Sunday, April 28, 2024  

ਲੇਖ

ਸ਼ਹੀਦ-ਏ-ਆਜ਼ਮ ਭਗਤ ਸਿੰਘ: ਇਨਕਲਾਬੀ ਤੇ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਤੀਕ

March 22, 2024

ਭਾਰਤ ਲੰਬੇ ਸਮੇਂ ਤੋਂ ਅੰਗ੍ਰੇਜ਼ਾਂ ਦੀ ਗੁਲਾਮੀ ਦਾ ਸ਼ਿਕਾਰ ਸੀ।ਅਜ਼ਾਦੀ ਪ੍ਰਾਪਤੀ ਲਈ ਲੋਕ ਆਪਣੀ ਸਮਰੱਥਾ ਤੋਂ ਵੀ ਜ਼ਿਆਦਾ ਯਤਨ ਕਰ ਰਹੇ ਸਨ।ਕਾਂਗਰਸ ਇਸ ਘੋਲ ਲਈ ਇੱਕ ਵਧੀਆ ਮੰਚ ਬਣ ਚੁੱਕਾ ਸੀ।ਅਜਿਹੀ ਗੁਲਾਮੀ ਅਤੇ ਸਮਾਜਿਕ ਉਥਲ-ਪੁਥਲ ਵਿੱਚ ਭਗਤ ਸਿੰਘ ਦਾ ਜਨਮ 28 ਸਿਤੰਬਰ, 1907 ਨੂੰ ਮਾਤਾ ਵਿਦਿਆਵਤੀ ਅਤੇ ਪਿਤਾ ਸ. ਕਿਸ਼ਨ ਸਿੰਘ ਦੇ ਘਰ ਪਿੰਡ ਬੰਗਾ, ਤਹਿਸੀਲ ਜੜਾਂਵਾਲਾ, ਜਿਲ੍ਹਾ ਲਾਇਲ ਪੁਰ (ਪੰਜਾਬ) ਜੋ ਕਿ ਹੁਣ ਪਾਕਿਸਤਾਨ ਵਿੱਚ ਹ ਵਿਖੇ ਹੋਇਆ।ਜਿਸ ਦਿਨ ਉਨ੍ਹਾਂ ਦਾ ਜਨਮ ਹੋਇਆ ਉਸ ਦਿਨ ਹੀ ਉਨ੍ਹਾਂ ਦੇ ਪਿਤਾ ਅਤੇ ਚਾਚਾ ਸ. ਅਜੀਤ ਸਿੰਘ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਸਨ। ਇਸ ਲਈ ਉਸ ਨੂੰ ਭਾਗਾਂ ਵਾਲਾ ਮੰਨਿਆ ਅਤੇ ਆਖਿਆ ਜਾਣ ਲੱਗਾ।ਹੌਲੀ ਹੌਲੀ ਭਾਗਾਂ ਵਾਲਾ ਤੋਂ ਇਨ੍ਹਾਂ ਦਾ ਨਾਮ ਭਗਤ ਸਿੰਘ ਰੱਖ ਲਿਆ ਗਿਆ।ਜਿਸ ਸਮੇਂ ਭਗਤ ਸਿੰਘ ਦਾ ਜਨਮ ਹੋਇਆ ਉਹ ਸਮਾਂ ਭਾਰਤ ਲਈ ਬੜਾ ਮੁਸ਼ਕਲ ਭਰਿਆ ਸੀ।ਕਿਉਂਕਿ 1905 ਵਿੱਚ ਅੰਗ੍ਰਜ਼ਾਂ ਵਲੋਂ ਬੰਗਾਲ ਦੀ ਵੰਡ ਕਰ ਦਿੱਤੀ ਗਈ। 1907 ਵਿੱਚ ਸੂਰਤ ਵਿੱਚ ਕਾਂਗਰਸ ਦਾ ਨਰਮ ਅਤੇ ਗਰਮ ਦਲ ਵਿੱਚ ਵਿਭਾਜਨ ਹੋ ਗਿਆ।1908 ਵਿੱਚ ਭਾਰਤੀ ਪ੍ਰੈਸ ਅਧਿਨਿਯਮ, ਫੌਜਦਾਰੀ ਕਾਨੂੰਨ ਦਾ ਸੰਸ਼ੋਧਨ ਅਤੇ ਰਾਜਧ੍ਰੋਹ ਕਾਨੂੰਨ ਆਦਿ ਲਿਆਂਦੇ ਗਏ।1909 ਵਿੱਚ ਮਾਰਲੇ ਮਿੰਟੋ ਸੁਧਾਰ ਹੋਂਦ ਵਿੱਚ ਆਏ ਜੋ ਕਿ ਪੂਰੀ ਤਰ੍ਹਾਂ ਨਾਲ ਦਮਨਕਾਰੀ ਸਨ।ਉਨ੍ਹਾਂ ਨੂੰ ਜਿੰਨਾ ਦਮਨਕਾਰੀ ਵਾਤਾਵਰਣ ਮਿਲਿਆ ਉਹ ਉੰਨਾਂ ਹੀ ਦਿੜ੍ਹ, ਗੰਭੀਰ, ਇਨਕਲਾਬੀ ਵਿਅਕਤੀਤਵ ਦਾ ਮਾਲਕ ਬਣ ਕੇ ਉੱਭਰੇ।ਜਿਵੇਂ ਉਹ ਵੱਡੇ ਹੁੰਦੇ ਗਏ ਉਵੇਂ ਹੀ ਵੰਗਾਰਾਂ ਸਖਤ ਹੁੰਦੀਆਂ ਗਈਆਂ।ਮਾਤਾ ਪਿਤਾ ਅਤੇ ਪਰਿਵਾਰਕ ਵਾਤਾਵਰਣ ਵੀ ਬੱਚੇ ਦੇ ਵਿਅਕਤੀਤਵ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਨੇ ਵੀ ਗੁੜ੍ਹਤੀ ਵਿੱਚ ਬਹੁਤ ਕੁੱਝ ਪ੍ਰਾਪਤ ਕੀਤਾ ਸੀ।
ਪਹਿਲੇ ਵਿਸ਼ਵ ਯੁੱਧ ਸਮੇਂ ਅੰਗ੍ਰੇਜ਼ਾਂ ਨੇ ਭਾਰਤੀਆਂ ਨੂੰ ਯੁੱਧ ਵਿੱਚ ਸਾਥ ਦੇਣ ਬਦਲੇ ਬਹੁਤ ਸਾਰੇ ਵਾਅਦੇ ਕੀਤੇ।ਪਰ ਬਦਲੇ ਵਿੱਚ 1919 ਵਿੱਚ ਰੋਲਟ ਐਕਟ ਦੇ ਕੇ ਹਰ ਪ੍ਰਕਾਰ ਦੀ ਅਜ਼ਾਦੀ ਤੇ ਛਾਪਾ ਮਾਰ ਲਿਆ ਗਿਆ।ਇਸ ਵਿੱਚ ਸਰਕਾਰ ਕੋਲ ਬਿਨਾਂ ਵਰੰਟ ਗਿ੍ਰਫਤਾਰੀ ਦਾ ਅਧਿਕਾਰ ਸੀ ਅਤੇ ਇਸ ਵਿਰੁੱਧ ਵਕੀਲ, ਦਲੀਲ ਅਤੇ ਅਪੀਲ ਦਾ ਅਧਿਕਾਰ ਵੀ ਨਹੀਂ ਸੀ।ਇਸ ਦੇ ਵਿਰੋਧ ਵਿੱਚ 13 ਅਪ੍ਰੈਲ, 1919 ਨੂੰ ਜੱਲਿਆਂਵਾਲਾ ਬਾਗ, ਅੰਮ੍ਰਿਤਸਰ ਵਿਖੇ ਹਜ਼ਾਰਾਂ ਦੀ ਸੰਖਿਆ ਵਿੱਚ ਬਹੁਤ ਵੱਡਾ ਇਕੱਠ ਹੋਇਆ।ਪਰ ਵਿਦੇਸ਼ੀ ਹਕੂਮਤ ਵਲੋਂ ਮਾਰਸ਼ਲ ਲਾਅ ਲਗਾ ਕੇ ਜਨਰਲ ਡਾਇਰ ਦੇ ਹੁਕਮ ਨਾਲ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਹਜ਼ਾਰਾਂ ਲੋਕ ਬੁਰੀ ਤਰ੍ਹਾ ਨਾਲ ਜ਼ਖਮੀ ਹੋ ਗਏ।ਇਸ ਤਾਂਡਵ ਨਾਚ ਨੇ ਭਗਤ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ।
ਉਹ ਮਹਾਤਮਾ ਗਾਂਧੀ ਦੀ ਅਸਹਿਯੋਗ ਅੰਦੋਲਨ ਤੋਂ ਪ੍ਰਭਾਵਿਤ ਸਨ ਅਤੇ ਇਸ ਸੰਘਰਸ਼ ਦਾ ਹਿੱਸਾ ਬਣ ਚੁੱਕੇ ਸਨ।ਪਰ 1922 ਵਿੱਚ ਮਹਾਤਮਾ ਗਾਂਧੀ ਵਲੋਂ ਉਲੀਕੇ ਗਏ ਅਸਹਿਯੋਗ ਅੰਦੋਲਨ ਜਾਂ ਖਿਲਾਫਤ ਅੰਦੋਲਨ ਜੋ ਕਿ ਹਿੰਦੂ ਮੁਸਲਿਕਮ ਏਕਤਾ ਲਈ ਵਧੀਆ ਉਦਾਹਰਣ ਸੀ, ਚੌਰਾ ਚੌਰੀ ਵਿੱਚ ਹਿੰਸਾ ਭੜਕ ਜਾਣ ਕਰਕੇ ਗਾਂਧੀ ਜੀ ਵਲੋਂ ਇਹ ਅੰਦੋਲਨ ਵਾਪਿਸ ਲੈ ਲਿਆ ਗਿਆ। ਇਸ ਨਾਲ ਬਹੁਤ ਸਾਰੇ ਗਰਮ ਦਲ ਦੇ ਨੇਤਾ ਸਮੇਤ ਭਗਤ ਸਿੰਘ ਨਰਾਜ਼ ਸਨ।ਲਗਭੱਗ ਇੱਥੋਂ ਹੀ ਇਨ੍ਹਾਂ ਦੋਹਾਂ ਦਾ ਵਿਚਾਰਾਤਮਕ ਵਿਖਰੇਵਾਂ ਸਾਹਮਣੇ ਆਉਂਦਾ ਹੈ।
1923 ਵਿੱਚ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲਾ ਲੈਂਦੇ ਹਨ।ਇਸ ਕਾਲਜ ਦੀ ਸਥਾਪਨਾ ਵਿੱਚ ਸੰਸਥਾਪਕਾਂ ਵਿੱਚੋਂ ਲਾਲਾ ਲਾਜਪੱਤ ਰਾਏ ਮੁੱਖ ਸਨ। ਇਸ ਕਾਲਜ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ।ਭਗਤ ਸਿੰਘ ਇੱਥੇ ਡ੍ਰਾਮੈਟਿਕ ਕਲੱਬ ਦੇ ਹਰਮਨ ਪਿਆਰੇ ਮੈਂਬਰ ਸਨ।ਉਨ੍ਹਾਂ ਦੇ ਵਿਅਕਤੀਤਵ ਨੂੰ ਨਿਖਾਰਨ ਵਿੱਚ ਇਸ ਕਾਲਜ ਦੀ ਮੁੱਖ ਭੂਮਿਕਾ ਹੈ।ਭਗਤ ਸਿੰਘ ਦੀ ਜਿਹੜੀ ਪਗੜੀ ਵਾਲੀ ਤਸਵੀਰ ਅੱਜ ਕੱਲ ਜ਼ਿਆਦਾ ਪ੍ਰਚੱਲਿਤ ਹੈ ਉਹ ਇਸ ਕਾਲਜ ਦੀ ਹੀ ਡ੍ਰਾਮੈਟਿਕ ਕਲੱਬ ਦੀ ਗਰੁੱਪ ਫੋਟੋ ਵਿੱਚੋਂ ਲਈ ਗਈ ਹੈ।
1924 ਵਿੱਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦਾ ਗਠਨ ਹੋੲਆ ਜਿਸ ਵਿੱਚ ਰਾਮ ਪ੍ਰਸਾਦ ਬਿਸਮਿਲ ਦੀ ਵਿਸ਼ੇਸ਼ ਭੁਮਿਕਾ ਸੀ।1926 ਵਿੱਚ ਭਗਤ ਸਿੰਘ ਅਤੇ ਸਾਥੀਆਂ ਵਲੋਂ ਭਾਰਤ ਨੌਜਵਾਨ ਸਭਾ ਦੀ ਸਥਾਪਨਾ ਕੀਤੀ ਗਈ।ਉਨ੍ਹਾਂ ਦਾ ਮੰਨਣਾ ਸੀ ਕਿ ਨੌਜਵਾਨ ਹੀ ਅਜ਼ਾਦੀ ਪ੍ਰਾਪਤੀ ਲਈ ਸੱਭ ਤੋਂ ਵੱਧ ਭੂਮਿਕਾ ਨਿਭਾ ਸਕਦੇ ਹਨ ਅਤੇ ਉਨ੍ਹਾਂ ਨੂੰ ਇਕੱਠੇ ਹੋਣ ਲਈ ਇੱਕ ਵਧੀਆ ਮੰਚ ਦੀ ਅਤੇ ਵਿਚਾਰਾਂ ਨੂੰ ਸੇਧਣ ਅਤੇ ਨਿਖਾਰਨ ਦੀ ਲੋੜ ਹੈ।ਉਹ ਆਪ ਬਹੁਤ ਜ਼ਿਆਦਾ ਪੜ੍ਹਦੇ ਅਤੇ ਸਾਥੀਆਂ ਨੂੰ ਠੋਸ ਵਿਚਾਰਾਂ ਤੋਂ ਜਾਣੂ ਕਰਵਾਉਂਦੇ ਸਨ। ਇਹ ਉਨ੍ਹਾਂ ਦੀ ਦੂਰ ਅੰਦੇਸ਼ੀ ਅਤੇ ਤੀਖਣ ਬੁੱਧੀ ਸੀ ਜਿਸ ਨਾਲ ਵੱਡੀ ਪੱਧਰ ਤੇ ਅਜ਼ਾਦੀ ਦੇ ਪਰਵਾਨੇ ਇੱਕ ਮੰਚ ਤੇ ਇਕੱਠੇ ਹੋ ਸਕੇ।ਇਸ ਦਾ ਉਦੇਸ਼ ਕੇਵਲ ਅੰਗ੍ਰੇਜ਼ਾਂ ਕੋਲੋਂ ਅਜ਼ਾਦੀ ਪ੍ਰਾਪਤ ਕਰਨਾ ਹੀ ਨਹੀਂ ਬਲਕਿ ਇਸ ਦੇਸ਼ ਦੇ ਪੂੰਜੀਪਤੀਆਂ ਕੋਲੋਂ ਗਰੀਬ ਲੋਕਾਂ ਦਾ ਛੁਟਕਾਰਾ ਕਰਵਾਉਣਾ ਵੀ ਸੀ। ਜਿਸ ਨਾਲ ਸਾਰੇ ਲੋਕਾਂ ਨੂੰ ਬਰਾਬਰ ਰਹਿ ਕੇ ਰੋਟੀ, ਕੱਪੜਾ ਅਤੇ ਮਕਾਨ ਉਪਲਬਧ ਹੋ ਸਕੇ।
ਬਿ੍ਰਟਿਸ਼ ਸਰਕਾਰ ਭਾਰਤੀਆਂ ਦਾ ਸਸ਼ੋਸ਼ਣ ਕਰਨ ਵਿੱਚ ਕੋਈ ਵੀ ਮੌਕਾ ਨਹੀਂ ਗਵਾਉਂਦੀ ਸੀ। ਇਸ ਕੜੀ ਵਿੱਚ ਹੀ ਕੇਂਦਰੀ ਵਿਧਾਨ ਸਭਾ ਦਿੱਲੀ ਵਿੱਚ ਟਰੇਡ ਡਿਸਪਿਊਟ ਬਿੱਲ ਅਤੇ ਪਬਲਿਕ ਸੇਫਟੀ ਬਿੱਲ ਪੇਸ਼ ਕੀਤੇ ਗਏ। ਜਿਨ੍ਹਾਂ ਦੀ ਆੜ ਵਿੱਚ ਆਮ ਲੋਕਾਂ ਦੇ ਹੱਕ ਖੋਹੇ ਜਾਣੇ ਸਨ।ਇਨ੍ਹਾਂ ਬਿੱਲਾਂ ਪ੍ਰਤੀ ਵਿਰੋਧ ਦਰਜ ਕਰਵਾਉਣ ਲਈ ਇਨ੍ਹਾਂ ਸਾਥੀਆਂ ਨੇ ਵਿਧਾਨ ਸਭਾ ਵਿੱਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਕਰਨਾ ਅਤੇ ਆਪਣੀਆਂ ਗਿ੍ਰਫਤਾਰੀਆਂ ਵੀ ਜਰੂਰ ਦੇਣੀਆਂ ਹਨ। ਇਹ ਕੰਮ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ, 1929 ਨੂੰ ਨੇਪਰੇ ਚਾੜਿ੍ਹਆ।ਉੱਥੇ ਆਪਣੀਆਂ ਮੰਗਾਂ ਸੰਬੰਧੀ ਪਰਚੇ ਵੰਡੇ, ਦੋ ਨਾਅਰੇ ਲਗਾਏ,”ਇਨਕਲਾਬ ਜਿੰਦਾਵਾਦ” ਅਤੇ “ਸਾਮਰਾਜਵਾਦ ਮੁਰਦਾਵਾਦ”। ਪਰਚਿਆਂ ਵਿੱਚ ਇਹ ਵੀ ਲਿਖਿਆ ਗਿਆ ਕਿ “ਬਹਿਰਿਆਂ ਨੂੰ ਸੁਨਾਉਣ ਲਈ ਜ਼ੋਰਦਾਰ ਧਮਾਕੇ ਦੀ ਜ਼ਰੂਰਤ ਹੁੰਦੀ ਹੈ।ਇਸ ਕਾਰਵਾਈ ਲਈ ਇਨ੍ਹਾਂ ਦੋਨਾਂ ਉੱਪਰ ਕੇਸ ਚੱਲਿਆ ਅਤੇ ਜੀਵਨ ਭਰ ਕਾਰਾਵਾਸ ਦੀ ਸਜ਼ਾ ਦਿੱਤੀ ਗਈ।ਇਨ੍ਹਾਂ ਨੂੰ ਲਹੌਰ ਵਿਖੇ ਮੀਆਂ ਵਾਲੀ ਜੇਲ੍ਹ (ਕੋਟ ਲੱਖਪਤ ਜੇਲ੍ਹ) ਵਿੱਚ ਰੱਖਿਆ ਗਿਆ।ਜੇਲ੍ਹ ਵਿੱਚ ਵੀ ਇਨ੍ਹਾਂ ਨੇ ਕੈਦੀਆਂ ਦੇ ਹੱਕਾਂ ਲਈ ਸੰਘਰਸ਼ ਕੀਤਾ ਅਤੇ ਭੁੱਖ ਹੜਤਾਲ ਵੀ ਕੀਤੀ।ਪਰ ਕੇਸ ਦੀ ਸੁਣਵਾਈ ਦੌਰਾਨ ਹੀ ਆਪਣੇ ਹੀ ਲੋਕਾਂ ਨੇ “ਲਹੌਰ ਕੌਂਸਪੀਰੇਸੀ ਕੇਸ” ਵਿੱਚ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਪੁਸ਼ਟੀ ਕਰ ਦਿੱਤੀ।ਜਿਨ੍ਹਾਂ ਵਿੱਚੋਂ ਇਕ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ ਸ਼ੋਭਾ ਸਿੰਘ ਵੀ ਸਨ।ਬੜੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਭਗਤ ਸਿੰਘ ਅਤੇ ਹੋਰ ਨੌਜਵਾਨ ਅਜ਼ਾਦੀ ਲਈ ਜਾਨਾਂ ਵਾਰ ਰਹੇ ਸਨ ਉੱਥੇ ਦੂਜੇ ਪਾਸੇ ਦੇਸ਼ ਦੇ ਗੱਦਾਰ ਲੋਕ ਅੰਗ੍ਰੇਜ਼ਾਂ ਦੇ ਪਿੱਠੂ ਬਣੇ ਹੋਏ ਸਨ ਅਤੇ ਆਪਣਿਆਂ ਨੂੰ ਮਰਵਾ ਕੇ ਵੱਡੀਆਂ ਵੱਡੀਆਂ ਜਗੀਰਾਂ ਲੈ ਰਹੇ ਸਨ। ਸਿੱਟੇ ਵਜੋਂ ਇਨ੍ਹਾਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਦੀ ਮਿਤੀ 24 ਮਾਰਚ, 1931 ਸਵੇਰੇ ਸੱਤ ਵਜੇ ਮਿਥੀ ਗਈ ਪਰ ਲੋਕਾਂ ਦੇ ਵਿਦਰੋਹ ਦੇ ਡਰ ਤੋਂ ਇਨ੍ਹਾਂ ਨੂੰ ਬਾਰਾਂ ਘੰਟੇ ਪਹਿਲਾਂ ਹੀ ਭਾਵ 23 ਮਾਰਚ, 1931 ਨੂੰ ਸ਼ਾਮ ਨੂੰ 7:33 ਵਜੇ ਫਾਂਸੀ ਦੇ ਦਿੱਤੀ ਗਈ। ਜੇਲ੍ਹ ਸਮੇਂ ਦੌਰਾਨ ਭਗਤ ਸਿੰਘ ਨੇ ਬਹੁਤ ਸਾਰੇ ਲੇਖਕਾਂ ਦੀਆਂ ਪੁਸਤਕਾਂ ਪੜ੍ਹੀਆਂ ਹਨ।
ਜਿਵੇਂ ਕਿ-ਆਪਟਨ ਸਿੰਕਲੇਅਰ, ਬਰਨਾਰਡ ਸ਼ਾਹ, ਚਾਰਲਸ ਡਿੱਕਨਜ਼, ਵਿਕਟਰ ਹਿਓਗੇ, ਕਾਰਲ ਮਾਰਕਸ, ਲੇਨਿਨ, ਫਰਾਂਸ, ਰੂਸ ਅਤੇ ਹੋਰ ਕਰਾਂਤੀਆਂ। ਇਨ੍ਹਾਂ ਦੀਆਂ ਲਿਖਤਾਂ, “ਮੈਂ ਨਾਸਤਿਕ ਕਿਉਂ ਹਾਂ”, ਉਨ੍ਹਾਂ ਦੀ ਜੇਲ੍ਹ ਡਾਇਰੀ, ਜੇਲ ਚੋਂ ਲਿਖੇ ਗਏ ਬਹੁਤ ਸਾਰੇ ਪੱਤਰ ਇਨ੍ਹਾਂ ਦੀ ਸੂਝਬੂਝ, ਦੂਰ ਅੰਦੇਸ਼ੀ, ਇੱਕ ਵਧੀਆ ਨੀਤੀ ਘਾੜਾ, ਨਾਇਕ, ਨੇਤਾ, ਬਹੁਤ ਵੱਡਾ ਤਿਆਗੀ, ਇਨਕਲਾਬੀ ਅਤੇ ਸਮਾਜਵਾਦੀ ਵਿਅਕਤੀਤਵ ਦੇ ਦਰਸ਼ਨ ਕਰਾਉਂਦੀਆਂ ਹਨ। ਇਨ੍ਹਾਂ ਦੇ ਵਕੀਲ ਪ੍ਰਾਣ ਨਾਥ ਮਹਿਤਾ ਨੇ ਇਨ੍ਹਾਂ ਨੂੰ ਲੈਨਿਨ ਦੀ ਪੁਸਤਕ ਦਿੰਦੇ ਸਮੇਂ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਤਾਂ ਉਨ੍ਹਾਂ ਨੇ ਫਿਰ ਪਹਿਲਾਂ ਵਾਲੀ ਗੱਲ ਹੀ ਦੁਹਰਾਈ ਕਿ “ਇਨਕਲਾਬ ਜ਼ਿੰਦਾਵਾਦ” ਅਤੇ “ਸਾਮਰਾਜਵਾਦ ਮੁਰਦਾਵਾਦ”।ਹਰ ਸਾਲ 23 ਮਾਰਚ ਨੂੰ ਇਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।ਜੋ ਕਿ ਇੱਕ ਰਸਮ ਤੋਂ ਜ਼ਿਆਦਾ ਕੁੱਝ ਵੀ ਨਹੀਂ ਹੈ।
ਭਗਤ ਸਿੰਘ ਦਾ ਜੀਵਨ ਸਾਡੇ ਸਾਰਿਆਂ ਲਈ ਬਹੁਤ ਵੱਡੇ ਸੰਦੇਸ਼ ਅਤੇ ਵੰਗਾਰਾਂ ਲਈ ਬੈਠਾ ਹੈ।ਜਿਵੇਂ ਕਿ-ਅਜ਼ਾਦੀ ਬੜੀ ਮਹੱਤਵ ਪੂਰਣ ਹੈ। ਇਸ ਦੀ ਪ੍ਰਾਪਤੀ ਲਈ ਜਾਨ ਵੀ ਦੇ ਦੇਣੀ ਚਾਹੀਦੀ ਹੈ। ਜੀਓ ਅਤੇ ਜੀਣ ਦਿਓ ਦੀ ਨੀਤੀ ਤੇ ਅਮਲ ਕਰਨਾ ਚਾਹੀਦਾ ਹੈ।ਜਾਤਿ, ਧਰਮ, ਭਾਸ਼ਾ ਅਤੇ ਖੇਤਰ ਦੇ ਦਾਇਰੇ ਚੋਂ ਉੱਪਰ ਉੱਠ ਕੇ ਮਾਨਵਤਾ ਦੀ ਰਾਖੀ ਕਰਨੀ ਚਾਹੀਦੀ ਹੈ। ਪੂੰਜੀਪਤੀ ਅਤੇ ਸ਼ੋਸ਼ਕ ਵਰਗ ਦਾ ਵਿਰੋਧ ਕਰਕੇ ਸ਼ੋਸ਼ਿਤ ਵਰਗ ਦੀ ਸਹਾਇਤਾ ਕਰਨੀ ਚਾਹੀਦੀ ਹੈ।ਵਧੀਆ ਪੁਸਤਕਾਂ ਪੜ੍ਹ ਕੇ ਆਪਣੇ ਗਿਆਨ ਵਿੱਚ ਲਗਾਤਾਰ ਵਾਧਾ ਕਰਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਮਾਨਸਿਕ ਵਿਕਾਸ ਹੋ ਸਕੇ ਅਤੇ ਜੀਵਨ ਜੀਉਣ ਦੀ ਸੋਝੀ ਆ ਸਕੇ।ਆਪਣੀ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਸੂਝ ਬੂਝ ਵਧਾਉਣ ਦੀ ਲੋੜ ਹੈ।ਕਾਲਜ ਅਤੇ ਯੁਨੀਵਰਸਟੀ ਪੱਧਰ ਦੇ ਨੌਜਵਾਨਾਂ ਨੂੰ ਨਿਰੋਲ ਰੋਮਾਂਟਿਕ ਜੀਵਨ ਨਾ ਜੀਉਂਦੇ ਹੋਏ ਆਪਣੀਆਂ ਜਿੰਮੇਦਾਰੀਆਂ ਨੂੰ ਸਮਝਦੇ ਹੋਏ ਰਾਜਨੀਤਿਕ ਗਤੀਵਿਧੀਆਂ ਤੇ ਪੈਨੀ ਦਿ੍ਰਸ਼ਟੀ ਰੱਖਣੀ ਚਾਹੀਦੀ ਹੈ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਪੀਲੀ ਪਗੜੀ ਬੰਨਣ, ਭਗਤ ਸਿੰਘ ਦੀ ਫੋਟੋ ਘਰ ਵਿਚ ਰੱਖਣ ਅਤੇ ਇਨਕਲਾਬ ਜ਼ਿੰਦਾਬਾਦ ਤੱਕ ਹੀ ਸੀਮਿਤ ਨਾ ਰਹਿੰਦੇੇ ਹੋਏ ਆਪਣੇ ਆਪ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਓਤਪ੍ਰੋਤ ਕਰਦੇ ਹੋਏ ਰਾਜ ਨੀਤੀ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨਾਲ ਧੋਖਾ ਕਰਨ ਵਾਲੇ, ਸੇਵਾ ਨੂੰ ਭੁੱਲ ਕੇ ਰਾਜਨੀਤੀ ਨੂੰ ਇੱਕ ਲਾਹੇ ਵਾਲਾ ਕਿੱਤਾ ਬਣਾਉਣ ਵਾਲੇ ਗੈਰ ਜਿੰਮੇਦਾਰ ਰਾਜਨੀਤਿਕ ਲੋਕਾਂ ਕੋਲੋਂ ਦੇਸ਼ ਨੂੰ ਅਜ਼ਾਦ ਕਰਵਾਇਆ ਜਾ ਸਕੇ ਅਤੇ ਭਗਤ ਸਿੰਘ ਦੇ ਸਪਨਿਆਂ ਦਾ ਭਾਰਤ ਸਿਰਜਿਆ ਜਾ ਸਕੇ।
ਜਗਦੀਸ਼ ਰਾਏ
-ਮੋਬਾ: 9855722733

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ