Sunday, April 28, 2024  

ਲੇਖ

ਖਾਓ ਮਨ ਭਾਉਂਦਾ, ਪਾਓ ਜੱਗ ਭਾਉਂਦਾ

March 26, 2024

ਇਸ ਨੂੰ ਹਰ ਕਿਸੇ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਏਗਾ। ਅਸਲ ਵਿੱਚ ਸਿਆਣੇ ਜੋ ਵੀ ਕੁੱਝ ਵੀ ਕਹਿੰਦੇ ਹਨ ਉਹ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਹੈ ਅਤੇ ਬਹੁਤ ਡੂੰਘੇ ਅਰਥ ਰੱਖਦਾ ਹੈ। ਕਹਿੰਦੇ ਨੇ ਸਿਆਣੇ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈ। ਲੰਮੀ ਚੌੜੀ ਗੱਲ ਕਰਨ ਨਾਲੋਂ ਇੰਜ ਥੋੜ੍ਹੇ ਸ਼ਬਦਾਂ ਵਿੱਚ ਹੀ ਬਹੁਤ ਕੁਝ ਕਹਿ ਦਿੱਤਾ ਜਾਂਦਾ ਹੈ।‘ਖਾਓ ਮਨ ਭਾਉਂਦਾ ਪਾਓ ਜੱਗ ਭਾਉਂਦਾ’ ਦੀ ਜੇਕਰ ਗੱਲ ਕਰੀਏ ਤਾਂ ਸਿਆਣਿਆਂ ਦਾ ਕਹਿਣਾ ਠੀਕ ਸੀ। ਅਸੀਂ ਕੀ ਖਾਂਦੇ ਹਾਂ, ਕਿੰਨਾ ਖਾਂਦੇ ਹਾਂ ਜਾਂ ਕਿਵੇਂ ਦਾ ਖਾਂਦੇ ਹਾਂ, ਉਹ ਸਾਡੀ ਪਸੰਦ ਹੋਣ ਤੇ ਕਿਸੇ ਨੂੰ ਫਰਕ ਨਹੀਂ ਪੈਂਦਾ।
ਪਰ ਜਦੋਂ ਅਸੀਂ ਕੱਪੜੇ ਪਾ ਕੇ ਤਿਆਰ ਹੋ ਕੇ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੁੰਦੇ ਹਾਂ। ਪਰ ਲੱਗਦਾ ਹੁਣ ਵਕਤ ਨਾਲ ਬਹੁਤ ਕੁੱਝ ਬਦਲ ਗਿਆ ਹੈ। ਉਸ ਨਾਲ ਇਹ ਗੱਲ ਵੀ ਕਿੱਧਰੇ ਹਲਕੀ ਪੈ ਗਈ ਹੈ, ਹੁਣ ਖਾਣ ਦੀ ਗੱਲ ਛੱਡੋ ਕੱਪੜੇ ਬਾਰੇ ਵੀ ਲੋਕ-ਲਾਜ ਦਾ ਖਿਆਲ ਨਹੀਂ ਕੀਤਾ ਜਾ ਰਿਹਾ। ਮੈਂਨੂੰ ਗੁਰਦਾਸ ਮਾਨ ਦਾ ਗਾਣਾ ਯਾਦ ਆ ਗਿਆ, ‘ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ।’
ਹਾਂ, ਅਸੀਂ ਇਹ ਨਹੀਂ ਕਹਿ ਸਕਦੇ ਬਦਲਾਅ ਨਹੀਂ ਆਉਣਾ ਚਾਹੀਦਾ। ਪਰ ਬਦਲਾਅ ਕਿੰਨਾ ਅਤੇ ਕਿਵੇਂ ਦਾ ਹੋਏ ਉਹ ਤਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਾਡੇ ਵੇਖਦਿਆਂ-ਵੇਖਦਿਆਂ ਘੁੰਡ ਖਤਮ ਹੋਏ।ਅਸੀਂ ਸਿਰਾਂ ਤੇ ਸੁਹਰੇ ਪਰਿਵਾਰ ਵਿੱਚ ਚੁੰਨੀਆਂ ਤੇ ਆ ਗਏ ਅਤੇ ਸਾਡੇ ਤੋਂ ਅਗਲੀਆਂ ਪੀੜ੍ਹੀਆਂ ਬਿੰਨਾਂ ਚੁੰਨੀਆਂ ਦੇ ਹੋ ਗਈਆਂ। ਅਜੇ ਵੀ ਬਹੁਤ ਲੋਕ ਇਸ ਨੂੰ ਸਹੀ ਮੰਨਦੇ ਪਰ ਮਜ਼ਬੂਰੀ ਇਹ ਹੈ ਕਿ ਨੌਜਵਾਨ ਪੀੜ੍ਹੀ ਅੱਗੋਂ ਜਵਾਬ ਦਿੰਦੀ ਹੈ ਕਿ ਮੇਰੀ ਮਰਜ਼ੀ, ਮੇਰਾ ਜੋ ਦਿਲ ਕਰੇਗਾ ਪਾਵਾਂਗਾ-ਪਾਵਾਂਗੀ। ਖਾਣ ਦਾ ਮਨ ਭਾਉਂਦਾ ਪਰੇਸ਼ਾਨ ਘੱਟ ਕਰਦਾ ਸੀ ਪਰ ਪਾਉਣ ਵਾਲਾ ਕੁੱਝ ਜਚਿਆ ਨਹੀਂ।
ਗਰੀਬ ਦੇ ਉਹੋ ਜਿਹੇ ਪਾ ਕੇ ਕੱਪੜਿਆਂ ਨੂੰ ਵੇਖ ਕੇ ਨਫਰਤ ਨਾਲ ਵੇਖਣ ਵਾਲਿਆਂ ਦੀ ਹਾਲਤ ਵੇਖਣ ਵਾਲੀ ਹੈ। ਗੋਡਿਆਂ ਤੋਂ ਪਾਟੀਆਂ ਜੀਨਾਂ, ਨੰਗੇ ਗੋਡੇ ਤੇ ਲੱਤਾਂ ਵੇਖ ਕੇ ਸ਼ਰਮ ਵੀ ਆਉਂਦੀ ਹੈ ਅਤੇ ਇਸ ਫੈਸ਼ਨ ਤੇ ਹੈਰਾਨੀ ਵੀ ਹੁੰਦੀ ਹੈ।ਇਸ ਦੇ ਨਾਲ ਹੀ ਜੀਨ ਜਾਂ ਪੈਂਟ ਇੰਨੀ ਹੇਠਾਂ ਬੰਨੀ ਹੁੰਦੀ ਹੈ ਕਿ ਉਹ ਵੀ ਡਿੱਗੀ ਲੱਗਦੀ ਹੈ। ਜੇਕਰ ਟੀ-ਸ਼ਰਟਾਂ ਦੀ ਗੱਲ ਕਰੀਏ ਤਾਂ ਇੰਨੀਆਂ ਛੋਟੀਆਂ ਹੁੰਦੀਆਂ ਹਨ ਕਿ ਥੋੜਾ ਜਿਹਾ ਹੇਠਾਂ ਹੋਣ ਤੇ ਪਿੱਛੋਂ ਪੈਂਟੀ ਵਿਖਾਈ ਦਿੰਦੀ ਹੈ। ਇਹ ਵੀ ਸੱਚ ਹੈ ਕਿ ਇਹ ਸਾਰਾ ਕੁੱਝ ਪਾਏ ਦਾ ਸਾਰਿਆਂ ਨੂੰ ਪਤਾ ਹੈ। ਪਰ ਸਮਾਜ ਇਸ ਨੂੰ ਸ਼ਰਮ ਹਿਆ ਦਾ ਨਾਮ ਦਿੰਦਾ ਹੈ।
ਨੰਗੇਜ਼ ਨਾ ਖੂਬਸੂਰਤੀ ਵਧਾ ਸਕਦਾ ਹੈ ਅਤੇ ਨਾ ਸਮਾਜ ਵਿੱਚ ਬਹੁਤ ਰੁਤਬਾ ਦਵਾ ਸਕਦਾ ਹੈ। ਜੀਨ ਪਾਉ ਪਰ ਪਾਟੀਆਂ ਅਤੇ ਥਾਂ-ਥਾਂ ਤੋਂ ਨੰਗੇਜ਼ ਦਾ ਕੋਈ ਮਤਲਬ ਅਤੇ ਤੁੱਕ ਨਹੀਂ ਬਣਦੀ। ਸਲੀਕੇ ਨਾਲ ਪਾਏ ਸਾਦੇ ਕੱਪੜੇ ਵੀ ਤੁਹਾਡੀ ਸ਼ਖਸੀਅਤ ਨੂੰ ਨਿਖਾਰ ਦਿੰਦੇ ਹਨ। ਹਾਂ, ਨਜ਼ਰਾਂ ਅਤੇ ਕਹੇ ਲਫਜ਼ ਵਿੱਚ ਫ਼ਰਕ ਵੇਖਣ ਤੇ ਸੁਣਨ ਨੂੰ ਜ਼ਰੂਰ ਮਿਲ ਜਾਂਦਾ ਹੈ। ਸਮਾਜ ਬਦਲਿਆ ਹੈ ਅਜੇ ਇੰਨਾਂ ਵੀ ਨਹੀਂ ਬਦਲਿਆ ਕਿ ਲੋਕ ਕੁਮੈਂਟਰੀ ਕਰਨ ਤੋਂ ਗੁਰੇਜ਼ ਕਰਨ। ਕਈ ਵਾਰ ਕੱਪੜਿਆਂ ਕਰਕੇ ਵੀ ਸ਼ਰਮਿੰਦਾ ਹੋਣਾ ਪੈਂਦਾ ਹੈ।ਅਸੀਂ ਪੱਛਮ ਦੀ ਨਕਲ ਕਰ ਰਹੇ ਹਾਂ, ਪਰ ਉਨ੍ਹਾਂ ਵਰਗੀ ਸੋਚ ਅਜੇ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਨਹੀਂ ਹੋਈ।
ਕੋਟ ਪੈਂਟ ਪਾ ਕੇ ਕੰਪਨੀਆਂ ਵਿੱਚ ਕੰਮ ਕਰਦੀਆਂ ਲੜਕੀਆਂ ਹਰ ਕਿਸੇ ਨੂੰ ਪ੍ਰਭਾਵਿਤ ਕਰਦੀਆਂ ਹਨ। ਕੀ ਅਸੀਂ ਆਧੁਨਿਕ ਹੋ ਰਹੇ ਹਾਂ ਜਾਂ ਅਸੀਂ ਫੇਰ ਤੋਂ ਆਦਿ ਵਾਸੀ ਬਣਦੇ ਜਾ ਰਹੇ ਹਾਂ। ਕੱਪੜੇ ਹਮੇਸ਼ਾਂ ਸਰੀਰ ਢੱਕਣ ਲਈ ਹੁੰਦੇ ਹਨ ਅਤੇ ਬੜੀਆਂ ਕਾਢਾਂ ਤੋਂ ਬਾਅਦ ਕੱਪੜੇ ਬਣੇ ਸਨ। ਕਿਸੇ ਗਰੀਬ ਦੀ ਤਾਂ ਮਜ਼ਬੂਰੀ ਹੈ ਪਾਟੇ ਕੱਪੜੇ ਪਾਉਣਾ ਪਰ ਅਮੀਰ ਨੂੰ ਇਹ ਸ਼ੋਭਾ ਨਹੀਂ ਦਿੰਦਾ। ਕੱਪੜੇ ਸਸਤੇ ਮਹਿੰਗੇ ਅਰਥ ਨਹੀਂ ਰੱਖਦੇ। ਸਮਾਜ ਵਿੱਚ ਜਦੋਂ ਤੁਸੀਂ ਵਿਚਰਦੇ ਹੋ ਤਾਂ ਪ੍ਰਭਾਵ ਕਿਵੇਂ ਦਾ ਛੱਡਦੇ ਹਨ ਉਹ ਵਧੇਰੇ ਮਹੱਤਵਪੂਰਨ ਹੈ। ਸਿਆਣਿਆਂ ਦੇ ਨਿਚੋੜ ਹਨ ਜ਼ਿੰਦਗੀ ਦੇ ਕਹਾਵਤਾਂ ਅਤੇ ਮੁਹਾਵਰੇ। ਹਾਂ, ਹਰ ਕਿਸੇ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦਾ ਹੱਕ ਹੈ ਪਰ ਅਸੀਂ ਸਮਾਜ ਵਿੱਚ ਰਹਿ ਰਹੇ ਹਾਂ। ਬਹੁਤਾ ਨਹੀਂਂ ਤਾਂ ਥੋੜ੍ਹਾ ਬਹੁਤ ਤਾਂ ਖਿਆਲ ਰੱਖਣਾ ਸਾਡਾ ਵੀ ਫਰਜ਼ ਹੈ।
‘ਖਾਓ ਮਨ ਭਾਉਂਦਾ ਪਾਓ ਜੱਗ ਭਾਉਂਦਾ’ ਦੀ ਥਾਂ ਅਸੀਂ ਪਾਓ ਵੀ ਮਨ ਭਾਉਂਦਾ ਤੇ ਆ ਗਏ ਹਾਂ। ਪਰ ਕਿਤੇ ਨਾ ਕਿਤੇ ਇਹ ਬਦਲਾਅ ਸਿਹਤਮੰਦ ਨਹੀਂ ਹੈ। ਹਰ ਬਦਲਾਅ ਆਉਣਾ ਚਾਹੀਦਾ ਹੈ ਪਰ ਕਿੰਨਾ ਅਤੇ ਕਿਵੇਂ ਦਾ ਹੋਵੇ, ਇਹ ਵੀ ਮਹੱਤਵਪੂਰਨ ਹੈ।
ਪ੍ਰਭਜੋਤ ਕੌਰ ਢਿੱਲੋਂ
-ਮੋਬਾ: 98150-30221

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ