Sunday, May 05, 2024  

ਲੇਖ

ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਨੂੰ ਯਾਦ ਕਰਦਿਆਂ...

April 25, 2024

ਮਹਾਨ ਪੁਰਖ਼ ਹੁੰਦੇ ਨੇ ਉਹ ਜੋ ਆਪਣੀਆਂ ਮੁਸੀਬਤਾਂ ਨਾਲ ਦੋ-ਚਾਰ ਹੁੰਦੇ ਹੋਏ ਵੀ ਲੋਕਾਂ ਦੀ ਗੱਲ ਕਰਦੇ ਹਨ। ਆਪਣੇ ਦੁੱਖ ਨੂੰ ਘੱਟ ਤੇ ਲੋਕਾਂ ਦੇ ਦੁੱਖ ਨੂੰ ਵੱਧ ਮਹਿਸੂਸ ਕਰਦੇ ਹਨ ਪਰ ਅਜਿਹੇ ਮਨੁੱਖ ਹੁੰਦੇ ਟਾਂਵੇ-ਟਾਂਵੇ ਹੀ ਨੇ। ਗੁਰਬਤ ਭਰੇ ਦਿਨ ਕੱਟਣੇ ਤੇ ਫਿਰ ਲੋਕਾਈ ਲਈ ਸੋਚਣਾ, ਇਸ ਤੋਂ ਵੱਡੀ ਕੁਰਬਾਨੀ ਵੀ ਕੀ ਹੋ ਸਕਦੀ ਹੈ। ਇਹ ਉਹ ਲੋਕ ਹੀ ਹੁੰਦੇ ਹਨ ਜਿੰਨ੍ਹਾਂ ਨੂੰ ਲੋਕਾਂ ਨਾਲ ਅਥਾਹ ਮੋਹ ਹੈ। ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਹੋਰ ਕਿੰਨੇ ਹੀ ਕਵੀ ਹੋਣਗੇ ਜੋ ਗਰੀਬੀ ਦੇ ਦਿਨਾਂ ’ਚੋਂ ਲੰਘਦਿਆਂ ਵੀ ਲੋਕਾਂ ਬਾਰੇ ਸੋਚਦੇ ਰਹੇ। ਇਸ ਲੜੀ ਵਿੱਚ ਵੀ ਇੱਕ ਨਾਂ ਆਉਂਦਾ ਹੈ, ਜਿਸ ਨੇ ਭੁੱਖ-ਨੰਗ ਨਾਲ ਘੁਲਦਿਆਂ ਵੀ ਲੋਕਾਈ ਦੇ ਦਰਦ ਨੂੰ ਚਿੱਤਰਿਆ। ਉਹ ਹਨ ਗ਼ਜ਼ਲ ਦਾ ਬਾਬਾ ਬੋਹੜ-ਦੀਪਕ ਜੈਤੋਈ ।
ਦੀਪਕ ਜੈਤੋਈ ਦਾ ਜਨਮ 26 ਅਪ੍ਰੈਲ, 1919 ਈ. ਨੂੰ ਮਾਤਾ ਵੀਰ ਕੌਰ ਦੀ ਕੁੱਖੋਂ, ਪਿਤਾ ਇੰਦਰ ਸਿੰਘ ਦੇ ਘਰ, ਇਤਿਹਾਸਕ ਕਸਬੇ ਜੈਤੋ ਵਿਖੇ ਹੋਇਆ। ਦੀਪਕ ਹੋਰੀਂ ਮਾਪਿਆਂ ਦੀ ਔਲਾਦ ਤਿੰਨ ਹੈ। ਵੱਡਾ ਭਰਾ ਗੁਰਬਚਨ ਸਿੰਘ ‘ਪਤੰਗ’ ਅਤੇ ਭੈਣ ਗੁਰਚਰਨ ਕੌਰ (ਸਾਬਕਾ ਰਾਜ ਸਭਾ ਮੈਂਬਰ) । ਜੈਤੋਈ ਸਾਹਿਬ ਦਾ ਵਿਆਹ ਸ਼੍ਰੀਮਤੀ ਬਲਵੰਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਬੇਟੇ ਹਰਸ਼ਰਨ ਸਿੰਘ, ਬਲਕਰਨ ਸਿੰਘ ਸੂਫ਼ੀ ਤੇ ਸਤਵਰਨ ਦੀਪਕ ਅਤੇ ਪੰਜ ਧੀਆਂ ਕੈਲਾਸ ਦੇਵੀ, ਰੂਪ ਰਾਣੀ, ਭੋਲੀ ਕੌਰ, ਬੀਨਾ ਕੌਰ ਤੇ ਸੁਖਵਰਸ਼ਾ ਕੌਰ ਹਨ। ਕਵੀ ਦਾ ਪਹਿਲਾ ਨਾਂ ਗੁਰਚਰਨ ਸਿੰਘ ਰੱਖਿਆ ਸੀ ਪਿੱਛੋਂ ਦੀਪਕ ਜੈਤੋਈ ਨਾਂ ਨਾਲ ਪ੍ਰਸਿੱਧਤਾ ਖੱਟੀ। ਤੀਜੀ ਜਮਾਤ ’ਚ ਕਵਿਤਾ ਦੇ ਰੂਪ ’ਚ ਚਿੱਠੀ ਲਿਖਣ ਵਾਲੇ ਨੂੰ ਛੋਟੀ ਉਮਰ ’ਚ ਹੀ ਲਿਖਣ ਦਾ ਚਸਕਾ ਪੈ ਗਿਆ।
ਦੀਪਕ ਜੈਤੋਈ ਨੇ ਸ਼ਾਇਰੀ ਦੀਆਂ ਬਰੀਕੀਆਂ ਨੂੰ ਜਾਨਣ ਲਈ ‘ਮੁਜ਼ਰਮ ਦਸੂਹੀ’ ਨੂੰ ਆਪਣਾ ਉਸਤਾਦ ਧਾਰ ਲਿਆ। ਮਾਂ ਬੋਲੀ ਦਾ ਕਵਿਕ ਚਿਹਰਾ ਮੋਹਰਾ ਦੂਜੀਆਂ ਭਸ਼ਾਵਾਂ ਦੇ ਹਾਣ ਦਾ ਬਣਾਉਣ ਦਾ ਕਵੀ ਨੂੰ ਤਜ਼ਰਬਾ ਸੀ। ਉਸ ਨੇ ਉੱਚ ਕੋਟੀ ਦੇ ਸੈਂਕੜੇ ਗੀਤ ਲਿਖੇ, ਧਾਰਮਿਕ ਗੀਤਾਂ ਤੇ ਵੀ ਕਲਮ ਚਲਾਈ। ਪ੍ਰਸਿੱਧ ਗਾਇਕਾ ਮਰਹੂਮ ’ਨਰਿੰਦਰ ਬੀਬਾ’ ਦੀ ਸ਼ੁਰੀਲੀ ਅਵਾਜ਼ ’ਚ ਉਨ੍ਹਾਂ ਦੇ ਰਿਕਾਰਡ ਹੋਏ ਗੀਤ ’ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ’ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾ, ਵੇ ਅਸਾਂ ਨੀ ਕਨੌੜ ਝੱਲਣੀ’ ਤੇ ’ਜੁੱਤੀ ਲਗਦੀ ਹਾਣੀਆ ਮੇਰੇ ਵੇ, ਪੁੱਟ ਨਾ ਪੁਲਾਂਘਾਂ ਲੰਮੀਆਂ’ ਇਹ ਗੀਤਾਂ ਦੀ ਆਪਣੇ ਜ਼ਮਾਨੇ ’ਚ ਬਹੁਤ ਚੜ੍ਹਤ ਰਹੀ। ‘ਸਾਕਾ ਚਾਂਦਨੀ ਚੌਂਕ’ ਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ ਐਚ. ਐਮ. ਵੀ. ਕੰਪਨੀ ’ਚ ਐਲ. ਪੀ. ਰਿਕਾਰਡ ਹੋਏ ਸਨ।
ਜੈਤੋਈ ਸਾਹਿਬ ਦੀਆਂ ਇੱਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ ‘ਮਾਲਾ ਕਿਉਂ ਤਲਵਾਰ ਬਣੀ’ (ਮਹਾ-ਕਾਵਿ), ‘ਗ਼ਜ਼ਲ ਦੀ ਖੁਸ਼ਬੂ’, ‘ਗ਼ਜ਼ਲ ਦੀ ਅਦਾ’, ‘ਦੀਪਕ ਦੀ ਲੋਅ’, ‘ਮੇਰੀਆਂ ਚੋਣਵੀਆਂ ਗ਼ਜ਼ਲਾਂ’, ‘ਗ਼ਜ਼ਲ ਦਾ ਬਾਂਕਪਨ’, ‘ਆਹ ਲੈ ਮਾਏ ਸਾਂਭ ਕੁੰਜੀਆਂ’, ‘ਗ਼ਜ਼ਲ ਕੀ ਹੈ’, ‘ਮਾਡਰਨ ਗ਼ਜ਼ਲ’, ‘ਭਰਥਰੀ ਹਰੀ’, ‘ਭੁਲੇਖਾ ਪੈ ਗਿਆ’, ‘ਸਮਾਂ ਜ਼ਰੂਰ ਆਵੇਗਾ’, ‘ਸਿਕੰਦ ਗੁਪਤ’, ‘ਦੀਵਾਨੇ ਦੀਪਕ’ ਆਦਿ ਲਿਖਣ ਦਾ ਫ਼ਖਰ ਉਨ੍ਹਾਂ ਹਿੱਸੇ ਹੀ ਆਇਆ। ਗ਼ਜ਼ਲਗੋ ਨੂੰ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ-ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡਾਂ ਤੋਂ ਇਲਾਵਾ ਸੈਂਕੜੇ ਹੋਰ ਇਨਾਮ ਸਨਮਾਨ ਉਨ੍ਹਾਂ ਦੇ ਝੋਲੀ ਪਏ।
ਦੀਪਕ ਸਾਹਿਬ ਇੱਕ ਸਧਾਰਨ ਪਰਿਵਾਰ ’ਚ ਜਨਮ ਲੈ ਕੇ ਗ਼ਜ਼ਲ ਦਾ ਬਾਬਾ ਬੋਹੜ ਅਖਵਾਇਆ। ਉਹ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸੀ। ਗ਼ਜ਼ਲਗੋ ਦੇ ਅਨੇਕਾਂ ਚੇਲੇ ਹਨ। ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਤੱਕ ਪੁਚਾਉਣ ਵਾਲੇ ਦੀ ਸਾਰੀ ਉਮਰ ਹੀ ਤੰਗੀਆਂ ਤੁਰਸੀਆਂ ’ਚ ਲੰਘੀ। ਜਦ ਦੀਪਕ ਜੈਤੋਈ ਅਖੀਰਲੇ ਸਮੇਂ ਬਿਮਾਰ ਮੰਜੇ ’ਚ ਪੈ ਗਿਆ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਟੇ ਵਿੱਚੋਂ ਇੱਕ ਲੱਖ ਰੁਪਏ ਇਲਾਜ ਲਈ ਦਿੱਤੇ ਅਤੇ ਕੈਲੇਫੋਰਨੀਆਂ ਵਿੱਚ ਰਹਿੰਦੇ ਪਰਮਜੀਤ ਸਿੰਘ ਭੁੱਟਾ ਨੇ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣੀ ਵੀ ਕਬੂਲੀ ਸੀ। ਪਰ ਕੁਦਰਤ ਨੂੰ ਜੋ ਮਨਜ਼ੂਰ ਹੋਇਆ, ਉਹ 12 ਫਰਵਰੀ, 2005 ਈ. ਨੂੰ ਗ਼ਜ਼ਲ ਦਾ ਬਾਬਾ ਬੋਹੜ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਸਦਾ ਲਈ ਮੁੱਖ ਛੁਪਾ ਗਿਆ। ਭਾਵੇਂ ਹਰਮਨ ਪਿਆਰਾ ਗੀਤਕਾਰ, ਕਵੀ, ਗ਼ਜ਼ਲਗੋ ਸਰੀਰਕ ਤੌਰ ਤੇ ਸਾਡੇ ਵਿਚਕਾਰ ਤਾਂ ਨਹੀਂ ਰਿਹਾ ਪਰ ਉਨ੍ਹਾਂ ਦੀਆਂ ਲਿਖਤਾਂ ਸਦਾ ਉਨ੍ਹਾਂ ਦੀਆਂ ਯਾਦਾਂ ਨੂੰ ਕਾਇਮ ਰੱਖਣਗੀਆਂ ।
ਦਰਸ਼ਨ ਸਿੰਘ ਪ੍ਰੀਤੀਮਾਨ
-ਮੋਬਾ: 98786-06963

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ