Tuesday, April 30, 2024  

ਲੇਖ

ਮਨੁੱਖੀ ਹੱਕਾਂ ਦੀ ਵਕਾਲਤ ਕਰਨ ਵਾਲਾ ਮਹਾਂ ਨਾਇਕ ਡਾ. ਭੀਮ ਰਾਓ ਅੰਬੇਦਕਰ

April 13, 2024

ਯੁੱੱਗ ਪੁਰਸ਼ ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ ਦਾ ਨਾਂ ਆਉਂਦਿਆਂ ਹੀ ਮਸਤਕ ਆਦਰ ਸਤਿਕਾਰ ਨਾਲ ਝੁੱਕ ਜਾਂਦਾ ਹੈ ਤੇ ਸਿਰ ਮਾਣ ਨਾਲ ਉੱਚਾ ਹੋ ਉੱਠਦਾ ਹੈ। ਡਾਕਟਰ ਅੰਬੇਦਕਰ ਨੂੰ ਮਹਿਜ਼ ਦਲਿਤਾਂ ਦਾ ਮਸੀਹਾ ਜਾਂ ਨਾਇਕ ਦੇ ਤੌਰ ’ਤੇ ਹੀ ਨਹੀਂ ਜਾਣਿਆ ਜਾਂਦਾ ਸਗੋ ਭਾਰਤੀ ਸਵਿੰਧਾਨ ਦੇ ਨਿਰਮਾਤਾ ਤੇ ਇੱਕ ਮਹਾਨ ਚਿੰਤਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਤੀਖਣ ਬੁੱਧੀ, ਵਿਚਾਰਾਂ ਤੇ ਤਰਕ ਸ਼ਕਤੀ ਨਾਲ ਵੱਡੇ-ਵੱਡੇ ਲੀਡਰਾਂ ਨੂੰ ਧੂੜ ਚਟਾਈ। ਉਹ ਇਕ ਨਾਮ ਹੀ ਨਹੀਂ, ਇਕ ਯੁੱਗ ਹੈ, ਇਕ ਚਿੰਨ ਹੈ ਵਿਦਰੋਹ ਦਾ ਜੋ ਸਾਰੀ ਉਮਰ ਦਲਿਤਾਂ ਦੇ ਹੱਕਾਂ ਲਈ ਜੂਝਦਾ ਰਿਹਾ। ਜੋ ਬੇ-ਸਹਾਰਿਆਂ ਦਾ ਸਹਾਰਾ ਬਣਿਆ। ਨਿਤਾਣਿਆਂ ਦਾ ਤਾਣ ਤੇ ਵਿਰੋਧੀਆਂ ਲਈ ਤੂਫ਼ਾਨ, ਇਕ ਅਜਿਹਾ ਤੂਫ਼ਾਨ ਜਿਸਨੇ ਸਮਾਜ ਦੀਆਂ ਬੇ-ਇਨਸਾਫੀਆਂ ਬਰਦਾਸ਼ਤ ਨਾ ਕੀਤੀਆਂ। ਇਕ ਅਜਿਹਾ ਚਾਨਣ ਮੁਨਾਰਾ ਜਿਸਨੇ ਡਿੱਗੇ ਲੋਕਾਂ ਨੂੰ ਗਿਆਨ ਦੀ ਰੌਸ਼ਨੀ ਦੇ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਹਲੂਣਿਆ। ਉਹ ਖੁੱਲੇ੍ਹ ਵਿਚਾਰਾਂ ਵਾਲੇ, ਧੁਰ ਅੰਦਰ ਤੱਕ ਲੋਕਤੰਤਰ ਪੱਖੀ ਸੋਚ ਅਤੇ ਅਮਲਾਂ ਵਾਲੇ ਅਜਿਹੇ ਇਨਸਾਨ ਸਨ ਜਿਸ ਨੇ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੱਤੀ। ਉਹ ਵਿਹਾਰਕ ਤੇ ਸਮਾਜਿਕ ਨਿਆਂ ਵਿੱਚ ਵਿਸ਼ਵਾਸ ਰੱਖਦੇ ਸਨ।
ਭੀਮ ਰਾੳ ਅੰਬੇਦਕਰ ਦਾ ਉਪਨਾਮ ਸਕਪਾਲ ਸੀ ਪਰ ਉਨ੍ਹਾਂ ਦੇ ਪਿਤਾ ਜੀ ਨੇ ਸਕੂਲ ਦੇ ਰਜਿਸਟਰ ‘ਚ ‘ਅੰਬਾਡਵੇਕਰ’ ਦਰਜ ਕਰਵਾਇਆਂ। ਮਰਾਠੀ ਲੋਕ ਆਪਣਾ ਉਪਨਾਮ ਬਣਾਉਣ ਲਈ ਆਪਣੇ ਪਿੰਡ ਦੇ ਨਾਂ ਪਿੱਛੇ ‘ਕਰ’ ਸ਼ਬਦ ਲਾ ਲੈਂਦੇ ਸਨ ਕਿਉਂਕਿ ਭੀਮ ਦਾ ਜੱਦੀ ਪਿੰਡ ਅੰਬਾਡਵੇ ਸੀ, ਇਸ ਲਈ ਪਿੰਡ ਦੇ ਨਾਂ ਪਿੱਛੇ ‘ਕਰ’ ਸ਼ਬਦ ਲੱਗਣ ਨਾਲ ਭੀਮ ਦਾ ਉਪ-ਨਾਮ ਅੰਬਾਡਵੇਕਰ ਬਣ ਗਿਆ।ਬਾਅਦ ਵਿੱਚ ਉਨ੍ਹਾਂ ਦੇ ਇਕ ਬ੍ਰਹਾਮਣ ਅਧਿਆਪਕ ਨੇ ਅੰਬਾਡਵੇਕਰ ਤੋਂ ਬਦਲ ਕੇ ਅੰਬੇਦਕਰ ਕਰ ਦਿੱਤਾ ਤਾਂ ਕਿ ਨਾਮ ਦੇ ਉਚਾਰਨ ’ਚ ਸੌਖ ਰਹੇ । 17 ਸਾਲਾਂ ਦੀ ਉਮਰ ’ਚ ਇਨ੍ਹਾਂ ਦਾ ਵਿਆਹ ਰਾਮਾ ਬਾਈ ਨਾਲ ਹੋ ਗਿਆ, ੳੋੁਦੋਂ ਰਾਮਾ ਬਾਈ ਦੀ ਉਮਰ ਸਿਰਫ਼ 9 ਸਾਲ ਸੀ।
1915 ’ਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਆਪ ਨੇ ਐਮ. ਏ. ਦੀ ਡਿਗਰੀ ਪ੍ਰਾਪਤ ਕਰ ਲਈ। ਅਮਰੀਕਾ ਦੇ ਆਜ਼ਾਦ, ਖੁਸ਼ਹਾਲ ਤੇ ਖੁੱਲ ਭਰੇ ਵਾਤਾਵਰਣ ਨੂੰ ਵੇਖ ਕੇ ਅੰਬੇਡਕਰ ਦਾ ਦਿਲ ਤੰਗੀਆਂ-ਤੁਰਸ਼ੀਆਂ ਸਹਿੰਦੇ, ਗੁਲਾਮੀਆਂ ਹੰਢਾਉਂਦੇ ਅਛੂਤ ਭਰਾਵਾਂ ਲਈ ਤੜਪ ਉੱਠਿਆ। ਮਈ 1916 ’ਚ ਕੋਲੰਬੀਆ ਯੂਨਿਵਰਸਿਟੀ ’ਚ ਜਾਤ ਪਾਤ ਦੀ ਉਤਪਤੀ, ਬਣਤਰ ਅਤੇ ਵਿਕਾਸ ਦੇ ਵਿਸ਼ੇ ’ਤੇ ਲੰਬਾ ਲੇਖ ਲਿਖਿਆ ਤਾਂ ਉਨ੍ਹਾਂ ਨੇ ‘ਨੇਸ਼ਨਲ ਡਿਵੀਡੈਂਡ ਆਫ਼ ਇੰਡੀਆ’ ਥੀਸਸ ਲਿਖਿਆ, ਜਿਸ ਨਾਲ ਉਨ੍ਹਾਂ ਨੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।
1920 ’ਚ ਉਹ ਅਗਲੇਰੀ ਪੜ੍ਹਾਈ ਲਈ ਲੰਡਨ ਚਲੇ ਗਏ ਪਰ ਉੱਥੇ ਜਾ ਕੇ ਵੀ ਆਪਣੇ ਜ਼ਿੰਦਗੀ ਦੇ ਮਿਸ਼ਨ ਨੂੰ ਨਹੀ ਭੁੱਲੇ। 1923 ’ਚ ਆਪ ਲੰਡਨ ਤੋਂ ਬੈਰਿਸਟਰ ਤੇ ਡਾਕਟਰ ਆਫ਼ ਫ਼ਿਲਾਸਫ਼ੀ ਬਣਕੇ ਪਰਤੇ।
1930 ਦਾ ਵਰ੍ਹਾ ਭਾਰਤੀ ਇਤਿਹਾਸ ’ਚ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ। ਇਸ ਸਾਲ ਲੰਡਨ ’ਚ ਗੋਲਮੇਜ਼ ਕਾਨਫਰੰਸ ਹੋਈ। ਡਾ. ਅੰਬੇਦਕਰ ਨੇ ਇਸ ’ਚ ਸ਼ਾਮਲ ਹੋ ਕੇ ਅਛੂਤਾਂ ਦੇ ਕਈ ਨੁਕਤੇ ਉਭਾਰੇ। ਉਨ੍ਹਾਂ ਕਿਹਾ ਕਿ ਉਹ ਜਿਨ੍ਹਾਂ ਅਛੂਤਾਂ ਦੇ ਪ੍ਰਤੀਨਿਧੀ ਦੇ ਰੂਪ ’ਚ ਇੱਥੇ ਆਏ ਹਨ, ਉਨ੍ਹਾਂ ਦੀ ਜਨਸੰਖਿਆ ਹਿੰਦੂਆਂ ਦੀ ਜਨਸੰਖਿਆ ਦਾ ਕੁੱਲ ਪੰਜਵਾਂ ਹਿੱਸਾ ਹੈ ਤੇ ਬਰਤਾਨੀਆਂ ਜਾਂ ਫਰਾਂਸ ਦੀ ਜਨਸੰਖਿਆ ਦੇ ਬਰਾਬਰ ਹੈ ਪਰ ਇਨ੍ਹਾਂ ਅਛੂਤਾਂ ਦੀ ਹਾਲਤ ਦਾਸਾ ਨਾਲੋਂ ਵੀ ਬੁਰੀ ਹੈ। ਪਹਿਲੀ ਗੋਲਮੇਜ਼ ਕਾਨਫਰੰਸ ਦੀ ਪ੍ਰਾਪਤੀ ’ਚ ਅਖੰਡ ਭਾਰਤ ਦਾ ਵਿਚਾਰ ਤਾਂ ਉਪਜਿਆ ਹੀ ਸੀ, ਤੇ ਨਾਲ ਹੀ ਇਸ ਦੀ ਵਿਸ਼ੇਸ਼ ਪ੍ਰਾਪਤੀ ਇਸ ਪੱਖੋਂ ਵੀ ਸੀ ਕਿ ਦਲਿਤ ਵਰਗ ਦੀ ਹਾਲਤ ਉਭਰ ਕੇ ਸੰਸਾਰ ਦੇ ਸਾਹਮਣੇ ਆਈ ਸੀ। ਇੱਥੇ ਹੀ ਮਹਾਤਮਾ ਗਾਂਧੀ ਨਾਲ ਆਪ ਦੇ ਵਿਚਾਰਧਾਰਾਈ ਵਿਰੋਧ ਪੈਦਾ ਹੋ ਗਏ। ਅਜਿਹੇ ਸਮੇਂ ਜਦੋਂ ਗਾਂਧੀ ਜੀ ਵਰਗੀ ਹਸਤੀ ਸਮੁੱਚੀ ਹਿੰਦੂ ਜਾਤੀ ਦੀ ਪ੍ਰਤੀਨਿਧਤਾ ਕਰ ਰਹੀ ਸੀ, ਉਨ੍ਹਾਂ ਨਾਲ ਟੱਕਰ ਲੈਣੀ ਕੋਈ ਬੱਚਿਆਂ ਦੀ ਖੇਡ ਨਹੀ ਸੀ। ਬਾਬਾ ਸਾਹਿਬ ਦਾ ਪਰਿਵਾਰਕ ਜੀਵਨ ਹਮੇਸ਼ਾ ਹੀ ਦੁਖਦਾਈ ਰਿਹਾ। ਬਚਪਨ ਵਿੱਚ ਆਪ ਨੇ ਅੱਤ ਦੀ ਗਰੀਬੀ ਭੋਗੀ। ਆਪਣੇ ਸੰਘਰਸ਼ਮਈ ਜੀਵਨ ਦੌਰਾਨ ਆਪ ਦੇ ਚਾਰ ਬੱਚੇ ਚਲਾਣਾ ਕਰ ਗਏ। 27 ਮਈ 1935 ਨੂੰ ਉਹਨਾਂ ’ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ।ਇਸ ਦਿਨ ਆਪ ਦੀ ਧਰਮ ਪਤਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਸਦਾ ਲਈ ਆਪ ਨੂੰ ਵਿਛੋੜਾ ਦੇ ਗਈ। ਬਾਬਾ ਸਾਹਿਬ ਭਾਵੇਂ ਸਿੱਖ ਧਰਮ ਗ੍ਰਹਿਣ ਕਰਨਾ ਚਾਹੁੰਦੇ ਸਨ ਪਰ ਕੁੱਝ ਕਾਰਨਾ ਕਰਕੇ ਅਜਿਹਾ ਨਹੀਂ ਹੋ ਸਕਿਆ। ਬਾਅਦ ਵਿਚ ਉਨ੍ਹਾਂ ਨੇ ਬੁੱਧ ਧਰਮ ਗ੍ਰਹਿਣ ਕੀਤਾ। 1956 ’ਚ ਡਾ. ਅੰਬੇਦਕਰ ਸਾਹਿਬ ਨੇ ਬੀ.ਬੀ.ਸੀ. ਤੋਂ ਪ੍ਰਸਾਰਿਤ ਕੀਤੇ ਇਕ ਭਾਸ਼ਣ ’ਚ ਕਿਹਾ ਕਿ ਉਹ ਬੁੱਧ ਧਰਮ ਨੂੰ ਇਸ ਲਈ ਮੰਨਦੇ ਹਨ ਕਿਉਂਕਿ ਇਸ ’ਚ ਤਿੰਨੇ ਅਸੂਲ ਇਕ ਥਾਂ ਮਿਲਦੇ ਹਨ।ਬੁੱਧ ਧਰਮ ਵਹਿਮ-ਪ੍ਰਸਤੀ ਦੀ ਥਾਂ ਸੂਝ ਦੀ ਸਿੱਖਿਆ ਦਿੰਦਾ ਹੈ।ਇਹ ਵਿਚਾਰ ਤੇ ਬਰਾਬਰੀ ਸਿਖਾਉਂਦਾ ਹੈ।ਆਪ ਨੇ ਲੱਖਾਂ ਪੈਰੋਕਾਰਾਂ ਨਾਲ ਬੁੁੱਧ ਧਰਮ ਗ੍ਰਹਿਣ ਕੀਤਾ। ਡਾਕਟਰ ਸਾਹਿਬ ਆਪਣੇ ਭਾਸ਼ਣ ਵਿੱਚ ਬੜਾ ਜ਼ੋਰ ਦੇ ਕੇ ਇਹ ਗੱਲ ਕਿਹਾ ਕਰਦੇ ਸਨ ਕਿ ਅਜਿਹੇ ਲੋਕਾਂ ਨਾਲ ਸੰਗਤ ਨਾ ਕਰੋ ਜੋ ਇਹ ਕਹਿੰਦੇ ਹਨ ਕਿ ਪ੍ਰਮਾਤਮਾ ਸਰਬਵਿਆਪੀ ਹੈ ਪਰ ਆਪਣੇ ਹੀ ਸਹਿਯੋਗੀ ਪੁਰਸ਼ ਨੂੰ ਪਸ਼ੂ ਤੋਂ ਵੀ ਭੈੜਾ ਸਮਝਦੇ ਹਨ। ਅਜਿਹੇ ਲੋਕ ਪਖੰਡੀ ਹਨ।
ਡਾ. ਅੰਬੇਦਕਰ ਗਿਆਨ ਨੂੰ ਇਕ ਸ਼ਕਤੀ ਵਜੋਂ ਲੈਂਦੇ ਸਨ। ਉਹ ਕਿਹਾ ਕਰਦੇ ਸਨ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਉਨ੍ਹਾਂ ਚਿਰ ਆਪਣੀ ਸੁਤੰਤਰਤਾ ਅਤੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜਿੰਨ੍ਹਾਂ ਚਿਰ ਉਹ ਗਿਆਨ ਦੇ ਖ਼ੇਤਰ ’ਚ ਡੂੰਘਾ ਨਹੀਂ ਉਤਰਦੇ। ਉਹ ਚਾਹੁੰਦੇ ਸਨ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਨੂੰ ਅਗਵਾਈ ਦੇਣ।ਇਸ ਲਈ ਉਨ੍ਹਾਂ ਨੇ ਆਪਣੀ ਵਿਦਵਤਾ ਭਰਭੂਰ ਗੱਲਬਾਤ ਨਾਲ ਗਵਰਨਰ ਨੂੰ ਸਰਕਾਰੀ ਖ਼ਰਚੇ ’ਤੇ ਅਛੂਤ ਬੱਚਿਆਂ ਦੇ ਬੈਚ ਨੂੰ ਉੱਚ-ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਭੇਜਣ ਲਈ ਹਾਂ ਕਰਵਾ ਲਈ। ਇਸ ‘ਕੋਲੋਂਬੋ ਪਲਾਨ’ ਤਹਿਤ 1944 ’ਚ 15 ਵਿਦਿਆਰਥੀਆਂ ਦਾ ਪਹਿਲਾ ਬੈਚ ਭੇਜਿਆ ਗਿਆ ਤੇ 1946 ’ਚ 16 ਵਿਦਿਆਰਥੀਆਂ ਦਾ ਦੂਜਾ ਬੈਚ ਭੇਜਿਆ ਗਿਆ ਤਾਂ ਜੋ ਉਹ ਸਾਰੇ ਵਾਪਸ ਆ ਕੇ ਆਪਣੇ ਸਮਾਜ ਨੂੰ ਜਿੱਲ੍ਹਣ ’ਚੋਂ ਕੱਢਣ ਲਈ ਕੰਮ ਕਰਨ। ਪਰ ਹੋਇਆ ਇਸ ਤੋਂ ਉਲਟ ਕਿਉਂਕਿ ਬਹੁਤੇ ਦਲਿਤ ਵਿਦਿਆਰਥੀ ਪੜ੍ਹ ਕੇ ਵਿਦੇੇਸ਼ਾਂ ਵਿੱਚ ਹੀ ਸੈਟਲ ਹੋੋ ਗਏੇੇ।
” ਉਨ੍ਹਾਂ ਦੇ ਦਿੱਤੇ ਪਹਿਲੇ ਆਦੇਸ਼ ‘ਸਿੱਖਿਅਤ ਬਣੋ’ ਦੇ ਅਨੁਸਾਰ ਕੁੱਝ ਲੋਕਾਂ ਨੇ ਵਿੱਦਿਆ ਪ੍ਰਾਪਤੀ ਨੂੰ ਆਪਣੀ ਨਿੱਜੀ ਸਫ਼ਲਤਾ ਦਾ ਸਾਧਨ ਬਣਾ ਕੇ ਆਪਣੇ ਪਰਿਵਾਰ ਤੱਕ ਹੀ ਸੀਮਤ ਕਰ ਲਿਆ। ਦੂਜਾ ਆਦੇਸ਼ ‘ਸੰਘਰਸ਼ ਕਰੋ’ ਨੂੰ ਸਿਰਫ ਸਿਆਸੀ ਲੀਡਰਾਂ ਦਾ ਕੰਮ ਸਮਝ ਕੇ ਉਸ ਨੂੰ ਅਣਗੌਲਿਆ ਕਰ ਦਿੱਤਾ। ਤੀਜੇ ਆਦੇਸ਼ ‘ਸੰਗਠਿਤ ਹੋਵੋ’ ਦੇ ਅਨੁਸਾਰ ਉਸ ਬਾਰੇ ਸਮਾਜ ਦਾ ਰਵੱਈਆ ਹੀ ਉਲਟ ਦਿਸ਼ਾ ਵੱਲ ਹੋ ਗਿਆ ਲੱਗਦਾ।
ਬਾਬਾ ਸਾਹਿਬ ਨੂੰ ਵਧੇਰੇ ਕਰਕੇ ਸੰਵਿਧਾਨ ਦੇ ਨਿਰਮਾਤਾ ਵੱਜੋਂ ਜਾਣਿਆ ਜਾਂਦਾ ਹੈ। ਸੰਸਾਰ ਦੇ ਸਾਰੇ ਲੋਕਰਾਜੀ ਪ੍ਰਬੰਧ ਵਾਲੇ ਦੇਸ਼ਾਂ ਵਿੱਚ ਭਾਰਤ ਦਾ ਸੰਵਿਧਾਨ ਇਕੱਲਾ ਹੈ ਜਿਸਦੇ ਨਿਰਮਾਤਾ, ਪਿਤਾਮਾ ਜਾਂ ਲੇਖਕ ਦੇ ਰੂਪ ਵਿੱਚ ਡਾ. ਅੰਬੇਦਕਰ ਵਰਗੇ ਇੱਕ ਵਿਅਕਤੀ ਦਾ ਨਾਂ ਜੁੜਿਆ ਹੋਇਆ ਹੈ। ਬਾਕੀ ਹੋਰ ਸੰੰਵਿਧਾਨ ਜਾਂ ਤਾਂ ਇੱਕ ਲੰਬੀ ਪ੍ਰਕ੍ਰਿਆ ਵਿੱਚ ਵਿਕਸਿਤ ਹੋਏ ਹਨ ਜਾਂ ਕਾਨੂੰਨ ਦਾਨਾਂ ਦੇ ਸਮੂਹਾਂ ਨੇ ਬਣਾਏ ਹਨ। ਆਪ ਦੇ ਯਤਨਾਂ ਸਦਕਾ ਹੀ ਤਿੰਨ ਰੰਗੇ ਕੌਮੀ ਝੰਡੇ ’ਚ ਅਸ਼ੋਕ ਚੱਕਰ ਦਾ ਨਿਸ਼ਾਨ ਰੱਖਿਆ ਗਿਆ। ਜਦੋਂ ਤਿੰਨ ਅਗਸਤ ਨੂੰ ਬਣੇ ਪਹਿਲੇ ਕੇਂਦਰੀ ਮੰਡਲ ’ਚ ਆਪ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਤਾਂ ਅੰਬੇਡਕਰ ਸਾਹਿਬ ਨੇ ਔਰਤਾਂ ਦੀ ਉਨਤੀ ਤੇ ਮੁਕਤੀ ਵਾਸਤੇ ਪੂਰੀ ਵਾਹ ਲਾਈ ਤੇ ਔਰਤਾਂ ਦੇ ਰੁਤਬੇ ਨੂੰ ਵਧਾਉਣ ਲਈ ਸੰਵਿਧਾਨ ਸਭਾ ਵਿੱਚ ਹਿੰਦੂ ਕੋਡ ਬਿੱਲ ਪੇਸ਼ ਕੀਤਾ।ਹਿੰਦੂ ਕੋਡ ਬਿਲ ਸੰਬੰਧੀ ਜਦੋਂ ਮੰਤਰੀ ਮੰਡਲ ’ਚ ਵਿਰੋਧ ਹੋਇਆ ਤਾਂ ਆਪ ਨੇ ਮੰਤਰੀ ਮੰਡਲ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ।
ਮਗਰੋਂ 26 ਜਨਵਰੀ 1950 ਨੂੰ ਆਪ ਦੁਆਰਾ ਨਿਰਮਿਤ 395 ਧਾਰਾਵਾਂ ਤੇ 9 ਅਨੁਸੂਚੀਆਂ ਵਾਲਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਆਪ ਭਾਵੇਂ ਕਿਸੇ ਵੀ ਅਹੁਦੇ ’ਤੇ ਰਹੇ ਆਪ ਦਾ ਪ੍ਰਮੁੱਖ ਉਦੇਸ਼ ਅਛੂਤਾਂ ਦੀ ਭਲਾਈ ਹੀ ਰਿਹਾ।ਬਾਬਾ ਸਾਹਿਬ ਨੇ 21 ਕਿਤਾਬਾਂ ਵੀ ਲਿਖੀਆਂ। ਗਰੀਬ ਲੋਕਾਂ ਦੇ ਹੱਕਾਂ ਲਈ ਲੜਦੀ ਇਹ ਸ਼ਖ਼ਸੀਅਤ 6 ਦਸੰਬਰ 1956 ਨੂੰ ਆਪਣਾ ਭੌੋਤਿਕ ਚੋਲਾ ਤਿਆਗ ਕੇ ਸਦਾ ਲਈ ਅਲੋਪ ਹੋ ਗਈ। ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਸਲਾਮ ਕਰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1990 ਵਿੱਚ ਸਰਵਉੁਚ ਸਨਮਾਨ ‘ਭਾਰਤ ਰਤਨ’ ਨਾਲ ਨਿਵਾਜ਼ਿਆ।ਹਰੇਕ ਭਾਰਤੀ ਨੂੰ ਭਾਵੇਂ ਉਹ ਕਿਸੇ ਵੀ ਜਾਤੀ ਦਾ ਹੋਵੇ ਇਹ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਜਿਹਾ ਵਿਦਵਾਨ ਸਾਡੇ ਦੇਸ਼ ਵਿੱਚ ਪੈਦਾ ਹੋਇਆ। ਦੇਸ਼ਾਂ-ਵਿਦੇਸ਼ਾਂ ਵਿੱਚ ਹਰ ਸਾਲ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਅੰਬੇਦਕਰ ਜੀ ਦੀ ਜਯੰਤੀ ਬਹੁਤ ਧੁਮ-ਧਾਮ ਨਾਲ ਮਨਾਈ ਜਾਂਦੀ ਹੈ।ਲੋਕ ਜਾਗਿ੍ਰਤ ਹੋ ਰਹੇ ਹਨ। ਹੋਲੀ-ਹੋਲੀ ਆਰਥਿਕ ਅਤੇ ਸਮਾਜਿਕ ਤਬਦੀਲੀ ਆ ਰਹੀ ਹੈ। ਜੋ ਮਾਨਵਤਾ ਲਈ ਇਕ ਸ਼ੁਭ ਸ਼ੰਕੇਤ ਹੈ।
- ਪ੍ਰੋਫ਼ੈਸਰ ਮਨਜੀਤ ਤਿਆਗੀ
-ਮੋਬਾ: 9814096108

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ