Monday, April 29, 2024  

ਲੇਖ

ਬਜ਼ੁਰਗਾਂ ਨੂੰ ਸੰਭਾਲਣਾ ਮੁੱਢਲਾ ਫਰਜ਼

March 18, 2024

ਬਜ਼ੁਰਗ ਅਵਸਥਾ ਉਹ ਅਵਸਥਾ ਹੁੰਦੀ ਹੈ ਜਦੋਂ ਸਾਰੀ ਉਮਰ ਦੀਆਂ ਘਾਲਣਾਵਾਂ ਘਾਲ਼ ਕੇ ਮਨੁੱਖ ਆਪਣੇ ਨਾਲ ਜੁੜੇ ਲੋਕਾਂ ਨੂੰ ਤੇ ਆਪਣੇ ਆਲ਼ੇ ਦੁਆਲ਼ੇ ਦੀ ਦੁਨੀਆਂ ਨੂੰ ਬਹੁਤ ਕੁਝ ਦੇ ਕੇ ਬੇਬਸ, ਲਾਚਾਰ ਤੇ ਲੜਖੜਾਉਂਦੇ ਹੋਏ ਜਦੋਂ ਆਪਣੀ ਦੇਹੀ ਨੂੰ ਆਪਣੇ ਹੀ ਪੈਰਾਂ ਤੇ ਖੜ੍ਹਾਉਣ ਦੀ ਤਾਕਤ ਵੀ ਨਹੀਂ ਰਹਿੰਦੀ, ਮਨੁੱਖ ਇਸ ਅਵਸਥਾ ਵਿੱਚ ਪਹੁੰਚ ਕੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਹੁਤ ਕਮਜ਼ੋਰ ਹੋ ਚੁੱਕਿਆ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਆਪਣੇ ਹੱਥੀਂ ਲਾਏ ਬੂਟਿਆਂ ਦੀ ਛਾਂ ਮਾਣੀ ਜਾ ਸਕੇ। ਪਰ ਸਦੀ ਪਲਟਦੇ ਸਾਰ ਹੀ ਆਪਣਿਆਂ ਉੱਪਰ ਸਵਾਰਥਪੁਣਾ ਐਨਾ ਭਾਰੂ ਹੋ ਚੁੱਕਿਆ ਹੈ ਕਿ ਜਾਇਦਾਦ ਅਤੇ ਪੈਸੇ ਤੋਂ ਸਿਵਾਏ ਔਲਾਦ ਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਜਿਹੜੇ ਮਾਪਿਆਂ ਨੇ ਆਪਣੇ ਸਾਰੇ ਸ਼ੌਂਕ ਮਾਰ ਕੇ ਬੱਚਿਆਂ ਦੇ ਸ਼ੌਕ ਪੂਰੇ ਕੀਤੇ ਹੋਣ,ਆਪਣੇ ਬੱਚਿਆਂ ਦੀ ਪਰਵਰਿਸ਼ ਆਪਣੀ ਹੈਸੀਅਤ ਤੋਂ ਵਧ ਕੇ ਕੀਤੀ ਹੋਵੇ ਤੇ ਉਹਨਾਂ ਮਾਪਿਆਂ ਨੂੰ ਜਦ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਔਲਾਦ ਕੋਲੋਂ ਇਸ ਲਈ ਰਿਹਾਅ ਕਰਵਾਇਆ ਜਾਵੇ ਕਿ ਉਹ ਉਹਨਾਂ ਦੇ ਆਪਣੇ ਘਰ ਦੀ ਚਾਰਦੀਵਾਰੀ ਅੰਦਰ ਹੀ ਗੁਲਾਮਾਂ ਵਾਲ਼ੇ ਤਸੀਹੇ ਝੱਲ ਰਹੇ ਹੋਣ ਤੇ ਉਹ ਤਸੀਹੇ ਵੀ ਉਹਨਾਂ ਦੀ ਆਪਣੀ ਔਲਾਦ ਦੇ ਰਹੀ ਹੋਵੇ। ਸੜਕਾਂ ਤੇ ਰੁਲ ਰਹੇ ਮਾਪਿਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਆਸ਼ਰਮ ਦਾ ਸਹਾਰਾ ਦੇਣ ਕਿਉਂਕਿ ਉਹਨਾਂ ਦੀ ਔਲਾਦ ਨੇ ਬੁਢਾਪੇ ਕਾਰਨ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੋਵੇ । ਬਹੁਤੇ ਬਜ਼ੁਰਗਾਂ ਨੂੰ ਬੁਢਾਪੇ ਦੀਆਂ ਬੀਮਾਰੀਆਂ ਕਾਰਨ ਉਹਨਾਂ ਦੀ ਸਾਂਭ ਸੰਭਾਲ ਦੀ ਥਾਂ ਇੱਕ ਨੁੱਕਰੇ ਨਰਕ ਦੀ ਜ਼ਿੰਦਗੀ ਜਿਊਣ ਲਈ ਸੁੱਟ ਦਿੱਤਾ ਜਾਂਦਾ ਹੈ ਜਿੱਥੇ ਉਹਨਾਂ ਦੀ ਸਾਫ਼ ਸਫ਼ਾਈ ,ਖਾਣ ਪੀਣ ਤੇ ਮਨੋਭਾਵਾਂ ਦਾ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ।
ਬਜ਼ੁਰਗਾਂ ਦੀ ਸੰਭਾਲ ਕਰਨ ਦੀ ਗੱਲ ਜਿਹੜੇ ਦੇਸ਼ ਦੀ ਸੰਸਕ੍ਰਿਤੀ ਦਾ ਹਿੱਸਾ ਰਹੀ ਹੋਵੇ, ਜਿਸ ਦੇਸ਼ ਵਿੱਚ ਬਜ਼ੁਰਗਾਂ ਨੂੰ ਘਰ ਦਾ ਸਰਮਾਇਆ ਸਮਝਿਆ ਜਾਂਦਾ ਰਿਹਾ ਹੋਵੇ, ਬਜ਼ੁਰਗਾਂ ਨੂੰ ਘਰ ਦਾ ਜਿੰਦਰਾ ਆਖਿਆ ਜਾਂਦਾ ਰਿਹਾ ਹੋਵੇ ,ਉਸੇ ਦੇਸ਼ ਵਿੱਚ ਅੱਜ ਦੇ ਦੌਰ ਵਿੱਚ ਬਜ਼ੁਰਗਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾਣ ਲੱਗੇ ਤਾਂ ਉਸ ਦੇਸ਼ ਦੇ ਮੱਥੇ ਤੇ ਇਹ ਗੱਲ ਇੱਕ ਕਲੰਕ ਬਣ ਕੇ ਉੱਭਰ ਰਹੀ ਹੈ। ਬਹੁਤੇ ਬਜ਼ੁਰਗ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਲਈ ਵਿਦੇਸ਼ਾਂ ਵਿੱਚ ਭੇਜ ਰਹੇ ਹਨ,ਜਿਸ ਕਰਕੇ ਉਹ ਪਿੱਛੇ ਇਕੱਲੇ ਰਹਿ ਜਾਣ ਕਾਰਨ ਬੁਢਾਪੇ ਦੀ ਅਵਸਥਾ ਨੂੰ ਇਕਲਾਪੇ ਵਿੱਚ ਕੱਟਣ ਲਈ ਮਜ਼ਬੂਰ ਹੁੰਦੇ ਹਨ । ਇੱਕ ਵਾਰ ਇੱਕ ਬਹੁਤ ਵੱਡੇ ਰਿਟਾਇਰਡ ਅਫਸਰ ਦੇ ਬੱਚੇ ਵਿਦੇਸ਼ ਵਿੱਚ ਵਸਦੇ ਸਨ। ਉਹਨਾਂ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਆਪਣੇ ਪੈਰਾਲਾਈਜ਼ਡ ਪਿਤਾ ਦੀ ਸੰਭਾਲ ਲਈ ਇੱਕ ਪੱਕਾ ਨੌਕਰ ਰੱਖ ਕੇ ਜ਼ਿੰਮੇਵਾਰੀ ਨਿਭਾਈ। ਮਹੀਨੇ ਬਾਅਦ ਨੌਕਰ ਨੂੰ ਉਸ ਦੀ ਤਨਖਾਹ ਭੇਜ ਦਿੰਦੇ ਤੇ ਆਪਣੇ ਪਿਤਾ ਦਾ ਹਾਲ ਚਾਲ ਪੁੱਛ ਲੈਂਦੇ। ਜਦ ਨੌਕਰ ਖ਼ਰੀਦੋ ਫਰੋਖਤ ਕਰਨ ਜਾਂਦਾ ਤਾਂ ਬਜ਼ੁਰਗ ਨੂੰ ਬਾਹਰੋਂ ਜੰਦਰਾ ਲਾ ਜਾਂਦਾ। ਇੱਕ ਦਿਨ ਇਸ ਤਰ੍ਹਾਂ ਬਾਹਰ ਗਿਆ ਨੌਕਰ ਹਾਦਸੇ ਦਾ ਸ਼ਿਕਾਰ ਹੋ ਕੇ ਕੋਮਾ ਵਿੱਚ ਚਲਿਆ ਗਿਆ। ਉਸ ਬਜ਼ੁਰਗ ਦੇ ਪੁੱਤਰ ਕਦੇ ਕਦਾਈਂ ਫੋਨ ਕਰਦੇ ਤਾਂ ਉਸ ਦਾ ਫ਼ੋਨ ਬੰਦ ਆਉਣ ਲੱਗਾ। ਕੁਝ ਸਮਾਂ ਤਾਂ ਉਹਨਾਂ ਨੇ ਗੌਲਿਆ ਨਹੀਂ, ਪਰ ਤਿੰਨ ਕੁ ਮਹੀਨੇ ਬਾਅਦ ਜਦ ਪਤਾ ਕਰਨਾ ਚਾਹਿਆ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੇਖ ਕੇ ਆਉਣ ਨੂੰ ਕਿਹਾ ਤਾਂ ਬਜ਼ੁਰਗ ਨੂੰ ਜਿਸ ਤਰ੍ਹਾਂ ਪਏ ਨੂੰ ਨੌਕਰ ਛੱਡ ਕੇ ਗਿਆ ਸੀ ਉਸੇ ਤਰ੍ਹਾਂ ਉਸ ਦਾ ਕੰਗਾਲ ਮਿਲਿਆ। ਹੈ ਨਾ ਕਿੰਨੇ ਦੁੱਖ ਦੀ ਗੱਲ...? ਜਿਹੜੇ ਬਜ਼ੁਰਗ ਨੇ ਸਾਰੀ ਉਮਰ ਉੱਚ ਅਹੁਦੇ ਤੇ ਹਿੱਕ ਤਾਣ ਕੇ ਨੌਕਰੀ ਕੀਤੀ ਉਸ ਦਾ ਅੰਤ ਕਿਸ ਤਰ੍ਹਾਂ ਹੋਇਆ। ਇਹ ਕੋਈ ਇੱਕ ਬਜ਼ੁਰਗ ਦੀ ਕਹਾਣੀ ਨਹੀਂ ਹੈ,ਪਤਾ ਨਹੀਂ ਕਿੰਨੇ ਕੁ ਬਜ਼ੁਰਗ ਸਾਂਭ ਸੰਭਾਲ ਤੇ ਅਣਦੇਖੀ ਕਾਰਨ ਰੁਲ਼ ਰਹੇ ਹਨ।
ਇਸ ਤਰ੍ਹਾਂ ਬਜ਼ੁਰਗਾਂ ਪ੍ਰਤੀ ਬਦਲ ਰਹੇ ਸਮਾਜਿਕ ਵਰਤਾਰੇ ਦਾ ਕਾਰਨ ਪਦਾਰਥਵਾਦੀ ਸੋਚ, ਇਕਹਿਰੇ ਪਰਿਵਾਰ ਅਤੇ ਸਿੱਖਿਆ ਵਿੱਚ ਘਾਟ ਹੈ। ਅੱਜ ਰਿਸ਼ਤਿਆਂ ਤੋਂ ਪਹਿਲਾਂ ਪੈਸੇ ਅਤੇ ਜਾਇਦਾਦ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰਿਵਾਰਾਂ ਵਿੱਚ ਦੁੱਖ ਸੁੱਖ ਵੰਡਾਉਣ ਦੀ ਥਾਂ ਖੁਸ਼ੀਆਂ ਕਲੱਬਾਂ, ਥਿਏਟਰਾਂ ਵਿੱਚ ਭਾਲ਼ੀਆਂ ਜਾ ਰਹੀਆਂ ਹਨ। ਅੱਜ ਪਾਠਕ੍ਰਮ ਸਮਝਾਏ ਨਹੀਂ ਸਗੋਂ ਸਿਰਫ ਪੜ੍ਹਾ ਕੇ ਸਿਲੇਬਸ ਪੂਰੇ ਕੀਤੇ ਜਾ ਰਹੇ ਹਨ। ਅੱਜ ਘਰ ਪਰਿਵਾਰ ਦੇ ਮੈਂਬਰਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਸਗੋਂ ਬਾਹਰਲੀ ਦੁਨੀਆ ਨੂੰ ਦਿਮਾਗ ਵਿੱਚ ਰੱਖ ਕੇ ਮਨੁੱਖ ਆਪਣਾ ਜੀਵਨ ਨਿਰਬਾਹ ਕਰ ਰਿਹਾ ਹੈ। ਜੇ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਸਾਡੇ ਬਜ਼ੁਰਗਾਂ ਦੀ ਸਾਂਭ ਸੰਭਾਲ ਪਹਿਲਾਂ ਵਾਂਗ ਹੀ ਸੋਹਣੇ ਢੰਗ ਨਾਲ ਕੀਤੀ ਜਾਏ ਤਾਂ ਮੁੱਢਲੀ ਵਿੱਦਿਆ ਤੋਂ ਲੈਕੇ ਉੱਚ ਵਿੱਦਿਆ ਤੱਕ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਉਸੇ ਤਰ੍ਹਾਂ ਹੀ ਵੱਡਿਆਂ ਦੀ ਸਾਂਭ ਸੰਭਾਲ ਲਈ ਨੈਤਿਕ ਸਿੱਖਿਆ ਦਾ ਹਰ ਰੋਜ਼ ਦੀ ਸਮਾਂ ਸਾਰਨੀ ਵਿੱਚ ਕੁਝ ਸਮਾਂ ਨਿਸ਼ਚਿਤ ਕੀਤਾ ਜਾਏ ਤਾਂ ਜੋ ਰੋਜ਼ ਰੋਜ਼ ਵੱਡਿਆਂ ਦੀ ਸੰਭਾਲ ਦੀ ਭਾਵਨਾ ਨੂੰ ਬੱਚਿਆਂ ਦੇ ਦਿਮਾਗ ਵਿੱਚ ਪਰਪੱਕ ਕੀਤਾ ਜਾਏ।
ਬਰਜਿੰਦਰ ਕੌਰ ਬਿਸਰਾਓ
-ਮੋਬਾ: 9988901324

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ