Sunday, April 28, 2024  

ਲੇਖ

ਜੁਝਾਰੂ ਕਵੀ ਪਾਸ਼ ਨੂੰ ਯਾਦ ਕਰਦਿਆਂ...

March 22, 2024

ਅਵਤਾਰ ਸਿੰਘ ਸੰਧੂ (ਪਾਸ਼) ਇਕ ਜਝਾਰੂ ਤੇ ਇਨੰਕਲਾਬੀ ਕਵੀ ਵੱਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਸਧਾਰਨ ਪਰਵਾਰ ’ਚ ਪੈਦਾ ਹੋ ਕਿ ਕਵਿਤਾ ਦੇ ਖੇਤਰ ’ਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ ਜੋ ਰਹਿੰਦੀ ਦੁਨੀਆਂ ਤੱਕ ਰਹਿਣਗੀਆਂ।
ਜਲੰਧਰ ਦੇ ਪਿੰਡ ਸਲੇਮ ਦੀ ਧਰਤੀ ’ਤੇ ਉੱਗੇ ਇਸ ਬੂਟੇ ਨੇ ਬਹੁਤ ਸਾਰੀਆਂ ਇਨਕਲਾਬੀ ਰਚਨਾਵਾਂ ਦੇ ਜਰੀਏ ਲੋਕਾਂ ਦਾ ਰਾਹ ਦਸੇਰਾ ਬਣ ਮਾਰਗ ਦਰਸ਼ਨ ਕੀਤਾ।
ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿਖੇ ਮੇਜਰ ਸੋਹਣ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਨਸੀਬ ਕੌਰ ਦੀ ਕੁੱਖੋਂ ਹੋਇਆ। ਉਸ ਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀ। ਜਿਸ ਤਰ੍ਹਾਂ ਹਰ ਮਾਂ-ਬਾਪ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਸ ਦਾ ਪੁੱਤਰ ਆਰਥਿਕ ਤੌਰ ’ਤੇ ਸੁਰੱਖਿਅਤ ਹੋਵੇ ਤੇ ਚੰਗਾ ਪੜ੍ਹੇ, ਲਿਖੇ, ਉਸੇ ਤਰ੍ਹਾਂ ਹੀ ਉਸ ਦੇ ਪਿਤਾ ਨੇ ਵੀ ਪਾਸ਼ ਨੂੰ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ ਜੂਨੀਅਨ ਟੈਕਨੀਕਲ ਸਕੂਲ ਕਪੂਰਥਲਾ ਵਿਖੇ ਪੜ੍ਹਨ ਲਾ ਦਿੱਤਾ। ਪਰ ਪਾਸ਼ ਤਾਂ ਹੋਰ ਹੀ ਵਿਚਾਰਧਾਰਾ ਦਾ ਪਾਂਧੀ ਸੀ। । ਉਸ ਨੇ ਬੀ.ਏ,. ਗਿਆਨੀ ਅਤੇ ਜੇ.ਬੀ.ਟੀ. ਕਰਨ ਉਪਰੰਤ ਕੁੱਝ ਸਮਾਂ ਪੱਤਰਕਾਰੀ ਕੀਤੀ। ਪਾਸ਼ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲਾਗਲੇ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹ ਲਿਆ ਪਰ ਆਰਥਿਕ ਮੁਸ਼ਕਿਲਾਂ ਅਤੇ ਰਾਜਨੀਤਿਕ ਸਰਗਰਮੀਆਂ ਦੇ ਕਾਰਨ ਇਹ ਸਕੂਲ ਬਹੁਤਾ ਚਿਰ ਨਾ ਚੱਲ ਸਕਿਆ।
ਪੰਜਾਬੀ ਸਾਹਿਤ ਲਈ ਪਾਸ਼ ਇੱਕ ਸੰਜੀਦਾ ਤੇ ਜੁਝਾਰਵਾਦੀ ਕਵੀ ਹੋਇਆ ਹੈ। ਉਸ ਦੀ ਕਵਿਤਾ ਸੱਚ ਦਾ ਪ੍ਰਤੀਕ ਸੀ। ਪਾਸ਼ ਪੰਜਾਬੀ ਵਿੱਚ ਤੱਤੇ ਲਹੂ ਦੀ ਕਵਿਤਾ ਸਿਰਜਣ ਵਾਲਾ ਮੁੱਖ ਕਵੀ ਹੋਣ ਕਰਕੇ ਲੋਕਾਂ ਵਿੱਚ ਜੋਸ਼ ਭਰਨ ਵਾਲਾ ਵਿਅਕਤੀ ਸੀ। ਉਸ ਦੀ ਕਵਿਤਾ ਝੂਠ ਦੀਆਂ ਪਰਤਾਂ ਨੂੰ ਉਧੇੜ ਕੇ ਸਾਹਮਣੇ ਲਿਆਉਣ ਵਾਲੀ ਹੋਣ ਦੇ ਨਾਲ-ਨਾਲ ਮਨੁੱਖ ਅੰਦਰ ਲੋਹੇ ਅਤੇ ਹਥਿਆਰਾਂ ਦਾ ਖੜਕਾ ’ਤੇ ਨਵੀਂ ਚੇਤਨਾ ਭਰਨ ਵਾਲੀ ਸੀ। ਪਾਸ਼ ਨੇ ਕਾਫ਼ੀ ਕਾਵਿ-ਸੰਗ੍ਰਹਿ ਸਾਹਿਤ ਨੂੰ ਭੇਂਟ ਕੀਤੇ ਹਨ। ਉਸ ਦੇ ਕਾਵਿ-ਸੰਗ੍ਰਹਿ ਹਨ: ਲੋਹ ਕਥਾ, ਉੱਡਦਿਆਂ ਬਾਜ਼ਾਂ ਮਗਰ, ਸਾਡੇ ਸਮਿਆਂ ਵਿੱਚ, ਖਿੱਲਰੇ ਹੋਏ ਵਰਕੇ, ਅਸੀਂ ਲੜਾਂਗੇ ਸਾਥੀ ਅਤੇ ਇੱਕ ਜੀਵਨੀ ਫਲਾਇੰਗ ਸਿੱਖ ਵੀ ਲਿਖੀ। ਉਸ ਦੀ ਹਰੇਕ ਕਵਿਤਾ ਵਿੱਚ ਕਲਾਤਮਕਤਾ ਭਰਪੂਰ ਹੈ। ਉਹ ਲਿਖਦਾ ਹੈ- ਅਸੀ ਚਾਹੁੰਦੇ ਹਾਂ ਆਪਣੀ ਤਲੀ ਤੇ ਕੋਈ ਇਸ ਤਰ੍ਹਾਂ ਦਾ ਸੱਚ
ਜਿਵੇਂ ਗੁੜ ਦੀ ਪੱਤ ’ਚ ਕਣ ਹੁੰਦਾ ਹੈ,
ਜਿਵੇਂ ਹੁੱਕੇ ’ਚ ‘ਨਿਕੋਟੀਨ’ ਹੁੰਦੀ ਹੈ।
ਪਾਸ਼ ਦੀ ਕਵਿਤਾ ਦਾ ਕੇਂਦਰੀ ਚਰਿੱਤਰ ਸਥਾਪਤੀ ਦਾ ਵਿਰੋਧ, ਮਜਦੂਰਾਂ ਦਾ ਹੱਕ ਅਤੇ ਇਨਕਲਾਬ ਦੀ ਤਿਆਰ ਲਈ ਉਸਾਰਿਆ ਹੋਇਆ ਹੈ। ਉਹ ਆਪਣੇ ਆਲੇ-ਦੁਆਲੇ ਪ੍ਰਤੀ ਗੁੱਸੇ ਦਾ ਇਜ਼ਹਾਰ ਵੀ ਕਾਵਿਕ ਸ਼ੈਲੀ ਦੁਆਰਾ ਕਰਦਾ ਹੈ। ਜਿਸ ਕਾਰਨ ਉਸ ਦੀ ਕਾਵਿ-ਧਾਰਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਵੀ ਮੈਦਾਨ ਵਿੱਚ ਆਏ।
ਆਪਣੀ ਇੱਕ ਕਵਿਤਾ ”ਇਨਕਾਰ” ਵਿੱਚ ਉਸ ਸੁਹਜਵਾਦੀ ਤੇ ਪ੍ਰਗਤੀਵਾਦੀ ਰੁਮਾਂਟਿਕਤਾ ਨੂੰ ਰੱਦ ਕਰਦਾ ਹੈ, ਜਿਸ ਦਾ ਜੀਵਨ ਦੇ ਸੱਚ ਜਾਂ ਯਥਾਰਥ ਨਾਲ ਕੋਈ ਸਰੋਕਾਰ ਨਹੀਂ ਅਤੇ ਲਿਖਦਾ ਹੈ:-
ਮੇਰੇ ਤੋ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਰਾਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜ਼ਿੰਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।
ਪਾਸ਼ ਦੇ ਪ੍ਰੇਰਨਾ ਸਰੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਨਾਇਕ ਸਨ। ਜਿਸ ਕਾਰਨ ਉਸ ਦੀਆਂ ਰਚਨਾਵਾਂ ਵੀ ਕ੍ਰਾਂਤੀਕਾਰੀ ਸੁਰ ਚ ਹਨ, ਉਹ ਲਿਖਦਾ ਹੈ:
ਜਦੋਂ ਬੰਦੂਕ ਨਾ ਹੋਈ,
ਉਦੋਂ ਤਲਵਾਰ ਹੋਵੇਗੀ।
ਜਦੋਂ ਤਲਵਾਰ ਨਾ ਹੋਈ,
ਲੜਨ ਦੀ ਲਗਨ ਹੋਵੇਗੀ।
ਲੜਨ ਦੀ ਜਾਂਚ ਨਾ ਹੋਈ,
ਲੜਨ ਦੀ ਲੋੜ ਹੋਵੇਗੀ।
ਤੇ ਅਸੀ ਲੜਾਂਗੇ ਸਾਥੀ…
ਕਿ ਲੜਨ ਬਾਂਝੋ ਕੁੱਝ ਵੀ ਨਹੀਂ ਮਿਲਦਾ…
23 ਮਾਰਚ 1988 ਨੂੰ ਪੰਜਾਬ ਦਾ ਇਹ ਜੁਝਾਰੂ ਕਵੀ ਦਹਿਸ਼ਤ ਗਰਦਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ/ਤੇ ਸਾਡੇ ਤੋ ਸਦਾ ਲਈ ਦੂਰ ਚਲਾ ਗਿਆ/ ਉਸ ਦੀ ਮੌਤ ਨੇ ਉਸ ਨੂੰ ‘ਸ਼ਹੀਦ ਕਵੀ’ ਦਾ ਦਰਜਾ ਦੇ ਕੇ ਸਦਾ ਲਈਂ ਅਮਰ ਕਰ ਦਿੱਤਾ। ਪਾਸ਼ ਆਪਣੀ ਕਵਿਤਾ ਬਾਰੇ ਖੁਦ ਵੀ ਲਿਖਦਾ ਹੈ:-
”ਬੜੀ ਕੌੜੀ ਬੜੀ ਬੇਰਸ ਮੇਰੇ ਰੁਜਗਾਰ ਦੀ ਕਵਿਤਾ”
ਜੀਵਨ ਅਤੇ ਮੌਤ ਬਾਰੇ ਵੀ ਉਸ ਦੇ ਅਲੱਗ ਹੀ ਵਿਚਾਰ ਹਨ। ਮੌਤ ਬਾਰੇ ਉਹ ਲਿਖਦਾ ਹੈ:-
ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਮੌਤ ਦੇ ਚਿਹਰੇ ਤੇ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸ਼ਰ੍ਹੇਆਮ ਬੇ-ਪਰਦ ਕਰ ਦੇਣਾ।
ਅਜੀਤ ਖੰਨਾ
-ਮੋਬਾ: 8544854669

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ