Monday, April 29, 2024  

ਲੇਖ

ਭਵਿੱਖ ’ਚ ਕਿਹੋ ਜਿਹੀ ਹੋਵੇਗੀ ਦੁਨੀਆ

March 18, 2024

ਤੇਜ਼ੀ ਨਾਲ ਬਦਲ ਰਹੀ ਇਹ ਦੁਨੀਆ ਇਸ ਸਮੇਂ ਇਕ ਵੱਡੇ ਮੁਕਾਮ ’ਤੇ ਆ ਖੜ੍ਹੀ ਹੋਈ ਹੈ।ਮਾਨਵ ਜਾਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਣ ਲੱਗਾ ਹੈ ਕਿ ਇਸ ਸਮੇਂ ਦੁਨੀਆ ਵਿਚ ਜੋ ਬਹੁਤ ਮਹੱਤਵਪੂਰਨ ਹੈ ਇਸ ਵਿਚੋਂ ਬਹੁਤ ਕੁਝ ਅਰਥਹੀਣ ਹੋ ਜਾਵੇਗਾ। ਬੀਤੇ ਦੀ ਬਾਤ ਬਣ ਜਾਵੇਗਾ। ਪਿਛਲੇ ਸਮੇਂ ਬਹੁਤ ਚੀਜ਼ਾਂ ਸਾਡੇ ਦੌਰ ਵਿਚ ਆਈਆਂ ਤੇ ਅਲੋਪ ਹੋ ਗਈਆਂ। ਅੱਜ ਦੇ ਬੱਚਿਆਂ ’ਚੋਂ ਬਹੁਤਿਆਂ ਨੂੰ ਸ਼ਾਇਦ ਇਹ ਪਤਾ ਵੀ ਨਹੀਂ ਹੋਵੇਗਾ ਕਿ ਸੀ. ਡੀ. ਪਲੇਅਰ ਕਿਸ ਤਰ੍ਹਾਂ ਦਾ ਹੁੰਦਾ ਸੀ। ਵੀ. ਸੀ. ਆਰ. ਕੀ ਸੀ ? ਪੇਜਰ ਕੀ ਸੀ? ਤੇਜ਼ੀ ਨਾਲ ਵਾਪਰ ਰਹੀਆਂ ਤਬਦੀਲੀਆਂ ਦੇ ਇਸ ਦੌਰ ਵਿਚ ਹੁਣ ਇਕ ਦਮ ਬਹੁਤ ਕੁਝ ਤਬਦੀਲ ਹੋਣ ਜਾ ਰਿਹਾ ਹੈ। ਭਵਿੱਖ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਭਾਵ ਮਸਨੂਈ ਸਮਝ ਦੁਨੀਆ ਨੂੰ ਪੂਰੀ ਤਰ੍ਹਾਂ ਬਦਲ ਕਰ ਦੇਵੇਗੀ। ਜ਼ਰਾ ਸੋਚੋ ਕਿ ਮਨੁੱਖ ਦੀ ਥਾਂ ਸੋਚ ਵਿਚਾਰ ਕਰਨ, ਫੈਸਲੇ ਲੈਣ ਅਤੇ ਉਨ੍ਹਾਂ ਫੈਸਲਿਆਂ ’ਤੇ ਅਮਲ ਕਰਨ ਵਰਗੇ ਕੰਮ ਜੇਕਰ ਮਸ਼ੀਨ ਕਰਨ ਲੱਗ ਪਵੇਗੀ ਤਾਂ ਇਸ ਦੌਰ ਵਿਚ ਮਨੁੱਖ ਦੀ ਹੈਸੀਅਤ ਕੀ ਹੋਵੇਗੀ ? ਕਲਾਕਾਰ ਇਕ ਚਿੱਤਰ ਬਣਾਉਂਦਾ ਹੈ, ਕਵੀ ਕਵਿਤਾ, ਗੀਤਕਾਰ ਗੀਤ, ਕਹਾਣੀਕਾਰ ਕਹਾਣੀ ਲਿਖਦਾ ਹੈ। ਇਸੇ ਤਰ੍ਹਾਂ ਫ਼ਿਲਮ ਲੇਖਕ ਫ਼ਿਲਮਾਂ ਦੀ ਕਹਾਣੀ ਤੇ ਡਾਇਲਾਗ ਲਿਖਦੇ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਸਭ ਕੁਝ ‘ਏ ਆਈ’ ਕਰਨ ਲੱਗ ਜਾਵੇਗੀ।ਇਸ ਤੋਂ ਵੀ ਅਗਾਂਹ ਫ਼ਿਲਮਾਂ ਵਿਚ ਵਿਖਾਏ ਜਾਣ ਵਾਲੇ ਦਿ੍ਰਸ਼, ਨਾਇਕ, ਨਾਇਕਾਵਾਂ ਤੇ ਖ਼ਲਨਾਇਕ ਇਹ ਸਭ ਕੁਝ ਆਰਟੀਫੀਸ਼ਲ ਹੋਵੇਗਾ ਅਤੇ ਇਹ ਸਭ ਕੁਝ ਹਕੀਕਤ ਵਰਗਾ ਹੀ ਹੋਵੇਗਾ। ਇਕ ਨਵੀਂ ਫ਼ਿਲਮ ਬਣਾਉਣ ਲਈ ਤੁਸੀਂ ਮਨਪਸੰਦ ਚਾਰ ਫ਼ਿਲਮਾਂ ਬਾਰੇ ਆਰਟੀਫੀਸ਼ਅਲ ਇੰਟੈਲੀਜੈਂਸ ਨੂੰ ਦੱਸਦੇ ਹੋ ਤਾਂ ਉਹ ਤੁਹਾਨੂੰ ਕੁਝ ਹੀ ਸਮੇਂ ਬਾਅਦ ਪੰਜਵੀਂ ਫ਼ਿਲਮ ਤਿਆਰ ਕਰ ਦੇਵੇਗਾ। ਇਸੇ ਤਰ੍ਹਾਂ ਤੁਸੀਂ ਘਰ, ਦਫਤਰ, ਲਾਅਨ ਦਾ ਡਿਜ਼ਾਈਨ ਕਰਨਾ ਚਾਹੁੰਦੇ ਹੋ ਤਾਂ ਕਈ ਤਰ੍ਹਾਂ ਦੇ ਡਿਜ਼ਾਈਨ ਤੁਹਾਡੇ ਸਾਹਮਣੇ ਪਈ ਸਕਰੀਨ ’ਤੇ ਖੁੱਲ੍ਹ ਜਾਣਗੇ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ। ਹਰ ਤਰ੍ਹਾਂ ਦੀਆਂ ਵੱਡੀਆਂ ਛੋਟੀਆਂ ਗੱਡੀਆਂ ਡਰਾਈਵਰ-ਰਹਿਤ ਹੋਣਗੀਆਂ ਤੇ ਆਰਟੀਫੀਸ਼ਅਲ ਇੰਟੈਲੀਜੈਂਸ ਰਾਹੀਂ ਚੱਲਣ ਲੱਗਣਗੀਆਂ। ਪੂਰੀ ਦੁਨੀਆ ਵਿਚ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਮੁਲਾਜ਼ਮਾਂ ਦੀ ਛਾਂਟੀ ਹੋਣ ਲੱਗੇਗੀ। ਸਭ ਤਰ੍ਹਾਂ ਦੇ ਦਫ਼ਤਰਾਂ ਦੇ ਕੰਮ ਏ ਆਈ ਮਸ਼ੀਨਾਂ ਸਾਂਭ ਲੈਣਗੀਆਂ। ਚਿੱਤਰਕਾਰ, ਫੋਂਟਗਾਲੀ, ਕਲਾਕਾਰ, ਐਕਟਰ, ਲੇਖਕ, ਡਿਜ਼ਾਈਨਰ, ਮਾਡਲ ਆਦਿ ਦੇ ਕਰਨ ਵਾਲੇ ਕਲਾਤਮਿਕ ਕੰਮ ਮਸਨੂਈ ਬੁੱਧੀ ਨਾਲ ਹੋਣ ਲੱਗਣਗੇ। ਇਸ ਤਕਨੀਕ ਨਾਲ ਖੇਤੀਬਾੜੀ ਵਿਚ ਇਕ ਅਜਿਹਾ ਇਨਕਲਾਬ ਆਵੇਗਾ ਜਿਸ ਦਾ ਅਸੀਂ ਕਦੇ ਕਿਆਸ ਤੱਕ ਵੀ ਨਹੀਂ ਕੀਤਾ। ਭਵਿੱਖ ਵਿਚ ਏ.ਆਈ. ਮਸ਼ੀਨਾਂ ਸਾਨੂੰ ਦੱਸਣਗੀਆਂ ਕਿ ਤੁਹਾਡੇ ਵਲੋਂ ਬੀਜੀ ਜਾ ਰਹੀ ਫ਼ਸਲ ਦਾ ਹੁਣ ਤੱਕ ਬਾਜ਼ਾਰ ਵਿਚ ਕਿੰਨਾ ਬੀਜ ਵਿਕਿਆ ਹੈ ਅਤੇ ਇਹ ਕਿਸ ਦੇਸ਼ ਵਿਚ ਕਿੰਨੀ ਮਿਕਦਾਰ ਵਿਚ ਬੀਜੀ ਜਾ ਰਹੀ ਹੈ। ਇਸ ਫ਼ਸਲ ਲਈ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ। ਇਸ ਦਾ ਬਾਜ਼ਾਰ ਵਿਚ ਮੁੱਲ ਕੀ ਪਵੇਗਾ? ਕਾਫੀ ਹੱਦ ਤੱਕ ਫ਼ਸਲਾਂ ਲਈ ਵਰਤੇ ਜਾਂਦੇ ਕੀਟ ਨਾਸ਼ਕਾਂ ਦੀ ਵਰਤੋਂ ਘੱਟ ਹੋਵੇਗੀ। ਫ਼ਸਲ ’ਤੇ ਕਿਸੇ ਕੀੜੇ ਦੇ ਹਮਲੇ ਦਾ ਤੁਰੰਤ ਪਤਾ ਲੱਗੇਗਾ ਅਤੇ ਜਿੱਥੇ ਕਿਤੇ ਜਿਸ ਵੀ ਬੂਟੇ ਵਿਚ ਬਿਮਾਰੀ ਦੀ ਲਾਗ ਹੋਵੇਗੀ, ਉੱਥੇ ਉਸ ਜਗਹਾ ’ਤੇ ਹੀ ਉਸ ਦਾ ਤੁਰੰਤ ਇਲਾਜ ਕੀਤਾ ਜਾ ਸਕੇਗਾ।
ਪੂਰੀ ਜ਼ਮੀਨ ਵਿਚ ਕੀਟ ਨਾਸ਼ਕ ਦਵਾਈ ਦੀ ਵਰਤੋਂ ਕਰਨ ਦੀ ਲੋੜ ਤਾਂ ਦੂਰ, ਕਿਸੇ ਇਕ ਪੂਰੇ ਪੌਦੇ ਨੂੰ ਵੀ ਕੀਟਨਾਸ਼ਕ ਦੇਣ ਦੀ ਲੋੜ ਨਹੀਂ ਰਹੇਗੀ।ਜ਼ਮੀਨ ਵਿਚ ਕਿੱਥੇ ਕਿਸ ਤੱਤ ਦੀ ਘਾਟ ਹੈ, ਇਸ ਸੰਬੰਧੀ ਏ. ਆਈ. ਦੀਆਂ ਜਾਣਕਾਰੀਆਂ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਣਗੀਆਂ। ਏ. ਆਈ. ਮਸ਼ੀਨਾਂ ਕੇਵਲ ਪੱਕੇ ਫਲਾਂ ਦੀ ਤੁੜਾਈ-ਪੁਟਾਈ ਕਰਨਗੀਆਂ ਅਤੇ ਇਸ ਤਰ੍ਹਾਂ ਫ਼ਸਲਾਂ ਖਾਸ ਕਰਕੇ ਫਲਾਂ ਦੇ ਝਾੜ ਵਿਚ ਸੁਧਾਰ ਤੇ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਭਵਿੱਖ ਵਿਚ ਖੇਤੀਬਾੜੀ ਦੇ ਕੰਮ ਵਿਚ ਇਕ ਵੱਡੀ ਅਲੌਕਿਕ ਤਬਦੀਲੀ ਵਾਪਰਨ ਜਾ ਰਹੀ ਹੈ।ਦੁਨੀਆ ਵਿਚ ਭੁੱਖਮਰੀ ਅਤੇ ਕੁਪੋਸ਼ਣ ਘੱਟ ਹੋਵੇਗਾ ਪਰ ਯਾਦ ਰੱਖਣਾ ਇਹ ਕੇਵਲ ਅੰਦਾਜ਼ਾ ਹੈ। ਸਚਾਈ ਇਸ ਤੋਂ ਵੱਖਰੀ ਵੀ ਹੋ ਸਕਦੀ ਹੈ। ਦਵਾਈਆਂ ਦੇ ਮਾਲੀਕਿਊਲ ਬਣਾਉਣ ਵਿਚ ਮਦਦ ਮਿਲੇਗੀ। ਬਿਮਾਰੀਆਂ ਨੂੰ ਸਮਝਣ ਵਿਚ ਵੱਡਾ ਇਨਕਲਾਬ ਆਵੇਗਾ ਅਤੇ ਬਿਮਾਰਾਂ ਦੀ ਸਾਂਭ ਸੰਭਾਲ ਕਰਨ ਵਿਚ ਵੀ ਏ. ਆਈ, ਵੱਡੀ ਮਦਦਗਾਰ ਸਾਬਿਤ ਹੋਵੇਗੀ। ਜਿਵੇਂ ਖਦਸ਼ਾ ਪਰਗਟ ਕੀਤਾ ਜਾ ਰਿਹਾ ਹੈ ਏ. ਆਈ, ਬਹੁਤ ਸਾਰੀਆਂ ਨੌਕਰੀਆਂ ਨੂੰ ਖ਼ਤਮ ਕਰ ਦੇਵੇਗੀ ਤਾਂ ਕੁਝ ਲੋਕਾਂ ਨੂੰ ਇਹ ਵਿਸ਼ਵਾਸ ਹੈ ਨਵੀਂ ਤਕਨਾਲੋਜੀ ਦੇ ਆਉਣ ਨਾਲ ਨੌਕਰੀਆਂ ਘਟਦੀਆਂ ਨਹੀਂ ਬਲਕਿ ਵਧਦੀਆਂ ਹਨ। ਜਿਵੇਂ ਕੰਪਿਊਟਰ ਦੇ ਆਉਣ ਨਾਲ ਸੋਚਿਆ ਜਾ ਰਿਹਾ ਸੀ ਕਿ ਦਫਤਰਾਂ ਦੇ ਕੰਮ ਜਦੋਂ ਕੰਪਿਊਟਰ ਕਰਨ ਲੱਗਣਗੇ ਤਾਂ ਬੰਦਿਆਂ ਦੀ ਲੋੜ ਨਹੀਂ ਰਹੇਗੀ। ਇਸ ਲਈ ਕੰਪਿਊਟਰ ਦਾ ਵਿਰੋਧ ਵੀ ਹੋਇਆ ਪਰ ਕੰਪਿਊਟਰ ਦੇ ਆਉਣ ਨਾਲ ਰੁਜ਼ਗਾਰ ਵਿਚ ਵੱਖਰੀਆਂ ਤੇ ਵੱਡੀਆਂ ਸੰਭਾਵਨਾਵਾਂ ਪੈਦਾ ਹੋਈਆਂ। ਇਸ ਲਈ ਕੁਝ ਲੋਕਾਂ ਦਾ ਖਿਆਲ ਹੈ ਕਿ ਨਵੀਂ ਤਕਨੀਕ ਆਉਣ ਨਾਲ ਰੁਜ਼ਗਾਰ ਦੇ ਬੂਹੇ ਹੋਰ ਮੋਕਲੇ ਹੋਣਗੇ।
ਬੇਸ਼ੱਕ ਏ. ਆਈ. ਨਾਲ ਮਨੁੱਖ ਦੇ ਜ਼ਿਹਨੀ ਤੇ ਸਰੀਰਕ ਕੰਮ ਘਟ ਜਾਣਗੇ, ਰੁਜ਼ਗਾਰ ਨੌਕਰੀਆਂ ਘਟ ਜਾਣਗੀਆਂ ਪਰ ਇਹ ਆਮ ਲੋਕਾਂ ਅਤੇ ਖਾਸ ਕਰਕੇ ਗਰੀਬ ਦੇਸ਼ਾਂ ਦੇ ਬਾਸ਼ਿੰਦਿਆਂ ਲਈ ਇਹ ਸਥਿਤੀ ਬੇਹੱਦ ਭਿਆਨਕ ਹੋ ਸਕਦੀ ਹੈ। ਏ. ਆਈ. ਦੇ ਦੌਰ ਤੋਂ ਪਹਿਲਾਂ ਹੀ ਦੁਨੀਆ ਅਜਿਹੇ ਦੌਰ ਵਿਚੋਂ ਗੁਜ਼ਰ ਰਹੀ ਹੈ ਜਿੱਥੇ ਆਮ ਬੰਦੇ ਦੇ ਰੁਜ਼ਗਾਰ ਵੱਲ ਸਰਕਾਰਾਂ ਦਾ ਬਿਲਕੁਲ ਹੀ ਧਿਆਨ ਨਹੀਂ ਤੇ ਨੌਕਰੀਆਂ ਦੇ ਮੌਕੇ ਘਟ ਰਹੇ ਹਨ। ਸਰਕਾਰਾਂ ਨੇ ਅਜਿਹੀ ਸਥਿਤੀ ਪੈਦਾ ਕੀਤੀ ਹੈ ਕਿ ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਆਪ ਨੂੰ ਆਟੋ ਦਾਲ ਵਰਗੀਆਂ ਖੈਰਾਤਾਂ ਲਈ ਸਮਰਪਿਤ ਕਰ ਦਿੱਤਾ ਹੈ। ਹੁਣ ਤੱਕ ਹਰ ਨਵੀਂ ਤਕਨੀਕ ਦਾ ਸਭ ਤੋਂ ਵੱਧ ਫਾਇਦਾ ਸਰਮਾਏਦਾਰ ਲੈਂਦੇ ਰਹੇ ਹਨ।ਅਜਿਹੀ ਸਥਿਤੀ ਵਿਚ ਜਦੋਂ ਏ ਆਈ ਦਾ ਪ੍ਰਵੇਸ਼ ਹੋਣ ਜਾ ਰਿਹਾ ਹੈ ਤਾਂ ਆਮ ਬੰਦੇ ਲਈ ਇਹ ਸਥਿਤੀ ਹੋਰ ਭਿਆਨਕ ਹੋ ਜਾਵੇਗੀ। ਨੌਕਰੀਆਂ, ਰੁਜ਼ਗਾਰ ਹੋਰ ਵੀ ਘੱਟ ਹੋਣਗੇ। ਵਿਹਲਾ ਮਨ ਸ਼ੈਤਾਨ ਦਾ ਘਰ ਅਖਾਣ ਵਾਂਗ ਸਮਾਜ ਵਿਚ ਬੁਰਾਈਆਂ ਫੈਲਣ ਦਾ ਖ਼ਤਰਾ ਹੋਰ ਵਧ ਜਾਵੇਗਾ।
ਦੂਜੇ ਪਾਸੇ ਏ.ਆਈ. ਦੀ ਸਮਝ ਇੰਨੀ ਵਿਸਥਾਰ ਲੈ ਲਵੇਗੀ ਕਿ ਉਸ ਕੋਲ ਲੱਖਾਂ ਕਰੋੜਾਂ ਬੰਦਿਆਂ ਦੀਆਂ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਹੋਣਗੀਆਂ ਕਿਸੇ ਦੀ ਕੰਮਰੇ ਵਿਚ ਤਸਵੀਰ ਵੇਖ ਕੇ ਉਸ ਨੂੰ ਝੱਟ ਲੱਭਿਆ ਜਾ ਸਕੇਗਾ। ਹੋ ਸਕਦਾ ਹੈ ਇਸ ਨਾਲ ਮਨੁੱਖ ਕੁਝ ਹੋਰ ਚੰਗਾ ਸਿਰਜਣ ਦੇ ਸਮਰੱਥ ਵੀ ਹੋ ਜਾਵੇ। ਇਹ ਵੀ ਹੋ ਸਕਦਾ ਹੈ ਕਿ ਮਨੁੱਖ ਹਰ ਤਰ੍ਹਾਂ ਦੇ ਜੁਰਮਾਂ ਨੂੰ ਰੋਕੇ ਜਾਣ ਲਈ ਨਵੀਆਂ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਨ ਲੱਗੇ। ਏ.ਆਈ. ਨੂੰ ਬਣਾਉਣ ਵਾਲੇ 75 ਸਾਲਾ ਜਿਓਫਰੀ ਹਿੰਟਨ ਇਸ ਦੇ ਨਤੀਜਿਆਂ ਨੂੰ ਸਮਝਦਿਆਂ ਖ਼ੁਦ ਡਰੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੈਂ ਇਸ ਨੂੰ ਨਾ ਬਣਾਉਂਦਾ ਤਾਂ ਹੋ ਸਕਦਾ ਹੈ ਕੋਈ ਹੋਰ ਇਸ ਨੂੰ ਬਣਾ ਦਿੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖ ਤੋਂ ਸਿੱਖ ਕੇ ਮਨੁੱਖ ਤੇ ਹੀ ਹਾਵੀ ਹੋ ਜਾਣ ਦੇ ਏ. ਆਈ. ਦੇ ਖ਼ਤਰੇ ਨੂੰ ਨਕਾਰਿਆ ਨਹੀਂ ਜਾ ਸਕਦਾ। ਜਿਓਫਰੀ ਹਿੰਟਨ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇਕ ਇੰਟਰਵਿਊ ਵਿਚ ਮੰਨਿਆ ਕਿ ਉਸ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਏ. ਆਈ. 1000 ਬੰਦੇ ਤੋਂ ਵੱਧ ਜਾਣਦਾ ਹੈ ਅਤੇ ਇਹਦੀ ਇਹ ਜਾਣਕਾਰੀ ਹਰ ਪਲ ਵਧਦੀ ਹੀ ਜਾਵੇਗੀ। ਇਹ ਸੱਚ ਹੈ ਕਿ ਏ. ਆਈ. ਨਾਲ ਬਹੁਤ ਸਾਰੇ ਖ਼ਤਰੇ ਜੁੜੇ ਹੋਏ ਹਨ ਅਤੇ ਇਨ੍ਹਾਂ ਖਤਰਿਆਂ ਨੂੰ ਦੁਨੀਆ ਭਰ ਦੇ ਸੋਚਵਾਨ ਮਨੁੱਖ ਭਾਂਪ ਵੀ ਰਹੇ ਹਨ। ਇਹ ਵੀ ਹੋ ਸਕਦਾ ਹੈ ਭਵਿੱਖ ਵਿਚ ਏ. ਆਈ. ਰਾਹੀਂ ਗ਼ਲਤ ਸੂਚਨਾਵਾਂ ਦਾ ਹੜ੍ਹ ਆ ਜਾਵੇ ਅਤੇ ਸਾਨੂੰ ਇਹ ਸਮਝਣ ਵਿਚ ਬੜੀ ਵੱਡੀ ਦਿੱਕਤ ਹੋਵੇਗੀ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ? ਇਹ ਵੀ ਸੰਭਵ ਹੈ ਕਿ ਏ. ਆਈ. ਦਾ ਕੰਟਰੋਲ ਗ਼ਲਤ ਹੱਥਾਂ ਵਿਚ ਚਲਾ ਜਾਵੇ ਤੇ ਇਹ ਇਕ ਦਿਨ ਮਨੁੱਖਾਂ ’ਤੇ ਭਾਰੂ ਹੋ ਕੇ ਮਨੁੱਖੀ ਸੱਭਿਅਤਾ ਲਈ ਹੀ ਖ਼ਤਰਾ ਬਣ ਜਾਵੇ।ਦੁਨੀਆ ਦੇ ਵੱਡੇ ਕਾਰੋਬਾਰੀ ਐਲਨ ਮਸਕ ਦਾ ਕਹਿਣਾ ਹੈ ਕਿ ‘ਇਸ ਸਮੇਂ ਮਨੁੱਖੀ ਸੱਭਿਅਤਾ ਨੂੰ ਸਭ ਤੋਂ ਵੱਧ ਖ਼ਤਰਾ ‘ਏ. ਆਈ’ ਤੋਂ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਮੰਨਣਾ ਹੈ ਕਿ ਏ. ਆਈ. ਵਿਚ ਸੰਭਾਵਨਾਵਾਂ ਅਤੇ ਖ਼ਤਰੇ ਦੋਵੇ ਹਨ। ਏ. ਆਈ. ਦੁਨੀਆ ਨੂੰ ਕਿਸ ਕਦਰ ਬਦਲ ਦੇਵੇਗੀ ਇਸ ਦਾ ਸਹੀ ਸਹੀ ਅੰਦਾਜ਼ਾ ਕਿਸੇ ਕੋਲ ਹੋਣਾ ਤਾਂ ਦੂਰ, ਇਹਨੂੰ ਈਜਾਦ ਕਰਨ ਵਾਲਿਆਂ ਕੋਲ ਵੀ ਨਹੀਂ ਪਰ ਇਹ ਕਿਆਸ ਜ਼ਰੂਰ ਹੈ ਕਿ ਸਾਡੀ ਦੁਨੀਆ ਅਜਿਹੇ ਮੋੜ ’ਤੇ ਖੜ੍ਹੀ ਹੈ ਜਿੱਥੇ ਉਸ ਨੇ ਇਕ ਬਿਲਕੁਲ ਵੱਖਰੇ ਦੌਰ ਵਿਚ ਪ੍ਰਵੇਸ਼ ਕਰ ਜਾਣਾ ਹੈ। ਸਾਡੀ ਸਿੱਖਿਆ ਪ੍ਰਣਾਲੀ ਇਸ ਸਮੇਂ ਵੀ ਸਮੇਂ ਦੇ ਹਾਣ ਦੀ ਨਹੀਂ ਹੈ। ਇਸ ਵਿਚ ਬਹੁਤ ਸਾਰੀਆਂ ਤਰੁੱਟੀਆਂ ਹਨ। ਭਵਿੱਖ ਵਿਚ ਸਿੱਖਿਆ ਜਗਤ ਵਿਚ ਵੱਡੀਆਂ ਤਬਦੀਲੀਆਂ ਵਾਪਰਨਗੀਆਂ। ਮਨੁੱਖ ਦੀ ਸਾਲਾਂ ਦੀ ਸਿੱਖਿਆ ਅਰਥਹੀਣ ਹੋ ਕੇ ਰਹਿ ਜਾਵੇਗੀ। ਮਨੁੱਖ ਦੇ ਸਿੱਖਣ, ਸਮਝਣ, ਫ਼ੈਸਲੇ ਲੈਣ ਅਤੇ ਵਿਹਾਰ ਕਰਨ ਦੇ ਢੰਗ ਨੂੰ ਨਵੀਂ ਤਕਨੀਕ ਬਿਲਕੁਲ ਹੀ ਬਦਲ ਦੇਵੇਗੀ।
ਅਜਿਹੀ ਸਥਿਤੀ ਹੋਵੇਗੀ ਜੋ ਕੁਝ ਅਸੀਂ ਪੰਜ ਸਾਲ ਲਾ ਕੇ ਸਿੱਖਦੇ ਹਾਂ, ਉਹ ਕੰਮ ਏ. ਆਈ ਮਸ਼ੀਨਾਂ ਮਿੰਟਾਂ ਸਕਿੰਟਾਂ ਵਿਚ ਕਰਨ ਦੇ ਸਮਰੱਥ ਹੋਣਗੀਆਂ।ਫਿਲਹਾਲ ਬੋਤਲ ’ਚੋਂ ਨਿਕਲੇ ‘ਏ. ਆਈ.’ ਦੇ ਜਿੰਨ ਨੂੰ ਹੁਣ ਮੁੜ ਬੋਤਲ ਵਿਚ ਪਾਇਆ ਜਾਣਾ ਅਸੰਭਵ ਹੈ ਪਰ ਅਜੇ ਸ਼ਾਇਦ ਵੇਲਾ ਹੈ ਕਿ ਇਸ ਦੀਆਂ ਹੱਦਾਂ ਨਿਰਧਾਰਤ ਕੀਤੀਆਂ ਜਾਣ। ਦੁਨੀਆ ਭਰ ਦੀਆਂ ਸਰਕਾਰਾਂ ਨੂੰ ਮਨੁੱਖੀ ਸੱਭਿਅਤਾ ਦੇ ਭਲੇ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਕਰਨਾ ਸਮੇਂ ਦੀ ਮੰਗ ਹੈ।
ਵਿਜੈ ਗਰਗ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ