸਿੱਖੀਆਂ? ”ਬੀਬੀ ਕਹਿੰਦੀ ਸੀ ਇਹ ਗੱਲਾਂ ਬਾਬਾ ਨਾਨਕ ਕਹਿੰਦੈ”ਗੋਲੂ ਬੜੀ ਮਾਸੂਮੀਅਤ ਨਾਲ ਬੋਲਿਆ। ਐਨਾ ਸੁਣਦੇ ਸਾਰ ਬੱਲੀ ਗਹਿਰੀ ਖਾਮੋਸ਼ੀ ਵਿੱਚ ਡੁੱਬ ਗਿਆ,ਸ਼ਾਇਦ ਪੁੱਤ ਦੇ ਸਬਕ ਨੇ ਪਿਓ ਨੂੰ ਸ਼ਰਮਿੰਦਾ ਕਰ ਦਿੱਤਾ।
-ਮੋਬਾਂ.98787-15593
***


ਦਿਹਾੜੀ ਦੇ ਰੁਪਏ
-ਬਲਜਿੰਦਰ ਕੌਰ ਸ਼ੇਰਗਿੱਲ
ਕੁਝ ਦਹਾਕੇ ਪੁਰਾਣੀ ਗੱਲ ਹੈ ਕਿ ਇੱਕ ਬਜ਼ੁਰਗ ਨਾਲ ਗੱਲਬਾਤਾਂ ਕਰਦੇ-ਕਰਦੇ ਚੰਡੀਗੜ੍ਹ ਦਾ ਜ਼ਿਕਰ ਤੁਰਿਆ । ਬਸ ਕੀ ਸੀ ਉਨ੍ਹਾਂ ਨੂੰ ਆਪਣਾ ਬੀਤਿਆਂ ਸਮਾਂ ਯਾਦ ਆਉਣ ਲੱਗ ਪਿਆ। ਉਨ੍ਹਾਂ ਸਮਿਆਂ ’ਚ ਆਨੇ, ਦਾਨੇ, ਚੁਅੰਨੀਆਂ, ਦੱਸੀਆਂ, ਪੈਸਿਆਂ ਹੁੰਦੇ ਸਨ । ਭਾਵ ਕੇ ਸਿੱਕੇ ਦਾ ਮੋਲ ਹੀ ਲੱਖਾਂ ਰੁਪਇਆ ਵਰਗਾ ਸੀ । ਉਦੋਂ ਦੇ ਸਮੇਂ ਵਿਚ 25 ਪੈਸੇ ’ਚ ਵੀ ਘਰ ਦਾ ਰਾਸ਼ਨ ਆ ਜਾਂਦਾ ਸੀ । ਉਦੋਂ ਇੱਕ ਰੁਪਿਆ ਹੀ ਹਾਜ਼ਰਾਂ ਵਰਗਾ ਹੁੰਦਾ ਸੀ । ਇਹ ਸਭ ਕੁਝ ਪੁਰਾਣੇ ਬਜ਼ੁਰਗਾਂ ਤੋਂ ਸੁਣਕੇ ਹੀ ਪਤਾ ਚੱਲਦਾ ਸੀ ।
ਬਜ਼ੁਰਗ ਨੂੰ ਗੱਲਾਂ ਕਰਦੇ-ਕਰਦੇ ਉਹ ਸਮਾਂ ਯਾਦ ਆ ਗਿਆ ਜਦੋਂ ਉਹ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਹੁੰਦੇ ਸੀ । ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੰਡੀਗੜ੍ਹ ਉਸਰ ਰਿਹਾ ਹੈ ਤੇ ਨਵੀਆਂ-ਨਵੀਆਂ ਬਿਲਡਿੰਗਾਂ ਖੜੀਆਂ ਹੋ ਰਹੀਆਂ ਹਨ । ਉਥੇ ਇਹਨਾਂ ਬਿਲਡਿੰਗਾਂ ਦੀ ਉਸਾਰੀ ਲਈ ਮਜ਼ਦੂਰਾਂ, ਦਿਹਾੜੀ ਵਾਲਿਆਂ ਦੀ ਲੋੜ ਹੈ । ਤਾਂ ਉਨ੍ਹਾਂ ਨੇ 2 ਰੁਪਏ ਮਜ਼ਦੂਰੀ ਸੁਣ ਕੇ ਹਾਂ ਉਥੇ ਜਾ ਦਿਹਾੜੀ ਕਰਨ ਦਾ ਮਨ ਬਣਾ ਲਿਆ । ਕਿਉਂਕਿ ਪਿੰਡਾਂ ਵਿਚ ਮਜ਼ਦੂਰੀ ਦਾ ਮੋਲ ਇੰਨਾਂ ਨਹੀਂ ਸੀ ਮਿਲਦਾ । ਉਨ੍ਹਾਂ ਦੇ ਦੱਸੇ ਅਨੁਸਾਰ 2 ਰੁਪਏ ਦਿਹਾੜੀ ਬਹੁਤ ਜ਼ਿਆਦਾ ਲੱਗਦੀ ਤੇ ਅਸੀਂ ਉਥੇ ਦਿਹਾੜੀ ਕਰਨ ਲਈ ਰਾਜੀ ਹੋ ਗਏ । ਬਸ ਫੇਰ ਕੀ ਸੀ, ਚੰਡੀਗੜ੍ਹ ਪਹੁੰਚ ਕੇ ਕਰਨ ਲੱਗੇ ਦਿਹਾੜੀ । ਅਨੇਕਾਂ ਹੀ ਬਿਲਡਿੰਗਾਂ ਆਪਣੇ ਹੱਥਾਂ ਨਾਲ ਖੜੀਆਂ ਕੀਤੀਆਂ ਤੇ ਅਨੇਕਾਂ ਹੀ ਬਿਲਡਿੰਗਾਂ ਨੂੰ ਬਣਦਿਆਂ ਦੇਖਿਆ । ਦਿਨੋਂ ਦਿਨ ਚੰਡੀਗੜ੍ਹ ਦਾ ’ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ । ਇਥੇ ਆਉਣ ਨਾਲ ਸਾਡੇ ਘਰ ਦਾ ਗੁਜਾਰਾ ਵੀ ਚੰਗਾ ਚੱਲਣ ਲੱਗਾ ।
ਦੋ ਰੁਪਏ ਦਿਹਾੜੀ ਉਦੋਂ ਦੇ ਸਮੇਂ ’ਚ 2 ਹਾਜ਼ਰ ਵਰਗੀ ਲੱਗਦੀ ਸੀ । ਹੁਣ ਤਾਂ ਰੋਜ਼ ਹੀ ਚੰਡੀਗੜ੍ਹ ਦਿਹਾੜੀ ਲਈ ਆਉਣਾ ਸ਼ੁਰੂ ਕਰ ਦਿੱਤਾ ਸੀ । ਇਥੇ ਦੀ ਦਿਹਾੜੀ ਨਾਲ ਗੁਜਾਰਾ ਵੀ ਵਧੀਆ ਚੱਲਦਾ ਸੀ । ਉਸ ਸਮਿਆਂ ਵਿਚ ਟੱਬਰ ਵੀ ਵੱਡੇ ਹੁੰਦੇ ਸੀ । ਪਰਿਵਾਰ ਇੱਕਠਾ ਹੀ ਰਹਿੰਦਾ ਸੀ । ਦਾਦੇ, ਪੜਦਾਦੇ ਤੋਂ ਲੈ ਕੇ ਚਾਚੇ ਤਾਏ ਸਾਰੇ ਇੱਕਠੇ ਇੱਕ ਪਰਿਵਾਰ ਵਿਚ ਰਹਿੰਦੇ ਸੀ । ਫੇਰ ਅਜਿਹੇ ’ਚ ਘਰ ਦੀ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਸੀ । ਪਰ ਸ਼ੁਕਰ ਦਾਤੇ ਦਾ ਕਿ ਦਿਹਾੜੀ ਦਾ ਮੁੱਲ ਵਧੀਆਂ ਮਿਲਦਾ । ਭਾਵੇਂ ਘਰ ਤੋਂ 40-45 ਕਿਲੋਮੀਟਰ ਦੂਰੀ ’ਤੇ ਹੀ ਕੰਮ ਮਿਲਦਾ ਸੀ । ਪਰ ਉਸ ਦਿਹਾੜੀ ਨਾਲ ਘਰ ਚਲਾਉਣਾ ਕਾਫ਼ੀ ਆਸਾਨ ਹੋ ਗਿਆ ਸੀ ।
ਬਸ ਫੇਰ ਕੀ ਯਾਰਾਂ ਦੋਸਤ ਨਾਲ ਆ ਚੰਡੀਗੜ੍ਹ ਵਿਚ ਦੋ ਰੁਪਏ ਦਿਹਾੜੀ ਕਰਕੇ ਆਪ ਵੀ ਖੁਸ਼ ਹੁੰਦਾ ਤੇ ਘਰ ’ਚ ਵੀ ਖੁਸ਼ਹਾਲੀ ਰਹਿੰਦੀ । ਇਸ ਕਹਾਣੀ ਤੋਂ ਪਤਾ ਚੱਲਦਾ ਹੈ ਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ । ਦੂਰੀ ਵੀ ਮਾਇਆਨੇ ਨਹੀਂ ਰੱਖਦੀ । ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਪੈਂਦਾ ਹੈ । ਪ੍ਰਮਾਤਮਾ ਨੂੰ ਸਭ ਦਾ ਫ਼ਿਕਰ ਹੈ । ਚਾਹੇ ਟੱਬਰ ਵੱਡਾ ਹੋਵੇ ਜਾਂ ਛੋਟਾ, ਪੇਟ ਪਾਲਣਾ ਤੇ ਰਿਜ਼ਕ ਦੇਣਾ ਸਭ ਉਪਰ ਵਾਲੇ ਦਾ ਖੇਲ ਹੈ ।
-ਮੋਬਾ: 98785-19278
--- 0 ---

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ