Sunday, April 28, 2024  

ਲੇਖ

ਗੱਡੀਆਂ ਦਾ ਡਾਕਟਰ!

March 20, 2024

ਕਾਰ ਦੀ ਸਰਵਿਸ ਕਰਵਾਉਣੀ ਸੀ ਤਾਂ ਸਾਡੇ ਸਰਬ ਸਾਂਝੇ ਕਾਰ ਇੰਜੀਨੀਅਰ ਬਾਈ ਨੂੰ ਫੋਨ ਕਰ ਰਿਹਾ ਸੀ । ਪਰ ਬਾਈ ਅਮਰੀਕ ਸਿੰਘ ਜਿਸ ਨੂੰ ਪਿਆਰ ਨਾਲ ਸਾਰੇ “ਨੀਟੂ ਬਾਈ” ਵੀ ਬੁਲਾਉਂਦੇ ਹਨ ਦਾ ਕੰਮਕਾਰ ਤੇ ਲੋਕਾਂ ਨਾਲ ਵਰਤ ਵਰਤਾਅ ਏਨਾ ਚੰਗਾ ਏ ਕਿ ਹਰ ਵੇਲੇ ਰੌਣਕ ਮੇਲਾ ਲੱਗਾ ਰਹਿੰਦਾ ਹੈ ਤੇ ਓਹ ਅਕਸਰ ਆਪਣੇ ਵਿਅਸਤ ਸਮੇਂ ਵਿੱਚ ਫੋਨ ਚੁੱਕਣ ਤੋਂ ਵਾਂਝਾ ਰਹਿ ਜਾਂਦੇ ਹਨ । ਸੋ ਪਹਿਲੀ ਵਾਰ ਫੋਨ ਨਾ ਚੁੱਕਣ ਤੋਂ ਬਾਅਦ ਦੂਸਰੀ ਵਾਰ ਦੀ ਲੰਮੀ ਰਿੰਗ ਤੋਂ ਬਾਅਦ ਬਾਈ ਨੇ ਫੋਨ ਚੁੱਕਿਆ ਤਾਂ ਹੱਸਦੇ ਲਹਿਜੇ ਨਾਲ ਬਾਈ ਬੋਲਿਆ “ ਹਾਂਜੀ ਡਾਕਟਰ ਸਾਬ” (ਸਿਹਤ ਵਿਭਾਗ ਵਿੱਚ ਕੰਮ ਕਰਦੇ ਹੋਣ ਕਾਰਨ ਅਕਸਰ ਸਾਨੂੰ “ਡਾਕਟਰ” ਸ਼ਬਦ ਨਾਲ ਸੁਭਾਗੇ ਬੁਲਾ ਲੈਂਦੇ ਹਨ) ਤਾਂ ਮੈਂ ਵੀ ਹੱਸਦਿਆਂ ਜਵਾਬ ਦਿੱਤਾ ਕਿ “ਬਾਈ ਜੀ, ਅਸਲੀ ਡਾਕਟਰ ਤਾਂ ਤੁਸੀਂ ਓ , ਓਹ ਵੀ “ਡਾਕਟਰ ਗੱਡੀਆਂ ਦੇ” ।
ਖ਼ੈਰ ਬਾਈ ਨੇ ਝੱਟ ਵਰਕਸ਼ਾਪ ਆਜੋ ਦਾ ਸਮਾਂ ਦੇ ਦਿੱਤਾ। ਮੈਂ ਵੀ ਦਫ਼ਤਰੋਂ ਫਰਲੋ ਦਾ ਝੂਟਾ ਲੈ ਦਸਾਂ ਮਿੰਟਾਂ ਵਿੱਚ ਵਰਕਸ਼ਾਪ ਹਾਜ਼ਰੀ ਲਵਾ ਦਿੱਤੀ । ਬਾਈ ਆਪਣੇ ਚੇਲਿਆਂ ਦੀ ਫੌਜ ਨਾਲ ਮੇਰੀ ਗੱਡੀ ਦੀ ਸਰਵਿਸ ਕਰਨ ਲਈ ਕਾਰ ਦੇ ਆਲੇ ਦੁਆਲੇ ਹੋ ਗਿਆ ਤੇ ਮੈਂ ਵਰਕਸ਼ਾਪ ਦੇ ਕੈਬਿਨ ਵਿੱਚ ਬੈਠਾ “ ਡਾਕਟਰ ਗੱਡੀਆਂ ਦਾ” ਸਿਰਲੇਖ ਅਧੀਨ ਆਪਣੇ ਫੋਨ ਦੀ ਨੋਟਬੁੱਕ ਵਿੱਚ ਲੇਖ ਲਿਖਣਾ ਸ਼ੁਰੂ ਕਰ ਦਿੱਤਾ।
ਓਧਰ “ਡਾਕਟਰ ਗੱਡੀਆਂ ਦੇ” ਨੇ ਮੇਰੀ ਕਾਰ ਨੂੰ ਆਪਣੀ ਓ.ਪੀ.ਡੀ. ਵਿੱਚ ਮੁੱਢਲੀ ਇਨਵੈਸਟੀਗੇਸ਼ਨ ਤੋਂ ਬਾਅਦ ਵਰਕਸ਼ਾਪ ਦੇ ਆਪਰੇਸ਼ਨ ਥੀਏਟਰ ਵਿੱਚ ਲਿਫ਼ਟ ’ਤੇ ਚੁੱਕ ਲਿਆ ਸੀ। ਮੈਂ ਗੱਡੀ ਦੇ ਨਾਲ ਨਾਲ ਡਾਕਟਰ ਸਾਹਬ ਦੀ ਫੌਜ ਵੱਲ ਵੇਖ ਰਿਹਾ ਸੀ । ਮੈਂਨੂੰ ਦੂਰੋਂ ਕੰਮ ਕਰਨ ਵਾਲੇ ਮੁੰਡੇ ਮਕੈਨਿਕ ਘੱਟ ਨਰਸਾਂ ਵੱਧ ਲੱਗ ਰਹੇ ਸੀ, ਬਾਈ ਨੀਟੂ “ਡਾਕਟਰ” ਤੇ ਸਾਰੀ ਵਰਕਸ਼ਾਪ ਘੱਟ ਸਗੋਂ ਇਕ ਪੂਰਾ ਹਸਪਤਾਲ ਲੱਗ ਰਹੀ ਸੀ । ਬਸ ਫ਼ਰਕ ਸਿਰਫ ਏਨਾ ਸੀ ਕਿ ਏਥੇ ਬੰਦਿਆਂ ਦੀ ਥਾਂ ਗੱਡੀਆਂ ਮਰੀਜ਼ਾਂ ਦੀ ਤਰ੍ਹਾਂ ਆ ਰਹੀਆਂ ਸਨ ਤੇ ਐਕਸੀਡੈਂਟ ’ਚ ਜ਼ਖ਼ਮੀ ਗੱਡੀਆ ਲਈ ਵੀ ਵੱਖਰੀ ਐਮਰਜੰਸੀ ਦਾ ਪ੍ਰਬੰਧ ਸੀ ।
ਸ਼ਹਿਰ ਬਰਨਾਲਾ ਵਿੱਚ ਸਥਿਤ “ਪੰਜਾਬ ਆਟੋ ਵਰਕਸ਼ਾਪ” ਨਾਮ ਦੀ ਇਸ ਵਰਕਸ਼ਾਪ ਵਿੱਚ ਦੋ ਮਾਹਿਰ ਡਾਕਟਰ ਮੌਜੂਦ ਹਨ । ਪਹਿਲੇ ਨੰਬਰ ਤੇ ਬਾਈ ਨੀਟੂ ਅਤੇ ਦੂਸਰੇ ਡਾਕਟਰ ਬਾਈ ਗੁਰਪ੍ਰੀਤ ਸਿੰਘ, ਜਿੰਨਾ ਨੂੰ ਪਿਆਰ ਨਾਲ “ਬਾਈ ਕਾਲਾ “ ਕਹਿ ਬੁਲਾਉਂਦੇ ਹਨ । ਮੈਂ ਵੇਖ ਤੇ ਸੋਚ ਰਿਹਾ ਸੀ ਕਿ ਇਸ ਵਰਕਸ਼ਾਪ ਵਿੱਚ ਹੋਰਨਾਂ ਹਸਪਤਾਲਾਂ ਵਾਂਗ ਦੋ ਮੈਡੀਸਨ ਮਾਹਰ ਡਾਕਟਰਾਂ ਦਾ ਵਿਭਾਗ, ਹੱਡੀਆਂ ਦਾ ਵਿਭਾਗ (ਡੈਂਟਰ), ਅੱਖਾਂ ਦਾ ਵਿਭਾਗ ( ਇਲੈਕਟ੍ਰੀਸ਼ੀਅਨ) ਤੇ ਹੋਰ ਤਾਂ ਹੋਰ ਇਸ ਵਰਕਸ਼ਾਪ ਦੀ ਆਪਣੀ ਸਮਾਨ ਦੀ ਦੁਕਾਨ “ਫਾਰਮੇਸੀ” ਵੀ ਹਾਜ਼ਰ ਹੈ। ਇਸ ਗੱਡੀਆਂ ਦੇ ਹਸਪਤਾਲ ਦੀ ਵਿਸ਼ੇਸ਼ਤਾ ਦੋਵਾਂ ਮੈਡੀਸਨ ਮਾਹਰ ਡਾਕਟਰਾਂ ( ਬਾਈ ਨੀਟੂ ਤੇ ਬਾਈ ਕਾਲ਼ਾ) ਦੀ ਮਿੱਠੀ ਬੋਲ ਬਾਣੀ, ਹਰ ਇਕ ਨਾਲ ਪਿਆਰ ਦਾ ਵਰਤ ਵਰਤਾਵਾ , ਤਸੱਲੀਬਖਸ਼ ਇਲਾਜ ਭਾਵ ਗੱਡੀ ਦੀ ਸਰਵਿਸ ਕਰਨਾ ਹੀ ਸੀ।
ਬਾਈ ਨੀਟੂ ਨੂੰ ਜਦ ਮੈਂ ਪਹਿਲੀ ਵਾਰ ਮਿਲਿਆ ਸੀ ਤਾਂ ਮੈਂਨੂੰ ਇਕ ਅਹਿਸਾਸ ਸੀ ਕਿ ਬੰਦਾ ਤਾਂ ਇਹ ਕੁਝ ਤਾਂ ਖਾਸ ਏ ਅਤੇ ਕਦੇ ਕੁਝ ਲਿਖਾਂਗਾ । ਸੋ ਅੱਜ ਇਹ ਲੇਖ ਇਕੱਲੇ ਇਕ ਕਾਰ ਮਕੈਨਿਕ ਲਈ ਨਹੀ ਸਗੋਂ ਸਾਡੇ ਪਰਮ ਮਿੱਤਰਾਂ ਵਾਂਗ ਇਕ ਮਿਹਨਤੀ ਸਿਰੜੀ ਨੌਜਵਾਨ ਦੇ ਸੁੱਜਗ ਤੇ ਦਿੜ੍ਰਤਾ ਨਾਲ ਅੱਗੇ ਵੱਧ ਰਹੇ ਕਦਮਾਂ ਨੂੰ ਸਮਰਪਿਤ ਕਰ ਰਿਹਾ ਹਾਂ ।
ਇਸ ਵਰਕਸ਼ਾਪ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਏਥੇ ਪਿੰਡਾਂ ਦਾ ਆਮ ਨੌਜਵਾਨ ਮੁੰਡੇ ਬੜੀ ਰੀਝ ਨਾਲ ਆਪਣਾ ਕੰਮ ਸਿੱਖ ਰਹੇ ਹਨ ਅਤੇ ਕੰਮ ਕਰ ਰਹੇ ਹਨ । ਵਰਕਸ਼ਾਪ ਵਿੱਚ ਬਾਈ ਨੀਟੂ ਤੇ ਬਾਈ ਕਾਲਾ ਆਪਣੇ ਛੋਟੇ ਭਰਾਵਾਂ ਵਾਂਗ ਇਨ੍ਹਾਂ ਨੌਜਵਾਨਾਂ ਨਾਲ ਪ੍ਰੇਮ ਪਿਆਰ ਨਾਲ ਹੱਸਦਾ ਖੇਡਦੇ ਆਪਣਾ ਕੰਮ ਕਾਰ ਕਰਦੇ ਰਹਿੰਦੇ ਹਨ। ਮੇਰੀ ਦਿਲੋਂ ਦੁਆ ਹੈ ਕਿ ਪਰਮਾਤਾ ਇਨ੍ਹਾਂ ਦੀ ਮਿਹਨਤ ਨੂੰ “ਦਿਨ ਦੱਗਣੀ ਤੇ ਰਾਤ ਚੌਗੁਣੀ” ਤਰੱਕੀ ਬਖਸ਼ਣ ਅਤੇ ਸਾਡਾ ਇਹ ਸੋਹਣੀ ਗੱਲਬਾਤ ਤੇ ਵਰਤ ਵਰਤਾਅ ਹਮੇਸ਼ਾ ਬਣਿਆ ਰਹੇ ।
ਹਰਜੀਤ ਸਿੰਘ ਬਾਗੀ
-ਮੋਬਾ: 94657-33311

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ