Monday, April 29, 2024  

ਲੇਖ

ਪੁਆਧੀ ਜਾਂ ਦੁਆਬੀ?

March 18, 2024

ਚੜ੍ਹਦਾ ਪੰਜਾਬ ਜਾਣੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਆਉਣ ਵਾਲੇ ਪੰਜਾਬ ਦਾ ਓਹ ਹਿੱਸਾ ਜਿਹੜਾ ਨਵੰਬਰ 1966 ਤੋਂ ਬਾਅਦ ਪੰਜਾਬੀ ਸੂਬੇ ਦੇ ਨਾਂ ਹੇਠ ਨਵਾਂ ਪੰਜਾਬ ਅਖਵਾਇਆ । ਇਸ ਵਿਚੋਂ ਕੁੱਝ ਹਿੱਸਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਤਾਂ ਚਲੇ ਗਿਆ ਪਰ ਪੰਜਾਬ ਦੇ ਨਾਲ਼ ਲਗਦੇ ਇਲਾਕਿਆਂ ਦੀ ਬੋਲੀ ਤਾਂ ਪੰਜਾਬੀ ਜਾਂ ਪੰਜਾਬੀ ਭਾਸ਼ਾ ਦੀ ਉਪ ਭਾਸ਼ਾ ਹੀ ਹੈ । ਲਹਿੰਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀਆਂ ਕੇਂਦਰੀ ਜਾਂ ਟਕਸਾਲੀ ਪੰਜਾਬੀ ਤੋਂ ਇਲਾਵਾ ਲਹਿੰਦੀ, ਮੁਲਤਾਨੀ, ਝਾਂਗੀ ਅਤੇ ਪੋਠੋਹਾਰੀ ਉਪਭਾਸ਼ਵਾਂ ਬੋਲੀਆਂ ਜਾਂਦੀਆਂ ਹਨ ਸਾਰੀਆਂ ਬੋਲੀਆਂ ਆਪਣੇ ਆਪਣੇ ਇਲਾਕੇ ਦੇ ਸੱਭਿਆਚਾਰ ਦਾ ਦਰਪਣ ਵੀ ਹੁੰਦੀਆਂ ਹਨ।
ਸੂਝਵਾਨ ਲੋਕ ਬੋਲੀ ਜਾਂ ਬੋਲੀ ਦੇ ਲਹਿਜੇ ਤੋਂ ਬੋਲਣ ਵਾਲੇ ਬਾਰੇ ਅੰਦਾਜ਼ਾ ਸਹਿਜੇ ਲਗਾ ਲੈਂਦੇ ਹਨ ਚਲੋ ਹੁਣ ਚੜ੍ਹਦੇ ਪੰਜਾਬ ਦੀਆਂ ਉਪ ਬੋਲੀਆਂ ਜਾਂ ਉਪਭਾਸ਼ਾਵਾਂ ਬਾਰੇ ਕੁੱਝ ਜਾਣੀਏ ਚੜ੍ਹਦੇ ਪੰਜਾਬ ਦੀਆਂ ਕੇਂਦਰੀ ਜਾਂ ਟਕਸਾਲੀ ਉਪਭਾਸ਼ਾ ਤੋਂ ਇਲਾਵਾ ਮਲਵਈ, ਪੁਆਧੀ, ਦੁਆਬੀ, ਕਾਂਗੜੀ ਅਤੇ ਡੋਗਰੀ ਬੋਲੀਆਂ ਬੋਲੀਆਂ ਜਾਂਦੀਆਂ ਹਨ ਜਾਣੀ ਕਿ ਮਾਲਵੇ ਵਿੱਚ ਮਲਵਈ, ਦੁਆਬੇ ਵਿੱਚ ਦੁਆਬੀ, ਪਠਾਨਕੋਟ ਤੋਂ ਅੱਗੇ ਜੰਮੂ ਤੱਕ ਡੋਗਰੀ, ਕਾਂਗੜੇ ਦੇ ਇਰਦ ਗਿਰਦ ਕਾਂਗੜੀ ਮਾਲਵੇ ਦੇ ਇਲਾਕੇ ਵਿੱਚ ਮਲਵਈ ਅਤੇ ਪੁਆਧ ਦੇ ਇਲਾਕੇ ਵਿੱਚ ਪੁਆਧੀਂ ਉਪ ਬੋਲੀ ਆਮ ਤੌਰ ਤੇ ਲੋਕ ਬੋਲਦੇ ਹਨ ਪੂਆਧ ਦਾ ਇਲਾਕਾ ਪੁਰਾਣੀ ਪਟਿਆਲਾ ਤੇ ਨਾਲਾਗੜ੍ਹ ਰਿਆਸਤ ਦਾ ਇਲਾਕਾ ਹੈ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਨਹੀਂ ਸੀ ।
ਇਹ 1850 ਤੋਂ ਪਹਿਲਾਂ ਹੀ ਅੰਗਰੇਜ਼ੀ ਰਾਜ ਦੇ ਨਾਲ਼ ਮਿਲ ਗਿਲ ਕੇ ਹੀ ਰਹਿੰਦਾ ਸੀ ਭਾਵੇਂ ਇਸ ਇਲਾਕੇ ਵਿੱਚ ਅੰਗਰੇਜ਼ਾਂ ਦਾ ਸਿੱਧਾ ਦਖਲ ਨਹੀਂ ਸੀ ਅੱਜ ਦੇ ਰੋਪੜ ਜ਼ਿਲੇ ਦੀ ਤਹਿਸੀਲ ਚਮਕੌਰ ਸਾਹਿਬ ਤੇ ਰੋਪੜ ਤਹਿਸੀਲ ਉਹ ਪੁਆਧ ਦਾ ਹਿੱਸਾ ਸਨ । 1966 ਤੋਂ ਪਹਿਲਾਂ ਦਾ ਪੂਰਾ ਅੰਬਾਲਾ ਜ਼ਿਲਾ ਪੁਆਧ ਅਖਵਾਉਂਦਾ ਸੀ । ਪਰ ਜਿਹੜਾ ਇਲਾਕਾ ਹੁਸ਼ਿਆਰਪੁਰ ਜ਼ਿਲੇ ਨਾਲੋਂ ਵੱਖ ਕਰਕੇ ਰੋਪੜ ਜ਼ਿਲ੍ਹੇ ਵਿੱਚ ਸ਼ਾਮਲ ਕੀਤਾ ਸੀ ਜਿਸ ਵਿੱਚ ਨੂਰਪੁਰ ਬੇਦੀ ਸਬ ਤਹਿਸੀਲ ਨੰਗਲ ਤੇ ਅਨੰਦਪੁਰ ਸਾਹਿਬ ਦੇ ਇਲਾਕੇ ਆਉਂਦੇ ਹਨ ਖਾਸ ਕਰਕੇ ਨੂਰਪੁਰ ਬੇਦੀ ਸਬ ਤਹਿਸੀਲ ਉਹ ਦੁਆਬੇ ਖੇਤਰ ਦੀ ਭੁਗੋਲ ਵਿਗਿਆਨੀਆਂ ਵਲੋਂ ਨਿਰਧਾਰਤ ਕੀਤੀ ਪਰਿਭਾਸ਼ਾ ਅਨੁਸਾਰ ਵੀ ਦੁਆਬਾ ਖੇਤਰ ਵਿੱਚ ਹੀ ਆਉਂਦੇ ਹਨ ।
ਕਿਉਂਕਿ ਇਸ ਖੇਤਰ ਦੇ ਚੜ੍ਹਦੇ ਤੇ ਦੱਖਣ ਵਾਲ਼ੇ ਪਾਸੇ ਸਤਲੁਜ ਦਰਿਆ ਵਗਦਾ ਹੈ ਤੇ ਇਹ ਇਲਾਕਾ ਮਹਾ ਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਰਿਹਾ ਹੈ ਪੁਆਧ ਨਾਲ਼ ਇਸ ਇਲਾਕੇ ਨਾਂ ਤਾਂ ਕਦੇ ਸੱਭਿਆਚਾਰਕ ਸਾਂਝ ਰਹੀ ਹੈ ਤੇ ਨਾਂ ਰਾਜਨੀਤਕ ਜਦੋਂ ਤਕ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਨਹੀਂ ਬਣਿਆ ਸੀ ਉਸ ਸਮੇਂ ਤਕ ਨੂਰਪੁਰ ਬੇਦੀ ਸਬ ਤਹਿਸੀਲ ਦਾ ਇਲਾਕਾ ਹੁਸ਼ਿਆਰ ਪੁਰ ਲੋਕ ਸਭਾ ਦਾ ਹਿੱਸਾ ਸੀ। ਇਸ ਖੇਤਰ ਦਾ ਸੱਭਿਆ ਚਾਰ ਤੇ ਰਿਸ਼ਤੇਦਾਰੀਆਂ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਹਨ। ਪੰਜਾਬ ਦੇ ਮਸ਼ਹੂਰ ਖੇਤਰ, ਜਿਸ ਨੂੰ ਬੀਤ ਕਿਹਾ ਜਾਂਦਾ ਹੈ, ਦੀਆਂ ਸਾਂਝਾ ਤੇ ਰਿਸ਼ਤੇ ਨਾਤੇ ਨੂਰਪੁਰ ਬੇਦੀ ਖੇਤਰ ਵਿੱਚ ਹੀ ਹਨ।
ਬੀਤ ਦਾ ਖੇਤਰ ਜਿਸਦਾ ਜ਼ਿਲਾ ਅੱਜ ਵੀ ਹੁਸ਼ਿਆਰਪੁਰ ਹੀ ਹੈ, ਸਾਰੇ ਦਾ ਸਾਰਾ ਨੂਰਪੁਰ ਬੇਦੀ ਸਬ ਤਹਿਸੀਲ ਨਾਲ਼ ਲਗਦਾ ਹੈ । ਨਵਾਂ ਸ਼ਹਿਰ ਜ਼ਿਲੇ ਦੀ ਤਹਿਸੀਲ ਬਲਾਚੌਰ ਦੇ ਕੰਢੀ ਖੇਤਰ ਦੀਆਂ 80 ਪ੍ਰਤੀਸ਼ਤ ਰਿਸ਼ਤੇ ਦਾਰੀਆਂ ਨੂਰਪੁਰ ਬੇਦੀ ਦੇ ਕੰਢੀ ਖੇਤਰ ਦੇ ਪਿੰਡਾਂ ਵਿੱਚ ਹੀ ਹਨ ਉਪਰੋਕਤ ਵੇਰਵਿਆਂ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੁੰਦੀ ਹੈ ਕਿ ਨੂਰਪੁਰ ਬੇਦੀ ਇਲਾਕੇ ਨੂੰ ਧੱਕੇ ਨਾਲ ਪੁਆਧ ਦੇ ਨਾਲ਼ ਨਾ ਜੋੜਿਆ ਜਾਵੇ ਜਦ ਕਦੇ ਬੋਲੀ ਦਾ ਜ਼ਿਕਰ ਹੋਵੇ ਤਾਂ ਨੂਰ ਪੁਰ ਬੇਦੀ ਇਲਾਕੇ ਦੀ ਬੋਲੀ ਨੂੰ ਦੁਆਬੀ ਉਪ ਬੋਲੀ ਦਾ ਹਿੱਸਾ ਮੰਨਿਆ ਜਾਵੇ।
ਇਹ ਗੱਲ ਠੀਕ ਹੈ ਕਿ ਰੋਪੜ ਤਹਿਸੀਲ ਦੀ ਬੋਲੀ ਭਾਵੇਂ ਪੁਆਧੀ ਹੈ ਪਰ ਨੂਰਪੁਰ ਬੇਦੀ ਸਬ ਤਹਿਸੀਲ ਨੂੰ ਲੰਬੇ ਸਮੇਂ ਤੱਕ ਹਰ ਲਿਹਾਜ ਨਾਲ ਦੁਆਬਾ ਖੇਤਰ ਨਾਲ਼ ਸਬੰਧਤ ਰਹਿਣ ਕਰਕੇ ਇਸ ਦੀ ਬੋਲੀ ਬਿਲਕੁਲ ਵੀ ਪੁਆਧੀ ਬੋਲੀ ਨਹੀਂ ਬਲਕਿ ਦੁਆਬੀ ਹੀ ਹੈ।
ਗੁਰਨਾਇਬ ਸਿੰਘ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ