Monday, April 29, 2024  

ਲੇਖ

ਆਹ! ਕਾਮਰੇਡ ਦਿਆਲ ਸਿੰਘ ਢੰਡਾ ‘ਐੱਮ.ਏ.’

March 19, 2024

ਕਾਮਰੇਡ ਦਿਆਲ ਸਿੰਘ ਢੰਡਾ ਜਿਨ੍ਹਾਂ ਦਾ 8 ਮਾਰਚ 2024 ਵਾਲੇ ਦਿਨ ਲੱਗਭੱਗ 74 ਸਾਲ ਦੀ ਉਮਰ ਵਿੱਚ ਬਹੁਤ ਹੀ ਦੁੱਖਦਾਈ ਦਿਹਾਂਤ ਹੋ ਗਿਆ, ਇੱਕ ਬਹੁਤ ਵਧੀਆ ਅਤੇ ਆਦਰਸ਼ਕ ਕਮਿਊਨਿਸਟ ਅਤੇ ਬਹੁਤ ਹੀ ਨੇਕ ਦਿਲ ਇਨਸਾਨ ਸਨ। ਉਹ ਜ਼ਿਲ੍ਹਾ ਜਲੰਧਰ ਖ਼ਾਸ ਕਰਕੇ ਆਪਣੇ ਇਲਾਕੇ ਦੇ ਮਿਹਨਤਕਸ਼ ਲੋਕਾਂ ਅਤੇ ਆਮ ਜਨਤਾ ਦੇ ਹਰਮਨ ਪਿਆਰੇ ਆਗੂ ਸਨ। ਦੋ ਢਾਈ ਮਹੀਨੇ ਪਹਿਲਾਂ ਡਿੱਗਣ ਕਾਰਨ ਉਨ੍ਹਾਂ ਦੇ ਸਿਰ ਵਿੱਚ ਬਹੁਤ ਕਸੂਤੀ ਸੱਟ ਲੱਗ ਗਈ ਸੀ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਜਲੰਧਰ, ਲੁਧਿਆਣੇ ਦੇ ਵੱਡੇ ਹਸਪਤਾਲਾਂ ਵਿੱਚ ਇਲਾਜ ਕਰਵਾਇਆ। ਲੱਖਾਂ ਰੁਪਏ ਖਰਚੇ ਗਏ। ਇਲਾਜ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ। ਪਰ ਅਫਸੋਸ! ਕਿ ਕਾਮਰੇਡ ਢੰਡਾ ਨੂੰ ਬਚਾਇਆ ਨਹੀਂ ਜਾ ਸਕਿਆ। ਹੋਰ ਵੀ ਵੱਧ ਦੁੱਖਦਾਈ ਗੱਲ ਇਹ ਸੀ ਕਿ ਉਨ੍ਹਾਂ ਨੂੰ ਇਸ ਸਾਰੇ ਸਮੇਂ ਦੌਰਾਨ ਸਰੀਰਕ ਤੌਰ ’ਤੇ ਬਹੁਤ ਹੀ ਤਕਲੀਫ ਅਤੇ ਦੁੱਖ ਸਹਿਣਾ ਪਿਆ।
ਕਾਮਰੇਡ ਦਿਆਲ ਸਿੰਘ ਢੰਡਾ ਦਾ ਜਨਮ ਸਾਲ 1949 ਵਿੱਚ ਪਿੰਡ ਢੰਡਾ (ਨਜ਼ਦੀਕ ਗੋਰਾਯਾ) ਵਿੱਚ ਸ. ਭੁੱਲਾ ਸਿੰਘ ਦੇ ਘਰ ਮਾਤਾ ਬੀਬੀ ਰਤਨ ਕੌਰ ਦੀ ਕੁੱਖੋਂ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਆਪਣੇ ਪਿੰਡ ਅਤੇ ਇਲਾਕੇ ਦੇ ਸਕੂਲਾਂ-ਕਾਲਜਾਂ ਵਿੱਚ ਪੜ੍ਹ ਕੇ ਐਮ.ਏ. ਤੱਕ ਵਿੱਦਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਜੇ.ਐਸ.ਐਫ.ਐਚ ਖ਼ਾਲਸਾ ਹਾਇਅਰ ਸੈਕੰਡਰੀ ਸਕੂਲ ਅੱਟਾ ਤੋਂ ਹਾਇਅਰ ਸੈਕੰਡਰੀ, ਗਰੈਜੂਏਸ਼ਨ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਅਤੇ ਐਮ.ਏ. ਇਕਨੌਮਿਕਸ ਦੋਆਬਾ ਕਾਲਜ ਜਲੰਧਰ ਤੋਂ ਪਾਸ ਕੀਤੀ। ਪਿੰਡ ਅਤੇ ਇਲਾਕੇ ਵਿੱਚ ਉਨ੍ਹਾਂ ਨੂੰ ਦਿਆਲ ‘ਐਮ.ਏ.’ ਦੇ ਤੌਰ ’ਤੇ ਬੁਲਾਇਆ, ਸੱਦਿਆ, ਜਾਣਿਆ ਜਾਂਦਾ ਸੀ। ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦੇ ਇਸ ਇਲਾਕੇ ਵਿੱਚ ਕਮਿਊਨਿਸਟ ਲਹਿਰ ਸ਼ੁਰੂ ਤੋਂ ਤਕੜੀ ਹੋਣ ਕਾਰਨ ਕਾਫੀ ਨੌਜੁਆਨ ਵੈਸੇ ਹੀ ਕਮਿਊਨਿਸਟਾਂ ਦੇ ਪ੍ਰਸ਼ੰਸਕ ਬਣ ਜਾਂਦੇ ਸਨ। ਕਾਮਰੇਡ ਦਿਆਲ ਸਿੰਘ ਵੀ ਕਮਿਊਨਿਸਟ ਲਹਿਰ ਤੋਂ ਪ੍ਰਭਾਵਤ ਸੀ । ਪਰ ਜਥੇਬੰਦਕ ਤੌਰ ’ਤੇ ਉਹ ਸੀ.ਪੀ.ਆਈ.(ਐਮ) ਨਾਲ ਸੰਨ 1968-69 ਵਿੱਚ ਉਸ ਸਮੇਂ ਜੁੜੇ ਜਦੋਂ ਅਸੀਂ ਜ਼ਿਲ੍ਹੇ ਵਿੱਚ ਅਤੇ ਪਿੰਡਾਂ ਵਿੱਚ ਨੌਜੁਆਨ ਸਭਾਵਾਂ ਦੇ ਯੂਨਿਟ ਗਠਨ ਕਰਨ ਦੀ ਮੁਹਿੰਮ ਸ਼ੁਰੂ ਕੀਤੀੇ । ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਪਿੰਡ ਢੰਡਾ ਵਿੱਚ ਨੌਜੁਆਨ ਸਭਾ ਦੀ ਮੀਟਿੰਗ ਕਰਕੇ ਚੋਣ ਕੀਤੀ। ਬੜੀ ਵਿਸ਼ਾਲ ਮੀਟਿੰਗ ਹੋਈ। ਕਾਮਰੇਡ ਦਿਆਲ ਸਿੰਘ ਨੂੰ ਪਿੰਡ ਦੀ ਨੌਜੁਆਨ ਸਭਾ ਦਾ ਪ੍ਰਧਾਨ ਅਤੇ ਅਜਮੇਰ ਸਿੰਘ ਨੂੰ ਸਕੱਤਰ ਚੁਣਿਆ ਗਿਆ। ਕੁੱਝ ਦਿਨਾਂ ਬਾਅਦ ਹੀ ਪਿੰਡ ਵਿੱਚ ਸੀ.ਪੀ.ਆਈ.(ਐਮ) ਦਾ ਯੂਨਿਟ ਸਥਾਪਤ ਕਰ ਦਿੱਤਾ ਗਿਆ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆ ਗਿਆ। ਪੂਰੇ 55 ਸਾਲ ਬੀਤ ਚੁੱਕੇ ਹਨ ਪਰ ਕਾਮਰੇਡ ਦਿਆਲ ਸਿੰਘ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਚੱਲ ਸੋ ਚੱਲ, ਚੱਲ ਸੋ ਚੱਲ, ਸਾਰੀ ਉਮਰ ਚੱਲ ਸੋ ਚੱਲ। ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਪੜ੍ਹਦੇ ਸਮੇਂ ਕਾਮਰੇਡ ਦਿਆਲ ਸਿੰਘ ਵਿਦਿਆਰਥੀ ਲਹਿਰ ਵਿੱਚ ਸਰਗਰਮ ਰਹੇ ਸਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਇਲਾਕੇ ਦੀ ਨੌਜੁਆਨ ਲਹਿਰ ਵਿੱਚ ਵੀ ਸਰਗਰਮ ਰਹੇ।
ਬਾਅਦ ਵਿੱਚ ਕਾਮਰੇਡ ਢੰਡਾ ਪੰਜਾਬ ਕਿਸਾਨ ਸਭਾ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ। ਉਹ ਕਈ ਵਾਰ ਪੰਜਾਬ ਕਿਸਾਨ ਸਭਾ ਦੇ ਤਹਿਸੀਲ ਫਿਲੌਰ ਦੇ ਪ੍ਰਧਾਨ, ਜ਼ਿਲ੍ਹਾ ਜਲੰਧਰ-ਕਪੂਰਥਲਾ ਦੇ ਪ੍ਰਧਾਨ ਅਤੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਰਹੇ। ਉਨ੍ਹਾਂ ਨੇ ਲਗਾਤਾਰ ਪੰਜਾਬ ਕਿਸਾਨ ਸਭਾ ਦੇ ਸੂਬਾਈ ਅਜਲਾਸਾਂ ਵਿੱਚ ਡੈਲੀਗੇਟ ਦੇ ਤੌਰ ’ਤੇ ਹਿੱਸਾ ਲਿਆ। ਉਹ ਸੀ.ਪੀ.ਆਈ.(ਐਮ) ਦੇ ਲਗਾਤਾਰ ਤਹਿਸੀਲ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਜਾਂਦੇ ਰਹੇ। ਉਹ ਆਪਣੇ ਜੀਵਨ ਦੇ ਆਖਰੀ ਦਿਨ ਤੱਕ ਇਹ ਜ਼ਿੰਮੇਵਾਰੀਆਂ ਨਿਭਾਅ ਰਹੇ ਸਨ। ਪਾਰਟੀ ਦੀਆਂ ਪਿਛਲੇ 25 ਕੁ ਸਾਲ ਤੋਂ ਹੋ ਰਹੀਆਂ ਲੱਗਭੱਗ ਸਾਰੀਆਂ ਸੂਬਾਈ ਕਾਨਫਰੰਸਾਂ ਵਿੱਚ ਵੀ ਉਹ ਲਗਾਤਾਰ ਡੈਲੀਗੇਟ ਦੇ ਤੌਰ ’ਤੇ ਚੁਣੇ ਜਾਂਦੇ ਅਤੇ ਹਿੱਸਾ ਲੈਂਦੇ ਆ ਰਹੇ ਸਨ। ਇਸ ਪ੍ਰਕਾਰ ਉਹ ਪੰਜਾਬ ਕਿਸਾਨ ਸਭਾ ਅਤੇ ਸੀ.ਪੀ.ਆਈ.(ਐਮ) ਦੇ ਸਥਾਪਤ ਅਤੇ ਹਰਮਨ ਪਿਆਰੇ ਆਗੂ ਸਨ।
ਪਾਰਟੀ ਅਤੇ ਜਨਤਕ ਜਥੇਬੰਦੀਆਂ ਤੋਂ ਇਲਾਵਾ ਕਾਮਰੇਡ ਦਿਆਲ ਸਿੰਘ ਢੰਡਾ ਇੱਕ ਉੱਚੇ ਕੱਦ ਵਾਲੇ ਲੋਕ ਆਗੂ ਵੀ ਸਨ। ਉਹ ਲੱਗਭੱਗ 15 ਸਾਲ ਲਗਾਤਾਰ ਆਪਣੇ ਪਿੰਡ ਦੇ ਪੰਚ ਅਤੇ ਸਰਪੰਚ ਚੁਣੇ ਜਾਂਦੇ ਰਹੇ। ਉਨ੍ਹਾਂ ਦੀ ਜੀਵਨ ਸਾਥਣ ਬੀਬੀ ਹਰਕਮਲਜੀਤ ਕੌਰ ਵੀ ਪੰਚ-ਸਰਪੰਚ ਚੁਣੇ ਜਾਂਦੇ ਰਹੇ। ਉਹ ਆਪਣੇ ਪਿੰਡ ਨਾਲ ਸਬੰਧਤ ਕੋਆਪਰੇਟਿਵ ਸੋਸਾਇਟੀ ਜੱਜਾ ਕਲਾਂ ਦੇ ਵੀ ਕਈ ਸਾਲ ਪ੍ਰਧਾਨ ਚੁਣੇ ਜਾਂਦੇ ਰਹੇ। ਇਸ ਤੋਂ ਇਲਾਵਾ ਫਗਵਾੜਾ ਸ਼ੂਗਰ ਮਿਲ ਕੋਆਪਰੇਟਿਵ ਸੋਸਾਇਟੀ ਦੇ ਵੀ ਉਹ ਕਈ ਵਾਰ ਡਾਇਰੈਕਟਰ ਚੁਣੇ ਜਾਂਦੇ ਰਹੇ। ਫਗਵਾੜਾ ਸ਼ੂਗਰ ਮਿੱਲ ਦੀ ਇਸ ਸੋਸਾਇਟੀ ਦਾ ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਦੇ ਸੰਘਰਸ਼ਾਂ ਵਿੱਚ ਇਤਿਹਾਸਕ ਰੋਲ ਰਿਹਾ ਹੈ। ਇਸ ਪ੍ਰਕਾਰ ਉਹ ਕਿਸਾਨ ਸਭਾ ਜਾਂ ਹੋਰ ਜਨਤਕ ਜਥੇਬੰਦੀਆਂ ਦੇ ਹੀ ਆਗੂ ਨਹੀਂ ਸਨ ਬਲਕਿ ਸਹੀ ਅਰਥਾਂ ਵਿੱਚ ਇੱਕ ਲੋਕ ਆਗੂ ਸਨ। ਉਹ ਲੋਕਾਂ ਦੀ ਸੇਵਾ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਜਨਤਕ ਸੰਘਰਸ਼ਾਂ ਵਿੱਚ ਹਮੇਸ਼ਾਂ ਮੂਹਰਲੀਆਂ ਕਤਾਰਾਂ ਵਿੱਚ ਰਹਿਕੇ ਅਗਵਾਈ ਕਰਦੇ ਸਨ। ਪਾਰਟੀ ਦੇ ਅੰਦਰ ਵੀ ਉਹ ਹਮੇਸ਼ਾਂ ਪਾਰਟੀ ਅੰਦਰ ਧੜੇਬੰਦੀ ਕਰਨ ਵਾਲੇ, ਪਾਰਟੀ ਨੂੰ ਤੋੜਨ ਵਾਲੇ ਅਤੇ ਹੋਰ ਹਰ ਕਿਸਮ ਦੀਆਂ ਨੁਕਸਾਨਦੇਹ ਕਾਰਵਾਈਆਂ ਕਰਨ ਵਾਲੇ ਅਨਸਰਾਂ ਵਿਰੁੱਧ ਬੇਕਿਰਕ ਸੰਘਰਸ਼ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਦਾ ਵਿਆਹ ਬਾਬਾ ਬੂਝਾ ਸਿੰਘ ਦੇ ਪਿੰਡ ਚੱਕ ਮਾਈਦਾਸ ਵਿੱਚ ਬੀਬੀ ਹਰਕਮਲਜੀਤ ਕੌਰ ਨਾਲ ਹੋਇਆ ਸੀ ਜਿਨ੍ਹਾਂ ਨੇ ਸਾਰੀ ਉਮਰ ਉਨ੍ਹਾਂ ਦਾ ਦੁੱਖ-ਸੁੱਖ, ਪਰਿਵਾਰਕ ਸਮੱਸਿਆਵਾਂ ਅਤੇ ਪਾਰਟੀ ਸਰਗਰਮੀਆਂ ਵਿੱਚ ਮੁਕੰਮਲ ਸਾਥ ਅਤੇ ਸਹਿਯੋਗ ਦਿੱਤਾ। ਉਨ੍ਹਾਂ ਦਾ ਇਕਲੌਤਾ ਬੇਟਾ ਕਾਕਾ ਹਰਗਗਨਦੀਪ ਸਿੰਘ ਵੀ ਉਨ੍ਹਾਂ ਵਾਂਗ ਹੀ ਲੋਕ ਸੇਵਾ ਨੂੰ ਸਮਰਪਿਤ ਰਹਿੰਦਾ ਹੈ।
ਕਾਮਰੇਡ ਢੰਡਾ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਜਿਥੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਕਿਸਾਨ, ਕਮਿਊਨਿਸਟ ਅਤੇ ਜਨਤਕ ਲਹਿਰ ਨੂੰ ਵੀ ਛੇਤੀ ਕੀਤੇ ਪੂਰਾ ਨਾ ਕੀਤਾ ਜਾ ਸਕਣ ਵਾਲਾ ਘਾਟਾ ਪਿਆ ਹੈ। ਅੱਜ ਉਨ੍ਹਾਂ ਦਾ ਉਨ੍ਹਾਂ ਦੇ ਜੱਦੀ ਪਿੰਡ ਢੰਡਾ (ਨਜ਼ਦੀਕ ਗੋਰਾਯਾ) ਵਿਖੇ ਸ਼ਰਧਾਂਜਲੀ ਸਮਾਗਮ ਅਤੇ ਹੋਰ ਰਸਮਾਂ ਹੋ ਰਹੀਆਂ ਹਨ।
ਲਹਿੰਬਰ ਸਿੰਘ ਤੱਗੜ
ਮੋਬਾ : 94635-42023

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ