Monday, May 06, 2024  

ਲੇਖ

ਜੇ ਹੁਣ ਨਾ ਸੰਭਲੇ ਤਾਂ ਫਿਰ ਨਹੀਂ ਮਿਲੇਗਾ ਮੌਕਾ!

April 22, 2024

ਅੱਜ ਪੂਰੇ ਵਿਸ਼ਵ ਭਰ ਵਿਚ ਧਰਤੀ ਦਿਵਸ ਮਨਾਇਆ ਜਾ ਰਿਹਾ ਹੈ। 1970 ਵਿਚ ਸ਼ੁਰੂ ਕੀਤੇ ਗਏ ਇਸ ਦਿਵਸ ’ਤੇ ਬਹੁਤ ਸਾਰੇ ਲੋਕਾਂ ਵਲੋਂ ਧਰਤੀ ਮਾਤਾ ਦੀ ਸਾਂਭ ਸੰਭਾਲ ਲਈ ਕੁੱਝ ਚੰਗਾ ਕਰਨ ਦਾ ਪ੍ਰਣ ਲਿਆ ਜਾਂਦਾ ਹੈ। ਸਮੁੱਚੇ ਬ੍ਰਹਿਮੰਡ ਦੇ ਸਾਰੇ ਗ੍ਰਹਿਆਂ ਵਿਚੋ ਧਰਤੀ ਸਭ ਤੋਂ ਉਤਮ ਗ੍ਰਹਿ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਹੁਣ ਤੱਕ ਦੇ ਗਿਆਨ ਮੁਤਾਬਕ ਸਿਰਫ ਧਰਤੀ ਉਪਰ ਹੀ ਸਚੁੱਜਾ ਜੀਵਨ ਸੰਭਵ ਹੈ।
ਧਰਤੀ ਦਿਵਸ ਮਨਾਉਣ ਦਾ ਮੁੱਖ ਕਾਰਨ ਇਹ ਹੈ ਕਿ ਮਨੁੱਖ ਆਪਣੇ ਜੀਵਨ ਵਿੱਚ ਧਰਤੀ ਦੀ ਮਹੱਤਤਾ ਨੂੰ ਸਮਝ ਸਕੇ । ਮਨੁੱਖ ਸਮਝ ਸਕੇ ਕਿ ਧਰਤੀ ਸਾਡੇ ਲਈ ਕਿੰਨੀ ਮਹੱਤਵਪੂਰਨ ਹੈ, ਉਸ ਨੂੰ ਧਰਤੀ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਧਰਤੀ ਅਤੇ ਧਰਤੀ ਦੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ।ਧਰਤੀ ਉੱਤੇ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾ ਸਕੇ। ਵਿਸ਼ਵ ਧਰਤੀ ਦਿਵਸ ’ਤੇ ਧਰਤੀ ਨੂੰ ਸਾਫ਼ ਰੱਖਣ ਅਤੇ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦਾ ਪ੍ਰਣ ਲਿਆ ਜਾਂਦਾ ਹੈ। ਸਕੂਲਾਂ-ਕਾਲਜਾਂ ਵਿੱਚ ਬੱਚਿਆਂ ਵੱਲੋਂ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਧਰਤੀ ਅਤੇ ਵਾਤਾਵਰਨ ਨਾਲ ਸਬੰਧਤ ਪ੍ਰੋਗਰਾਮ ਕੀਤੇ ਜਾਂਦੇ ਹਨ। ਅਸੀਂ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਵਜੋਂ ਮਨਾਉਂਦੇ ਹਾਂ।
ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਧਰਤੀ ਦਿਵਸ ਮਨਾਇਆ ਜਾਂਦਾ ਹੈ, ਜਿਸ ਵਿੱਚ ਲਗਭਗ 200 ਦੇਸ਼ ਇਸ ਦਿਨ ਨੂੰ ਮਨਾਉਂਦੇ ਹਨ। ਧਰਤੀ ਦਿਵਸ ਸਭ ਤੋਂ ਪਹਿਲਾਂ 1970 ਵਿੱਚ ਮਨਾਇਆ ਗਿਆ ਸੀ, ਜਿਸ ਤੋਂ ਬਾਅਦ ਹੌਲੀ-ਹੌਲੀ ਹਰ ਦੇਸ਼ ਇਸ ਵਿੱਚ ਸ਼ਾਮਲ ਹੋ ਗਿਆ ਅਤੇ ਫਿਰ ਇਸ ਦਿਨ ਨੂੰ ਪੂਰੀ ਦੁਨੀਆ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸ਼ੁੱਧ ਪਾਣੀ, ਸ਼ੁੱਧ ਹਵਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਾਗਰੂਕ ਕਰਨਾ ਹੈ।
ਹਰ ਸਾਲ 22 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਿਸ਼ਵ ਧਰਤੀ ਦਿਵਸ ਦਾ ਮੁੱਖ ਮੰਤਵ ਵਾਤਾਵਰਣ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਅਤੇ ਇਸ ਦੀ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ।ਧਰਤੀ ਨੂੰ ਸਾਫ਼ ਰੱਖਣ ਦੇ ਉਦੇਸ਼ ਨਾਲ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਪਿ੍ਰਥਵੀ ਦਿਵਸ 2024 ਰਾਹੀਂ ਧਰਤੀ ਨੂੰ ਜੀਵਨਦਾਇਕ ਬਣਾਇਆ ਜਾ ਸਕਦਾ ਹੈ ਅਤੇ ਧਰਤੀ ਦੀ ਅਨਮੋਲ ਦੌਲਤ ਦੀ ਰਾਖੀ ਕੀਤੀ ਜਾ ਸਕਦੀ ਹੈ, ਇਸ ਲਈ ਵਿਸ਼ਵ ਧਰਤੀ ਦਿਵਸ ਸਾਰੇ ਵਿਸ਼ਵ ਵਿੱਚ ਇੱਕੋ ਸਮੇਂ ਮਨਾਇਆ ਜਾਂਦਾ ਹੈ।
ਧਰਤੀ ਸਾਡੇ ਲਈ ਬਹੁਤ ਕੀਮਤੀ ਹੈ ਕਿਉਂਕਿ ਧਰਤੀ ਨੇ ਸਾਰੇ ਸੰਸਾਰ ਦਾ ਭਾਰ ਚੁੱਕਿਆ ਹੋਇਆ ਹੈ। ਧਰਤੀ ’ਤੇ ਸਥਿਤ ਉਹ ਸਾਰੀਆਂ ਵਸਤੂਆਂ ਸਾਡੇ ਲਈ ਅਨਮੋਲ ਹਨ, ਜਿਨ੍ਹਾਂ ਦੀ ਮਨੁੱਖ ਵੱਧ ਤੋਂ ਵੱਧ ਵਰਤੋਂ ਕਰ ਰਿਹਾ ਹੈ। ਦਿਨੋ ਦਿਨ ਧਰਤੀ ਦੀ ਦੌਲਤ ਖਤਮ ਹੋ ਰਹੀ ਹੈ, ਮਨੁੱਖ ਆਪਣੇ ਫਾਇਦੇ ਲਈ ਧਰਤੀ ਦਾ ਨੁਕਸਾਨ ਕਰ ਰਿਹਾ ਹੈ। ਹਰ ਦਿਨ ਗਲੋਬਲ ਵਾਰਮਿੰਗ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਕਾਰਨ ਪੂਰੀ ਦੁਨੀਆ ਖਤਰੇ ਵਿੱਚ ਹੈ। ਵਿਸ਼ਵ ਧਰਤੀ ਦਿਵਸ ਪਹਿਲੀ ਵਾਰ 1970 ਵਿੱਚ ਮਨਾਇਆ ਗਿਆ ਸੀ। ਅਮਰੀਕੀ ਸੈਨੇਟਰ ਗੇਲਰਡ ਨੈਲਸਨ ਨੇ ਸਭ ਤੋਂ ਪਹਿਲਾਂ ਧਰਤੀ ਦਿਵਸ ਨੂੰ ਸਿੱਖਿਆ ਵਜੋਂ ਸ਼ੁਰੂ ਕੀਤਾ ਸੀ। 1969 ਵਿੱਚ ਸੈਂਟਾ ਬਾਰਬਰਾ, ਕੈਲੀਫੋਰਨੀਆ ਵਿੱਚ ਇੱਕ ਤੇਲ ਦਾ ਰਿਸਾਵ ਹੋਇਆ ਸੀ। ਇਸ ਨਾਲ਼ ਉਸ ਸਮੇਂ ਕਾਫੀ ਨੁਕਸਾਨ ਹੋਇਆ ਸੀ। ਇਸ ਘਟਨਾ ਨੂੰ ਦੇਖ ਕੇ ਨੈਲਸਨ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਇਹ ਪ੍ਰੋਗਰਾਮ ਵਾਤਾਵਰਨ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਲੋਕਾਂ ਨੂੰ ਧਰਤੀ ਦੇ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਬਣਾਇਆ ਗਿਆ ਸੀ ਅਤੇ ਨੈਲਸਨ ਮੰਡੇਲਾ ਨੇ ਪਹਿਲੀ ਵਾਰ 22 ਅਪ੍ਰੈਲ 1970 ਨੂੰ ਧਰਤੀ ਦਿਵਸ ਮਨਾਇਆ ਸੀ।
ਇਸ ਦਿਨ ਨੂੰ ਮਨਾਉਣ ਦਾ ਮੁੱਖ ਕਾਰਨ ਉਸ ਸਮੇਂ ਤੇਲ ਦੇ ਰਿਸਾਵ, ਜ਼ਹਿਰੀਲੇ ਪਦਾਰਥ, ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ, ਜੰਗਲਾਂ ਦਾ ਕੱਟਣਾ ਅਤੇ ਜੀਵ-ਜੰਤੂਆਂ ਦੇ ਖ਼ਤਮ ਹੋਣ ਦੀ ਸਮੱਸਿਆ ਸੀ। ਇਸ ਤੋਂ ਇਲਾਵਾ ਵਾਤਾਵਰਨ ਨਾਲ ਸਬੰਧਤ ਹੋਰ ਮੁੱਦੇ ਵੀ ਉਠਾਏ ਗਏ। 1970 ਤੋਂ ਧਰਤੀ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ, ਜਿਸ ਤਹਿਤ ਹਰ ਸਾਲ ਇਸ ਦਿਨ ਮਨਾਇਆ ਜਾਂਦਾ ਹੈ।
--ਵਿਸ਼ਵ ਧਰਤੀ ਦਿਵਸ ਦੇ ਦਿਨ ਧਰਤੀ ’ਤੇ ਰੁੱਖਾਂ ਦੀ ਮਹੱਤਤਾ ਨੂੰ ਸਮਝਿਆ ਜਾਂਦਾ ਹੈ। ਇਨ੍ਹਾਂ ਰੁੱਖਾਂ ਦੀ ਬਦੌਲਤ ਅਸੀਂ ਆਪਣੇ ਵਾਤਾਵਰਣ ਨੂੰ ਕਿਵੇਂ ਸ਼ੁੱਧ ਰੱਖ ਸਕਦੇ ਹਾਂ।ਇਸ ਦਿਨ ਇਹ ਸੰਕਲਪ ਲਿਆ ਜਾਂਦਾ ਹੈ ਕਿ ਅਸੀਂ ਧਰਤੀ ਨੂੰ ਗੰਦਗੀ ਮੁਕਤ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕਰਾਂਗੇ। ਧਰਤੀ ਤੋਂ ਸਾਨੂੰ ਕਈ ਤਰ੍ਹਾਂ ਦੇ ਅਨਮੋਲ ਵਸੀਲੇ ਮਿਲਦੇ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਜ਼ਿੰਦਗੀ ਜਿਊਣ ਲਈ ਕਰਦੇ ਹਾਂ। ਪਰ ਧਰਤੀ ’ਤੇ ਇਹ ਵਸੀਲੇ ਸੀਮਤ ਹਨ, ਜਿਨ੍ਹਾਂ ਦਾ ਮਨੁੱਖ ਤੇਜ਼ੀ ਨਾਲ ਸ਼ੋਸ਼ਣ ਕਰ ਰਿਹਾ ਹੈ, ਜਿਸ ਕਾਰਨ ਧਰਤੀ ਦੇ ਕੁਦਰਤੀ ਸਰੋਤ ਖਤਮ ਹੋਣ ਦੇ ਕੰਢੇ ਹਨ।ਜਿਸ ਕਾਰਨ ਮਨੁੱਖੀ ਜੀਵਨ ਨੂੰ ਵੀ ਖਤਮ ਹੋਣ ਦਾ ਖਤਰਾ ਹੈ। ਮਨੁੱਖੀ ਜੀਵਨ ਹੀ ਨਹੀਂ, ਪੂਰੀ ਧਰਤੀ ਉੱਤੋਂ ਹਰ ਜੀਵ ਜੰਤੂਆਂ ਅਤੇ ਪੌਦਿਆਂ ਦਾ ਜੀਵਨ ਖ਼ਤਰੇ ਵਿੱਚ ਹੈ।ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਵਾਯੂਮੰਡਲ ਵਿਚ ਗੈਸਾਂ ਦਾ ਸੰਤੁਲਨ ਵਿਗੜ ਗਿਆ ਹੈ। ਜਿਸ ਨਾਲ ਫ਼ਸਲੀ ਚੱਕਰ ਗੜਬੜਾ ਗਿਆ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਘੱਟ ਹੋ ਗਈ ਹੈ। ਸਭ ਤੋਂ ਵੱਡੀ ਗੱਲ ਹੈ ਜੈਵ ਵਿਭਿੰਨਤਾ ’ਤੇ ਮੰਡਰਾ ਰਿਹਾ ਖ਼ਤਰਾ ਅੱਜ ਹਜ਼ਾਰਾਂ ਕਿਸਮ ਦੇ ਪੰਛੀ, ਥਣਧਾਰੀ ਅਤੇ ਕੀਟ ਪਤੰਗੇ ਅਲੋਪ ਹੋ ਰਹੇ ਹਨ ।ਕੀਟ ਪਤੰਗਿਆਂ ਦਾ ਘੱਟ ਹੋਣਾ ਪਾਰਿਸਥਿਤਕ ਤੰਤਰ ਲਈ ਘਾਤਕ ਹੈ ਕਿਉਂਕਿ ਪਾਰਿਸਥਿਤਕ ਤੰਤਰ ਅਤੇ ਖਾਧ ਲੜੀ ਦੇ ਸੰਤੁਲਨ ਲਈ ਕੀਟ ਪਤੰਗੇ ਬਹੁਤ ਜ਼ਰੁਰੀ ਹਨ। ਉਹ ਪੌਦਿਆਂ ਅਤੇ ਫ਼ਸਲਾਂ ਨੂੰ ਪਰਾਗਿਤ ਕਰਦੇ ਹਨ। ਕਚਰੇ ਨੂੰ ਰੀਸਾਈਕਲ ਕਰਦੇ ਹਨ ਅਤੇ ਖ਼ੁਦ ਦੂਜਿਆਂ ਦੇ ਭੋਜਨ ਦਾ ਸਰੋਤ ਹੁੰਦੇ ਹਨ।
ਹਰ ਦਿਨ ਧਰਤੀ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੱਧ ਰਹੀ ਹੈ ,ਜਿਸ ਕਾਰਨ ਹਰ ਦਿਨ ਗਲੋਬਲ ਵਾਰਮਿੰਗ ਤੇਜ਼ੀ ਨਾਲ ਵੱਧ ਰਹੀ ਹੈ। ਵੱਡੇ ਗਲੇਸ਼ੀਅਰ ਪਿਘਲ ਰਹੇ ਹਨ, ਜਿਸ ਕਾਰਨ ਹੜ੍ਹਾਂ ਦਾ ਖ਼ਤਰਾ ਵੱਧ ਰਿਹਾ ਹੈ। ਇਸ ਕਾਰਨ ਵਾਤਾਵਰਨ ਦੇ ਤਾਪਮਾਨ ਵਿੱਚ ਪਰਿਵਰਤਨ ਆ ਰਿਹਾ ਹੈ। ਸਾਨੂੰ ਸਾਰਿਆਂ ਨੂੰ ਰਲ਼ ਕੇ ਇਸ ਸਮੱਸਿਆ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਧਰਤੀ ਦਿਵਸ ਨਾਲ ਸਬੰਧਤ ਕੁਝ ਮਹੱਤਵਪੂਰਨ ਤੱਥ: ਧਰਤੀ ਦਿਵਸ ਮਨਾਉਣ ਦੀ ਸ਼ੁਰੂਆਤ 1970 ਵਿੱਚ ਅਮਰੀਕੀ ਸੈਨੇਟਰ ਗੇਲਰਡ ਨੈਲਸਨ ਦੁਆਰਾ ਕੀਤੀ ਗਈ ਸੀ। ਬ੍ਰਹਿਮੰਡ ਵਿੱਚ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ। ਧਰਤੀ ਦਿਵਸ ਮੌਕੇ ਲੋਕਾਂ ਨੂੰ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ। ਵਿਸ਼ਵ ਧਰਤੀ ਦਿਵਸ ਹਰ ਸਾਲ 22 ਅਪ੍ਰੈਲ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ।
ਇਸ ਦਿਨ ਨੂੰ ਗਲੋਬਲ ਸਟਾਰ ਅਤੇ ਸਾਲਾਨਾ ਸਮਾਗਮ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਧਰਤੀ ਦਿਵਸ ਵਾਤਾਵਰਨ ਦੀ ਸੁਰੱਖਿਆ ਲਈ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਿਰਫ਼ ਧਰਤੀ ’ਤੇ ਹੀ ਪਾਣੀ ਤਿੰਨ (ਠੋਸ, ਤਰਲ, ਗੈਸ) ਅਵਸਥਾਵਾਂ ਵਿੱਚ ਪਾਇਆ ਜਾਂਦਾ ਹੈ। ਸੂਰਜੀ ਮੰਡਲ ਵਿੱਚ ਇਸ ਵਰਗਾ ਕੋਈ ਹੋਰ ਗ੍ਰਹਿ ਨਹੀਂ ਹੈ। ਜੇਕਰ ਧਰਤੀ ਦਾ ਵਾਤਾਵਰਨ ਸ਼ੁੱਧ ਨਹੀਂ ਹੈ ਤਾਂ ਸਾਡੀ ਜ਼ਿੰਦਗੀ ਨੂੰ ਖ਼ਤਰਾ ਹੈ। ਰੁੱਖ, ਪੌਦੇ, ਜੀਵ ਜੰਤੂ ਅਤੇ ਮਨੁੱਖ ਸਭ ਧਰਤੀ ਉੱਤੇ ਵੱਸਦੇ ਹਨ, ਧਰਤੀ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿਸ਼ਵ ਧਰਤੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਕਿ ਧਰਤੀ ਅਤੇ ਧਰਤੀ ਉੱਤੇ ਜੀਵਨ ਨੂੰ ਬਚਾਉਣ ਲਈ ਅਸੀਂ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ। ਇਹ ਸਭ ਦੱਸਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਧਰਤੀ ਸਾਡੇ ਜੀਵਨ ਲਈ ਕਿੰਨੀ ਮਹੱਤਵਪੂਰਨ ਹੈ। ਇਸ ਲਈ ਸਾਨੂੰ ਧਰਤੀ ਦੀ ਸਫ਼ਾਈ ਵੱਲ ਵੱਧ ਧਿਆਨ ਦੇਣਾ ਪਵੇਗਾ। ਧਰਤੀ ਦਿਵਸ ’ਤੇ ਅਸੀਂ ਧਰਤੀ ਨੂੰ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਰੋਕ ਸਕਦੇ ਹਾਂ, ਇਨ੍ਹਾਂ ਸਮੱਸਿਆਵਾਂ ਦਾ ਹੱਲ ਦੱਸਿਆ ਜਾਂਦਾ ਹੈ।
ਸਾਡੀ ਧਰਤੀ ਵਿਚ ਜਿੰਨੇ ਸੀਮਤ ਸਾਧਨ ਹਨ, ਸਾਨੂੰ ਉਨ੍ਹਾਂ ਸਾਧਨਾਂ ਦੀ ਘੱਟੋ-ਘੱਟ ਵਰਤੋਂ ਕਰਨੀ ਚਾਹੀਦੀ ਹੈ। ਪਰ ਮਨੁੱਖ ਬਹੁਤ ਲਾਲਚੀ ਹੈ, ਆਪਣੇ ਲਾਲਚ ਲਈ ਕੁਝ ਵੀ ਕਰ ਸਕਦਾ ਹੈ। ਉਸ ਦੇ ਲਾਲਚ ਕਾਰਨ ਧਰਤੀ ਨੂੰ ਬਹੁਤ ਨੁਕਸਾਨ ਹੋਇਆ ਹੈ। ਦਰੱਖਤਾਂ ਦੀ ਰੋਜ਼ਾਨਾ ਅੰਨ੍ਹੇਵਾਹ ਕਟਾਈ ਹੋ ਰਹੀ ਹੈ, ਜਿਸ ਕਾਰਨ ਜੰਗਲ ਤਬਾਹੀ ਦੇ ਕੰਢੇ ’ਤੇ ਹਨ।
ਜੰਗਲਾਂ ਦੀ ਤਬਾਹੀ ਕਾਰਨ ਪਸ਼ੂ-ਪੰਛੀ ਸ਼ਹਿਰਾਂ ਵੱਲ ਆ ਜਾਂਦੇ ਹਨ ਅਤੇ ਇਨਸਾਨ ਵੀ ਉਨ੍ਹਾਂ ਨੂੰ ਨਹੀਂ ਬਖਸ਼ਦੇ। ਕਈ ਥਾਵਾਂ ਤੇ ਇਨ੍ਹਾਂ ਪਸ਼ੂਆਂ ਪੰਛੀਆਂ ਨੂੰ ਬਚਾਉਣ ਖਾਤਰ ਸੰਸਥਾਵਾਂ ਵੀ ਭਰਪੂਰ ਯੋਗਦਾਨ ਦੇ ਰਹੀਆਂ ਹਨ। ਇਨ੍ਹਾਂ ਸਾਰੇ ਕਾਰਨਾਂ ਨੂੰ ਰੋਕਣ ਲਈ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ।
ਆਪਣੇ ਰੋਜ਼ਾਨਾ ਜੀਵਨ ਵਿੱਚ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰੋ। ਉਹਨਾਂ ਚੀਜ਼ਾਂ ਦੀ ਵਰਤੋਂ ਕਰੋ ਜੋ ਰੀਸਾਈਕਲ ਕੀਤੀਆਂ ਜਾ ਸਕਦੀਆਂ ਹਨ। ਹਰ ਦਿਨ ਹੀ ਧਰਤ ਦਿਵਸ ਦੀ ਤਰਾ ਹੀ ਬਤੀਤ ਕਰਦੇ ਹੋਏ ਧਰਤੀ ਨੂੰ ਬਚਾਉਣ ਦੇ ਤਰੀਕਿਆਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਧਰਤੀ ਸਵੱਛ ਤੇ ਸੁੰਦਰ ਦਿਖ ਸਕੇ।
ਵਾਤਾਵਰਣ ਵਿੱਚ ਜੀਵਾਂ ਨੂੰ ਨੁਕਸਾਨ ਨਾ ਪਹੁੰਚਾਓ, ਉਨ੍ਹਾਂ ਨੂੰ ਪਿਆਰ ਕਰੋ। ਹਰ ਰੋਜ਼ ਜਾਂ ਸਮੇਂ ਅਨੂਸਰ ਸਾਨੂੰ ਆਪਣੇ ਆਲੇ-ਦੁਆਲੇ ਇੱਕ ਪੌਦਾ ਲਗਾਉਣਾ ਚਾਹੀਦਾ ਹੈ। ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਦੁਸ਼ਿਤ ਨਾ ਕਰੋ। ਰੁੱਖਾਂ ਨੂੰ ਅੰਨ੍ਹੇਵਾਹ ਨਾ ਕੱਟੋ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰੋ। ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਾਗਰੂਕ ਕਰੋ। ਸਾਨੂੰ ‘ਸਾਡੀ ਧਰਤੀ , ਸਾਡੀ ਜਿੰਮੇਵਾਰੀ’ ਦੀ ਭਾਵਨਾ ਨਾਲ ਧਰਤੀ ਦੀ ਹਰ ਸੰਭਵ ਰੱਖਿਆ ਕਰਨੀ ਚਾਹੀਦੀ ਹੈ। ਇਨ੍ਹਾਂ ਉਪਰਾਲਿਆਂ ਨਾਲ ਹੀ ਅਸੀਂ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਕੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਸਕਦੇ ਹਾਂ।
ਲੈਕਚਰਾਰ ਲਲਿਤ ਗੁਪਤਾ
-ਮੋਬਾ: 9781590500

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ